ਸੇਖੋ ਗੋਤ ਦਾ ਇਤਿਹਾਸ


ਸ਼ੇਸ਼ਰਾਮ ਪੰਵਾਰ ਨੂੰ ਗੋਤ ਦਾ ਮੋਢੀ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਸੇਖੂ ਜਾਂ ਸੇਖੋਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਜਦੋਂ ਜੱਗਦੇਵ ਪਰਮਾਰ ਨੇ ਗੱਜ਼ਨੀ ਵਾਲਿਆਂ ਨੂੰ ਸਰਹਿੰਦ ਤੋਂ ਬਾਹਰ ਕੱਢਕੇ ਲਾਹੋਰ ਵੱਲ ਭੇਜ ਦਿੱਤਾ ਸੀ ਤਾਂ ਉਸ ਸਮੇਂ ਜੱਗਦੇਵ ਬੇਸੀ ਲੋਹਕਰਨ ਦੇ ਪੁੱਤਰ ਸੁਲੱਖਣ ਤੇ ਮੱਖਣ ਬਹੁਤ ਹੀ ਸੂਰਬੀਰ ਯੋਧੇ ਮੰਨੇ ਜਾਂਦੇ ਸਨ। ਉਸਦੇ ਦੋਵਾਂ ਪੁੱਤਰਾਂ ਵਿੱਚੋਂ ਮੱਖਣ ਸਿੰਧ ਸੂਬੇ ਵਿੱਚ ਮੁਸਲਮਾਨਾਂ ਨਾਲ ਲੜਦਿਆਂ ਸ਼ਹੀਦ ਕਰ ਦਿੱਤਾ ਗਿਆ ਸੀ। ਸੁਲੱਖਣ ਨੇ ਆਪਣੇ  ਕਬੀਲੇ ਅਤੇ ਆਪਣੇ ਪੁੱਤ ਪੋਤਰਿਆਂ ਨਾਲ ਰਲ ਕੇ ਮਾਰਵਾੜ ਵਿੱਚ ਯੁੱਧ ਕੀਤਾ ਸੀ ਅਤੇ ਦਸਦੇ ਹਨ ਕਿ ਉਸਨੇ ਦੇ ਇਸ ਯੁੱਧ ਵਿੱਚ ਰਾਜਸਥਾਨ ਦਾ ਇੱਕ ਲੱਖ ਦਾ ਇਲਾਕਾ ਜਿੱਤਿਆ ਸੀ। ਇਸ ਯੁੱਧ ਵਿੱਚ ਭੱਟੀ ਭਾਈਚਾਰੇ ਅਤੇ ਹੋਰ ਕਈ ਮੁਸਲਿਮ ਕਬੀਲਿਆਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ ਦੱਸਿਆ ਜਾਂਦਾ ਹੈ। ਇਸ ਯੁੱਧ ਦੀ ਘਟਨਾ ਦਾ ਜਿਕਰ ਢਾਡੀ ਅਤੇ ਕਵੀਸਰ ਅੱਜ ਵੀ ਕਰਦੇ ਸੁਣਨ ਨੂੰ ਮਿਲਦੇ ਹਨ।

ਰਾਜਸਥਾਨ ਦੇ ਸ਼ੇਖਾਵਤ ਭਾਈਚਾਰੇ ਦੇ ਲੋਕਾਂ ਨੂੰ ਸੇਖੋਂ ਗੋਤ ਦੇ ਜੱਟ ਅੱਜ ਵੀ ਆਪਣੇ ਭਾਈਚਾਰੇ ਵਿਚੋਂ ਮਨਦੇ ਹਨ। ਸੇਖੋਂ ਗੋਤ ਦੇ ਮੋਢੀ ਸ਼ੇਸ਼ਰਾਮ ਪੰਵਾਰ ਦੇ ਦੋ ਪੁੱਤਰ ਸਨ ਅਤੇ ਇਹਨਾਂ ਦੇ ਨਾਮ ਸਰਾਇ ਅਤੇ ਮਰਾਇਚ ਸਨ। ਸਰਾਇ ਅਤੇ ਮਰਾਇਚ ਦੋਵਾੰ ਭਰਾਵਾਂ ਦੇ ਅੱਗੋਂ 