ਬਾਲ ਗੀਤ (ਇਹ ਗੱਲ ਨਹੀਓਂ ਚੰਗੀ)

ਦਿਲ ਲਾਕੇ ਬੇਲੀਆ ਤੂੰ,
ਆ ਜਾ ਕਰ ਲੈ ਪੜ੍ਹਾਈ।
ਇਹ ਗੱਲ ਨਹੀਓਂ ਚੰਗੀ,
ਟੇਕ ਨਕਲ ਉੱਤੇ ਲਾਈ।
ਕਰਕੇ ਪੜ੍ਹਾਈ ਜਿਹੜੇ,
ਬੱਚੇ ਹੁੰਦੇ ਵੇਖੇ ਪਾਸ ਨੇ।
ਜ਼ਿੰਦਗੀ ’ਚ ਹੁੰਦੇ ਨਹੀਓਂ,
ਉਹ ਕਦੇ ਵੀ ਨਿਰਾਸ਼ ਨੇ।
ਨਕਲ ਵਾਲੇ ਜਾਣ ਡੋਲ,
ਔਖੀ ਘੜੀ ਜਦੋਂ ਆਈ।
ਇਹ ਗੱਲ ਨਹੀਓਂ ਚੰਗੀ ...।
ਨਕਲ ਵਾਲਾ ਡਰ-ਡਰ,
ਪੇਪਰਾਂ ਵਿਚ ਬਹਿੰਦਾ ਏ।
ਆ ਜੇ ਕੋਈ ਚੈਕਰ ਤਾਂ,
ਖ਼ਰਗੋਸ਼ ਵਾਂਗ ਸਹਿੰਦਾ ਏ।
ਜੋ ਮਿਹਨਤ ਕਰਕੇ ਜਾਂਦਾ,
ਉਹਨੂੰ ਡਰ ਨਹੀਂ ਕਾਈ।
ਇਹ ਗੱਲ ਨਹੀਓਂ ਚੰਗੀ...।
ਨਕਲ ਨਾਲ ਨੰਬਰ ਭਾਵੇਂ,
ਤੁਹਾਡੇ ਆ ਸਕਦੇ ਨੇ ਵੱਧ।
ਪਰ ਪੜ੍ਹਿਆਂ ਬਗ਼ੈਰ ਦੱਸੋ,
ਅਕਲ ਆਉਂਦੀ ਹੈ ਕਦ।
ਨਕਲ ਵਾਲਾ ਬੱਚਾ ਉੱਚੀ
ਕਰ ਸਕਦਾ ਨਹੀਂ ਪੜ੍ਹਾਈ।
ਇਹ ਗੱਲ ਨਹੀਓਂ ਚੰਗੀ...।
ਨਕਲ ਦੀ ਸਮਾਜ ਵਿਚੋਂ,
ਆਓ ਕੱਢੀਏ ਬੁਰਾਈ।
ਏਹਦੇ ਵਿਚ ਸਾਡੀ ਅਤੇ,
ਸਾਰੇ ਦੇਸ਼ ਦੀ ਭਲਾਈ।
ਸਾਡਾ ‘ਤਲਵੰਡੀ’ ਸਰ ਜਾਵੇ,
ਸਾਨੂੰ ਹਰ ਰੋਜ਼ ਸਮਝਾਈ।
ਇਹ ਗੱਲ ਨਹੀਓਂ ਚੰਗੀ...।