ਛਪਾਰ ਦਾ ਮੇਲਾ

ਪੰਜਾਬ ਦੇ ਰਵਾਇਤੀ ਮੇਲਿਆਂ ਵਿੱਚੋਂ ਛਪਾਰ ਦਾ ਮੇਲਾ ਮਾਲਵੇ ਦਾ ਕਹਿੰਦਾ ਕਹਾਉਂਦਾ ਪ੍ਰਸਿੱਧ ਮੇਲਾ ਹੈ । ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਮਸ਼ਹੂਰ ਪਿੰਡ ਛਪਾਰ ਵਿਖੇ ਸਥਿੱਤ ਗੁੱਗਾ ਮਾੜੀ ਦੇ ਉੱਤੇ ਹਰ ਸਾਲ ਭਾਦਰੋਂ (ਭਾਦੋਂ) ਦੇ ਮਹੀਨੇ ਦੀ ਚਾਨਣੀ ਚੌਦਸ ਨੂੰ ਲੱਗਦਾ ਹੈ । ਮੇਲੇ ਵਿੱਚ ਦੂਰੋਂ ਦੂਰੋਂ ਸ਼ਰਧਾਲੂ ਨਾਗ ਪੂਜਾ ਦੇ ਮੰਤਵ ਨਾਲ ਸ਼ਰਧਾ ਨਾਲ ਨਤਮਸਤਕ ਹੋਣ ਆਉਂਦੇ ਹਨ । ਸਮੁੱਚੇ ਮਾਲਵੇ ਦੇ ਲੋਕ ਇਸ ਮੇਲੇ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਹਨ । ਪਿੰਡ ਛਪਾਰ ਅਤੇ ਇਸਦੇ ਆਸਪਾਸ ਦੇ ਪਿੰਡਾਂ ਦੇ ਹਰ ਘਰ ਵਿੱਚ ਦੂਰ ਦੁਰਾਡੇ ਇਲਾਕਿਆਂ ਵਿੱਚੋਂ ਰਿਸ਼ਤੇਦਾਰ ਮੇਲਾ ਦੇਖਣ ਲਈ ਲੋਕ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿਣ ਲਈ ਆਉਂਦੇ ਹਨ । ਮੇਲੇ ਦੇ ਦਿਨਾਂ ਵਿੱਚ ਹਰ ਘਰ ਰਿਸ਼ਤੇਦਾਰ ਰੌਣਕਾਂ ਲਾਉਂਦੇ ਹਨ । ਮੇਲੇ ਵਿੱਚ ਲੋਕ ਖ਼ੂਬ ਸਜ – ਧਜ ਕੇ ਆਉਂਦੇ ਹਨ ਅਤੇ ਉਹ ਇੱਥੇ ਤਿੰਨ – ਚਾਰ ਦਿਨ ਮੇਲੇ ਦਾ ਖ਼ੂਬ ਆਨੰਦ ਮਾਣਦੇ ਹਨ । ਪੰਜਾਬ ਦੇ ਹੋਰ ਮੇਲਿਆਂ ਦੇ ਮੁਕਾਬਲੇ ਛਪਾਰ ਦੇ ਮੇਲੇ ਦੀ ਰੌਣਕ ਦੇਖਿਆਂ ਹੀ ਬਣਦੀ ਹੈ । ਮੇਲੇ ਤੋਂ ਪਹਿਲਾਂ ਹੀ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋਣ ਲੱਗ ਪੈਂਦੀਆਂ ਹਨ । ਸਰਕਸ , ਚੰਡੋਲ , ਝੂਲੇ ਅਤੇ ਹੋਰ ਅਨੇਕਾਂ ਖੇਡਾਂ ਵਾਲੇ ਲੋਕ ਪਹਿਲਾਂ ਹੀ ਡੇਰੇ ਲਾ ਕੇ ਤਿਆਰੀਆਂ ਕਰਨ ਲੱਗ ਪੈਂਦੇ ਹਨ । ਹਲਵਾਈ , ਵਣਜਾਰੇ ਅਤੇ ਖਿਡਾਉਣੇ ਵੇਚਣ ਵਾਲੇ ਵੀ ਪਹਿਲਾਂ ਹੀ ਆਪਣੀ ਦੁਕਾਨਾਂ ਸਜਾਉਣ ਵਿੱਚ ਜੁੱਟ ਜਾਂਦੇ ਹਨ । ਮੇਲੇ ਵਿੱਚ ਵੱਖ – ਵੱਖ ਸਿਆਸੀ ਪਾਰਟੀਆਂ ਦੀਆ ਸਟੇਜਾਂ ਵੀ ਕਈ ਦਿਨ ਪਹਿਲਾਂ ਹੀ ਤਿਆਰ ਹੋਣ ਲੱਗ ਪੈਂਦੀਆਂ ਹਨ । ਮੇਲੇ ਦਾ ਪਹਿਲਾ ਦਿਨ ਚੌਕੀਆਂ ਭਰਨ ਦਾ ਦਿਨ ਹੁੰਦਾ ਹੈ । ਇਸ ਦਿਨ ਲੋਕ ਮਾੜੀ ਉੱਤੇ ਮਿੱਟੀ ਕੱਢਣ ਆਉਂਦੇ ਹਨ । ਉਹ ਇੱਥੇ ਸੱਤ – ਸੱਤ ਵਾਰ ਮਿੱਟੀ ਕੱਢਦੇ ਹਨ ।

