ਬਸੰਤ

ਰੁੱਤ ਬਸੰਤੀ  ਵਿਹੜੇ ਆਈ
ਰੁੱਤਾਂ ਦੀ ਮਹਾਰਾਣੀ ਹੈ ਬਸੰਤ
ਸਿਆਲ ਦੇ ਅੰਤਲੇ ਸਿਰੇ ਤੇ ਜਦ ਲੋਹੜੀ ਤੇ ਮਾਘੀ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ ਤਾਂ ਪੱਤਝੜ ਵਾਲੇ ਬਿਰਖ਼ਾਂ ਨੂੰ ਫੁਟਾਰਾ ਫੁੱਟਦਾ ਹੈ। ਕਾਇਨਾਤ ਅੰਗੜਾਈ ਲੈਂਦੀ ਹੈ। ਨਵਾਂ ਖ਼ੂਨ ਤੁਰਦਾ ਹੈ ਸਰੀਰਾਂ ਵਿੱਚ। ਜੋਬਨ ਤੇ ਆਉਂਦੇ ਹਨ ਹਰਿਆਵਲੇ ਪੁੰਗਰਦੇ ਵਣ ਤ੍ਰਿਣ। ਕਣਕਾਂ ਬੂਝਾ ਮਾਰਦੀਆਂ, ਸਰੋਂ,ਤੋਰੀਆ,ਤਾਰਾਮੀਰਾ ਤੇ ਅਲਸੀ ਦੇ ਫੁੱਲ ਖਿੜਦੇ ਇੰਜ ਲੱਗਦੇ ਨੇ ਜਿਵੇਂ ਕੁਦਰਤ ਖਿੜ ਖਿੜ ਹੱਸ ਰਹੀ ਹੈ।

ਆਈ ਬਸੰਤ ਤੇ ਪਾਲ਼ਾ ਉਡੰਤ

ਦਾ ਜ਼ਿਕਰ ਬਚਪਨ ਤੋਂ ਸੁਣਦੇ ਆ ਰਹੇ ਹਾਂ। ਹੁੰਦਾ ਵੀ ਏਦਾਂ ਹੀ ਹੈ ਕਿ ਧਰਤੀ ਅੰਗੜਾਈ ਲੈਂਦੀ ਪ੍ਰਤੀਤ ਹੁੰਦੀ ਹੈ। ਸ਼ਬਦ ਸਾਧਕ ਸਿਰਜਕਾਂ ਨੇ ਇਸ ਰੁੱਤ ਨੂੰ ਆਪਣੇ ਕਾਵਿ ਮੋਤੀਆਂ ਵਿੱਚ ਥਾਂ ਥਾਂ ਪਰੋਇਆ ਹੈ। ਪਰ ਇਸ ਬਸੰਤ ਰੁੱਤ ਦਾ ਹੀ ਜ਼ਿਕਰ ਗੁਰਬਾਣੀ ਵਿੱਚ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਨੇ ਕੀਤਾ। ਉਨ੍ਹਾਂ ਲਿਖਿਆ ਕਿ

