‘ਮੁਕਤਸਰ ਦੀ ਮਾਘੀ’ ਦਾ ਮੇਲਾ ਪੰਜਾਬੀਆਂ ਲਈ ਪੁਰਾਤਨ ਸਮੇਂ ਤੋਂ ਹੀ ਖਿੱਚ-ਭਰਪੂਰ ਰਿਹਾ ਹੈ। ਉਹ ਵੰਨ-ਸੁਵੰਨੀ ਸੁੰਦਰ ਵੇਸ-ਭੂਸ਼ਾ ਵਿੱਚ, ਆਪਣੇ ਆਪ ਨੂੰ ਸ਼ਿੰਗਾਰ ਕੇ ਖਿੜਵੇਂ ਰੌਂਅ ਵਿੱਚ, ਸੰਗਤਾਂ ਦੇ ਰੂਪ ਵਿੱਚ ਮੁਕਤਸਰ ਵਿਖੇ ਮੁਕਤਿਆਂ ਦੀ ਅਦੁੱਤੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲਈ ਵਹੀਰਾਂ ਘੱਤ ਲੈਂਦੇ ਹਨ। ‘ਖਿਦਰਾਣੇ ਦੀ ਢਾਬ’ ਮਾਲਵੇ ਦੇ ਇਲਾਕੇ ਦੀ ਇੱਕ ਪ੍ਰਸਿੱਧ ਢਾਬ ਸੀ, ਜਿਸ ਵਿੱਚ ਮੀਂਹ ਦਾ ਪਾਣੀ ਆਲੇ ਦੁਆਲੇ ਤੋਂ ਇਕੱਠਾ ਹੋ ਕੇ ਐਨਾ ਜਮ੍ਹਾ ਹੋ ਜਾਂਦਾ ਸੀ ਕਿ ਸਾਲ ਭਰ ਦੂਰ ਦੂਰ ਦੇ ਪਿੰਡਾਂ ਤੋਂ ਲੋਕ ਜਲ ਲਈ ਇਥੇ ਆਉਂਦੇ ਸਨ। ਉਂਝ ਇਸ ਇਲਾਕੇ ਵਿੱਚ ਪਾਣੀ ਦੀ ਬਹੁਤ ਘਾਟ ਸੀ। ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਸੰਬਰ 1704 ਈਸਵੀ ਵਿੱਚ ਮੁਗਲ ਫੌਜਾਂ ਦੀ ਲੰਬੀ ਘੇਰਾਬੰਦੀ ਕਾਰਨ, ਆਨੰਦਪੁਰ ਦਾ ਕਿਲ੍ਹਾ ਸੰਗਤਾਂ ਦੇ ਜ਼ੋਰ ਦੇਣ ‘ਤੇ ਛੱਡ ਦਿੱਤਾ ਅਤੇ ਮਾਲਵਾ ਖੇਤਰ ਵੱਲ ਨੂੰ ਚੱਲ ਪਏ। ਮੁਗਲ ਫੌਜਾਂ ਉਨ੍ਹਾਂ ਦੀ ਪੈੜ ਨੱਪਦੀਆਂ ਹੋਈਆਂ ਮਗਰੇ ਆ ਰਹੀਆਂ ਸਨ। ਗੁਰੂ ਗੋਬਿੰਦ ਸਿੰਘ ਲਈ ਇਹ ਚੁਣੌਤੀਆਂ ਭਰਪੂਰ ਸਮਾਂ ਸੀ। ਸਰਸਾ ਨਦੀ ‘ਤੇ ਮੁਗਲਾਂ ਨੇ ਹੱਲਾ ਬੋਲ ਦਿੱਤਾ, ਪਰਵਾਰ ਵਿਛੜ ਗਿਆ। ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਵੱਖ ਹੋ ਗਏ…ਵੱਡੇ ਸਾਹਿਬਜ਼ਾਦਿਆਂ ਨਾਲ ਉਹ ਚਮਕੌਰ ਦੀ ਗੜ੍ਹੀ ਪੁੱਜ ਗਏ, ਜਿੱਥੇ ਬਹਾਦਰੀ ਨਾਲ ਲੜਦਿਆਂ ਦੋਵਾਂ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦੇ ਜਾਮ ਪੀ ਲਏ। ਚਮਕੌਰ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ, ਰਾਮਪੁਰ, ਆਲਮਗੀਰ, ਮੋਹੀ, ਹੇਰਾਂ ਹੁੰਦੇ ਹੋਏ ਜੱਟਪੁਰੇ ਪੁੱਜੇ ਤਾਂ ਮਾਲਵੇ ਦੀਆਂ ਸੰਗਤਾਂ ਉਨ੍ਹਾਂ ਨੂੰ ਦੀਨੇ ਲੈ ਆਈਆਂ। ਦੀਨੇ ਦੀ ਠਹਿਰ ਦੌਰਾਨ ਹੀ ਉਨ੍ਹਾਂ ਨੂੰ ਛੋਟੇ ਸਾਹਿਬਜ਼ਾਦਿਆਂ ਬਾਰੇ ਜਾਣਕਾਰੀ ਮਿਲੀ। ਇਥੇ ਹੀ ਉਨ੍ਹਾਂ ਨੂੰ ਕਿਸੇ ਨੇ ਸੂਹ ਦਿੱਤੀ ਕਿ ਸਰਹੰਦ ਦੇ ਸੂਬਾ ਨਵਾਬ ਖਾਂ ਦੀਆਂ ਤੁਰਕ ਫੌਜਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਹੋਈਆਂ ਮਾਲਵੇ ਦੇ ਖੇਤਰ ਵਿੱਚ ਪੁੱਜ ਗਈਆਂ ਹਨ। ਮਾਲਵੇ ਦਾ ਜੰਗਲੀ ਇਲਾਕਾ ਸੀ ਅਤੇ ਇਥੇ ਪਾਣੀ ਦੀ ਬੜੀ ਤੋਟ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧਨੀਤੀ ਨੂੰ ਮੁੱਖ ਰੱਖਦਿਆਂ ਦੀਨੇ ਤੋਂ ਕਾਂਗੜ, ਜੈਤੋ ਤੋਂ ਕੋਟਕਪੂਰਾ ਹੁੰਦੇ ਖਿਦਰਾਣੇ ਦੀ ਢਾਬ ‘ਤੇ ਆ ਡੇਰੇ ਲਾਏ ਤੇ ਆਪ ਉਚੀ ਟਿੱਬੀ ‘ਤੇ ਬਿਰਾਜਮਾਨ ਹੋ ਗਏ। ਉਨ੍ਹਾਂ ਦੀ ਯੁੱਧਨੀਤੀ ਇਹ ਸੀ ਪਾਣੀ ਦੀ ਘਾਟ ਅਤੇ ਅਤਿ ਦੀ ਗਰਮੀ ਕਾਰਨ ਤੁਰਕ ਫੌਜਾਂ ਬਹੁਤਾ ਸਮਾਂ ਉਨ੍ਹਾਂ ਦਾ ਟਾਕਰਾ ਨਹੀਂ ਕਰ ਸਕਣਗੀਆਂ। ਇਹ ਘਟਨਾ ਵੈਸਾਖ ਸੰਮਤ 1762 (1705 ਈ.) ਦੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਤੁਰਕ ਫੌਜਾਂ ਨੇ ‘ਖਿਦਰਾਣੇ ਦੀ ਢਾਬ’ ਨੂੰ ਆ ਘੇਰਿਆ ਤੇ ਘਮਸਾਣ ਦੀ ਲੜਾਈ ਸ਼ੁਰੂ ਹੋ ਗਈ। ਮਰਜੀਵੜੇ ਸਿੰਘਾਂ ਨੇ ਤੁਰਕ ਫੌਜਾਂ ਦੇ ਚੱਕੇ ਛੁਡਵਾ ਦਿੱਤੇ ਤੇ ਉਹ ਮੈਦਾਨ ਛੱਡ ਕੇ ਭੱਜ ਗਈਆਂ। ਇਸ ਲੜਾਈ ਵਿੱਚ ਮਾਝੇ ਦੇ ਉਹ ਸਿੱਖ, ਜਿਹੜੇ ਆਨੰਦਪੁਰ ਦੇ ਕਿਲ੍ਹੇ ਦੀ ਘੇਰਾਬੰਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਉਨ੍ਹਾਂ ਦਾ ਸਾਥ ਛੱਡ ਗਏ ਸਨ, ਉਹ ਵੀ ਮਾਈ ਭਾਗੋ ਦੀ ਅਗਵਾਈ ਵਿੱਚ ਖਿਦਰਾਣੇ ਦੀ ਲੜਾਈ ਵਿੱਚ ਆ ਸ਼ਾਮਲ ਹੋਏ ਤੇ ਤੁਰਕ ਫੌਜ ਨਾਲ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਜੰਗ-ਏ-ਮੈਦਾਨ ਵਿੱਚ ਆ ਕੇ ਸੂਰਵੀਰ ਸਿੰਘ ਨੂੰ ਵੇਖਿਆ-ਭਾਈ ਮਹਾਂ ਸਿੰਘ ਨੇ ਉਨ੍ਹਾਂ ਪਾਸੋਂ ਬੇਦਾਵਾ ਪੱਤਰ ਚਾਕ ਕਰਵਾ ਕੇ ਇਥੇ ਟੁੱਟੀ ਸਿੱਖੀ ਗੰਢੀ ਅਤੇ ਕਲਗੀਧਰ ਨੇ ਸ਼ਹੀਦ ਸਿੰਘ ਨੂੰ ਮੁਕਤ-ਪਦਵੀ ਬਖਸ਼ ਕੇ ਢਾਬ ਦਾ ਨਾਂ ‘ਮੁਕਤਸਰ’ ਰੱਖਿਆ ਅਤੇ ਆਪਣੇ ਹੱਥੀਂ ਸ਼ਹੀਦਾਂ ਦਾ ਦਾਹ-ਸਸਕਾਰ ਕੀਤਾ। ਉਨ੍ਹਾਂ ਦੀ ਯਾਦ ਵਿੱਚ ਇਥੇ ਗੁਰਦੁਆਰਾ ਸ਼ਹੀਦ ਗੰਜ ਸੁਸ਼ੋਭਿਤ ਹੈ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਇਥੇ ਮਾਘ ਦੀ ਸੰਗਰਾਂਦ ਨੂੰ ਮਾਘੀ ਦਾ ਮੇਲਾ ਭਰਦਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ, ਜਿੱਥੇ ਸਰੋਵਰ ਵਿੱਚ ਇਸ਼ਨਾਨ ਕਰ ਕੇ ਆਤਮਿਕ ਆਨੰਦ ਪ੍ਰਾਪਤ ਕਰਦੀਆਂ ਹਨ, ਉਥੇ ਉਹ ਗੁਰਦੁਆਰਾ ਸ਼ਹੀਦ ਗੰਜ, ਟਿੱਬੀ ਸਾਹਿਬ ਅਤੇ ਤੰਬੂ ਸਾਹਿਬ ਆਦਿ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰੇ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੀਆਂ ਹਨ। ਇਥੇ ਸਜੇ ਦੀਵਾਨਾਂ ਵਿੱਚ ਗੁਰਬਾਣੀ ਦਾ ਰਸਭਿੰਨਾ ਕੀਰਤਨ ਸ਼ਰਧਾਲੂਆਂ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਢਾਡੀਆਂ ਤੇ ਕਵੀਸ਼ਰਾਂ ਵੱਲੋਂ ਗਾਈਆਂ ਜਾਂਦੀਆਂ ਬੀਰਰਸੀ ਵਾਰਾਂ ਉਨ੍ਹਾਂ ਨੂੰ ਹੱਕ ਸੱਚ ਲਈ ਜੂਝਣ ਅਤੇ ਅਨਿਆਂ ਵਿਰੁੱਧ ਡਟਣ ਲਈ ਪਰੇਰਦੀਆਂ ਹਨ।
ਰਾਜਸੀ ਪਾਰਟੀਆਂ ਮੇਲੇ ਦੀ ਭੀੜ ਦਾ ਲਾਹਾ ਲੈਂਦੀਆਂ ਹੋਈਆਂ ਇਥੇ ਆਪਣੀਆਂ ਸਿਆਸੀ ਕਾਨਫਰੰਸਾਂ ਦਾ ਵੀ ਆਯੋਜਨ ਕਰਦੀਆਂ ਹਨ ਅਤੇ ਆਪਣੀ ਵਿਰੋਧੀ ਪਾਰਟੀ ਨੂੰ ਸੌਂਕਣਾਂ ਵਾਂਗ ਪੁਣ ਕੇ ਸਰੋਤਿਆਂ ਦਾ ਮਨੋਰੰਜਨ ਵੀ ਕਰਦੀਆਂ ਹਨ।