ਮਿੱਟੀ ਕੱਢਣ ਪਿੱਛੋਂ ਉਹ ਗੁੱਗਾ ਦੇ ਨਮਿੱਤ ਪਤਾਸਿਆਂ ਦੀ ਸੀਰਨੀ ਅਤੇ ਬਰਮੀ ਉੱਤੇ ਦੁੱਧ , ਸੇਵੀਆਂ ਆਦਿ ਚੜ੍ਹਾਉਂਦੇ ਹਨ । ਇਸ ਦਿਨ ਸੱਪ ਦੇ ਡੰਗ ਤੋਂ ਪੀੜਤ ਲੋਕ ਵੀ ਮੱਥਾ ਟੇਕਣ ਆਉਂਦੇ ਹਨ ਅਤੇ ਉਹ ਗੁੱਗੇ ਦੇ ਨਮਿੱਤ ਕੋਰੇ ਭਾਂਡੇ ਵਿੱਚ ਗੁੜ ਅਤੇ ਕਣਕ ਪਾ ਕੇ ਮਾੜੀ ਉੱਤੇ ਭੇਂਟ ਕਰਦੇ ਹਨ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਨਾਗ ਦੇਵਤਾ ਦੀ ਸ਼ਰਧਾਲੂਆਂ ਉੱਤੇ ਮਿਹਰ ਬਣੀ ਰਹਿੰਦੀ ਹੈ ਅਤੇ ਉਹ ਸੱਪਾਂ ਦੇ ਡੱਸਣ ਤੋਂ ਬੱਚੇ ਰਹਿੰਦੇ ਹਨ । ਇਸ ਦਿਨ ਕਈ ਲੋਕ ਆਪਣੇ ਪਸੂਆਂ ਦੀ ਤੰਦਰੁਸਤੀ ਲਈ ਵੀ ਪਸ਼ੂਆਂ ਨੂੰ ਇੱਥੇ ਲੈ ਕੇ ਆਉਂਦੇ ਹਨ । ਜਿਹੜੇ ਲੋਕ ਕਿਸੇ ਕਾਰਨ ਇਸ ਦਿਨ ਇੱਥੇ ਪਸ਼ੂ ਲੈ ਕੇ ਨਹੀਂ ਆ ਸਕਦੇ ਉਹ ਆਪਣੇ ਪਸ਼ੂਆਂ ਦੇ ਸੰਗਲ਼ ਲੈ ਕੇ ਉਹਨਾਂ ਦੀ ਚੌਂਕੀ ਭਰਨ ਲੈ ਕੇ ਆਉਂਦੇ ਹਨ । ਚੌਕੀਆਂ ਵਾਲੇ ਦਿਨ ਵੱਖ – ਵੱਖ ਥਾਂਵਾਂ ਤੋਂ ਗੁੱਗਾ ਪੀਰ ਦੇ ਵਿਸ਼ੇਸ਼ ਪੁਜਾਰੀ ਵੀ ਚੌਂਕੀਆਂ ਭਰਨ ਲਈ ਆਉਂਦੇ ਹਨ । ਉਹ ਕੌਲ ਅਤੇ ਡੱਫ ਸਾਜ ਵਜਾਉਂਦੇ ਹੋਏ ਗੁੱਗਾ ਜੀ ਦੀ ਮਹਿਮਾ ਕਰਦੇ ਹਨ । ਮੇਲੇ ਦੇ ਦਿਨਾਂ ਵਿੱਚ ਮੇਲੇ ਦਾ ਮੁੱਖ ਪੁਜਾਰੀ ਰੰਗ ਬਿਰੰਗੇ ਕੱਪੜੇ ਪਹਿਨਦਾ ਹੈ । ਮਾੜੀ ਉੱਤੇ ਜਦੋਂ ਉਸ ਉੱਪਰ ਗੁੱਗੇ ਦੀ ਕ੍ਰਿਪਾ ਹੁੰਦੀ ਹੈ ਤਾਂ ਉਹ ਜੋਸ਼ ਵਿੱਚ ਆ ਕੇ ਆਪਣੇ ਨੰਗੇ ਸਰੀਰ ਉੱਤੇ ਸੰਗਲ਼ੀਆਂ ਨਾਲ ਵਾਰ ਕਰਦਾ ਹੈ ।

