ਇਸਤਰੀਆਂ ਦੀਆਂ ਸ਼ਿੰਗਾਰ-ਵਸਤਾਂ

ਸ਼ਬਦ ‘ਹਾਰ-ਸ਼ਿੰਗਾਰ’ ਜਿਉਂ ਹੀ ਸਾਡੇ ਜ਼ਿਹਨ ਵਿੱਚ ਆਉਂਦਾ ਹੈ, ਇਸਦੇ ਨਾਲ ਹੀ ਇੱਕ ਲੰਮ-ਸਲੰਮੀ, ਪਤਲੀ, ਗੋਰੀ, ਸਜੀ-ਸੰਵਰੀ ਸੁੰਦਰ ਇਸਤਰੀ ਦੀ ਤਸਵੀਰ ਵੀ ਝੱਟ ਸਾਡੇ ਜ਼ਿਹਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ । ਹਾਰ-ਸ਼ਿੰਗਾਰ ਦਾ ਔਰਤਾਂ ਦੀ ਮਾਨਸਿਕਤਾ ਨਾਲ ਜੁੜਿਆ ਇੱਕ ਅਨਿੱਖੜਵਾਂ ਅਤੇ ਅਟੁੱਟ ਰਿਸ਼ਤਾ ਹੈ । ਜੇਕਰ ਇਸਨੂੰ ਰੱਬ ਵੱਲੋਂ ਇਸਤਰੀ ਦੇ ਹਿੱਸੇ ਆਈ ਰੱਬੀ ਬਖ਼ਸ਼ਿਸ਼ ਮੰਨ ਜਾਂ ਸਮਝ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ । ਗਹਿਣੇ ਪ੍ਰਾਣੀ ਦੀ ਪ੍ਰਮੁੱਖ ਸ਼ਿੰਗਾਰ ਵਸਤੂ ਹਨ । ਗਹਿਣਿਆਂ ਨੂੰ ਮਰਦ ਅਤੇ ਔਰਤਾਂ ਵੱਖ ਵੱਖ ਮੌਕਿਆਂ ‘ਤੇ ਪਰਾਤਨ ਸਮਿਆਂ ਤੋਂ ਪਹਿਨਦੇ ਆਏ ਹਨ । ਪੰਜਾਬ ਵਿੱਚ ਪੰਜਾਬੀ ਗੱਭਰੂ ਅਤੇ ਪੰਜਾਬਣਾਂ ਵੱਖ-ਵੱਖ ਖੁਸ਼ੀਆਂ ਦੇ ਮੌਕਿਆਂ ਜਿਵੇਂ ਕਿ ਵਿਆਹਾਂ - ਸ਼ਾਦੀਆਂ , ਤੀਆਂ ਜਾਂ ਗਿੱਧੇ - ਭੰਗੜੇ ਦੇ ਸਮੇਂ ਸੋਨੇ, ਚਾਂਦੀ ਜਾਂ ਪਿੱਤਲ ਦੇ ਗਹਿਣੇ ਪਹਿਨਕੇ ਹਾਰ ਸ਼ਿੰਗਾਰ ਕਰਦੇ ਹਨ । ਗਹਿਣਿਆਂ ਨਾਲ ਹਾਰ ਸ਼ਿੰਗਾਰ ਮਰਦਾਂ - ਔਰਤਾਂ ਦੇ ਤਾਂ ਹੀ ਜਚਦਾ ਹੈ ਜੇਕਰ ਨਾਲ ਰੰਗ-ਬਿਰੰਗੇ ਸੋਹਣੇ ਵਸਤਰ ਭਾਵ ਕੱਪੜੇ ਵੀ ਪਹਿਨੇ ਹੋਣ । ਸੋ, ਇਸਤਰੀ ਅਤੇ ਪੁਰਸ਼ਾਂ ਦੀਆਂ ਸ਼ਿੰਗਾਰ ਵਸਤਾਂ ਵਿੱਚ ਗਹਿਣਿਆਂ ਤੋਂ ਇਲਾਵਾ ਇਸਤਰੀਆਂ ਦੀ ਸ਼ਿੰਗਾਰ ਸਮੱਗਰੀ ਅਤੇ ਇਸਤਰੀਆਂ ਦਾ ਪਹਿਰਾਵਾ (ਕੱਪੜੇ) ਵੀ ਪ੍ਰਮੁੱਖ ਹਨ । ਔਰਤਾਂ -ਪੁਰਸ਼ਾਂ ਦੀਆਂ ਸ਼ਿੰਗਾਰ ਵਸਤਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ -

ਉਪਰੋਕਤ ਪੈਰੇ ਵਿੱਚ ਕੀਤੇ ਜਾ ਚੁੱਕੇ ਜ਼ਿਕਰ ਅਨੁਸਾਰ ਗਹਿਣੇ ਅਤੇ ਵਸਤਰ ਔਰਤਾਂ ਦੀਆਂ ਦੋ ਸ਼ਿੰਗਾਰ ਵਸਤਾਂ ਹਨ , ਜਿਹਨਾਂ ਨੂੰ ਵੱਖ-ਵੱਖ ਖੁਸ਼ੀ ਦੇ ਮੌਕਿਆਂ ‘ਤੇ ਔਰਤ ਪਹਿਨਕੇ ਆਪਣੀ ਸੁੰਦਰਤਾ ਦਾ ਪ੍ਰਗਟਾਵਾ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੀ ਹੈ । ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੇ ਵੱਖ-ਵੱਖ ਸਰੀਰਕ ਅੰਗਾਂ ‘ਤੇ ਪਹਿਨੇ ਜਾਣ ਵਾਲ਼ੇ ਅਣਗਿਣਤ ਗਹਿਣੇ ਹਨ ।
 

ਨੱਕ ਵਿੰਨ੍ਹ ਕੇ ਪਹਿਨੇ ਜਾਣ ਵਾਲੇ ਗਹਿਣੇ :

1 ਤੀਲੀ : ਤੀਲੀ ਪੰਜਾਬਣਾਂ ਦਾ ਸਭ ਤੋਂ ਛੋਟੇ ਅਕਾਰ ਦਾ ਪਸੰਦੀਦਾ ਮੰਨਿਆ ਜਾਣ ਵਾਲਾ ਗਹਿਣਾ ਹੈ । ਇਹ ਔਰਤ ਦੀ ਸੁੰਦਰਤਾ ਨੂੰ ਪ੍ਰਗਟ ਕਰਨ ਵਾਲੇ ਪ੍ਰਮੁੱਖ ਅੰਗ ਮੁੱਖੜੇ ‘ਤੇ ਨੱਕ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ ਹੈ । ਤੀਲੀ ਅਸਲ ਵਿੱਚ ਇੱਕ ਬਾਰੀਕ ਛੋਟੀ ਮੇਖ਼ ਦੀ ਸ਼ਕਲ ਦਾ ਸੋਨੇ, ਚਾਂਦੀ ਜਾਂ ਕਿਸੇ ਹੋਰ ਧਾਤ ਦਾ ਬਣਿਆ ਗਹਿਣਾ ਹੁੰਦਾ ਹੈ। ਇਸਨੂੰ ਹੋਰ ਵੱਧ ਸ਼ਿੰਗਾਰਨ ਲਈ ਜਾਂ ਕੀਮਤੀ ਬਣਾਉਣ ਲਈ ਇਸ ਉੱਪਰ ਨਿੱਕਾ ਜਿਹਾ ਨਗ਼ ਵੀ ਫਿੱਟ ਕਰ ਦਿੱਤਾ ਜਾਂਦਾ ਹੈ । ਤੀਲੀ ਨੂੰ ਪਹਿਨਣ ਤੋਂ ਪਹਿਨਾਂ ਕੁੜੀਆਂ ਜਾਂ ਔਰਤਾਂ ਦੇ ਨੱਕ ਵਿੱਚ ਛੇਦ ਕਰਵਾਇਆ ਜਾਂਦਾ ਹੈ ਜਿਸਨੂੰ ਨੱਕ ਵਿੰਨ੍ਹਣਾ ਕਿਹਾ ਜਾਂਦਾ ਹੈ । ਨੱਕ ਵਿੰਨ੍ਹਕੇ ਕੀਤੇ ਛੇਦ ਨੂੰ ਦੁਬਾਰਾ ਬੰਦ ਹੋਣ ਤੋਂ ਰੋਕਣ ਲਈ ਔਰਤਾਂ ਅਕਸਰ ਤੀਲੀ ਪਹਿਨਦੀਆਂ ਹਨ ।