12 ਪੁੱਤਰ ਸਨ। ਇਹਨਾਂ ਵਿੱਚੋਂ ਕੁੱਝ ਦੇ ਨਾਮ ਛੱਤ, ਬੱਲ, ਸੋਹਲ, ਦੇਉਲ, ਦੇਊ, ਗੁਰਮ ਆਦਿ ਸਨ। ਸੇਖੋਂ ਦੇ ਇਹਨਾਂ ਪੋਤਿਆਂ ਦੇ ਨਾਮ ਤੇ ਅੱਗੋਂ ਕਈ ਨਵੇਂ ਗੋਤ ਚੱਲ ਪਏ ਸਨ। ਇਹ ਸਾਰੇ ਸੇਖੋਂ ਜੱਟ ਧਾਰਾ ਨਗਰੀ ਦੇ ਰਾਜੇ ਭੋਜ ਅਤੇ ਜਰਗ ਦੇ ਰਾਜੇ ਜੱਗਦੇਉ ਪਰਮਾਰ ਨੂੰ ਆਪਣਾ ਵੱਡਾ ਵਡੇਰਾ ਮੰਨਦੇ ਹਨ। ਸੇਖੋਂ ਦਾ ਪਿਉ ਜਿਸਦਾ ਨਾਮ ਸਿੱਧ ਸੁਲੱਖਣ, ਲੁਧਿਆਣੇ ਜਿਲ੍ਹੇ ਵਿੱਚ ਪੈਂਦੇ ਆਪਣੇ ਵਡੇਰਿਆਂ ਦੇ ਪਿੰਡ ਛਪਾਰ ਵਿੱਚ ਰਹਿੰਦਾ ਸੀ। ਸਿੱਧ ਸੁਲੱਖਣ ਨੂੰ ਜੱਗਦੇਉ ਨੇ ਹੀ ਸੰਨ 1150 ਈਸਵੀ ਵਿੱਚ ਪਿੰਡ ਛਪਾਰ ਖੁਦ ਜਾਕੇ ਦਿਖਸ਼ਣ ਮੰਤਰ ਦਿੱਤਾ ਸੀ ਅਤੇ ਉਸਦੀ ਸਿੱਧੀ ਸੰਪੂਰਨ ਕੀਤੀ ਸੀ। ਜਰਗ ਦੇ ਪ੍ਰਾਚੀਨ ਲੋਕਾਂ ਤੋਂ ਜੱਗਦੇਉ ਅਤੇ ਸਿੱਧ ਸੁਲੱਖਣ ਦੀਆਂ ਸਿੱਧੀਆਂ ਬਾਰੇ ਬਹੁਤ ਕਹਾਣੀਆਂ ਸੁਣਨ ਨੂੰ ਮਿਲਦੀਆਂ ਸਨ। ਇਹਨਾਂ ਹੀ ਕਹਾਣੀਆਂ ਵਿੱਚ ਇਹ ਵੀ ਜਿਕਰ ਆਉਂਦਾ ਹੈ ਕਿ ਜੱਗਦੇਉ ਦੀਆਂ ਬਾਹਾਂ ਬਹੁਤ ਲੰਬੀਆਂ ਸਨ।

ਸੇਖੋਂ ਗੋਤ ਦਾ ਇਤਿਹਾਸ ਵਾਚਣ ਤੋਂ ਇਹ ਪਤਾ ਚੱਲਦਾ ਹੈ ਕਿ ਇਸ ਗੋਤ ਦਾ ਮੋਢੀ ਲੁਧਿਆਣਾ ਜਿਲ੍ਹਾ ਹੀ ਹੈ। ਲੁਧਿਆਣੇ ਜਿਲ੍ਹੇ ਵਿੱਚ ਵਸਦੇ ਸੇਖੋਂ ਭੋਜ ਦੀ ਵੰਸ਼ ਦੇ ਹੀ ਇੱਕ ਬਹਾਦਰ ਸੂਰਮੇ ਤੇਜਪਾਲ ਨੂੰ ਵੀ ਆਪਣੇ ਭਾਈਚਾਰੇ ਦਾ ਮੋਢੀ ਮੰਨਦੇ ਹਨ। ਤੇਜਪਾਲ ਦੇ ਚਾਰ ਪੁੱਤਰ ਸਨ ਅਤੇ ਇਹਨਾਂ ਵਿਚੋਂ ਝਲੱਖਣ ਤੇ ਲੱਖਣ ਦੋ ਜੌੜੇ ਭਰਾ ਸਨ। ਝਲੱਖਣ ਇਖਿਹਰੇ ਪਤਲੇ ਸਰੀਰ ਦਾ ਸੀ। ਕਹਿੰਦੇ ਹਨ ਕਿ ਉਸ ਦੀ ਸ਼ਕਲ ਸੱਪ ਵਰਗੀ ਸੀ। ਅਚਾਨਕ ਇੱਕ ਦਿਨ ਜਦੋਂ ਇਨ੍ਹਾਂ ਦੀ ਮਾਤਾ ਖੇਤਾਂ ਵਿੱਚ ਕੰਮ ਕਰਨ ਲਈ ਗਈ ਤਾਂ ਉਸਨੇ ਆਪਣੇ ਦੋਵਾਂ ਪੁੱਤਰਾਂ ਝਲੱਖਣ ਅਤੇ ਲੱਖਣ ਨੂੰ ਆਪਣਾ ਕੰਮ ਨਿਪਟਾਉਣ ਲਈ ਭੂੰਜੇ ਧਰਤੀ ਤੇ ਪਾ ਦਿੱਤਾ ਅਤੇ ਉੱਥੇ ਇੱਕ ਕ੍ਰਿਸਾਨ ਨੇ ਝਲੱਖਣ ਨੂੰ ਸੱਪ ਸਮਝ ਕੇ ਦੋਵਾਂ ਨੂੰ ਮਾਰ ਦਿੱਤਾ। ਜਦੋਂ ਉਸਦੀ ਮਾਂ ਖੋਤ ਵਿੱਚੋਂ ਕੰਮ ਨਿਪਟਾ ਕੇ ਆਪਣੇ ਪੁੱਤਰਾਂ ਲੱਖਣ ਤੇ ਝਲੱਖਣ ਕੋਲ ਵਾਪਸ ਆਈ ਤਾਂ ਉਸ ਨੇ ਦੋਵਾਂ ਪੁੱਤਰਾਂ ਨੂੰ ਮਰਿਆਂ ਪਿਆ ਨੂੰ ਦੇਖਕੇ ਰੋਂਦੀ ਕਰਲਾਉਂਣ ਲੱਗ ਪਈ। ਉਸ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਇਕੋ ਹੀ ਥਾਂ ਟੋਆ ਪੁੱਟ ਕੇ ਦੱਬ ਦਿੱਤਾ। ਬਹੁਤ ਸਾਲਾਂ ਬਾਅਦ ਦੋਵਾਂ ਦੇ ਭਾਈਚਾਰੇ ਵਿੱਚੋਂ ਕਿਸੇ ਨੇੜਲੇ ਸਬੰਧੀ ਨੂੰ ਦੋਵੇਂ ਭਰਾ ਸੁਪਨੇ ਵਿੱਚ ਦਿਖਾਈ ਦਿੱਤੇ ਅਤੇ ਇਹਨਾਂ ਦੇ ਭਾਈਚਾਰੇ ਦੇ ਲੋਕਾਂ ਨੇ ਇਨ੍ਹਾਂ ਨੂੰ ਸ਼ਹੀਦ ਮੰਨ ਕੇ ਛਪਾਰ ਪਿੰਡ ਵਿੱਚ ਉਨ੍ਹਾਂ ਦੀ ਮੜੀ ਬਣਾ ਦਿੱਤੀ। ਇਸ ਮੜੀ ਤੇ ਅੱਜ ਗੂਗੇ ਪੀਰ ਦੇ ਨਾਂ ਤੇ ਹਰ ਸਾਲ ਭਾਰੀ ਮੇਲਾ ਲੱਗਦਾ ਹੈ। ਇਸੇ ਮੜੀ ਤੋਂ ਮਿੱਟੀ ਲਿਆਕੇ ਲੁਧਿਆਣੇ ਦੇ ਬਿਲਕੁਲ ਲਾਗਲੇ ਪਿੰਡ ਫੁੱਲਾਂਵਾਲ ਵਿੱਚ ਵੀ ਉਨ੍ਹਾਂ ਦੀ ਮੜੀ ਬਣਾਈ ਗਈ ਹੈ।

ਫੁੱਲਾਂਵਾਲ ਪਿੰਡ ਵਿੱਚ ਗੁੱਗਾ ਮੜੀ ਤੇ ਭਾਦੋਂ ਦੀ ਚੌਦਸ ਵਾਲੇ ਦਿਨ ਸੇਖੋਂ ਗੋਤ ਦੇ ਜੱਟਾਂ ਦਾ ਭਾਰੀ ਮੇਲਾ ਲੱਗਦਾ ਹੈ। ਮੜੀ ਉੱਪਰ ਇਸ ਦਿਨ ਲੋਕ ਮਿੱਟੀ ਕੱਢਦੇ ਹਨ ਅਤੇ ਪਤਾਸੇ ਜਾਂ ਮਖਾਣਿਆਂ ਦਾ ਮੱਥਾ ਟੇਕਦੇ ਹਨ। ਮੇਲੇ ਵਿੱਚ ਮਿੱਟੀ ਕੱਢਣ ਸਮੇਂ ਚੜਿਆ ਸਾਰਾ ਚੜ੍ਹਾਵਾ ਮਿਰਾਸੀ ਲੋਕਾਂ ਨੂੰ ਦਿੱਤਾ ਜਾਂਦਾ ਹੈ। ਫੁੱਲਾਂਵਾਲ ਪਿੰਡ ਦਾ ਇਹ ਮੇਲਾ “ਝਲੱਖਣ ਦਾ ਮੇਲਾ” ਦੇ ਨਾਂ ਨਾਲ ਮਸ਼ਹੂਰ ਹੈ। ਸੇਖੋਂ ਜੱਟਾਂ ਦਾ ਮੰਨਣਾ ਹੈ ਕਿ ਝਲੱਖਣ ਦੇ ਮੇਲੇ ਵਿੱਚ ਜੋ ਵੀ ਵਿਆਕਤੀ ਸ਼ਰਧਾ ਨਾਲ ਮਿੱਟੀ ਕੱਢਦਾ ਹੈ, ਉਸ ਨੂੰ ਸੱਪ ਨਹੀਂ ਲੜਦਾ। ਇਸ ਮੇਲੇ ਵਿੱਚ ਲੋਕ ਮਿੱਟੀ ਕੱਢਣ ਪਿੱਛੋਂ ਚੌਕੀ ਭਰਦੇ ਹਨ।

ਛਪਾਰ ਦੀ ਮੜੀ ਦਾ ਇਤਿਹਾਸ ਸੇਖੋਂ ਗੋਤ ਨਾਲ ਜੁੜਿਆ ਹੋਇਆ ਹੈ। ਜੱਗਦੇਉ ਦੇ ਪੁੱਤਰ ਛਾਪਾਰਾਏ ਨੇ ਛਪਾਰ ਪਿੰਡ ਨੂੰ 1140 ਈਸਵੀ ਵਿੱਚ ਵਸਾਇਆ ਸੀ। ਇਸ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਸੇਖੋਂ ਜੱਟ ਵਸੇ ਹੋਏ ਹਨ। ਇਸੇ ਤਰਾਂ ਫੁੱਲਾਂਵਾਲ ਪਿੰਡ ਦੇ ਸਾਰੇ ਜੱਦੀ ਜੱਟ ਸੇਖੋਂ ਗੋਤ ਦੇ ਹੀ ਹਨ। ਲੁਧਿਆਣੇ ਜਿਲ੍ਹੇ ਵਿੱਚ ਸੇਖੋਂ ਗੋਤ ਦੇ ਸਬੰਧਤ ਸਕਰੀਬਨ 10 ਹਨ। ਇਹਨਾਂ ਵਿੱਚੋਂ ਸੰਨ 1435 ਵਸਿਆ ਦਾਖਾ ਪਿੰਡ ਹੈ ਸੇਖੋਂ ਜੱਟਾਂ ਦਾ ਪ੍ਰਮੁੱਖ ਪਿੰਡ ਹੈ। ਪੰਜਾਬੀ ਸਾਹਿਤ ਦੇ ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੇਖੋਂ ਅਤੇ ਭਾਰਤੀ ਫ਼ੌਜ ਦੇ ਜਰਨਲ ਸੰਤ ਸਿੰਘ ਸੇਖੋ ਦਾਖਾ ਪਿੰਡ ਦੇ ਜੰਮਪਲ ਸੇਖੋਂ ਗੋਤ ਦੇ ਜੱਟ ਹਨ। ਦਾਖੇ ਦੇ ਸੇਖੋਂ  ਗੋਤ ਦੇ ਜੱਟ ਬਹਾਦਰ ਮੰਨੇ ਜਾਂਦੇ ਸਨ। ਦਾਖੇ ਪਿੰਡ ਵਿੱਚੋਂ ਹੀ ਨਿਕਲੇ ਪਿੰਡ ਈਸੇਵਾਲ ਜੋ ਕਿ ਦਾਖੇ ਦੇ ਬਿਲਕੁਲ ਲਾਗਲਾ ਪਿੰਡ ਹੈ ਦੇ ਜੰਮਪਲ ਨਿਰਮਲਜੀਤ ਸਿੰਘ ਸੇਖੋ ਜੋ ਕਿ ਭਾਰਤੀ ਹਵਾਈ ਸੈਨਾ ਦੇ ਪਰਮਵੀਰ ਚੱਕਰ ਵਿਜੇਤਾ ਹਨ, ਵੀ ਸੇਖੋਂ ਗੋਤ ਦੇ ਜੱਟ ਸਨ। ਇਸੇ ਤਰਾਂ ਦਾਖੇ ਤੋਂ ਹੀ ਭਦੌੜ ਪਿੰਡ ਜਾ ਕੇ ਕੁਝ ਸੇਖਂ ਗੋਦ ਦੇ ਜੱਟ ਜਾ ਵਸੇ।   