ਮੇਲੇ ਦੇ ਪਹਿਲੇ ਦਿਨ ਕੁੜੀਆਂ ਅਤੇ ਔਰਤਾਂ ਲਈ ਮਾੜੀ ਉੱਤੇ ਮੱਥਾ ਟੇਕਣ ਦਾ ਹੁੰਦਾ ਹੈ । ਇਸ ਦਿਨ ਮਰਦ ਸ਼ਰਧਾਲੂਆਂ ਦੀ ਮੇਲੇ ਉੱਤੇ ਆਉਣ ਦੀ ਮਨਾਹੀ ਹੁੰਦੀ ਹੈ । ਇਸ ਦਿਨ ਕੁੜੀਆਂ ਹਾਰ ਸ਼ਿੰਗਾਰ ਕਰਕੇ ਮੇਲੇ ਵਿੱਚੋਂ ਚੂੜੀਆਂ ਚੜ੍ਹਵਾਉਂਦੀਆਂ ਹਨ । ਉਹ ਮੇਲੇ ਵਿੱਚੋਂ ਚਾਈਂ – ਚਾਈਂ ਡੋਰੀਆਂ,  ਪਰਾਂਦੇ ਅਤੇ ਹੋਰ ਸ਼ਿੰਗਾਰ ਵਸਤਾਂ ਦੀ ਖ਼ਰੀਦਾਰੀ ਕਰਦੀਆਂ ਹਨ ।  ਚੰਡੋਲ ਅਤੇ ਝੂਲੇ ਝੂਲਣ ਸਮੇ ਕੁੜੀਆਂ ਦੇ ਹਵਾ ਵਿੱਚ ਲਹਿਰਾਉਂਦੇ ਰੰਗ ਬਿਰੰਗੀਆਂ ਚੁੰਨੀਆਂ ਦੁਪੱਟੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੰਦੇ ਹਨ ।

ਮੇਲੇ ਦੇ ਬਾਕੀ ਅਗਲੇ ਦਿਨ ਮਰਦਾਂ ਲਈ ਰਾਖਵੇਂ ਹੁੰਦੇ ਹਨ । ਨੌਜੁਆਨ ਮੇਲੇ ਦੇ ਸ਼ੌਕੀਨ ਹੱਥਾਂ ਵਿੱਚ ਕੋਕਿਆਂ ਜੜੇ ਖੂੰਡੇ ਆਪਣੇ ਮੋਢਿਆਂ ‘ਤੇ ਉਲਾਰਕੇ ਮੇਲੇ ਵਿੱਚ ਬੋਲੀਆਂ ਪਾਉਂਦੇ ਹੋਏ ਖ਼ੂਬ ਰੰਗ ਬੰਨ੍ਹਦੇ ਹਨ –