2 ਲੌਂਗ : ਲੌਂਗ ਵੀ ਤੀਲੀ ਵਾਂਗ ਨੱਕ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ ਹੈ ।ਇਹ ਮਸਾਲਿਆਂ ਦੇ ਬਾਦਸ਼ਾਹ ਕਹੇ ਜਾਣ ਵਾਲੇ ਲੌਂਗ ਦੀ ਇੰਨ੍ਹ-ਬਿੰਨ ਸ਼ਕਲ ਦਾ ਬਣਿਆ ਹੋਣ ਕਰਕੇ ਲੌਂਗ ਅਖਵਾਉਂਦਾ ਹੈ। ਇਸ ਗਹਿਣੇ ਦੀ ਸ਼ਕਲ ਮੇਖਨੁਮਾ ਛੋਟੇ ਕੋਕੇ ਨਾਲ ਮਿਲਦੀ-ਜੁਲਦੀ ਹੋਣ ਕਰਕੇ ਲੌਂਗ ਨੂੰ ਕੋਕੇ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ । ਲੌਂਗ ਔਰਤ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਵਾਲਾ ਚਰਚਿਤ ਗਹਿਣਾ ਹੈ ਅਤੇ ਅਕਸਰ ਕੰਮਕਾਜੀ ਔਰਤਾਂ ਦੇ ਨੱਕ ਵਿੱਚੋਂ ਡਿੱਗਕੇ ਗੁਆਚੇ ਜਾਣ ਕਰਕੇ ਜਿਸਦਾ ਇਸਦਾ ਜ਼ਿਕਰ ਗੀਤਾਂ-ਬੋਲੀਆਂ ਵਿੱਚ ਆਮ ਕੀਤਾ ਜਾਂਦਾ ਹੈ -

ਚੀਰੇ ਵਾਲਿਆ ਵੇਖਦਾ ਆਈਂ ਵੇ, ਮੇਰਾ ਲੌਂਗ ਗਵਾਚਾ ।

ਨਿਗ੍ਹਾ ਮਾਰਦਾ ਆਈਂ ਵੇ, ਮੇਰਾ ਲੌਂਗ ਗਵਾਚਾ ………………….

ਲੌਂਗ ਦੇ ਉਪਰਲੇ ਸਿਰੇ ‘ਤੇ ਇਸਦੇ ਵਿਚਕਾਰ ਇੱਕ ਛੋਟਾ ਨਗ਼ ਲੱਗਾ ਹੁੰਦਾ ਹੈ ਅਤੇ ਇਸਦੇ ਆਲੇ-ਦੁਆਲੇ ਨਿੱਕੇ-ਨਿੱਕੇ ਨਗ਼ ਜੜੇ ਹੋਏ ਹੁੰਦੇ ਹਨ । ਨੱਕ ‘ਚ ਪਹਿਨੇ ਜਾਣ ਵਾਲੇ ਹਹਿਣੇ ਤੀਲੀ ਅਤੇ ਲੌਂਗ ਦਾ ਮੁਕਾਬਲਾ ਤੀਆਂ ‘ਚ ਜਾਂ ਨਾਨਕੀਆਂ-ਦਾਦਕੀਆਂ ਵਿਆਹਾਂ ‘ਚ ਬੋਲੀਆਂ ਪਾ ਕੇ ਕਰਦੀਆਂ ਹਨ -

ਤੀਲੇ ਲੌਂਗ ਦਾ ਮੁਕੱਦਮਾ ਭਾਰੀ, ਠਾਣੇਦਾਰਾ ਸੋਚਕੇ ਕਰੀਂ ……………

3 ਮੱਛਲੀ : ਨੱਕ ਰਾਹੀਂ ਸਾਹ ਲੈਣ ਵਾਲੇ ਦੋ ਸੁਰਾਖਾਂ ਦੇ ਵਿੱਚਕਾਰਲੀ ਚਪਟੀ ਸ਼ਕਲ ਦੀ ਹੱਡੀ ਨੂੰ ਵਿੰਨ੍ਹਕੇ ਮੱਛਲੀ ਪਹਿਨੀ ਜਾਂਦੀ ਹੈ । ਇਹ ਪਹਿਨਣ ਪਿੱਛੋਂ ਨੱਕ ਦੇ ਹੇਠਾਂ ਲਟਕਣ ਵਾਲਾ ਗਹਿਣਾ ਹੈ ।

