ਸ਼ਹੀਦੀ ਜੋੜ ਮੇਲਾ ਫਤਿਹਗੜ ਸਾਹਿਬ

ਫਤਹਿਗੜ੍ਹ ਸਾਹਿਬ ਵਿਚ ਸ਼ਹੀਦੀ ਜੋੜ ਮੇਲੇ ਦਾ ਆਯੋਜਨ ਹਰ ਸਾਲ 26 ਤੋਂ 28 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਯਾਦ ਵਿੱਚ ਕੀਤਾ ਜਾਂਦਾ ਹੈ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਸਿਰਫ਼ ਸਿੱਖ ਇਤਿਹਾਸ ਬਲਕਿ ਵਿਸ਼ਵ ਇਤਿਹਾਸ ਦੀ ਇਕ ਅਲੋਕਾਰੀ ਘਟਨਾ ਹੈ। ਇਸ ਘਟਨਾ ਵਿਚ ਜਿਥੇ ਸਿਦਕ, ਸ਼ਰਧਾ ਅਤੇ ਕੁਰਬਾਨੀ ਦੀ ਸਿਖਰ ਦੇਖੀ ਜਾ ਸਕਦੀ ਹੈ, ਉਥੇ ਸੱਤਾ ਦੀ ਦਰਿੰਦਗੀ ਅਤੇ ਨਿਰਦੈਤਾ ਦੀ ਵੀ ਇਹ ਸਿਖਰਲੀ ਮਿਸਾਲ ਪੇਸ਼ ਕਰਦੀ ਹੈ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਪੂਰੀ ਸਿੱਖ ਕੌਮ ਦੇ ਜੀਵਨ ਨੂੰ ਇਕ ਨਵਾਂ ਮੋੜ ਦਿੱਤਾ ਅਤੇ ਉਨ੍ਹਾਂ ਦੀ ਕੁਰਬਾਨੀ ਦੀ ਪੀੜ ਅਜੇ ਤੱਕ ਵੀ ਅਚੇਤ ਹੀ ਸਿੱਖਾਂ ਦੇ ਕੌਮੀ ਮਨ ਵਿਚ ਰਮੀ ਹੋਈ ਹੈ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਘਟਨਾ ਨੂੰ ਤਿੰਨ ਸੌ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪਰ ਇਸ ਘਟਨਾ ਦੀ ਪੀੜ ਅਜੇ ਵੀ ਘੱਟ ਨਹੀਂ ਹੋ ਰਹੀ।

ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਪਹਿਲਾਂ ਦੀਵਾਰਾਂ ਵਿਚ ਚਿਣਿਆ ਗਿਆ ਤੇ ਫਿਰ ਜਦੋਂ ਦੀਵਾਰ ਗਰਦਨਾਂ ਤੱਕ ਪਹੁੰਚੀ ਤਾਂ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰ ਦਿੱਤੇ ਗਏ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹੀ ਸਰਹੰਦ ਦੀ ਤਬਾਹੀ ਦਾ ਕਾਰਨ ਬਣੀ।

”ਜੋਗੀ ਜੀ ਇਸ ਕੇ ਬਾਅਦ ਹੂਈ ਥੋੜ੍ਹੀ ਦੇਰ ਥੀ।
ਬਸਤੀ ਸਰਹੰਦ ਸ਼ਹਿਰ ਕੀ ਈਟੋਂ ਕਾ ਢੇਰ ਥੀ।

ਦਸੰਬਰ ਦੇ ਮਹੀਨੇ ਸਿੱਖ ਪੰਥ ਇਸ ਸ਼ਹਾਦਤ ਦੇ ਅਦੁਤੀ ਸਾਕੇ ਨੂੰ ਯਾਦ ਕਰਦਾ ਹੈ ਅਤੇ ਇਨ੍ਹਾਂ ਦਿਨਾਂ ਦੌਰਾਨ ਚਮਕੌਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਵਿਚ ਸ਼ਹੀਦੀ ਸਭਾ ਲਗਦੀ ਹੈ।