ਪਿੰਡ ਵਿੱਚ ਕੱਚੀ ਜਗ੍ਹਾ ਕੁਦਰਤੀ ਜਾਂ ਗ਼ੈਰ ਕੁਦਰਤੀ ਝੀਲ-ਨੁਮਾ ਸਾਂਭੇ ਹੋਏ ਪਾਣੀ ਨੂੰ ਛੱਪੜ ਜਾਂ ਟੋਭਾ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਵੇਲੇ ਇਸ ਟੋਭੇ ਨੂੰ ਪਸ਼ੂਆਂ ਦੇ ਪਾਣੀ ਪਿਆਉਣ ਜਾਂ ਨਹਾਉਣ ਦੇ ਮੰਤਵਲਈ ਵਰਤਿਆ ਜਾਂਦਾ ਸੀ। ਪਿੰਡ ਦਾ ਇਹ ਟੋਭਾ ਮੁੰਡਿਆਂ ਅਤੇ ਨੌਜੁਆਨਾਂ ਲਈ ਮਨੋਰੰਜਨ ਦਾ ਸਾਧਨ ਹੁੰਦਾ ਸੀ। ਕਿਉਂਕਿ ਇਸ ਟੋਭੇ ਅੰਦਰ ਸਿਰਫ ਬਰਸਾਤਾਂ ਦਾ ਪਾਣੀ ਹੀ ਇਕੱਠਾ ਹੋਇਆ ਕਰਦਾ ਸੀ ਅਤੇ ਇਸ ਵਿੱਚ ਪਿੰਡ ਦੇ ਘਰਾਂ ਦਾ ਗੰਦਾ ਪਾਣੀ ਨਹੀਂ ਪੈਂਦਾ ਸੀ। ਜਿਸ ਇਸ ਦੇ ਪਿੰਡ ਟੋਭੇ ਦਾ ਪਾਣੀ ਬਿਲਕੁੱਲ ਸਾਫ਼ ਹੁੰਦਾ ਸੀ। ਇਸ ਕਰਕੇ ਪਿੰਡ ਦੇ ਮੁੰਡੇ ਗਰਮੀਆਂ ਦੇ ਦਿਨਾਂ ਵਿੱਚ ਇਸ ਟੋਭੇ ਵਿੱਚ ਛਾਲਾਂਗਾਂ ਮਾਰਦੇ, ਚੁੱਭੀਆਂ ਲਗਾਉਂਦੇ ਸਨ ਅਤੇ ਮਸਤੀਆਂ ਕਰਕੇ ਤੈਰਦੇ ਹੋਏ ਇੱਕ ਦੂਸਰੇ ਦਾ ਪਿੱਛਾ ਕਰਦੇ ਸਨ।
ਪੁਰਾਣੇ ਸਮੇਂ ਪਿੰਡ ਦਾ ਇਹ ਟੋਭਾ ਇਸ ਕਾਰਨ ਸ਼ੁੱਧ ਪਾਣੀ ਦੇ ਹੋਇਆ ਕਰਦਾ ਸੀ। ਕਿਉਂਕਿ ਉਸ ਸਮੇਂ ਪਿੰਡਾਂ ਵਿੱਚ ਘਰ ਵੀ ਕੱਚੇ ਸਨ ਅਤੇ ਘਰਾਂ ਦੇ ਵਿਹੜੇ ਅਤੇ ਛੱਤਾਂ ਤੱਕ ਸਭ ਕੱਚੀਆਂ ਹੋਇਆ ਕਰਦੀਆਂ ਸਨ। ਉਸ ਸਮੇਂ ਪਿੰਡਾਂ ਦੇ ਰਾਹ, ਫਿਰਨੀਆਂ ਅਤੇ ਗਲੀਆਂ ਸਭ ਕੱਚੀਆਂ ਸਨ। ਮੁਟਿਆਰਾਂ ਉਸ ਸਮੇਂ ਘਰਾਂ ਵਿੱਚ ਨਿੱਤ ਵਰਤੋਂ ਲਈ ਪਾਣੀ ਪਿੰਡ ਦੇ ਸਾਂਝੇ ਖੂਹ ਤੋਂ ਘੜਿਆਂ ਵਿੱਚ ਪਾਣੀ ਭਰਕੇ ਜਮ੍ਹਾ ਕਰ ਲਿਆ ਕਰਦੀਆਂ ਸਨ। ਘਰਾਂ ਦੇ ਮਰਦ ਬਾਹਰ ਖੇਤਾਂ ਵਿੱਚ ਹੀ ਖੂਹਾਂ ‘ਤੇ ਨਹਾ ਲਿਆ ਕਰਦੇ ਸਨ। ਘਰ ਦੀਆਂ ਔਰਤਾਂ ਪਿੰਡ ਦੇ ਸਾਂਝੇ ਖੂਹ ਤੋਂ ਘੜਿਆਂ ‘ਚ ਭਰਕੇ ਲਿਆਂ- ਕੇ ਪਾਣੀ ਨਾਲ ਨਹਾਇਆ ਕਰਦੀਆਂ ਸਨ। ਘਰ ਦੇ ਕੱਪੜੇ-ਲੀੜੇ ਔਰਤਾਂ ਪਿੰਡ ਦੇ ਸ਼ਾਂਝੇ ਖੂਹ‘ਤੇ ਹੀ ਧੋਇਆ ਕਰਦੀਆਂ ਸਨ। ਘਰਾਂ ਦੇ ਵਿਹੜੇ ਕੱਚੇ ਹੋਣ ਕਰਕੇ ਘਰਾਂ ਵਿੱਚ ਨਹਾਉਣ-ਧੋਣ ਲਈ ਵਰਤਿਆ ਜਾਣ ਵਾਲਾ ਪਾਣੀ ਘਰਾਂ ਦੇ ਕੱਚੇ ਵਿਹੜੇ ਹੀ ਸੋਖ਼ ਲਿਆ ਕਰਦੇ ਸਨ। ਪਿੰਡ ਦੇ ਸਾਂਝੇ ਖੂਹ ਦਾ ਵਾਧੂ ਪਾਣੀ ਵੀ ਖੂਹ ਦੁਆਲੇ ਕੱਚੀ ਥਾਂ ਵਿੱਚ ਹੀ ਜ਼ਜਬ ਹੋ ਜਾਇਆ ਕਰਦਾ ਸੀ। ਪੁਰਾਤਨ ਵੇਲਿਆਂ ਦਾ ਇਹ ਪਿੰਡ ਦਾ ਟੋਭਾ ਸਾਰੇ ਪਿੰਡ ਦੇ ਤਾਪਮਾਨ ਨੂੰ ਨਿਯੰਤਰਣ ਵਿੱਚ ਰੱਖਣ ਵਿੱਚ ਪੂਰਾ ਸਹਾਈ ਹੁੰਦਾ ਸੀ । ਸਾਫ਼-ਸੁਥਰੇ ਸ਼ੁੱਧ ਅਤੇ ਬਰਸਾਤੀ ਪਾਣੀ ਵਾਲਾ ਇਹ ਟੋਭਾ ਕਿਸੇ ਵੇਲੇ ਪੰਜਾਬੀ ਸੱਭਿਆਚਾਰ ਦੀ ਇੱਕ ਬੇਸ਼ੁਮਾਰ ਕੀਮਤੀ ਵਿਰਾਸਤ ਮੰਨਿਆ ਜਾਂਦਾ ਸੀ। ਇਸ ਟੋਭੇ ਨਾਲ ਪਿੰਡ ਦੇ ਲੋਕਾਂ ਦੀ ਦਿਲੀ ਸਾਂਝ ਜੁੜੀ ਹੋਈ ਹੁੰਦੀ ਸੀ। ਪਿੰਡ ਦੇ ਬਾਹਰਵਾਰ ਸੁੰਨੀ ਥਾਂਵੇਂ ਪਿੰਡ ਦਾ ਟੋਭਾ ਪ੍ਰੇਮੀਆਂ ਦੇ ਮਿਲਾਪ ਦਾ ਉੱਤਮ ਸਥਾਨ ਹੁੰਦਾ ਸੀ ਅਤੇ ਲੋਕ ਗੀਤਾਂ ਵਿੱਚ ਪਿੰਡ ਦੇ ਟੋਭੇ ਦਾ ਵਿਸ਼ੇਸ਼ ਜਿਕਰ ਹੁੰਦਾ ਸੀ -
ਉੱਚੇ ਟਿੱਬੇ ਮੈਂ ਤਾਣਾ ਤਣਦੀ,
ਤਣਦੀ ਰੀਝ੍ਹਾਂ ਲਾ ਕੇ।
ਵੇ ਮਿਲਜਾ ਹਾਣ ਦਿਆ,
ਤੂੰ ਟੋਭੇ ਤੇ ਆ ਕੇ ।
ਵੇ ਮਿਲਜਾ …….