4 ਨੱਥ : ਨੱਥ ਆਕਾਰ ਵਿੱਚ ਲੰਮਾ ਗਹਿਣਾ ਹੁੰਦਾ ਹੈ । ਇਸਨੂੰ ਵਿੰਨ੍ਹੇ ਹੋਏ ਨੱਕ ਵਿੱਚ ਪਹਿਨਕੇ ਖੱਬੇ ਪਾਸੇ ਵਾਲਾਂ ਵਿੱਚ ਗੁੰਦਿਆ ਜਾਂਦਾ ਹੈ । ਨੱਕ ਤੋਂ ਲੈ ਕੇ ਵਾਲਾਂ ਤੱਕ ਗੁੰਦਿਆ ਜਾਣ ਵਾਲਾ ਇਹ ਇੱਕ ਝਾਲਰਦਾਰ ਛੱਲਾ ਹੁੰਦਾ ਹੈ ਜਿਸ ਨਾਲ ਜੰਜੀਰੀ ਟੰਗੀ ਹੁੰਦੀ ਹੈ। ਨੱਥ ਪੰਜਾਬਣਾਂ ਦਾ ਹਰਮਨ ਪਿਆਰਾ ਗਹਿਣਾ ਹੈ । ਇਹ ਲੌਂਗ ਅਤੇ ਕੋਕੇ ਵਾਂਗ ਪੰਜਾਬੀ ਲੋਕ ਗੀਤਾਂ ਵਿੱਚ ਅੱਜ ਵੀ ਵਿਸ਼ੇਸ਼ ਸਥਾਨ ਰੱਖਦਾ ਹੈ -

ਐਥੇ ਮੇਰੀ ਨੱਥ ਡਿੱਗ ਪਈ , ਨਿਉਂਕੇ ਚੁੱਕੀਂ ਜਵਾਨਾ…….

ਕੰਨਾਂ ਵਿੱਚ ਪਹਿਨਣ ਵਾਲੇ ਗਹਿਣੇ : ਨੱਕ ਵਿੱਚ ਪਹਿਨਣ ਵਾਲੇ ਗਹਿਣਿਆਂ ਵਾਂਗ ਔਰਤਾਂ ਕੰਨਾਂ ਵਿੱਚ ਵੀ ਗਹਿਣੇ ਪਹਿਨ ਕੇ ਆਪਣੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੀਆਂ ਹਨ । ਕੰਨਾਂ ਵਿੱਚ ਪਹਿਨਣ ਵਾਲੇ ਗਹਿਣੇ ਵੀ ਕੰਨਾਂ ਨੂੰ ਨੱਕ ਵਿੰਨ੍ਹਣ ਵਾਂਗ ਵਿੰਨ੍ਹ ਕੇ ਪਹਿਨੇ ਜਾਂਦੇ ਹਨ । ਕੰਨਾਂ ਨੂੰ ਵਿੰਨ੍ਹ ਕੇ ਪਹਿਨੇ ਜਾਣ ਵਾਲੇ ਗਹਿਣੇ ਹੇਠਾਂ ਲਿਖੇ ਹਨ -

1 ਪਿੱਪਲ-ਪੱਤੀਆਂ : ਪਿੱਪਲ-ਪੱਤੀਆਂ ਪੰਜਾਬਣਾਂ ਦਾ ਮਨਪਸੰਦ ਗਹਿਣਾ ਹੈ ਅਤੇ ਇਸਨੂੰ ਪਹਿਨ ਕੇ ਔਰਤਾਂ ਖੁਸ਼ੀ ਅਤੇ ਮਾਣ ਮਹਿਸੂਸ ਕਰਦੀਆਂ ਹਨ । ਇਸਨੂੰ ਪਿੱਪਲ ਦੇ ਆਕਾਰ ਦੀਆਂ ਦੋ ਜਾਂ ਤਿੰਨ ਸੋਨੇ , ਚਾਂਦੀ ਜਾਂ ਪਿੱਤਲ ਦੀਆਂ ਪੱਤੀਆਂ ਲਗਾਈਆਂ ਹੁੰਦੀਆਂ ਹਨ। ਇਹ ਗਹਿਣਾ ਵੀ ਪੰਜਾਬੀ ਲੋਕ ਗੀਤਾਂ ਦਾ ਸ਼ਿੰਗਾਰ ਮੰਨਿਆ ਗਿਆ ਹੈ -

ਆਹ ਲੈ ਨੱਤੀਆਂ, ਕਰਾ ਲੈ ਪਿੱਪਲ ਪੱਤੀਆਂ, ਕਿਸੇ ਦੇ ਨਾਲ ਗੱਲ ਨਾ ਕਰੀਂ ।

ਆਹ ਲੈ ਨੱਤੀਆਂ, ਕਰਾ ਲੈ ਪੁੱਪਲ ਪੱਤੀਆਂ, ਕਿਸੇ ਦੇ ………………

2 ਤੁੰਗਲ: ਇਹ ਪਲੇਨ ਗੋਲਾਈਦਾਰ ਹੁੰਦਾ ਹੈ ਅਤੇ ਆਕਾਰ ਵਿੱਚ ਕੁਝ ਵੱਡਾ ਚੂੜੀਆਂ ਦੀ ਸ਼ਕਲ ਦਾ ਹੁੰਦਾ ਹੈ । ਤੁੰਗਲ ਵੀ ਔਰਤਾਂ ਦਾ ਕੰਨਾਂ ਵਿੱਚ ਪਹਿਨਿਆ ਜਾਣ ਵਾਲਾ ਪਸੰਦੀਦਾ ਗਹਿਣਾ ਹੈ ।

