ਕਿਸੇ ਵੀ ਸਮਾਜ ਜਾਂ ਸੱਭਿਅਤਾ ਦਾ ਸਾਹਿਤ ਉਸਦੇ ਲੋਕਾਂ ਦੇ ਜੀਵਨ ਦਾ ਅਟੁੱਟ ਹਿੱਸਾ ਹੁੰਦਾ ਹੈ ਅਤੇ ਇਸ ਵਿੱਚ ਉਸਦੇ ਵਿਸਥਾਰ ਦਾ ਇਤਿਹਾਸ ਇੱਕ ਖ਼ਜ਼ਾਨੇ ਦੇ ਰੂਪ ਵਿੱਚ ਪਿਆ ਹੁੰਦਾ ਹੈ । ਇਹ ਸਾਹਿਤ ਵੱਖ-ਵੱਖ ਰੂਪਾਂ ਅਤੇ ਵੰਨਗੀਆਂ ਵਿੱਚ ਹੋ ਸਕਦਾ ਹੈ । ਪਰ ਸਾਹਿਤ ਦਾ ਕਾਵਿ- ਰੂਪ ਲੋਕ ਗੀਤ ਮਨੁੱਖ ਦੀ ਜਿੰਦਗੀ ਨਾਲ ਆਦਿ ਕਾਲ ਤੋਂ ਜੁੜਿਆ ਆ ਰਿਹਾ ਹੈ ਅਤੇ ਇਹ ਮਨੁੱਖ ਦੀਆਂ ਖੁਸ਼ੀਆਂ-ਗਮੀਆਂ, ਮਾਨਸਿਕ ਪ੍ਰਸਥਿਤੀਆਂ ਅਤੇ ਹਾਵਾਂ-ਭਾਵਾਂ ਨਾਲ ਇੱਕ ਗੂੜ੍ਹਾ ਰਿਸ਼ਤਾ ਨਿਭਾਉਂਦਾ ਆ ਰਿਹਾ ਹੈ । ਲੋਕ ਗੀਤ ਸਮਾਜ ਅਤੇ ਸੱਭਿਅਤਾ ਦੀ ਰੂਹ ਅਤੇ ਜਿੰਦ ਜਾਨ ਹੁੰਦੇ ਹਨ ਅਤੇ ਇਹ ਉਸ ਸਮਾਜ ਅਤੇ ਸੱਭਿਅਤਾ ਦਾ ਆਈਨਾ ਹੁੰਦੇ ਹਨ । ਇਹਨਾਂ ਵਿੱਚੋਂ ਲੋਕਾਂ ਦੇ ਵਲਵਲਿਆਂ, ਆਸਾਂ-ਉਮੰਗਾਂ, ਚਾਵਾਂ, ਸੱਧਰਾਂ, ਆਦਿ ਨੂੰ ਖੁਲ੍ਹੇ ਰੂਪ ਵਿੱਚ ਤੱਕਿਆ ਜਾ ਸਕਦਾ ਹੈ । ਪੰਜਾਬੀ ਲੋਕ ਗੀਤ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਦਾ ਦਰਪਨ ਹੈ ਜਿਸ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹਰੇਕ ਰੰਗ ਅਤੇ ਹਰੇਕ ਰੂਪ ਵਿੱਚ ਸਾਫ਼ ਨਜ਼ਰ ਆਉਂਦੀ ਹੈ । ਲੋਕ ਗੀਤ ਪੰਜਾਬੀ ਸਾਹਿਤ ਦੇ ਹਿਰਦੇ ਸਮਾਨ ਹੈ ਅਤੇ ਪੰਜਾਬੀਆਂ ਦਾ ਲੋਕ ਜੀਵਨ ਇੱਨ੍ਹਾਂ ਵਿੱਚੋਂ ਧੜਕਦਾ ਸਾਫ਼-ਸਾਫ਼ ਦਿਖਾਈ ਦਿੰਦਾ ਹੈ ।
ਲੋਕ ਗੀਤਾਂ ਦਾ ਰਚੇਤਾ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ, ਸਗੋਂ ਇਹ ਆਮ ਲੋਕਾਂ ਦੀ ਜ਼ੁਬਾਨੋਂ ਨਿਕਲੇ ਬੋਲ ਹੀ ਹੁੰਦੇ ਹਨ ਜੋ ਗੀਤਾਂ ਦਾ ਰੂਪ ਅਖਤਿਆਰ ਕਰ ਚੁੱਕੇ ਹੁੰਦੇ ਹਨ। ਇਹਨਾਂ ਲੋਕ ਗੀਤਾਂ ਵਿੱਚ ਸਾਦਗੀ, ਨਿਮਰਤਾ, ਚੰਚਲਤਾ, ਅਲਬੇਲਾਪਨ ਅਤੇ ਆਪਣਾਪਨ ਹੁੰਦਾ ਹੈ । ਪੰਜਾਬੀ ਲੋਕ-ਗੀਤ ਪੰਜਾਬੀਆਂ ਦੇ ਜੀਵਨ ਦਾ ਸਰਬਪੱਖੀ ਚਿੱਤਰਕਾਰ ਹੈ । ਇਹਨਾਂ ਵਿੱਚ ਪੰਜਾਬੀਆਂ ਦਾ ਸਮਾਜਕ ਤਾਣਾ-ਬਾਣਾ, ਉਹਨਾਂ ਦੇ ਆਰਥਿਕ ਹਾਲਾਤਾਂ, ਸੱਭਿਆਚਾਰਕ ਜੀਵਨ ਜਾਚ, ਆਦਿ ਦਾ ਰੰਗਾਂ ਭਰਿਆ ਚਿਤਰਨ ਮਿਲਦਾ ਹੈ । ਇਹ ਲੋਕ ਗੀਤ ਅਮਰ ਹੁੰਦੇ ਹਨ । ਇਹ ਲੋਕ ਗੀਤ ਕਦੇ ਵੀ ਮਰਦੇ ਨਹੀਂ ਅਤੇ ਇਹਨਾਂ ਦੀ ਹੋਂਦ ਸਦਾ ਹੀ ਸਥਿਰ ਹੁੰਦੀ ਹੈ । ਪਰ ਅਜੋਕੇ ਦੌਰ ਵਿੱਚ ਪੱਛਮੀਕਰਨ ਦਾ ਬੋਲਬਾਲਾ ਹੋਣ ਕਾਰਨ ਅੱਜ ਦੀ ਯੁਵਾ ਪੀੜ੍ਹੀ ਲੋਕ-ਗੀਤਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਜਿਸ ਕਾਰਨ ਇਹਨਾਂ ਦੀ ਅਹਿਮੀਅਤ ਕੁਝ ਘਟਦੀ ਜਾ ਰਹੀ ਹੈ । ਅੱਜ ਦੀ ਨੌਜੁਆਨੀ ਦੀ ਪੰਜਾਬੀ ਲੋਕ-ਗੀਤਾਂ ਵਿੱਚ ਰੁੱਚੀ ਰੱਖਣ ਦੀ ਬਜਾਏ ਮਾਡਰਨ ਗੀਤਾਂ ਨੂੰ ਸੁਣਨਾ ਪਸੰਦ ਕਰਦੀ ਹੈ । ਇਹੀ ਪੰਜਾਬੀ ਲੋਕ ਗੀਤਾਂ ਦੀ ਘਟ ਰਹੀ ਅਹਿਮੀਅਤ ਦੀ ਤ੍ਰਾਸਦੀ ਹੈ ।