ਮੌਲੀ ਧਰਤੀ ਮੌਲਿਆ ਆਕਾਸ਼।
ਘਟਿ ਘਟਿ ਮੌਲਿਆ ਆਤਮ ਪ੍ਰਗਾਸ।

ਗੁਰੂ ਨਾਨਕ ਦੇਵ ਜੀ ਨੇ ਵੀ ਇਸ ਰੁੱਤ ਦਾ ਸੋਹਣਾ ਜ਼ਿਕਰ ਕੀਤਾ ਤੇ ਤੀਸਰੇ ਗੁਰੂ ਅਮਰਦਾਸ ਜੀ ਨੇ ਚੜ੍ਹਿਆ ਬਸੰਤ ਫੂਲੀ ਬਨ ਰਾਇ ਸ਼ਬਦ ਰਾਹੀਂ ਸਾਨੂੰ ਇਸ ਰੁੱਤਾਂ ਦੀ ਮਹਾਰਾਣੀ ਦੇ ਸਾਖ਼ਸ਼ਾਤ ਦਰਸ਼ਨ ਕਰਵਾ ਦਿੱਤੇ। ਬਸੰਤ ਰੁੱਤ ਦੇ ਆਉਣ ਸਾਰ ਹੀ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਬਸੰਤ ਰਾਗ ਦੇ ਸ਼ਬਦਾਂ ਦਾ ਗਾਇਨ ਸ਼ੁਰੂ ਹੋ ਜਾਂਦਾ ਹੈ। ਹਰ ਰਾਗੀ ਤੇ ਕੀਰਤਨੀਆ ਸਿੰਘ ਬਸੰਤ ਰਾਗ ਦਾ ਗਾਇਨ ਕਿਤੇ ਨਾ ਕਿਤੇ ਜ਼ਰੂਰ ਕਰਦਾ ਹੈ। ਬਸੰਤੀ ਚੀਰਾ ਤੇ ਬਸੰਤੀ ਚੋਲ਼ੇ ਦਾ ਜ਼ਿਕਰ ਪੰਜਾਬੀ ਕਵਿਤਾ ਵਿੱਚ ਬਾਰ ਬਾਰ ਆਉਂਦਾ ਹੈ। ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਹਮਸਫ਼ਰ ਸੂਰਮਿਆਂ ਨੇ
ਮੇਰਾ ਰੰਗ ਦੇ ਬਸੰਤੀ ਚੋਲ਼ਾ ਗਾ ਕੇ ਸਮੁੱਚੇ ਦੇਸ਼ ਦੀਆਂ ਇਨਕਲਾਬੀ ਸਫ਼ਾਂ ਵਿੱਚ ਜ਼ੁੰਬਸ਼ ਪੈਦਾ ਕਰ ਦਿੱਤੀ ਸੀ। ਪੰਜਾਬੀ ਸਾਹਿਤ ਵਿੱਚ ਸਾਰੇ ਅਨੇਕ ਪ੍ਰਮਾਣੀਕ ਕਵੀਆਂ ਨੇ ਬਸੰਤ ਰੁੱਤ ਦਾ ਸੁੰਦਰ ਜ਼ਿਕਰ ਕੀਤਾ ਹੈ। ਕਿੱਸਾ ਕਵੀਆਂ ਤੇ ਸੂਫ਼ੀ ਕਵੀਆਂ ਨੇ ਇਸ ਰੁੱਤ ਦੇ ਪ੍ਰਸੰਗਕ ਹਵਾਲਿਆਂ ਨਾਲ ਸਮੇਂ ਦੀ ਤਸਵੀਰ ਖਿੱਚੀ ਹੈ। ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਜੀ ਦੀ ਕਵਿਤਾ ਵਿੱਚ ਸਭ ਤੋਂ ਵੱਧ ਰੁੱਤਾਂ,ਤਿਉਹਾਰਾ,ਮੇਲਿਆਂ ਤੇ ਲੋਕ ਰਹੁ ਰੀਤਾਂ ਦਾ ਜ਼ਿਕਰ ਮਿਲਦਾ ਹੈ। ਧਨੀ ਰਾਮ ਚਾਤ੍ਰਿਕ ਜੀ ਲਿਖਦੇ ਹਨ:-

ਫੁੱਲਾਂ ਦੀ ਪਟਾਰੀ, ਪੀਲੇ ਭੋਛਣੀਂ ਸ਼ਿੰਗਾਰੀ ;
ਇਹ ਛਲੇਡੇ ਜਿਹੀ ਨਾਰੀ ਕਿਹੜੀ ਚੰਚਲ ਕੁਮਾਰੀ ਹੈ ?

ਪਾਇਲਾਂ ਕੀ ਪਾਵੇ ; ਕਲਾਂ ਸੁੱਤੀਆਂ ਜਗਾਵੇ ਪਈ ;
ਚਿੱਤ ਹੋਇਆ ਚਿੱਤ, ਚੜ੍ਹੀ ਅੱਖਾਂ ਨੂੰ ਖੁਮਾਰੀ ਹੈ।

ਰੁੱਖ ਬੂਟੇ, ਫੁਲ ਪੱਤ, ਘਾਹ ਤਿਣ, ਪਸ਼ੂ ਪੰਛੀ ;
ਮੋਹੀ ਸ੍ਰਿਸ਼ਟਿ ਸਾਰੀ ; ਬਾਲ ਬ੍ਰਿਧ, ਨਰ ਨਾਰੀ ਹੈ।