 ਪਹਿਲਾਂ ਲੁਧਿਆਣਾ ਜਿਲ੍ਹੇ ਵਿੱਚੋਂ ਪੈਂਦੇ ਅਤੇ ਹੁਣ ਜਿਲਾ ਫਤਿਹਗੜ ਸਾਪਿਬ ਵਿੱਚ ਪੈਂਦੇ ਮਸ਼ਹੂਰ ਕਸਬੇ ਖੰਨੇ ਦੇ ਨੇੜੇ ਪਿੰਡ ਭੜੀ ਵਿੱਚ ਵੀ ਸੇਖੋਂ ਕਾਫ਼ੀ ਲੋਕ ਰਹਿੰਦੇ ਹਨ। ਇਸੇ ਤਰਾਂ ਪਿੰਡ ਕੋਟ ਸੇਖੋਂ ਵੀ ਸੇਖੋਂ ਗੋਤ ਦੇ ਲੋਕਾਂ ਦਾ ਪਿੰਡ ਹੈ। ਸਾਂਦਲਬਾਰ ਇਲਾਕੇ ਵਿੱਚ ਪੈਂਦੇ ਸੇਖਮ, ਨੰਦਪੁਰ, ਨੌਖਰ ਆਦਿ ਪਿਡਾਂ ਵਿੱਚ ਵੀ ਸੇਖੋਂ ਗੋਤ ਦੇ ਲੋਕ ਵੱਡੀ ਗਿਣਤੀ ਵਿੱਚ ਵਸਦੇ ਸਨ। ਸੰਗਰੂਰ ਜਿਲ੍ਹੇ ਵਿੱਚ ਵੀ ਸੇਖੋਂ ਗੋਤ ਨਾਲ ਸਬੰਧਤ ਕਾਫ਼ੀ ਪਿੰਡ ਹਨ। ਸ਼ਹਿਰ ਸੰਗਰੂਰ ਦੀ ਜੇਕਰ ਗੱਲ ਕਰੀਏ ਤਾਂ ਇਸਨੂੰ ਆਬਾਦ ਹੀ ਸੇਖੋਂ ਜੱਟਾਂ ਨੇ ਕੀਤਾ ਸੀ ਅਤੇ ਇੱਥੋਂ ਦੇ ਸੇਖੋਂ ਗੋਤ ਦੇ ਲੋਕ ਆਪਣੇ ਜਠੇਰੇ ਬਾਬਾ ਮੋਹਨ ਸਿੱਧ ਦੀ ਪੂਜਾ ਕਰਦੇ ਹਨ। ਕਹਿੰਦੇ ਹਨ ਕਿ ਬਾਬਾ ਮੋਹਨ ਸਿੱਧ  ਵੱਢੇ ਹੋਏ ਸਿਰ ਨਾਲ ਧਾੜਵੀਆਂ ਦਾ ਮੁਕਾਬਲਾ ਕਰਦਾ ਹੋਇਆ ਸੰਗਰੂਰ ਪਹੁੰਚ ਗਿਆ ਸੀ ਅਤੇ ਜਿਥੇ ਉਹ ਡਿੱਗ ਕੇ ਸ਼ਹੀਦ ਹੋਇਆ ਸੀ, ਉਸ ਸਥਾਨ ਤੇ ਉਸ ਦਾ ਮੱਠ ਬਣਾਇਆ ਹੋਇਆ ਹੈ। ਇੱਥੋਂ ਦੇ ਸੇਖੋਂ ਗੋਤ ਦੇ ਲੋਕ ਦਿਵਾਲੀ ਅਤੇ ਹੋਰ ਖ਼ੁਸ਼ੀ ਦੋ ਮੌਕਿਆਂ ਤੇ ਇਸ ਮੱਠ ਤੇ ਆਪਣੇ ਜਠੇਰੇ ਦੀ ਪੂਜਾ ਕਰਦੇ ਹਨ ਅਤੇ ਚੜ੍ਹਾਵਾ ਚੜ੍ਹਾਉਂਦੇ ਹਨ।