ਮਾਘੀ ਦਾ ਮੇਲਾ ਕੇਵਲ ਧਾਰਮਿਕ ਤੇ ਇਤਿਹਾਸਕ ਮਹੱਤਵ ਹੀ ਨਹੀਂ ਰੱਖਦਾ, ਬਲਕਿ ਇਹ ਸੰਸਕ੍ਰਿਤਕ ਤੇ ਸਭਿਆਚਾਰਕ ਅਦਾਨ ਪ੍ਰਦਾਨ ਦਾ ਵਸੀਲਾ ਵੀ ਬਣਦਾ ਹੈ। ਲੋਕ ਮਨ ਇਸ ਮੇਲੇ ਦੀ ਬੜੇ ਚਾਵਾਂ-ਮਲ੍ਹਾਰਾਂ ਨਾਲ ਉਡੀਕ ਕਰਦਾ ਹੈ। ਇਸੇ ਕਰ ਕੇ ਲੋਕ ਚੇਤਨਾ ਨੇ ਇਸ ਸਬੰਧੀ ਅਨੇਕਾਂ ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ।
ਇੱਕ ਮੁਟਿਆਰ ਆਪਣੇ ਦਿਲ ਦੇ ਮਹਿਰਮ ਅੱਗੇ ਮੁਕਤਸਰ ਦਾ ਮੇਲਾ ਵੇਖਣ ਲਈ ਚਾਹਨਾ ਪ੍ਰਗਟਾਉਂਦੀ ਹੈ:
ਲੈ ਚੱਲ ਵੇ ਨਣਦ ਦਿਆ ਵੀਰਾ
ਮੇਲੇ ਮੁਕਤਸਰ ਦੇ
ਪੁਰਾਣੇ ਸਮਿਆਂ ਵਿੱਚ ਘੋੜੇ, ਊਠ ਅਤੇ ਬੈਲ ਗੱਡੀਆਂ ਹੀ ਆਵਾਜਾਈ ਦੇ ਮੁੱਖ ਸਾਧਨ ਸਨ। ਲੋਕ ਆਪਣੇ ਘੋੜੇ-ਘੋੜੀਆਂ, ਊਠਾਂ ਅਤੇ ਬਲਦਾਂ ਨੂੰ ਰਾਂਗਲੇ ਝੁੱਲਾਂ, ਫੂੰਦਿਆਂ, ਹਾਰ-ਹਮੇਲਾਂ ਅਤੇ ਟੱਲੀਆਂ-ਘੁੰਗਰੂਆਂ ਨਾਲ ਸ਼ਿੰਗਾਰ ਕੇ ਮੇਲਾ ਵੇਖਣ ਜਾਂਦੇ ਹਨ:
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡਾਂ ਦੇ ਦੋ ਬੈਲ ਸੁਣੀਂਦੇ
ਗਲ ਪਿੱਤਲ ਦੀਆਂ ਟੱਲੀਆਂ
ਮੇਲੇ ਮੁਕਤਸਰ ਦੇ
ਦੋ ਮੁਟਿਆਰਾਂ ਚੱਲੀਆਂ
ਮੇਲੇ ਦੀ ਸ਼ੌਕੀਨਣ ਮੁਟਿਆਰ ਅਤੇ ਦਿਲਜਾਨੀ ਨੂੰ ਮੁਕਤਸਰ ਦੇ ਮੇਲੇ ‘ਤੇ ਜਾਣ ਲਈ ‘ਬਾਘੜੀ ਬੋਤੇ’ ਨੂੰ ਸ਼ਿੰਗਾਰਨ ਲਈ ਆਖਦੀ ਹੈ:
ਕੱਢ ਕੇ ਹਵੇਲੀ ਵਿੱਚੋਂ
ਬੀੜ ਲੈ ਬਾਘੜੀ ਬੋਤਾ
ਵੇ ਉਤੇ ਪਾ ਲੈ ਝੁੱਲ ਰੇਸ਼ਮੀ
ਜੀਹਦੀ ਲੌਣ ਨੂੰ ਲਵਾਇਆ ਗੋਟਾ
ਮੈਂ ਚੂਰੀ ਦੀ ਪਰਾਤ ਪਾਵਾਂਗੀ
ਤੇਰੇ ਬੋਤੇ ਨੂੰ ਨਾ ਪਾਵਾਂ ਮੈਂ ਨੀਰਾ
ਵੇ ਮੇਲੇ ਮੁਕਤਸਰ ਦੇ
ਚੱਲ ਚੱਲੀਏ ਨਣਦ ਦਿਆ ਵੀਰਾ
ਮਾਘੀ ਦਾ ਮੇਲਾ ਜਿੱਥੇ ਸਾਨੂੰ ਆਪਣੀ ਮੁੱਲਵਾਨ ਵਿਰਾਸਤ ਨਾਲ ਜੋੜਦਾ ਹੈ, ਉਥੇ ਇਹ ਸਾਡੀ ਭਾਈਚਾਰਕ ਸਾਂਝ ਨੂੰ ਵੀ ਪਕੇਰੀ ਕਰਦਾ ਹੈ।