ਧੱਕਾ ਮਾਰ ਆਖਿਆ ਸੁਗੰਧ ਭਿੰਨੀ ਪੌਣ ਅੱਗੋਂ ;
‘ਹਟ ਜਾਓ ਲੋਕੋ ; ਏ ਬਸੰਤ ਦੀ ਸਵਾਰੀ ਹੈ’।

ਹੁਣ ਗੱਲ ਕਰੀਏ ਬਸੰਤ ਰੁੱਤ ਵਿੱਚ ਆਉਣ ਤੇ ਮਨਾਉਣ ਵਾਲੇ ਤਿਉਹਾਰਾਂ ਦੀ। ਬਸੰਤ ਪੰਚਮੀ ਵਾਲੇ ਦਿਨ ਹੀ ਲਾਹੌਰ ਵਿੱਚ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਪਤੰਗਾਂ ਚੜ੍ਹਾਈਆਂ ਜਾਂਦੀਆਂ ਹਨ। ਵੀਰ ਹਕੀਕਤ ਰਾਏ ਦੀ ਸ਼ਹਾਦਤ ਵੀ ਬਸੰਤ ਪੰਚਮੀ ਵਾਲੇ ਦਿਨ ਹੀ ਲਾਹੌਰ ਵਿੱਚ ਹੋਈ ਸੀ। ਪੰਜਾਬੀ ਕਵੀ ਅਗਰਾ ਨੇ ਵੀਰ ਹਕੀਕਤ ਰਾਏ ਦੀ ਸ਼ਹਾਦਤ ਬਾਰੇ ਇੱਕ ਵੱਡ ਆਕਾਰੀ ਵਾਰ ਲਿਖੀ ਹੈ। ਕੂਕਾ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਜੀ ਦਾ ਜਨਮ ਵੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੈਣੀ ਅਰਾਈਆਂ ਵਿੱਚ ਹੋਇਆ ਹੋਣ ਕਰਕੇ ਹਰ ਸਾਲ ਕੂਕਾ ਨਾਮਧਾਰੀ ਪੰਥ ਹਰ ਸਾਲ ਭੈਣੀ ਸਾਹਿਬ ਵਿਖੇ ਹਰ ਸਾਲ ਬਸੰਤ ਪੰਚਮੀ ਉਤਸਵ ਮਨਾਉਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਪੱਧਰ ਤੇ ਮਨਾਇਆ ਜਾਂਦਾ ਹੈ। ਇਸ ਮੌਕੇ ਜਿੱਥੇ ਬਸੰਤ ਰਾਗ ਦਾ ਗਾਇਨ ਹੁੰਦਾ ਹੈ ਓਥੇ ਕਵੀ ਕਵੀਸ਼ਰ ਬਸੰਤ ਰੁੱਤ ਮਹਿਮਾ ਗਾਨ ਕਰਦੇ ਹਨ।
ਇਸਨੂੰ ਕਈ ਲੋਕ ਸਰਸਵਤੀ ਪੂਜਨ ਜਾਂ ਸ਼੍ਰੀਪੰਚਮੀ ਵੀ ਕਹਿੰਦੇ ਹਨ ਜੋ ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਅੱਜ ਕੱਲ੍ਹ ਬਸੰਤ ਵਾਲ਼ੇ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ। ਬਸੰਤ ਦੇ ਆਗਮਨ ਦੇ ਨਾਲ਼ ਸਾਰੇ ਪੁਰਾਤਨ ਪੰਜਾਬ ਵਿੱਚ ਨਵੀਂ ਜ਼ਿੰਦਗੀ ਧੜਕ ਉੱਠਦੀ ਹੈ। ਥਾਂ ਥਾਂ ਤੇ ਪਿੰਡਾਂ ਵਿੱਚ ਨਿੱਕੇ ਵੱਡੇ ਮੇਲੇ ਲੱਗਦੇ ਹਨ। ਲੁਧਿਆਣਾ ਵਿੱਚ ਭਾਈ ਵਾਲਾ ਗੁਰਦਵਾਰਾ ਪਿੰਡ ਦਾਦ ਤੋਂ ਇਲਾਵਾ ਪਟਿਆਲ਼ੇ ਤੇ ਛਿਹਰਟੇ ਦੀ ਬਸੰਤ ਪੰਚਮੀ ਖ਼ਾਸ ਤੌਰ 'ਤੇ ਪ੍ਰਸਿੱਧ ਹੈ। ਦੇਸ਼ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉੱਤੇ ਲਾਹੌਰ ਵਿੱਚ ਲੱਗਿਆ ਕਰਦਾ ਸੀ। ਬਸੰਤ ਪੰਚਮੀ ਨੂੰ ਲੋਕੀਂ ਆਪਣੀ ਦਿਲਾਂ ਦੇ ਚਾਅ ਦਾ ਪ੍ਰਗਟਾਅ ਪਤੰਗਾਂ ਉਡਾ ਕੇ ਕਰਦੇ ਹਨ। ਉਸ ਦਿਨ ਸਾਰਾ ਆਕਾਸ਼ ਰੰਗ ਬਰੰਗੀਆਂ ਹਵਾ ਵਿੱਚ ਉੱਡਦੀਆਂ ਮਨਾਂ ਨੂੰ ਤਰੰਗਿਤ ਕਰਦੀਆਂ ਹਨ। ਰੰਗ ਬਰੰਗੀਆਂ ਪਤੰਗਾਂ ਨੂੰ ਗੁੱਡੇ ਗੁੱਡੀਆਂ ਵੀ ਕਿਹਾ ਜਾਂਦਾ ਹੈ। ਨੀਲਾ ਅੰਬਰ ਗੁੱਡੇ ਗੁੱਡੀਆਂ ਨਾਲ਼ ਭਰ ਜਾਂਦਾ ਹੈ। ਆਕਾਸ਼ ਵਿਸ਼ਾਲ ਰੰਗਮੰਚ ਲੱਗਦਾ ਹੈ, ਜਿਸ ਤੇ ਵੰਨ ਸੁਵੰਨੇ ਗੁੱਡੇ ਗੁੱਡੀਆਂ ਦੇ ਰੂਪ ਵਿੱਚ ਪੰਜਾਬੀਆਂ ਦੇ ਮਨ ਤਰੰਗਿਤ ਹੋਇਆ ਅਠਖੇਲੀਆਂ ਕਰ ਰਿਹਾ ਹੁੰਦਾ ਹੈ। ਭਾਰਤ ਵਿੱਚ ਛੇ ਰੁੱਤਾਂ ਮੰਨੀਆਂ ਜਾਂਦੀਆਂ ਹਨ। ਉਹਨਾਂ ਵਿੱਚੋਂ ਬਸੰਤ ਰੁੱਤ ਨੂੰ ਰਿਤੂ ਰਾਜ ਕਿਹਾ ਜਾਂਦਾ ਹੈ। 