ਸਾਉਣ ਦੇ ਮਹੀਨੇ ਬਰਸਾਤਾਂ ਵਿੱਚ ਪਿੰਡਾਂ ਦੇ ਟੋਭੇ ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰ ਜਾਇਆ ਕਰਦੇ ਸਨ। ਬਰਸਾਤੀ ਡੱਡੂ ਟਿਕੀ ਰਾਤ ਟਰੈਂ-ਟਰੈਂ ਕਰਕੇ ਰਾਤ ਦੀ ਸ਼ਾਂਤੀ ਭੰਗ ਕਰ ਦਿੰਦੇ ਸਨ। ਟੋਭੇ ਨੇੜੇ ਸਹੁਰਿਆਂ ਨੇ ਅੱਡ ਕਰੀ ਮੁਟਿਆਰ ਤੋਂ ਸਾਉਣ ਦੀ ਰਾਤ ਨੂੰ ਇਕਲਾਪਾ ਨਹੀਂ ਝੱਲ ਹੁੰਦਾ ਅਤੇ ਉਹ ਡਰਦੀ ਹੋਈ ਆਪਣੇ ਪ੍ਰੇਮੀ ਨੂੰ ਯਾਦ ਕਰਦੀ ਸੀ -
ਸੌਹਰਿਆਂ ਮੇਰਿਆਂ ਅੱਡ ਕਰ ਦਿੱਤਾ,
ਦੇ ਕੇ ਟੋਭੇ ਤੇ ਘਰ ਵੇ।
ਰਾਤੀਂ ਡੱਡੂ ਬੋਲਦੇ,
ਮੈਨੂੰ ਲੱਗਦਾ ਡਰ ਵੇ।
ਰਾਤੀਂ …………
ਸਾਉਣ ਦੇ ਮਹੀਨੇ ਪਿੰਡ ਦੇ ਟੋਭੇ ਕੰਢੇ ਬਰੋਟਿਆਂ ਹੇਠ ਤੀਆਂ ਦੇ ਤਿਉਹਾਰ ਮਨਾਉਂਦੀਆਂ ਹੋਈਆਂ ਪਿੰਡ ਦੀਆਂ ਮੁਟਿਆਰਾਂ ਬੋਲੀਆਂ ਪਾ ਕੇ ਗੀਤਾਂ ਦੀਆਂ ਝੜੀਆਂ
ਲਗਾਦਿੰਦੀਆਂ ਸਨ -
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੋਗਾ।
ਉਰਲੇ ਪਾਸੇ ਢਾਬ ਸੁਣੀਂਦੀ,
ਪਰਲੇ ਪਾਸੇ ਟੋਭਾ।
ਟੋਭੇ ਰਹਿੰਦਾ ਸਾਧ ਸੁਣੀਂਦਾ,
ਬੜੀ ਸੁਣੀਂ ਉਹਦੀ ਸੋਭਾ।
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ,
ਮਗਰੋਂ ਮਾਰਦਾ ਗੋਡਾ।
ਲੱਕ ਮੇਰਾ ਪਤਲਾ ਜਿਹਾ,
ਭਾਰ ਸਹਿਣ ਨਾ ਜੋਗਾ।
ਲੱਕ ਮੇਰਾ …….
ਵਰਤਮਾਨ ਪੇਂਡੂ ਸਮਾਜ ਆਪਣੀ ਪੁਰਾਤਨ ਹੋਂਦ ਨੂੰ ਜੀਵਤ ਨਹੀਂ ਰੱਖ ਸਕਿਆ। ਪਿੰਡਾਂ ਦੀਆਂ ਸਾਂਝੀਆਂ ਥਾਵਾਂ, ਸੱਥਾਂ, ਦਰਵਾਜੇ ਅਤੇ ਟੋਭੇ ਅੱਜ ਇਕੱਲਤਾ ਹੰਢਾ ਰਹੇ ਹਨ ਅਤੇ ਇਹਨਾਂ ਥਾਵਾਂ‘ਤੇ ਰਲ਼-ਮਿਲ਼ ਬੈਠ ਕੇ ਸਮਾਜਕ ਸਾਂਝਾਂ ਕਾਇਮ ਰੱਖਣ ਦਾ ਰੁਝਾਨ ਮਰ ਚੁੱਕਾ ਹੈ। ਜਿਸ ਨਾਲ ਪਿੰਡ ਵਾਸੀਆਂ ਵਿੱਚ ਮੋਹ-ਮੁਹੱਬਤ ਦੀ ਚਿਣਗ ਵੀ ਅੱਜ ਆਪਣੇ ਆਖਰੀ ਸਵਾਸ ਲੈ ਰਹੀ ਜਾਪ ਰਹੀ ਹੈ। ਸਮਾਜਕ ਬਦਲਾਵ ਕਾਰਨ ਅੱਜ ਅਸੀਂ ਆਪਣੇ ਪਿੰਡ ਦੇ ਟੋਭੇ ਨੂੰ ਪਿੰਡ ਦਾ ਟੋਭਾ ਨਹੀਂ ਕਹਿ ਸਕਦੇ, ਕਿਉਂਕਿ ਅੱਜ ਪਿੰਡਾਂ ਦੇ ਟੋਭਿਆਂ ਨੂੰ ਗੰਦੇ ਪਾਣੀ ਦੇ ਨਿਕਾਸ ਲਈ ਵਰਤਿਆ ਜਾਣ ਲੱਗਾ ਹੈ। ਇਹਨਾਂ ਵਿੱਚ ਘਰਾਂ ਦੇ ਸੈਪਟਿਕ ਟੈਂਕਾਂ ਦਾ ਲੈਟਰੀਨ ਵਾਲਾ ਪਾਣੀ ਵੀ ਪੈ ਰਿਹਾ ਹੈ। ਪਿੰਡਾਂ ਵਿੱਚ ਦੁੱਧ ਇਕੱਠਾ ਕਰਨ ਵਾਲੇ ਮਿਲਕ ਸੈਂਟਰਾਂ ਦਾ ਕੈਮੀਕਲ ਯੁਕਤ ਗੰਦਾ ਪਾਣੀ ਇਹਨਾਂ ਛੱਪੜਾਂ ਨੂੰ ਗੰਧਲਾ ਕਰ ਰਿਹਾ ਹੈ। ਇਸ ਲਈ ਅੱਜ ਦੇ ਦੌਰ ਵਿੱਚ ਦੂਸ਼ਿਤ ਪਾਣੀ ਵਾਲੇ ਪਿੰਡਾਂ ਦੇ ਟੋਭੇ ਪਸ਼ੂਆਂ ਦੇ ਪਾਣੀ ਪਿਆਉਣ ਅਤੇ ਨਹਾਉਣ ਦੇ ਯੋਗ ਨਹੀਂ ਰਹੇ, ਸਗੋਂ ਬਰਸਾਤਾਂ ਦੇ ਦਿਨਾਂ ਵਿੱਚ ਡੇਂਗੂ, ਮਲੇਰੀਆ ਅਤੇ ਡਾਇਰੀਆ ਜਿਹੀਆਂ ਬੀਮਾਰੀਆਂ ਫੈਲਾਉਣ ਤੋਂ ਸਿਵਾਏ ਸਿਰਫ ਅਤੇ ਸਿਰਫ ਨਾਂ ਦਾ ਹੀ ਪਿੰਡ ਦਾ ਟੋਭਾ ਬਣਕੇ ਰਹਿ ਗਿਆ ਹੈ।
ਪੁਰਾਤਨ ਵੇਲਿਆਂ ਦਾ ਪਿੰਡ ਦਾ ਟੋਭਾ ਪਿੰਡ ਦੇ ਤਾਪਮਾਨ ਨੂੰ ਨਿਰੰਤਰਣ ਵਿੱਚ ਰੱਖਦ ਸੀ। ਸਾਫ਼ -ਸੁਥਰੇ ਸ਼ੁੱਧ ਅਤੇ ਬਰਸਾਤਾਂ ਦੇ ਪਾਣੀ ਵਾਲਾ ਪਿੰਡ ਦਾ ਟੋਭਾ ਕਿਸੇ ਵੇਲੇ ਪੰਜਾਬੀ ਸੱਭਿਆਚਾਰ ਦੀ ਬੇਸ਼ੁਮਾਰ ਕੀਮਤੀ ਵਿਰਾਸਤ ਸਮਝੀ ਜਾਂਦੀ ਸੀ। ਕਿਉਂਕਿ ਪਿੰਡ ਦੇ ਟੋਭੇ ਨਾਲ ਪਿੰਡ ਦੇ ਲੋਕਾਂ ਦੀ ਦਿਲੀ ਸਾਂਝ ਬਣੀ ਹੋਈ ਹੁੰਦੀ ਸੀ। ਭਾਵੇਂ ਅੱਜ ਇਹ ਛੱਪੜ ਪਿੰਡ ਦੇ ਉਹ ਟੋਭੇ ਨਹੀਂ ਰਹੇ ਜਾਂ ਬਹੁਤੇ ਪੂਰ ਕੇ ਮਿਟਾ ਦਿੱਤੇ ਗਏ ਹਨ, ਪਰ ਹਰ ਪੰਜਾਬੀ ਦੇ ਦਿਲ ਵਿੱਚ ਅੱਜ ਵੀ ਆਪਣੇ ਪਿੰਡ ਦੇ ਟੋਭੇ ਦੀ ਯਾਦ ਜਿਉਂ ਦੀ ਤਿਉਂ ਜਿਉਂਦੀ-ਜਾਗਦੀ ਸਦੀਵੀ ਵਸੀ ਹੋਈ ਹੈ ਅਤੇ ਉਸ ਪਿੰਡ ਦੇ ਟੋਭੇ ਦਾ ਮੋਹ-ਪਿਆਰ ਉਸਦੇ ਸ਼ੁੱਧ ਅਤੇ ਨਿਰਮਲ ਜਲ ਵਰਗਾ ਹੈ ।