3 ਕੋਕਰੂ : ਕੋਕਰੂ ਪੰਜਾਬਣਾਂ ਦੇ ਗਹਿਣਿਆਂ ਵਿੱਚੋਂ ਸਭ ਤੋਂ ਵੱਧ ਦਿਲ ਨੂੰ ਟੁੰਬਣ ਵਾਲਾ ਗਹਿਣਾ ਸੀ । ਕੋਕਰੂ ਵਿੰਨ੍ਹੇ ਹੋਏ ਕੰਨ ਦੇ ਸੁਰਾਖ਼ ਦੇ ਬਾਹਰ ਵਾਲੇ ਵਧਵੇਂ ਹਿੱਸੇ ਵਿੱਚ ਪਹਿਨਿਆ ਜਾਂਦਾ ਹੈ । ਅਜੋਕੇ ਯੁੱਗ ਵਿੱਚ ਕੋਕਰੂ ਮੁਟਿਆਰਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ । ਪਰ ਪਹਿਲੇ ਸਮਿਆਂ ਵਿੱਚ ਇਹ ਗਹਿਣਾ ਪੰਜਾਬਣਾਂ ਦੀ ਪਹਿਲੀ ਪਸੰਦ ਹੋਇਆ ਕਰਦੀ ਸੀ । ਇਸਦਾ ਜ਼ਿਕਰ ਅੱਜ ਵੀ ਅਕਸਰ ਗੀਤਾਂ ਵਿੱਚ ਸੁਣਨ ਨੂੰ ਮਿਲਦਾ ਹੈ -

ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ,
ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ,
ਰੇਸ਼ਮੀਂ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ,
ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ,
ਚੱਲ ਪਰੇ ਬਿਦੇਸ਼ੀ ਬਾਣੇ, ਕੀ ਬਣੂ ਦੁਨੀਆਂ ਦਾ,
ਕੀ ਬਣੂ …………………………………

4 ਬੂਜਲੀਆਂ : ਇਹ ਔਰਤਾਂ ਦਾ ਕੰਨਾਂ ਵਿੱਚ ਪਹਿਨਿਆ ਜਾਣ ਵਾਲਾ ਵਿਸ਼ੇਸ਼ ਕਿਸਮ ਦਾ ਗਹਿਣਾ ਹੈ ਜੋ ਕਿ ਸਿਲਾਈ ਮਸ਼ੀਨ ਦੀ ਫਿਰਕੀ ਦੇ ਆਕਾਰ ਦਾ ਹੁੰਦਾ ਹੈ । ਬੁਜਲੀਆਂ ਪਹਿਨਣ ਲਈ ਕੰਨਾਂ ‘ਚ ਆਮ ਵਿੰਨ੍ਹ ਕੇ ਸੁਰਾਖ ਨਹੀਂ ਕੀਤੇ ਜਾਂਦੇ ਸਗੋਂ ਬੂਜਲੀਆਂ ਨੂੰ ਕੰਨਾਂ ਵਿੱਚ ਵੱਡੇ ਆਕਾਰ ਦੇ ਸੁਰਾਖ ਕਰਕੇ ਪਹਿਨਿਆ ਜਾਂਦਾ ਹੈ ।

5 ਲੋਟਣ : ਲੋਟਣ ਕੰਨਾਂ ਦੀ ਹੇਠਲੀ ਪੇਪੜੀ ਵਿੱਚ ਪਹਿਨਕੇ ਸ਼ਿੰਗਾਰ ਕਰਨ ਵਾਲਾ ਗਹਿਣਾ ਹੈ, ਜੋ ਫੁੰਮਣ ਲੱਗੇ ਕੰਨਾਂ ਦਾ ਜ਼ਨਾਨਾ ਗਹਿਣਾ ਹੈ । ਲੋਟਣ ਦਾ ਵੀ ਲੋਕ ਗੀਤਾਂ ਵਿੱਚ ਆਮ ਜ਼ਿਕਰ ਆਉਂਦਾ ਹੈ -

ਲੋਟਣ ਮਿੱਤਰਾਂ ਦਾ, ਨਾਉਂ ਵੱਜਦਾ ਬਾਬਲ ਤੇਰਾ ।

ਲੋਟਣ …………..