ਬਸੰਤ ਪੰਚਮੀ ਬਸੰਤ ਵਿੱਚ ਮਨਾਏ ਜਾਣ ਵਾਲਾ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ। ਇਸਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀਪੰਚਮੀ (ਦੇਵਨਾਗਰੀ:श्रीपञ्चमी) ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਸਨੂੰ ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਹਾਰ ਰੁੱਤ ਨਾਲ਼ ਸੰਬੰਧਿਤ ਇਹ ਪ੍ਰਸਿੱਧ ਤਿਉਹਾਰ ਜੋ ਮਾਘ ਦੇ ਸੁਦੀ ਪੰਜ ਨੂੰ ਸਾਰੇ ਪੰਜਾਬ ਵਿੱਚ ਬੜੇ ਚਾਅ ਤੇ ਮਲਾਹ ਨਾਲ਼ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਤੋਂ ਬਹਾਰ ਰੁੱਤ ਦਾ ਅਨੁਮਾਨ ਲਗਾਇਆ ਜਾਂਦਾ ਹੈ। ਇਹ ਤਿਉਹਾਰ ਮੁੱਢ ਕਦੀਮ ਤੋਂ ਚੱਲਿਆ ਆ ਰਿਹਾ ਹੈ। ਸਾਡੇ ਵਡਿੱਕਿਆਂ ਵਿੱਚ ਇਹ ਤਿਉਹਾਰ ‘ਸੁਵੰਨਤਾ’ ਦੇ ਨਾਂ ਨਾਲ਼ ਪ੍ਰਸਿੱਧ ਸੀ। ਉਹ ਇਸ ਮੌਕੇ ਉੱਤੇ ਕਾਮ ਦੇਵ ਦੀ ਉਪਾਸਨਾ ਕਰਦੇ ਅਤੇ ਗੁਲਾਬੀ ਰੰਗ ਦੇ ਕੱਪੜੇ ਪਹਿਨ ਕੇ ਟੋਲੀਆਂ ਵਿੱਚ ਤੇ ਗਾਉਂਦੇ ਸਨ। ਅੱਜ ਕੱਲ੍ਹ ਬਸੰਤ ਵਾਲ਼ੇ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ। ਬਸੰਤ ਦੇ ਆਗਮਨ ਦੇ ਨਾਲ਼ ਸਾਰੇ ਪੰਜਾਬ ਦੇ ਵਿੱਚ ਨਵੀਂ ਜ਼ਿੰਦਗੀ ਧੜਕ ਉੱਠਦੀ ਹੈ। ਥਾਂ ਥਾਂ ਤੇ ਪਿੰਡਾਂ ਵਿੱਚ ਨਿੱਕੇ ਵੱਡੇ ਮੇਲੇ ਲੱਗਦੇ ਹਨ ਤੇ ਲੋਕੀਂ ਸਰ੍ਹੋਂ ਦੇ ਫੁੱਲ ਵਾਂਗ ਖਿੜ ਕੇ ਇਨ੍ਹਾਂ ਮੇਲਿਆਂ ਦੀ ਰੌਣਕ ਵਧਾਉਂਦੇ ਹਨ। ਪਟਿਆਲ਼ੇ ਤੇ ਛਿਹਰਟੇ ਦੀ ਬਸੰਤ ਪੰਚਮੀ ਖ਼ਾਸ ਤੌਰ ’ਤੇ ਪ੍ਰਸਿੱਧ ਹੈ। ਦੇਸ਼ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉੱਤੇ ਲਾਹੌਰ ਵਿੱਚ ਲੱਗਿਆ ਕਰਦਾ ਸੀ। ਧਰਮੀ ਹਕੀਕਤ ਰਾਏ ਬਸੰਤ ਪੰਚਮੀ ਵਾਲ਼ੇ ਦਿਨ ਲਾਹੌਰ ਵਿੱਚ ਮੁਗ਼ਲ ਹਾਕਮਾਂ ਦੇ ਤੁਅੱਸਬ ਦਾ ਸ਼ਿਕਾਰ ਹੋਇਆ ਸੀ ਅਤੇ ਉਸ ਨੇ ਇਸਲਾਮ ਮੱਤ ਗ੍ਰਹਿਣ ਕਰਨ ਦੀ ਥਾਂ ਸ਼ਹੀਦ ਹੋਣਾ ਵਧੇਰੇ ਪਸੰਦ ਕੀਤਾ। ਭਾਵੇਂ ਇਹ ਮੇਲਾ ਨਿਰੋਲ ਮੌਸਮੀ ਸੀ। ਪਰ ਹਕੀਕਤ ਰਾਏ ਦੀ ਸ਼ਹੀਦੀ ਨੇ ਇਸ ਨਾਲ਼ ਧਾਰਮਿਕ ਅਤੇ ਇਤਿਹਾਸਕ ਭਾਵਨਾ ਵੀ ਜੋੜ ਦਿੱਤੀ। ਬਸੰਤ ਪੰਚਮੀ ਨੂੰ ਲੋਕੀਂ ਆਪਣੀ ਦਿਲਾਂ ਦਾ ਹੁਲਾਸ ਪਤੰਗਾਂ ਉਡਾ ਕੇ ਕਰਦੇ ਹਨ। ਉਸ ਦਿਨ ਸਾਰਾ ਆਕਾਸ਼ ਰੰਗ ਬਰੰਗੀਆਂ ਹਵਾ ਵਿੱਤ ਤਰਦੀਆਂ ਤੇ ਨ੍ਰਿਤ ਕਰਦੀਆਂ ਗੁੱਡੀਆਂ ਨਾਲ਼ ਭਰ ਜਾਂਦਾ ਹੈ। ਇੱਕ ਦਿਨ ਆਕਾਸ਼ ਇੱਕ ਅਥਾਹ ਰੰਗਮੰਚ ਲੱਗਦਾ ਹੈ, ਜਿਸ ਤੇ ਵੰਨ ਸੁਵੰਨੀਆਂ ਗੁੱਡੀਆਂ ਦੇ ਰੂਪ ਵਿੱਚ ਪੰਜਾਬੀਆਂ ਦੇ ਮਨ ਤਰੰਗਿਤ ਹੋਇਆ ਅਠਖੇਲੀਆਂ ਭਰ ਰਿਹਾ ਹੁੰਦਾ ਹੈ।
ਪੰਜਾਬੀ ਕਵੀ, ਦੇਸ਼ ਭਗਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਦੀ ਇਹ ਰੁਬਾਈ ਸਾਨੂੰ ਬਸੰਤ ਰੁੱਤ ਦੇ ਮਾਹੌਲ ਨਾਲ ਜਾਣੂੰ ਕਰਵਾਉਂਦੀ ਹੈ:-