ਬੀਕਾਨੇਰ ਤੋਂ ਉੱਠ ਲਿਆਂਦਾ ਦੇ ਕੇ ਰੋਕ ਪਚਾਸੀ

ਸਹਿਣੇ ਦੇ ਵਿੱਚ ਝਾਂਜਰ ਬਣਦੀ , ਮੁਕਤਸਰ ਬਣਦੀ ਕਾਠੀ

ਭਾਈ ਬਿਤੌਰੇ ਬਣਦੇ ਟਕੂਏ , ਰੱਲੇ ਬਣੇ ਗੰਡਾਸੀ

ਰੌਂਤਿਆਂ ਦੇ ਵਿੱਚ ਬਣਦੇ ਕੂੰਡੇ , ਸ਼ਹਿਰ ਭਦੌੜ ਦੀ ਚਾਟੀ

ਹਿੰਮਤਪੁਰੇ ਦੀਆ ਬਣੀਆਂ ਕਹੀਆਂ , ਕਾਸਾਪੁਰ ਦੀ ਦਾਤੀ

ਚੜ੍ਹ ਜਾ ਬੋਤੇ ਤੇ , ਮੰਨ ਲੈ ਭੌਰ ਦੀ ਆਖੀ

ਚੜ੍ਹ ਜਾ ਬੋਤੇ ਤੇ ...................

 

ਰਾਤਾਂ ਨੂੰ ਮੇਲੇ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਧੁੱਪ ਹੋ ਕੇ ਕਈ ਮੇਲੀ ਖ਼ੂਬ ਖਰੂਦ ਮਚਾਉਂਦੇ ਹਨ । ਉਹ ਉੱਚੀ ਆਵਾਜ ਵਿੱਚ ਅਸ਼ਲੀਲ ਬੋਲੀਆਂ ਪਾਉਂਦੇ ਹਨ । ਰਾਤ ਨੂੰ ਮੇਲੇ ਵਿੱਚ ਚੱਲਦੇ ਨਾਚ ਪ੍ਰੋਗਰਾਮਾਂ ਵਿੱਚ ਨੱਚਣ ਵਾਲ਼ੀਆਂ ਕੁੜੀਆਂ ਦੇ ਠੁਮਕਿਆਂ ਉੱਤੇ ਮੁੰਡੇ ਪੂਰਾ ਚੀਕ – ਚਿਹਾੜਾ ਪਾਉਂਦੇ ਹਨ । ਇਸ ਤਰਾਂ ਸ਼ੋਰ – ਸ਼ਰਾਬੇ ਦਾ ਇਹ ਵਰਤਾਰਾ ਸਾਰੀ ਰਾਤ ਨਿਰੰਤਰ ਚੱਲਦਾ ਰਹਿੰਦਾ ਹੈ । ਛਪਾਰ ਦਾ ਮੇਲਾ ਆਪਣੀ ਅਮਿੱਟ ਯਾਦਾਂ ਛੱਡਦਾ ਹੋਇਆ ਆਖਰ ਆਪਣੀ ਚਰਮ ਸੀਮਾ ਉੱਤੇ ਪੁੱਜ ਜਾਂਦਾ ਹੈ ।

ਗੁੱਗਾ ਮਾੜੀ ਦਾ ਇਤਿਹਾਸ :

                  ਛਪਾਰ ਪਿੰਡ ਵਿਖੇ ਸਥਿੱਤ ਗੁੱਗਾ ਮਾੜੀ ਦੀ ਸਥਾਪਨਾ ਸੰਬੰਧੀ ਇੱਕ ਬਹੁਤ ਹੀ ਦੰਦ – ਕਥਾ ਪ੍ਰਚੱਲਿਤ ਹੈ । ਕਹਿੰਦੇ ਹਨ ਕਿ ਇੱਕ ਵਾਰ ਇੱਕ ਔਰਤ ਇੱਕ ਦਰਖ਼ਤ ਦੀ ਛਾਂਵੇਂ ਆਪਣੇ ਬਾਲ ਨੂੰ ਸੁਆ ਕੇ ਖੇਤ ਵਿੱਚ ਕਪਾਹ ਚੁਗ ਰਹੀ ਸੀ । ਅਚਾਨਕ ਬਾਲ ਨੂੰ ਧੁੱਪ ਆ ਗਈ ਅਤੇ ਉਸਨੂੰ ਇੱਕ ਸੱਪ ਨੇ ਫ਼ਨ ਝਲਾਰ ਕੇ ਛਾਂ ਕਰ ਦਿੱਤੀ । ਬੱਚੇ ਕੋਲੋਂ ਲੰਘ ਰਿਹਾ ਇੱਕ ਰਾਹਗੀਰ ਬੱਚੇ ਕੋਲ ਸੱਪ ਦੇਖਕੇ ਘਬਰਾ ਗਿਆ । ਇਹ ਸੋਚਕੇ ਕਿ ਕਿਧਰੇ ਸੱਪ ਬੱਚੇ ਨੂੰ ਡੱਸ ਨਾ ਦੇਵੇ , ਉਸਨੇ ਸੱਪ ਨੂੰ ਮਾਰ ਦਿੱਤਾ ਅਤੇ ਮਾਰ ਕੇ ਕੋਲ ਹੀ ਇੱਕ ਟੋਆ ਪੁੱਟਕੇ ਦੱਬ ਦਿੱਤਾ । ਉਸੇ ਰਾਤ ਹੀ ਬੱਚੇ ਦੀ ਮਾਂ ਨੂੰ ਸੁਪਨੇ ਵਿੱਚ ਸਾਰੀ ਘਟਨਾ ਦਿਖਾਈ ਦਿੱਤੀ ਅਤੇ ਕਿਹਾ ਗਿਆ ਕਿ ਉਹ ਬਾਗੜ ( ਰਾਜਸਥਾਨ ) ਜਾ ਕੇ ਉੱਥੋਂ ਗੁੱਗੇ ਮਾੜੀ ਦੀ ਜਗ੍ਹਾ ਤੋਂ ਦੋ ਇੱਟਾਂ ਲਿਆ ਕੇ ਛਪਾਰ ਪਿੰਡ ਵਿੱਚ ਸੱਪ ਮਾਰ ਕੇ ਦੱਬੇ ਸਥਾਨ ਉੱਤੇ ਮਾੜੀ ਦੀ ਉਸਾਰੀ ਕਰੇ । ਦੱਸਦੇ ਹਨ ਕਿ ਇਸ ਘਟਨਾ ਮਗਰੋਂ ਮਾੜੀ ਦਾ ਇਸ ਤਰਾਂ ਨਿਰਮਾਣ ਹੋਇਆ ।

chhapar mela

 

ਗੁੱਗਾ ਪੀਰ ਦਾ ਇਤਿਹਾਸ :

                  ਗੁੱਗਾ ਪੀਰ ਦਾ ਇਤਿਹਾਸ ਰਾਜਸਥਾਨ ਵਿੱਚ ਪੈਂਦੇ ਬੀਕਾਨੇਰ ਦੇ ਰਾਜਪੂਤ ਘਰਾਣੇ ਨਾਲ ਜੁੜਿਆ ਹੋਇਆ ਹੈ । ਦਸਵੀਂ ਈਸਵੀ ਵਿੱਚ ਪ੍ਰਸਿੱਧ ਤਪੱਸਵੀ ਗੋਰਖਨਾਥ ਤੋਂ ਮਿਲੇ ਵਰ ਨਾਲ ਬੀਕਾਨੇਰ ਦੇ ਰਾਜਾ ਜੈਮਲ ਦੇ ਘਰ ਰਾਣੀ ਬਾਂਛਲ ਦੀ ਕੁੱਖ ‘ਚੋਂ ਗੁੱਗਾ ਜੀ ਦਾ ਜਨਮ ਹੋਇਆ । ਗੁੱਗਾ ਦਾ ਸ਼ੁਰੂ ਵਿੱਚ ਪਹਿਲਾ ਨਾਂ ਗੁੱਗਲ਼ ਸੀ । ਰਾਣੀ ਬਾਂਛਲ ਗੁਰੂ ਗੋਰਖ ਨਾਥ ਦੀ ਤਪੱਸਵੀ ਸੀ ਅਤੇ ਉਹ ਰੋਜ਼ਾਨਾ ਤਪੱਸਿਆ ਕਰਨ ਗੋਰਖ ਨਾਥ ਦੇ ਡੇਰੇ ਜਾਇਆ ਕਰਦੀ ਸੀ । ਰਾਜਾ ਜੈਮਲ ਨੇ ਰਾਣੀ ਬਾਂਛਲ ਦੇ ਇਖਲਾਕ ‘ਤੇ ਬੇਵਿਸਾਸ ਕਰਦਿਆਂ ਰਾਣੀ ਅਤੇ ਉਸਦੇ ਪੁੱਤਰ ਗੁੱਗਾ ਨੂੰ ਰਾਜ ਮਹਿਲ ਵਿੱਚੋਂ ਨਿਕਲਣ ਦਾ ਆਦੇਸ਼ ਦੇ ਦਿੱਤਾ । ਗੁੱਗਾ ਆਪਣੀ ਮਾਂ ਬਾਂਛਲ ਦੇ ਪਾਲਣ – ਪੋਸ਼ਣ ਨਾਲ ਜਵਾਨ ਹੋਇਆ ਅਤੇ ਜਵਾਨ ਹੋ ਕੇ ਉਸਨੇ ਬੀਰਤਾ ਅਤੇ ਸਾਹਸ ਦਿਖਾਉਂਦੇ ਹੋਏ ਮੁੜ ਰਾਜ ਮਹਿਲ ਉੱਤੇ ਕਬਜ਼ਾ ਕਰਦਿਆਂ ਸੱਤਾ ਪ੍ਰਾਪਤ ਕਰਕੇ ਰਾਜ ਭਾਗ ਸੰਭਾਲ਼ ਲਿਆ । ਗੁੱਗਾ ਦੀ ਸ਼ਾਦੀ ਬਹੁਤ ਹੀ ਸੁੰਦਰ ਯੁਵਤੀ ਸਿਲੀਅਰ ਨਾਲ ਤੈਅ ਹੋ ਗਈ । ਪ੍ਰੰਤੂ ਗੁੱਗੇ ਦੀ ਆਪਣੀ ਮਾਸੀ ਦੇ ਦੋ ਪੁੱਤਰ ਅਰਜਣ ਅਤੇ ਸੁਰਜਣ ਵੀ ਸਿਲੀਅਰ ਦੀ ਸੁੰਦਰਤਾ ਉੱਤੇ ਫ਼ਿਦਾ ਸਨ । ਉਹ ਵੀ ਸਿਲੀਅਰ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦੇ ਸਨ । ਉਹ ਦੋਵੇਂ ਗੁੱਗਾ ਦੀ ਸਿਲੀਅਰ ਨਾਲ ਹੋਈ ਮੰਗਣੀ ਤੋਂ ਖੁਸ਼ ਨਹੀਂ ਸਨ ਅਤੇ ਗੁੱਗਾ ਨਾਲ ਅੰਦਰੋਂ – ਅੰਦਰ ਈਰਖਾ ਕਰਨ ਲੱਗ ਪਏ । ਉਹਨਾਂ ਨੇ ਸਾਜਿਸਾਂ ਘੜ ਕੇ ਅਤੇ ਜ਼ੋਰ ਪਾ ਕੇ ਗੁੱਗਾ ਅਤੇ ਸਿਲੀਅਰ ਦੀ ਮੰਗਣੀ ਤੁੜਵਾ ਦਿੱਤੀ । ਗੁੱਗਾ ਨੂੰ ਆਪਣੀ ਮੰਗਣੀ ਟੁੱਟਣ ਦਾ ਬਹੁਤ ਦੁੱਖ ਹੋਇਆ । ਉਹ ਸਿਲੀਅਰ ਦੇ ਵਿਯੋਗ ਵਿੱਚ ਤੜਪਣ ਲੱਗਾ ਅਤੇ ਆਪਣੀ ਮੱਦਦ ਲਈ ਆਪਣੇ ਇਸ਼ਟ ਦੀ ਅਰਾਧਨਾ ਕਰਨ ਲੱਗਾ । ਗੁੱਗਾ ਦੀ ਸੱਚੇ ਦਿਲੋਂ ਕੀਤੀ ਅਰਾਧਨਾ ਝੱਟ ਪ੍ਰਵਾਨ ਹੋ ਗਈ ਅਤੇ ਆਪਣੀਆਂ ਸਹੇਲੀਆਂ ਨਾਲ ਖੇਡਦੀ ਸਿਲੀਅਰ ਦੀ ਰੱਖਿਆ ਕਰਨ ਲਈ ਕਈ ਜ਼ਹਿਰੀਲੇ ਸੱਪ ਆ ਗਏ ।