ਗਰਦਣ ਦੁਆਲੇ ਪਹਿਨਣ ਵਾਲੇ ਗਹਿਣੇ : ਉਪਰੋਕਤ ਗਹਿਣਿਆਂ ਤੋਂ ਇਲਾਵਾ ਔਰਤਾਂ ਦੇ ਗਲ਼ ਵਿੱਚ ਪਹਿਨ ਕੇ ਸ਼ਿੰਗਾਰ ਕਰਨ ਵਾਲੇ ਵੀ ਕੁਝ ਮਸ਼ਹੂਰ ਗਹਿਣੇ ਹਨ ਜੋ ਹੇਠ ਲਿਖੇ ਹਨ -

1 ਤੱਗਾ, ਹਮੇਲ, ਇਨਾਮ ਅਤੇ ਬੁਘਤੀਆਂ : ਔਰਤਾਂ ਜੇਕਰ ਧਾਗੇ ਵਿੱਚ ਰੁਪਏ ਮੇਲ ਕੇ ਪਹਿਨਦੀਆਂ ਹਨ ਤਾਂ ਇਸਨੂੰ ਹਮੇਲ ਕਹਿੰਦੇ ਹਨ ਅਤੇ ਜੇਕਰ ਰੁਪਿਆਂ ਦੀ ਜਗ੍ਹਾ ਪੌਂਡ ਮੇਲ ਕੇ ਪਾਉਂਦੀਆਂ ਹਨ ਤਾਂ ਇਹ ਤੱਗਾ ਅਖਵਾਉਂਦਾ ਹੈ । ਪਰ ਜੇਕਰ ਧਾਗੇ ਨਾਲ ਸੋਨੇ ਦੇ ਪੈਸੇ ਮੇਲੇ ਹੋਣ ਤਾਂ ਬੁਘਤੀਆਂ ਕਿਹਾ ਜਾਂਦਾ ਹੈ ਅਤੇ ਜੇਕਰ ਸੋਨੇ ਦੇ ਪੈਸਿਆਂ ਦੀ ਜਗ੍ਹਾ ‘ਤੇ ਤਿਕੋਨੇ ਤਵੀਤ ਹੋਣ ਤਾਂ ਇਸਨੂੰ ਇਨਾਮ ਕਹਿੰਦੇ ਸੀ । ਇਹ ਗਹਿਣੇ ਅੱਜਕੱਲ ਪੰਜਾਬਣ ਮੁਟਿਆਰਾਂ ਦੇ ਪਹਿਨਣ ਵਾਲੇ ਗਹਿਣੇ ਨਹੀਂ ਰਹੇ, ਬੀਤੇ ਸਮੇਂ ਨਾਲ ਹੀ ਇਹ ਗਹਿਣੇ ਵੀ ਲਗਭਗ ਅਲੋਪ ਹੋ ਚੁੱਕੇ ਹਨ ।

2 ਸੌਕਣ ਮੋਹਰਾ : ਇਹ ਗਹਿਣਾ ਵੀ ਪੁਰਾਤਨ ਵੇਲਿਆਂ ਵਿੱਚ ਔਰਤਾਂ ਵੱਲੋਂ ਗਲੇ ਵਿੱਚ ਸ਼ਿੰਗਾਰ ਕਰਨ ਲਈ ਪਹਿਨਿਆ ਜਾਂਦਾ ਸੀ । ਜਦੋਂ ਕਿਸੇ ਵਿਅਕਤੀ ਦੀ ਪਤਨੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਵੱਲੋਂ ਫਿਰ ਦੁਬਾਰਾ ਵਿਆਹ ਕਰਵਾਉਣ ‘ਤੇ ਦੂਸਰੀ ਪਤਨੀ ਨੂੰ ਦੇਣ ਵਾਲਾ ਗਲੇ ਦਾ ਹਾਰ ਸੌਕਣ-ਮੋਹਰਾ ਅਖਵਾਉਂਦਾ ਸੀ । ਪਰ ਅਜੋਕੀ ਪੀੜ੍ਹੀ ਇਸ ਵਾਰੇ ਹੁਣ ਪੂਰੀ ਤਰਾਂ ਅਣਜਾਣ ਹੈ।