 ਸੇਖੋਂ ਗੋਤ ਦੇ ਲੋਕਾਂ ਦੀ ਇੱਕ ਹੋਰ ਸ਼ਾਖ ਵੀ ਹੈ ਜੋ “ਸੇਖੂ ਕੇ” ਦੇ ਨਾਂ ਨਾਲ ਮਸਹੂਰ ਹੈ ਅਤੇ ਸੇਖੂ ਕੇ ਦੇ ਸੇਖੋਂ ਗੋਤ ਦੇ ਲੋਕ ਆਪਣੇ ਵਡੇਰੇ ਸਿੱਧ ਪ੍ਰਮਾਨੰਦ ਨੂੰ ਮੰਨਦੇ ਹਨ। ਪ੍ਰਮਾਨੰਦ ਦਾ ਮੱਠ ਵੀ ਸੰਗਰੂਰ ਸ਼ਹਿਰ ਵਿੱਚ ਨਾਭੇ ਗੇਟ ਤੋਂ ਬਾਹਰ ਬਣਿਆ ਹੋਇਆ ਹੈ। ਸਿੱਧ ਪ੍ਰਮਾਨੰਦ ਨੂੰ ਰਿੱਧੀਆਂ ਸਿੱਧੀਆਂ ਵਾਲਾ ਕਰਾਮਾਤੀ ਬਾਬਾ ਮੰਨਿਆ ਜਾਂਦਾ ਸੀ। ਇਸ ਦੀ ਸਮਾਧ ਤੇ ਲੋਕ ਦੀਵਾਲੀ ਅਤੇ ਹੋਰ ਖੁਸ਼ੀਆਂ ਦੇ ਮੌਕੇ ਤੇ ਪੂਜਾ ਅਰਚਨਾ ਕਰਦੇ ਹਨ। ਇੱਥੇ ਹਰ ਐਤਵਾਰ ਸ਼ਰਧਾਲੂ ਦੁੱਧ ਚੜਾਉਂਦੇ ਹਨ।

ਇਹ ਮਾਨਤਾ ਹੈ ਕਿ ਸੰਗਰੂਰ ਦੇ ਇਲਾਕੇ ਵਿੱਚ ਪਹਿਲਾਂ ਪਹਿਲ ਸੇਖੋਂ ਗੋਤ ਦੇ ਜੱਟ ਪਸ਼ੂ ਚਾਰਨ ਲਈ ਆਏ ਸਨ ਅਤੇ ਫਿਰ ਏਥੇ ਹੀ ਨਵੇਂ ਪਿੰਡ ਆਬਾਦ ਕਰਕੇ ਵਸ ਗਏ ਸਨ। ਸੇਖੋਂਪੱਤੀ ਪਿੰਡ ਵੀ ਸੇਖੋਂ ਗੋਤ ਦੇ ਲੋਕਾਂ ਨੇ ਹੀ ਵਸਾਇਆ ਸੀ। ਬੋਹੜਾਵਾਲ, ਬੜੂੰਦੀ ਤੇ ਦਾਖਾ ਪਿੰਡ ਦੇ ਸੇਖੋਂ ਗੋਤ ਦੇ ਲੋਕ ਇਕੋ ਖ਼ਾਨਦਾਨ ਵਿਚੋਂ ਹਨ। ਸੇਖੋਂ ਗੋਤ ਦੇ ਮੋਢੀ ਸ਼ੇਸਰਾਮ ਕੁਮਾਰ ਦੇ ਪੋਤਰੇ ਬਾਬਾ ਬੋਹੜਾ ਨੇ ਕਸਬੇ ਤੋਂ ਉਠਕੇ ਸੰਨ 1220 ਈਸਵੀ ਦੇ ਲਗਭਗ ਥੋੜਾ ਵਾਲ ਪਿੰਡ ਨੂੰ ਆਬਾਦ ਕੀਤਾ ਸੀ। ਇਸ ਪਿੰਡ ਤੋਂ ਇਲਾਵਾ ਮਾਨਸਾ ਵਿੱਚ ਸੇਖਵਾਂ ਦੇ ਕਾਹਨਗੜ੍ਹ, ਫਰਵਾਈ ਆਦਿ ਵੀ ਕਈ ਪਿੰਡ ਸੇਖੋਂ ਗੋਤ ਦੇ ਹਨ। ਇਸ ਇਲਾਕੇ ਦੇ ਸੇਖੋਂ ਔਲਖਾਂ, ਬੁੱਟਰਾਂ, ਦਲੇਵਾਂ ਤੇ ਮਡੇਰਾਂ ਨੂੰ ਵੀ ਆਪਣੇ ਜੱਗਦੇਉ ਵੰਸੀ ਕਬੀਲੇ ਵਿੱਚੋਂ ਮੰਨਦੇ ਹਨ। ਇਸੇ ਤਰਾਂ ਮੁਕਤਸਰ ਦੇ ਇਲਾਕੇ ਵਿੱਚ ਆਲਮਵਾਲਾ, ਰੁਖਾਲਾ, ਚਿਬੜਾਂ ਵਾਲੀ ਆਦਿ ਵਿੱਚ ਸੇਖੋਂ ਗੋਤ ਦੇ ਕਾਫ਼ੀ ਜੱਟ ਵਸੇ ਹੋਏ ਹਨ। ਅਬੋਹਰ ਦੇ ਪਾਸ ਗੋਬਿੰਦਗੜ੍ਹ ਪਿੰਡ ਦੇ ਸੇਖੋਂ ਵੀ ਆਪਣਾ ਪਿਛੋਕੜ ਰਾਜਸਥਾਨ ਨੂੰ ਮੰਨਦੇ ਹਨ। ਫਿਰੋਜ਼ਪੁਰ ਜਿਲ੍ਹੇ ਵਿੱਚ ਪੈਂਦਾ ਪਿੰਡ ਧਰਾਂਗਵਾਲਾ ਵੀ ਸੇਖੋਂ ਗੋਤ ਦੇ ਲੋਕਾਂ ਦਾ ਪੁਰਾਣਾ ਪਿੰਡ ਹੈ। ਫਰੀਦਕੋਟ  ਵਿੱਚ ਪੈਂਦੇ ਪਿੰਡ ਮਚਾਕੀ ਦੇ ਸੇਖੋਂ ਜੱਟ ਧਰਾਂਗਵਾਲੇ ਤੋਂ ਹੀ ਜਾ ਕੇ ਵਸੇ ਹਨ। ਇਸੇ ਤਰ੍ਹਾਂ ਤਹਿਸੀਲ ਜੀਰਾ ਵਿੱਚ ਪੈਂਦਾ ਪ੍ਰਸਿੱਧ ਪਿੰਡ ਸੇਖਮਾ ਸੇਖੋਂ ਗੋਤ ਦੇ ਜੱਟਾਂ ਦਾ ਪਿੰਡ ਹੈ।

ਜਿਵੇਂ ਕਿ ਇਸ ਗੱਲ ਦਾ ਸ਼ੁਰੂ ਵਿੱਚ ਵੀ ਵਰਨਣ ਕੀਤਾ ਗਿਆ ਹੈ ਕਿ ਲੁਧਿਆਣਾ ਜਿਲ੍ਹੇ ਤੋਂ ਮੋਢੀ ਮੰਨੇ ਜਾਂਦੇ ਸੇਖੋਂ ਗੋਤ ਦੇ ਜੱਟ ਜੱਟਾਂ ਦਾ ਪਿਛੋਕੜ ਸੂਰਵੀਰਤਾ ਭਰਪੂਰ ਹੈ ਜਿਸਦੀ ਉਦਾਹਰਨ ਪਿੰਡ ਦਾਖਾ ਅਤੇ ਈਸੇਵਾਲ ਦੇ ਸੇਖੋਂ ਫੌਜੀ ਅਫਸਰ ਹਨ। ਇਸੇ ਤਰ੍ਹਾਂ ਗੁੱਜਰਾਂਵਾਲੇ ਵਿੱਚ ਵੀ ਸੇਖੋਂ ਗੋਤ ਦੇ ਵੀਹ ਪਿੰਡ ਮਾਲਵੇ ਵਿਚੋਂ ਹੀ ਆਕੇ ਵਸੇ ਹਨ। ਇਨ੍ਹਾਂ ਨੂੰ ਪਵਾਰ ਰਾਜਪੂਤ ਸਮਝਿਆ ਜਾਂਦਾ ਸੀ। ਇਹ ਸੇਖੋਂ ਜੱਟ ਅਣਖੀ ਅਤੇ ਲੜਾਕੇ ਜੱਟ ਸਨ। ਭਾਰਤ ਪਾਕ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਵਿੱਚ ਜਿਹੜੇ ਸੇਖੋਂ ਗੋਤ ਦੇ ਜੱਟ ਲਾਹੌਰ, ਲਾਇਲਪੁਰ, ਮਿਟਗੁੰਮਰੀ ਤੇ ਗੁੱਜਰਾਂਵਾਲਾ ਆਦਿ ਖੇਤਰ ਵਿੱਚ ਰਹਿੰਦੇ ਸਨ, ਪਾਕਿਸਤਾਨ ਬਣਨ ਮਗਰੋਂ ਉਹ ਸਾਰੇ ਪੂਰਬੀ ਪੰਜਾਬ (ਭਾਰਤ) ਵਿੱਚ ਹੀ ਵਾਪਿਸ ਆ ਗਏ। ਪੰਜਾਬ ਦੇ ਮਾਲਵੇ ਇਲਾਕੇ ਵਿੱਚ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਜਿਆਦਾ ਹੈ। ਮਾਲਵੇ ਇਲਾਕੇ ਦੇ ਸੇਖੋਂ ਫ਼ੌਜੀ ਅਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਜੀਵਨ ਪ੍ਰਸ਼ਾਸ਼ਨ ਵਿੱਚ ਉੱਚੇ ਅਹੁਦਿਆਂ ਤੇ ਸੇਵਾ ਨਿਭਾ ਰਹੇ ਹਨ। ਆਪਣੇ ਪੁਸ਼ਤੈਨੀ ਕਿੱਤੇ ਖੇਤੀਬਾੜੀ ਦੇ ਖੇਤਰ ਵਿੱਚ ਵੀ ਮਾਲਵੇ ਦੇ ਸੇਖੋਂ ਜੱਟ ਮਸ਼ਹੂਰ ਮੰਨੇ ਜਾਂਦੇ ਹਨ। ਇਸਦਾ ਕਾਰਨ ਲੁਧਿਆਣੈ ਸਹਿਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਹੋਣਾ ਵੀ ਪ੍ਰਮੁੱਖ ਕਾਰਨ ਹੈ। ਜੇਕਰ ਮਾਲਵੇ ਦੇ ਵਿਦੇਸ਼ਾਂ ਵਿੱਚ ਵਸੇ ਲੋਕਾਂ ਦੇ ਜਿਕਰ ਕੀਤਾ ਜਾਵੇ ਤਾਂ ਅਮਰੀਕਾ ਤੇ ਕੈਨੇਡਾ ਸਮੇਤ ਅਨੇਕਾਂ ਮੁਲਕਾਂ ਵਿੱਚ ਸੇਖੋਂ ਗੋਤ ਦੇ ਜੱਟ ਵਸੇ ਹੋਏ ਹਨ।

ਸੇਖੋਂ ਜੱਟ ਰਾਜੇ ਭੋਜ ਦੇ ਜੱਟ ਮਹਾਨ ਸੂਰਬੀਰ ਜੱਗਦੇਉ ਪਰਮਾਰ ਦੀ ਵੰਸ ਵਿਚੋਂ ਸਨ । ਰਾਜੇ ਭੋਜ ਦੇ ਸਬੰਧ ਵਿੱਚ ਬੀ • ਐਨ• ਰੇਊ ਦੁਆਰਾ ਹਿੰਦੀ ਵਿੱਚ ਲਿਖੀ ਬਹੁਤ ਹੀ ਖੋਜ ਭਰਪੂਰ ਇਤਿਹਾਸਕ ਪੁਸਤਕ ਹੈ ਅਤੇ ਇਸ ਪੁਸਤਕ ਤੋਂ ਬਿਨਾਂ ਜੱਗਦੇਉ ਬਾਰੇ ਅਜੇ ਤੱਕ ਕੋਈ ਵੀ ਇਤਿਹਾਸਕ ਪੁਸਤਕ ਦਾ ਜਿਕਰ ਨਹੀਂ ਮਿਲਦਾ। ਪੰਜਾਬੀ ਵਿੱਚ ਰਾਜੇ ਜੱਗਦੇਉ ਬਾਰੇ ਕੁਝ ਕੁ ਕਿੱਸੇ ਛਪੇ ਹੋਏ ਹਨ ਅਤੇ ਰਾਜੇ ਜੱਗਦੇਉ ਬਾਰੇ ਲੋਕ ਕਥਾ ਕਾਝੀ ਪ੍ਰਚਲਿੱਤ ਹੈ।ਪੰਜਾਬ ਵਿੱਚ ਦੂਸਰੇ ਗੋਤਾਂ ਦੇ ਮੁਕਾਬਲੇ ਭਾਵੇਂ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ ਪ੍ਰੰਤੂ ਸੇਖੋਂ ਗੋਤ ਇੱਕ ਬਹੁਤ ਹੀ ਮੰਨਿਆ ਪ੍ਰਮੰਨਿਆ ਪ੍ਰਭਾਵਸ਼ਾਲੀ ਕਬੀਲਾ ਹੈ। ਪੰਜਾਬ ਦੇ ਦੂਸਰੇ ਗੋਤਾਂ ਦੇ ਲੋਕਾਂ ਦੇ ਮੁਕਾਬਲੇ ਸੇਖੋਂ ਗੋਤ ਦੇ ਲੋਕ ਮਿਹਨਤੀ, ਸਿਆਣੇ  ਅਤੇ ਬਹਾਦਰ ਮੰਨੇ ਜਾਂਦੇ ਹਨ।