ਸੱਪਾਂ ਨੇ ਸਿਲੀਅਰ ਨੂੰ ਛੱਡਕੇ ਉਸਦੀਆਂ ਬਾਕੀ ਸਭ ਸਹੇਲੀਆਂ ਨੂੰ ਡੱਸ ਦਿੱਤਾ । ਸਿਲੀਅਰ ਦੀਆਂ ਸਾਰੀਆਂ ਸਹੇਲੀਆਂ ਬੇਹੋਸ਼ ਹੋ ਗਈਆਂ । ਸਿਲੀਅਰ ਇਹ ਸਭ ਕੁਝ ਦੇਖਕੇ ਡਰ ਗਈ ਅਤੇ ਘਬਰਾ ਕੇ ਬੇਹੋਸ਼ ਹੋ ਗਈ । ਗੁੱਗਾ ਸਿਲੀਅਰ ਕੋਲ ਬੈਠਾ ਸਭ ਕੁੱਝ ਦੇਖ ਰਿਹਾ ਸੀ । ਕੁਝ ਦੇਰ ਬਾਦ ਸਿਲੀਅਰ ਹੋਸ਼ ਵਿੱਚ ਆ ਗਈ । ਗੁੱਗਾ ਨੇ ਰਾਣੀ ਨੂੰ ਕਿਹਾ ਕਿ ਉਹ ਘਬਰਾਵੇ ਨਾ । ਉਸਨੇ ਦੱਸਿਆ ਕਿ ਉਹ ਉਸਦੀਆਂ ਸਾਰੀਆਂ ਸਹੇਲੀਆਂ ਨੂੰ ਠੀਕ ਕਰ ਸਕਦਾ ਹੈ । ਇਹ ਸੁਣਕੇ ਸਿਲੀਅਰ ਦੀ ਮਾਂ ਬਹੁਤ ਖੁਸ਼ ਹੋਈ ਅਤੇ ਉਸਨੇ ਆਪਣੀ ਧੀ ਦੀ ਸ਼ਾਦੀ ਗੁੱਗੇ ਨਾਲ ਹੀ ਕਰਨ ਦਾ ਫੈਸਲਾ ਲੈ ਲਿਆ। ਇਸ ਗੱਲ ਦਾ ਪਤਾ ਲੱਗਣ ‘ਤੇ ਅਰਜਣ ਅਤੇ ਸੁਰਜਣ ਨੇ ਗੁੱਗੇ ਨੂੰ ਜਾਨੋਂ ਮਾਰਨ ਦਾ ਫੈਸਲਾ ਲੈ ਲਿਆ । ਉਹਨਾਂ ਦੀ ਗੁੱਗਾ ਨਾਲ ਜੰਮਕੇ ਲੜਾਈ ਹੋਈ । ਗੁੱਗਾ ਦੋਵਾਂ ਨਾਲ ਇਸ ਲੜਾਈ ਵਿੱਚ ਬਹਾਦਰੀ ਨਾਲ ਮੁਕਾਬਲਾ ਕਰਦਾ ਹੋਇਆ ਲੜਿਆ । ਅਰਜਣ ਅਤੇ ਸੁਰਜਣ ਦੋਵੇਂ ਭਰਾ ਇਸ ਲੜਾਈ ਵਿੱਚ ਮਾਰੇ ਗਏ । ਮਾਂ ਬਾਂਛਲ ਨੂੰ ਆਪਣੀ ਭੈਣ ਦੇ ਦੋਨੋ ਪੁੱਤਰਾਂ ਦੇ ਗੁੱਗਾ ਹੱਥੋਂ ਮਰਨ ਦਾ ਬਹੁਤ ਦੁੱਖ ਹੋਇਆ । ਇਹ ਦੁੱਖ ਨਾ ਸਹਾਰਦੀ ਹੋਈ ਉਹ ਡੂੰਘੇ ਸਦਮੇ ਵਿੱਚ ਚਲੀ ਗਈ । ਗੁੱਗਾ ਆਪਣੀ ਮਾਂ ਦੀ ਇਹ ਹਾਲਤ ਦੇਖਕੇ ਬਹੁਤ ਦੁਖੀ ਹੋਇਆ । ਉਸਨੇ ਇੱਕ ਹਿੰਦੂ ਰਾਜਪੂਤ ਹੋਣ ਕਰਕੇ ਧਰਤੀ ਵਿੱਚ ਸਮਾ ਜਾਣ ਦਾ ਫੈਸਲਾ ਕਰ ਲਿਆ । ਮਿਥਿਹਾਸ ਅਨਸਾਰ ਹਿੰਦੂ ਧਰਮ ਵਿੱਚ ਧਰਤੀ ਵਿੱਚ ਦਫ਼ਨ ਹੋਣ ਦੀ ਪ੍ਰਥਾ ਨਾ ਹੋਣ ਕਾਰਨ ਗੁੱਗਾ ਮੁਸਲਿਮ ਧਰਮ ਅਪਣਾ ਕੇ ਹਾਜੀਰਤਨ ਰਾਜਪੂਤ ਤੋਂ ਮੁਸਲਮਾਨ ਬਣ ਗਿਆ । ਉਸਨੇ ਆਪਣੀ ਇੱਛਾ ਦੀ ਪੂਰਤੀ ਲਈ ਆਪਣੇ ਇਸ਼ਟ ਅੱਗੇ ਪ੍ਰਾਰਥਨਾ ਕੀਤੀ, ਜੋ ਕਬੂਲ ਹੋ ਗਈ । ਕਹਿੰਦੇ ਹਨ ਕਿ ਧਰਤੀ ਵਿਹਲ ਦੇ ਗਈ ਅਤੇ ਗੁੱਗਾ ਆਪਣੇ ਘੋੜੇ ਸਮੇਤ ਉਸ ਵਿੱਚ ਸਮਾ ਗਿਆ ।