2 ਜੁਗਨੀ : ਕਿਸੇ ਵੇਲੇ ਇਹ ਗਲੇ ਵਿੱਚ ਪਹਿਨਣ ਵਾਲਾ ਔਰਤਾਂ ਦਾ ਮਨਪਸੰਦ ਗਹਿਣਾ ਰਿਹਾ ਹੈ । ਹਾਰ ਦੇ ਵਿਚਕਾਰ ਮੱਧ ਵਿੱਚ ਹੇਠਾਂ ਨੂੰ ਜੁਗਨੀ ਲਟਕਦੀ ਹੈ । ਜੁਗਨੀ ਹਾਰ ਦੇ ਦੋਵੇਂ ਪਾਸੇ ਹਰੇ ਅਤੇ ਲਾਲ ਰੰਗ ਦੇ ਨਗ ਲੱਗੇ ਹੁੰਦੇ ਹਨ । ਗਲੇ ਦੇ ਇਹਨਾਂ ਉਪਰੋਕਤ ਗਹਿਣਿਆਂ ਤੋਂ ਇਲਾਵਾ ਲੌਕਟ, ਚੁਟਾਲਾ, ਤਵੀਤ, ਮੱਖੀ, ਰਾਣੀਹਾਰ, ਜੰਜੀਰੀ ਅਤੇ ਹਸ ਆਦਿ ਇਸਤਰੀਆਂ ਦੇ ਗਲੇ ਦੇ ਸ਼ਿੰਗਾਰ ਗਹਿਣੇ ਹਨ ।

ਵਾਲਾਂ ਵਿੱਚ ਗੁੰਦੇ ਜਾਣ ਵਾਲੇ ਗਹਿਣੇ : ਵਾਲ ਔਰਤ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ । ਨਾਰੀ ਆਪਣੀਆਂ ਜ਼ੁਲਫ਼ਾਂ ਦਾ ਜਦੋਂ ਗਹਿਣਿਆਂ ਨਾਲ ਸ਼ਿੰਗਾਰ ਕਰਦੀ ਹੈ ਤਾਂ ਉਸਦੀ ਸੁੰਦਰਤਾ ਦਾ ਜ਼ਿਕਰ ਕਰਨਾ ਬਹੁਤਾ ਉਚਿਤ ਨਹੀਂ ਰਹਿ ਜਾਂਦਾ। ਔਰਤਾਂ ਦੇ ਵਾਲਾਂ ਵਿੱਚ ਸ਼ਿੰਗਾਰ ਕਰਨ ਵਾਲੇ ਹੇਠ ਲਿਖੇ ਗਹਿਣੇ ਹਨ-

1 ਸੱਗੀ-ਫੁੱਲ : ਇਹ ਗਹਿਣਾ ਇਸਤਰੀ ਦੇ ਵਾਲਾਂ ਦਾ ਮਹੱਤਵਪੂਰਨ ਸ਼ਿਗਾਰ ਗਹਿਣਾ ਹੈ । ਔਰਤਾਂ ਆਪਣੇ ਵਾਲਾਂ ਨੂੰ ਸ਼ਿੰਗਾਰਨ ਵਾਸਤੇ ਇਸਨੂੰ ਆਪਣੇ ਸਿਰ ਉੱਤੇ ਸਜਾਉਂਦੀਆਂ ਹਨ । ਕੁੜੀਆਂ ਆਪਣੇ ਸਿਰ ਦੇ ਪਿਛਲੇ ਹਿੱਸੇ ਉੱਤੇ ਵਾਲਾਂ ਦੀਆਂ ਮੀਢੀਆਂ ਕਰਕੇ ਸੱਜੇ ਅਤੇ ਖੱਬੇ ਪਾਸੇ ਵੱਲ ਸੋਨੇ, ਚਾਂਦੀ ਜਾਂ ਪਿੱਤਲ ਦੇ ਦੋ ਫੁੱਲ ਲਗਾਉਂਦੀਆਂ ਹਨ ਅਤੇ ਇਹਨਾਂ ਦੋਵੇਂ ਫੁੱਲਾਂ ਦੇ ਬਿੱਲਕੁੱਲ ਮੱਧ ਵਿੱਚ ਸੱਗੀ ਲਗਾਈ ਜਾਂਦੀ ਹੈ । ਪਰ ਕਈ ਔਰਤਾਂ ਸੱਗੀ-ਫੁੱਲ ਨੂੰ ਸਿਰ ਦੇ ਅੱਗਲੇ ਹਿੱਸੇ ‘ਤੇ ਵੀ ਪਹਿਨਣਾ ਪਸੰਦ ਕਰਦੀਆਂ ਹਨ ।

2 ਕਲਿੱਪ : ਕਲਿੱਪ ਵੀ ਔਰਤਾਂ ਦਾ ਵਾਲਾਂ ਵਿੱਚ ਪਹਿਨਣ ਵਾਲਾ ਮਨ ਪਸੰਦ ਗਹਿਣਾ ਹੈ । ਇਹ ਸਿਰ ਦੇ ਪਿੱਛੇ ਵਾਲਾਂ ਦੇ ਚੀਰੇ ਵਿੱਚ ਖੱਬੇ ਅਤੇ ਸੱਜੇ ਪਾਸੇ ਲਗਾਏ ਜਾਂਦੇ ਹਨ ਜੋ ਕਿ ਆਪਸ ਵਿੱਚ ਮਿਲਾਏ ਹੋਏ ਧਾਗੇ ਨਾਲ ਜੁੜੇ ਹੁੰਦੇ ਹਨ । ਕਲਿੱਪ ਧਾਤਾਂ ਤੋਂ ਇਲਾਵਾ ਪਲਾਸਟਿਕ ਦੇ ਵੀ ਬਣੇ ਹੋਏ ਹੁੰਦੇ ਹਨ ।

3 ਸ਼ਿੰਗਾਰ-ਪੱਟੀ : ਇਹ ਵਾਲਾਂ ਵਿੱਚ ਸਿਰ ਉੱਤੋਂ ਮੱਥੇ ਤੋਂ ਦੋਵੇਂ ਕੰਨਾਂ ਵੱਲ ਨੂੰ ਲਟਵੀਂ ਪੱਟੀਨੁਮਾ ਸ਼ਕਲ ਵਿੱਚ ਬਣੀ ਹੁੰਦੀ ਹੈ । ਸ਼ਿੰਗਾਰ ਪੱਟੀ ਨੂੰ ਪਹਿਨਕੇ ਔਰਤਾਂ ਮਾਣ ਮਹਿਸੂਸ ਕਰਦੀਆਂ ਹਨ ।

4 ਟਿੱਕਾ : ਜੰਜੀਰੀ ਦੇ ਇੱਕ ਸਿਰੇ ਨੂੰ ਟਿੱਕੇ ਨਾਲ ਜੋੜਿਆ ਹੁੰਦਾ ਹੈ। ਇਹ ਮੱਥੇ ਨਾਲ ਲਟਕਦਾ ਹੁੰਦਾ ਹੈ ਜੋ ਅੱਗੋਂ ਸਿਰ ਦੇ ਵਿਚਕਾਰੋਂ ਵਾਲਾਂ ਨਾਲ ਜੰਜੀਰੀ ਨਾਲ ਗੁੰਦਿਆ ਹੁੰਦਾ ਹੈ । ਟਿੱਕਾ ਅੱਜ ਵੀ ਔਰਤਾਂ ਦਾ ਪਸੰਦੀਦਾ ਗਹਿਣਾ ਹੈ ।

5 ਝੂਮਰ-ਸੂਈ : ਝੂਮਰ-ਸੂਈ ਇੱਕ ਅਜਿਹਾ ਗਹਿਣਾ ਹੈ ਜੋ ਔਰਤਾਂ ਵੱਲੋਂ ਆਪਣੇ ਵਾਲਾਂ ਵਿੱਚ ਟੇਢਾ ਚੀਰ ਕੱਢਕੇ ਖੱਬੇ ਭਰਵੱਟੇ ਦੇ ਬਿਲਕੁਲ ਉੱਪਰ ਲਗਾਕੇ ਸ਼ਿੰਗਾਰਦੀਆਂ ਹਨ । ਔਰਤਾਂ ਦੇ ਵਾਲਾਂ ਦੇ ਉਪਰੋਕਤ ਸ਼ਿੰਗਾਰ ਗਹਿਣਿਆਂ ਤੋਂ ਇਲਾਵਾ ਬੰਦ, ਬੋਰਲਾ, ਚੌਂਕ, ਦਾਊਂਣੀ, ਬਘਿਆੜੀ, ਠੂੰਠੀਆਂ ਅਤੇ ਛੱਬਾ ਆਦਿ ਪਹਿਨਿਆ ਜਾਂਦਾ ਸੀ ਜਿਸਨੂੰ ਨਿੱਕੇ-ਨਿੱਕੇ ਘੁੰਗਰੂਆਂ ਨਾਲ ਸਜਾਇਆ ਹੁੰਦਾ ਸੀ ਅਤੇ ਮੁਟਿਆਰਾਂ ਦੀ ਤੋਰ ਨਾਲ ਬਾਹਵਾਂ ਹਿੱਲਣ ਸਮੇਂ ਘੁੰਗਰੂਆਂ ਦੀ ਹਿੱਲਜੁਲ ਨਾਲ ਪੈਂਦੀ ਮਿੱਠੀ ਛਣਕਾਰ ਨਾਲ ਮਾਹੌਲ ਹੋਰ ਵੀ ਸੁਹਾਵਣਾ ਹੋ ਜਾਂਦਾ ਸੀ ।