ਰੁਤ ਬਸੰਤ ਨਵਾਂ ਰਸ ਪਾਇਆ,ਹਰ ਬੂਟੇ ਹਰ ਡਾਲੀ।
ਹਰ ਸ਼ੈ ਦੇ ਵਿੱਚ ਜੋਬਨ ਖੇੜਾ,ਹਰ ਸ਼ੈ ਦੇ ਵਿਚ ਲਾਲੀ।
ਕਲੀਆਂ ਹੱਸੀਆਂ, ਗੁੰਚੇ ਮਹਿਕੇ,ਮੌਲੇ ਜੰਗਲ ਬੇਲੇ;
ਪਰ ਸੁੱਕੇ ਉਹ ਰਹੇ ਅਭਾਗੇ,ਜੜ੍ਹ ਨਾ ਜਿਨ੍ਹਾਂ ਸੰਭਾਲੀ।

ਪ੍ਰੋਃ ਮੋਹਨ ਸਿੰਘ ਵਰਗੇ ਆਧੁਨਿਕ ਤੇ ਸਮਰੱਥ ਕਵੀ ਨੇ ਵੀ ਬਸੰਤ ਰੁੱਤ ਨੂੰ ਆਪਣੀ ਕਵਿਤਾ ਵਿੱਚ ਥਾਂ ਪਰ ਥਾਂ ਪਰੋਇਆ ਹੈ:-

ਕਜਦੀ ਹਜ਼ਾਰ-ਦਾਨੀ ਜਦ ਓਝੜ ਅਤੇ ਪਹੇ,
ਫੁੱਲ ਆੜੂਆਂ ਨੂੰ ਲੱਗਦੇ ਕੱਚ ਰੱਤੜੇ ਜਿਹੇ,
ਖੁਸ਼ਬੂਆਂ ਨਾਲ ਲੱਦੀ ‘ਵਾ ਜਦੋਂ ਵਹੇ,
ਕਹਿੰਦੇ ਹਾਂ, ਵਾਹ ਬਹਾਰ ਦਾ ਮੌਸਮ ਸੁਹਾਵਣਾ,
ਕੁਦਰਤ ਦਾ ਡੋਲੇ ਰੰਗਲੇ ਵਿਚ ਪੈ ਕੇ ਆਵਣਾ।