ਗੁੱਗਾ ਰਾਜਸਥਾਨ ਦੇ ਲੋਕ ਦੇਵਤਾ ਹਨ । ਇਹਨਾਂ ਨੂੰ ਜਾਹਰਵੀਰ ਗੋਗਾ ਜੀ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ, ਜੋ ਸੱਪਾਂ ਦੇ ਦੇਵਤੇ ਦੇ ਤੌਰ ‘ਤੇ ਪੂਜੇ ਜਾਂਦੇ ਹਨ । ਗੁੱਗਾ ਨੂੰ ਰਾਜਸਥਾਨ ਦੇ ਛੇ ਸਿੱਧਾਂ ਵਿੱਚੋਂ ਸਭ ਤੋਂ ਪਹਿਲਾਂ ਮੰਨਿਆ ਜਾਂਦਾ ਹੈ । ਗੁੱਗਾ ਗੋਰਖ ਨਾਥ ਦਾ ਚੇਲਾ ਸੀ ਅਤੇ ਗੁੱਗੇ ਦੇ ਜਨਮ ਸਥਾਨ ਉੱਤੇ ਗੋਰਖ ਨਾਥ ਦਾ ਆਸ਼ਰਮ ਵੀ ਸਥਿੱਤ ਹੈ । ਇੱਥੇ ਗੁੱਗੇ ਦੀ ਘੋੜੇ ਉੱਤੇ ਇੱਕ ਵੱਡ ਆਕਾਰ ਮੂਰਤੀ ਸ਼ੁਸ਼ੋਭਿਤ ਹੈ । ਭਾਵੇਂ ਗੁੱਗਾ ਦਾ ਜੀਵਨ ਕਾਲ ਬਹੁਤ ਹੀ ਪੁਰਾਤਨ ਹੈ, ਉਹਨਾਂ ਦੇ ਘੋੜੇ ਦੀ ਰਕਾਬ ਅੱਜ ਵੀ ਇਸ ਅਸਥਾਨ ਉੱਤੇ ਮੌਜੂਦ ਹੈ । ਲੋਕਾਂ ਵਿੱਚ ਇਸ ਗੱਲ ਦੀ ਸ਼ਰਧਾ ਹੈ ਕਿ ਜੇਕਰ ਸੱਪ ਦੇ ਡੱਸੇ ਕਿਸੇ ਵਿਅਕਤੀ ਨੂੰ ਇੱਥੇ ਲੈ ਕੇ ਆਇਆ ਜਾਵੇ ਤਾਂ ਉਹ ਸੱਪ ਦੇ ਜ਼ਹਿਰ ਤੋਂ ਮੁਕਤ ਹੋ ਜਾਂਦਾ ਹੈ । ਇਸੇ ਕਰਕੇ ਲੋਕ ਇੱਥੇ ਸ਼ਰਧਾ ਨਾਲ ਮੱਥਾ ਟੇਕਣ ਆਉਂਦੇ ਹਨ ।