ਆਏ ਜਦੋਂ ਜਵਾਨੀ ਨਾ ਭੋਂ ਤੇ ਲਗੇ ਤਲੀ,
ਦੱਗੇ ਸਰੀਰ ਭਾਰੇ ਵਿਚ ਜਿਉਂ ਸੋਨੇ ਦੀ ਡਲੀ,
ਨਾੜਾਂ ਦੇ ਵਿਚ ਮਚਲਦੀ ਰੱਤ ਸ਼ੋਖ ਤੇ ਬਲੀ,
ਕਹਿੰਦੇ ਹਾਂ, ਵਾਹ ਜਵਾਨੀ ਦਾ ਮੌਸਮ ਸੁਹਾਵਣਾ,
ਮੱਲੋ ਮਲੀ ਅਕਾਸ਼ਾਂ ਦਾ ਬਣਨਾ ਪਰਾਹੁਣਾ।

ਜਦ ਹੁਸਨ ਦਾ ਜਵਾਨੀ ਉਤੇ ਵਾਰ ਹੋਵੰਦਾ,
ਲੂੰ ਲੂੰ ਹੈ ਨਾਲ ਇਸ਼ਕ ਦੇ ਸਰਸ਼ਾਰ ਹੋਵੰਦਾ,
ਇਕ ਚਿਹਰਾ ਹੀ ਪ੍ਰੇਮੀ ਲਈ ਸੰਸਾਰ ਹੋਵੰਦਾ,
ਤਾਂ ਕਹਿੰਦੇ ਹਾਂ, ਬਹਾਰ ਨਾ ਚੇਤਰ ਨਾ ਸਾਵਣਾ,
"ਕੀ ਹੈ ਬਹਾਰ ? ਉਸ ਦਾ ਬਨੇਰੇ ਤੇ ਆਵਣਾ।"

ਹੁਣ ਵੀ ਮੈਂ ਮੰਨਦਾ ਇਨ੍ਹਾਂ ਤਿੰਨਾਂ ਬਹਾਰਾਂ ਨੂੰ,
ਕੁਦਰਤ ਦਿਆਂ ਨਿਖਾਰਾਂ, ਜਵਾਨੀ ਦੇ ਪਿਆਰਾਂ ਨੂੰ,
ਨਾਲੇ ਹੁਸਨ ਦੇ ਵਾਰਾਂ, ਉਭਾਰਾਂ ਵੰਗਾਰਾਂ ਨੂੰ,
ਯਾਰੋ ਕਿਸੇ ਬਹਾਰ ਨੂੰ ਹੈ ਕੀ ਮਨਾਵਣਾ ?
ਜਦ ਤਕ ਹੈ ਇਹ ਨਿਜ਼ਾਮ ਬਹਾਰਾਂ-ਮੁਕਾਵਣਾ।

ਪ੍ਰੋਃ ਪੂਰਨ ਸਿੰਘ ਜੀ ਵੀ ਆਪਣੀ ਸ਼ਾਇਰੀ ਵਿੱਚ ਬਸੜਤ ਰੁੱਤ ਦਾ ਬੜਾ ਸੋਹਣਾ ਜ਼ਿਕਰ ਕਰਦੇ ਹਨ। ਉਨ੍ਹਾਂ ਦੀ ਆਜ਼ਾਦ ਨਜ਼ਮ ਦਾ ਖੇੜਾ ਹੋਰ ਵੀ ਸੁਰਾਂਗਲਾ ਪ੍ਰਤੀਤ ਹੁੰਦਾ ਹੈ:-

ਬਸੰਤ ਆਈ ਸਭ ਲਈ,
ਮੇਰੀ ਬਸੰਤ ਕਿੱਥੇ ਗਈ ?

ਬੇਲ ਬੇਲ ਬੂਟਾ ਭਰਿਆ ਸ਼ਗੂਫ਼ਿਆਂ,
ਆੜੂ ਦੇ ਊਦੇ ਫੁੱਲ,
ਹਾੜ੍ਹੀਆਂ ਦੇ ਗੁਲਾਬੀ ਚਿੱਟੇ,
ਨਾਲ ਮਿਲੇ ਸਾਵੇ ਨਵੇਂ ਨਿੱਕੇ ਪੱਤੇ।
ਪੱਤੇ ਡਾਲੀਆਂ ਦੇ ਕੋਈ ਨਾਂਹ,
ਫੁੱਲ ਫੁੱਲ ਸਾਰੇ,
ਪਏ ਵਾਂਗ ਬਰਫ਼ ਦੇ ਫੁੱਲ ਉਹ।
ਫੁੱਲਾਂ ਦਾ ਇਕੱਠ ਲੱਗੇ ਜਿਵੇਂ ਟੰਗੇ ਕਿਸੇ ਆਣ ਉੱਥੇ ਬੱਦਲ ਚਿੱਟੇ,
ਜਿਹੜੇ ਲਾਲ ਕੀਤੇ,
ਸਵੇਰ ਸਾਰ ਦੀਆਂ ਗੁਲਾਬੀ ਲਾਲੀਆਂ।


ਹਵਾਵਾਂ ਨਸ਼ੇ ਪੀਤੇ,
ਭਰ ਭਰ ਪਿਆਲੀਆਂ,
ਝੂਮਦੀਆਂ ਨਸ਼ੀਲੀਆਂ,
ਟੰਗਾਂ ਉਨ੍ਹਾਂ ਦੀਆਂ ਲੜਖੜਾਂਦੀਆਂ।
ਫੁੱਲਾਂ ਨੂੰ ਛੁਹ ਛੁਹ, ਚੁੰਮ ਚੁੰਮ,
ਨੱਸਣ ਇਧਰ ਉਧਰ,
ਬੇ-ਮੁਹਾਰੀ ਅਲਬੇਲੀਆਂ,
ਤੇ ਮਸਤੀ ਦੇ ਜੋਸ਼ ਵਿਚ
ਪਿਆਰ ਦੀ ਕਚੀਚ ਵਿਚ,

ਉਹ ਫੁੱਲਾਂ ਦੀਆਂ ਪੰਖੜੀਆਂ ਖੋਹ ਖੋਹ, ਝੋਲਾਂ ਭਰ ਭਰ, ਇਧਰ ਉਧਰ, ਹਰ ਥਾਂ ਬਿਨ ਮਤਲਬ ਖਲੇਰਦੀਆਂ।
ਫੁੱਲਾਂ ਦੀਆਂ ਫੰਕਣੀਆਂ
ਪੁਲਾੜ ਨੀਲੇ ਵਿਚ ਉੱਡਣ
ਜਿਵੇਂ ਫੰਘਾਂ ਵਾਲੀਆਂ ਤਿਤਲੀਆਂ,
ਉੱਡਣ ਮਸਤ ਕੀਤੀਆਂ
ਜਿਵੇਂ ਕਿਸੇ ਪਿਆਰ-ਕੁੱਠੇ ਦੇ
ਦਿਲ ਦੀਆਂ ਉਡਾਰੂ ਜਿਹੀਆਂ,
ਅੱਗ ਦੀਆਂ ਕਿਣਕੀਆਂ।
ਮਿੱਠੀ ਮਿੱਠੀ ਲਾਲੀਆਂ,
ਰੂਹ ਨੂੰ ਬੁਲਾਂਦੀਆਂ ਭਾਹਾਂ,
ਭਖਾਂ ਤੇ ਰੌਣਕਾਂ ਬਸੰਤ ਦੀਆਂ,
ਅੰਬਾਂ ਦੇ ਬੂਰ, ਝੂ, ਜੂ ਝੂ ਲਟਕਣ ਤੇ ਝੂਮਣ ਜਿਵੇਂ,
ਸੁਹਣੀਆਂ ਸਵਾਣੀਆਂ ਦੇ,
ਕੰਨਾਂ ਦੇ ਲਟਕਣ,
ਸਿਰ 'ਤੇ ਨਾਜ਼ ਨਾਲ ਹਿੱਲਣ ਵਾਲੇ।
ਅੰਬਾਂ ਦੇ ਬੂਰ ਦੀਆਂ ਸੁਗੰਧੀਆਂ,
ਤੇ ਆੜੂ ਤੇ ਸ਼ਗੂਫ਼ਿਆਂ ਦੀ,
ਮੱਧਮ ਖ਼ੁਸ਼ਬੋ ਦੀਆਂ,
ਸੁਰਾਂ ਨਾਲ ਮਿਲਦੀਆਂ,
ਸਪਤਮ ਤੇ ਸਰਗਮ ਅਨੇਕ ਸੁਗੰਧੀਆਂ ਬਸੰਤ ਦੀਆਂ ਦੇ;
ਮਖੋਰੀਆਂ ਉੱਡਦੀਆਂ,
ਤੇ ਬੈਠੀਆਂ ਤੇ ਸ਼ਹਿਦ ਚੂਸਦੀਆਂ,
ਨਾਲ ਨਾਲ ਗਾਣ,
ਸੁਗੰਧੀਆਂ ਵਿਚ ਤਾਲ ਦਿੰਦੀਆਂ।
ਇਹ ਸਰਗਮ ਤੇ ਰਾਗ,
ਮਨੁੱਖ ਦੇ ਗਲੇ ਥੀਂ ਹੇਠ ਹਿਠਾਹਾਂ ਦੇ, ਜਾਂ ਭਾਵੇਂ ਉਸ ਥੀਂ ਉਤਾਂਹ,
ਪਰੇ ਦੇ ਸਰਗਮ ਵੱਜਦੇ।
ਮਖੋਰੀਆਂ ਤੇ ਭੋਰੀਆਂ ਦਾ,
ਪਿਆਰ ਡਾਢਾ,
ਬੂਰਾਂ ਤੇ ਫੁੱਲਾਂ 'ਤੇ ਉਹ ਸਾਰਾ ਭਾਰ ਆਪਣੀ ਜੱਫ਼ੀ ਦਾ ਪਾਂਦੇ;
ਲਿਪਟ, ਲਿਪਟ, ਕੋਮਲ ਅੰਗ ਵਾਲੇ ਫੁੱਲਾਂ ਨੂੰ ਤੰਗ ਪਏ ਕਰਦੇ;
ਪੀੜ ਦਿੰਦੇ ਉਹ ਅਸਹਿ ਜਿਹੇ ਪਿਆਰ ਦੀ,
ਬਸੰਤ ਆਈ ਸਭ ਲਈ,
ਮੇਰੀ ਬਸੰਤ ਕਿੱਥੇ ਗਈ ?

ਬਸੰਤ ਰੁੱਤ ਦੇ ਪੰਜਾਬੀ ਕਵਿਤਾ ਵਿੱਚ ਹਵਾਲਿਆਂ ਦੀ ਤਾਂ ਭਰਮਾਰ ਹੈ ਪਰ ਸਮਾਂ ਸੀਮਾ ਪ੍ਰਵਾਨਗੀ ਨਹੀਂ ਦਿੰਦੀ। ਅੰਤ ਵਿੱਚ ਧਨੀ ਰਾਮ ਚਾਤ੍ਰਿਕ ਜੀ ਦੇ ਬੋਲਾਂ ਨਾਲ ਹੀ ਇਹ ਗੱਲ ਸਮੇਟਣੀ ਚਾਹਾਂਗਾ।

ਕੱਕਰਾਂ ਨੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ,
ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ।
ਡਾਲੀਆਂ ਕਚਾਹ ਵਾਂਗ,
ਕੂਲੀਆਂ ਨੂੰ ਜਿੰਦ ਪਈ,
ਆਲ੍ਹਣੇ ਦੇ ਬੋਟਾਂ ਵਾਂਗ
ਖੰਭੀਆਂ ਉਛਾਲੀਆਂ।
ਬਾਗ਼ਾਂ ਵਿਚ ਬੂਟਿਆਂ ਨੇ,
ਡੋਡੀਆਂ ਉਭਾਰੀਆਂ ਤੇ,
ਮਿੱਠੀ ਮਿੱਠੀ ਪੌਣ ਆ ਕੇ,
ਸੁੱਤੀਆਂ ਉਠਾਲੀਆਂ।
ਖਿੜ ਖਿੜ ਹਸਦੀਆਂ ਵੱਸਿਆ,
ਜਹਾਨ ਵੇਖ,
ਗੁੱਟੇ ਉੱਤੇ ਕੇਸਰ,
ਗੁਲਾਬ ਉਤੇ ਲਾਲੀਆਂ।
ਫੁੱਲਾਂ ਭਰੇ ਗਮਲਿਆਂ ਨੂੰ,
ਜੋੜਿਆ ਕਤਾਰ ਬੰਨ੍ਹ,
ਹਰੀ ਹਰੀ ਘਾਹ ਦੀ,
ਵਿਛਾਈ ਉੱਤੇ ਮਾਲੀਆਂ।
ਬੁਲਬੁਲ ਫੁੱਲ ਫੁੱਲ,
ਫੁੱਲਾਂ ਦੇ ਸਦੱਕੇ ਲਏ,
ਭੌਰੇ ਲਟਬੌਰਿਆਂ ਨੂੰ,
ਆਈਆਂ ਖ਼ੁਸ਼ਹਾਲੀਆਂ।
ਪੰਛੀਆਂ ਨੇ ਗਾਵਿਆ,
ਹਿੰਡੋਲ ਤੇ ਬਸੰਤ ਰਾਗ,
ਚਿਰਾਂ ਪਿਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ।
ਕੇਸਰੀ ਦੁਪੱਟੇ ਨੂੰ,
ਬਸੰਤ ਕੌਰ ਪਹਿਨ ਜਦੋਂ,
ਡੋਰੇ ਦਾਰ ਨੈਣਾਂ ਵਿਚੋਂ,
ਸੁੱਟੀਆਂ ਗੁਲਾਲੀਆਂ।

ਪ੍ਰੋਃ ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ।