ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ ਜਿਸ ਵਿੱਚ ਪੰਜਾਬੀਆਂ ਦਾ ਖਾਣ, ਪੀਣ, ਰਹਿਣ ਸ਼ਹਿਣ ਪਹਿਨਣ, ਰੀਤੀ ਰਿਵਾਜ਼ ਸਮਾਜਿਕ ਰਿਸ਼ਤਿਆਂ ਨੇ ਜਨਮ ਲਿਆ। ਇਸ ਵਿਰਸੇ ਦੀਆਂ ਬਾਤਾਂ ਪਾਉਦੀਂ ਖੂਬਸੂਰਤ ਕਲਮ ਦਾ ਨਾਮ ਹੈ ਬੂਟਾ ਗੁਲਾਮੀ ਵਾਲਾ। ਸਾਹਿਤਕ ਜਗਤ ਦੀ ਬਹੁਤ ਹੀ ਖ਼ੂਬਸੂਰਤ ਕਲਮ ਨੇ ਬਖੂਬੀ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਸਬੰਧਤ ਕਵਿਤਾਵਾਂ ਲਿਖੀਆਂ ਨਾਲ ਨਾਲ ਹਾਸਰਸ, ਕਵਿਤਾਵਾਂ ਨੂੰ ਸ਼ਬਦਾ ਨਾਲ ਪਰੋਇਆ ਹੈ ਜੋ ਅੱਜ ਤੋਂ ਤੀਹ ਚਾਲੀ ਸਾਲ ਪਹਿਲਾਂ ਘਰਾਂ ਚ ਆਪਾਂ ਵਿਚਰਦਿਆਂ ਦੇਖਦੇ ਰਹੇ ਜੋ ਅਜਕਲ ਆਪਣਾ ਵਖਰਾ ਰੂਪ ਧਾਰਨ ਕਰ ਗਿਆ ਹੈ ਜੇ ਸਾਹਿਤਕ ਜਗਤ ਚ ਨਿਗਾ ਮਾਰੀਏਂ ਤਾਂ ਤੁਹਾਨੂੰ ਵਿਅੰਗ ਮਈ ਤਰੀਕੇ ਨਾਲ ਵਿਰਸੇ ਨੂੰ ਸੱਚ ਲਿਖਣ ਵਾਲੀਆਂ ਬਹੁਤ ਘੱਟ ਕਲਮਾਂ ਮਿਲਣਗੀਆਂ ਜੋ ਬੂਟਾ ਗੁਲਾਮੀ ਵਾਲੇ ਦੀ ਕਲਮ ਨੇ ਲਿਖਿਆਂ ਹੈ ਸੁਭਾਅ ਪੱਖੋਂ ਵੀ ਬਹੁਤ ਹਸਮੁਖ ਤੇ ਨਿਘੇ ਸੁਭਾਅ ਦੇ ਮਾਲਕ ਹਨ। ਪੰਜਾਬੀ ਅਮੀਰ ਵਿਰਸੇ ਦੇ ਲੇਖਕ ਗੁਲਾਮੀ ਵਾਲੇ ਦੀਆਂ ਵਿਰਸੇ ਦੀਆਂ ਬਾਤਾਂ ਪਾਉਦੀਂ ਕਲਮ ਦੀਆਂ ਕੁਝ ਵੰਨਗੀਆਂ ਇਸ ਤਰਾਂ ਹਨ
1 ਪ੍ਰਾਹੁਣੇ
ਪਿੰਡ ਵਿੱਚ ਰਹਿੰਦੇ ਸਾ, ਤੇ ਬੱਸ ਇੱਕ ਆਉਦੀ ਸੀ
ਕਦੇ ਕਦੇ ਸਾਡੇ ਉਹ, ਪ੍ਰਾਹੁਣੇ ਵੀ ਲਿਆਉਦੀ ਸੀ
ਖੇਡਦਿਆ ਹੋਇਆ ਨੂੰ ਪ੍ਰਾਹੁਣੇ ਦਿਸ ਪੈਦੇ ਸੀ
ਭੱਜੇ ਆਉਦੇ ਘਰ ਤੱਕ ਸਾਹ ਵੀ ਨਾ ਲੈਦੇ ਸੀ
ਉਹ ਬੀਬੀ ਬੀਬੀ, ਆਪਣੇ ਪ੍ਰਾਹੁਣੇ ਤੁਰੇ ਆਉਦੇ ਨੇ
ਤੇ ਝੋਲੇ ਵਿਚ ਪਾਈ ਉਹ, ਚੀਜੀ ਵੀ ਲਿਆਉਦੇ ਨੇ
ਭੱਜ ਭੱਜ ਮਾਂ ਨੇ ,ਸਮਾਨ ਕੱਠਾ ਕਰਨਾ
ਕਿਤੇ ਪਈ ਪੱਗ ਚੁੰਨੀ ,ਕਿਤੇ ਪਿਆ ਪਰਨਾ
ਫੁੱਫੜ ਦਾ ਤਰਲਾ
ਨਵਾਂ ਨਵਾਂ ਜਦ ਵਿਆਹ ਹੋਇਆ ਸੀ
ਪੈਰ ਨਾ ਭੁੰਜੇ ਲਾ ਹੋਇਆ ਸੀ
ਜਦ ਵੀ ਸਹੁਰੇ ਜਾਂਦੇ ਸਾ
ਤੇ ਦਾਰੂ ਮੁਰਗਾ ਖਾਂਦੇ ਸਾ
ਸਭ ਅੱਗੇ ਪਿਛੇ ਹੁੰਦੇ ਸੀ
ਤੇ ਬੂਹੇ ਵਿੱਚ ਖਲੋਂਦੇ ਸੀ
ਸਭ ਪਾਣੀ ਮੇਰਾ ਭਰਦੇ ਸੀ
ਤੇ ਜੀਜਾ ਜੀਜਾ ਕਰਦੇ ਸੀ
ਚਾਹਾਂ ਨਾਲ ਬਰਫੀ ਮਿਲਦੀ ਸੀ
ਸਾਲੀ ਆਗੇ ਪਿਛੇ ਫਿਰਦੀ ਸੀ
ਬੜੇ ਠੰਡੇ ਠੁਡੇ ਆਉਦੇ ਸੀ
ਤੇ ਬੜੇ ਪਲਾਅ ਬਣਾਉਦੇ ਸੀ
“ਪ੍ਰਾਹਣੇ” ਕਵਿਤਾ ਅਤੇ “ਲਾਲ ਛੋਟੇ ਛੋਟੇ” ਗੀਤ ਨੇ “ਬੂਟਾ ਗੁਲਾਮੀ ਵਾਲੇ” ਦੀ ਪਛਾਣ ਬਣਾਈ ਸੀ
ਮਨ ਅੰਦਰ ਉੱਠੇ ਵਿਚਾਰਾਂ ਦੇ ਤੂਫਾਨ ਰੂਪੀ ਵਲਵਲਿਆਂ ਨੂੰ ਕੋਰੇ ਕਾਗਜ ਦੀ ਹਿੱਕ ਤੇ ਕਲਮ ਨਾਲ ਝਰੀਟ ਕੇ ਰਚਨਾਵਾਂ ਦਾ ਰੂਪ ਦੇਣਾ ਹਾਰੀ ਸਾਰੀ ਦੇ ਵੱਸ ਵਿੱਚ ਨਹੀਂ ਹੁੰਦਾ। ਇਨਸਾਨ ਦੀ ਜ਼ਿੰਦਗੀ ਵਿੱਚ ਕੁੱਝ ਅਜਿਹੇ ਵਰਤਾਰੇ ਹੋ ਜਾਂਦੇ ਹਨ ਜਾਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਦਾ ਦਿਲ ਦੀਆਂ ਤਹਿਆਂ ਤੱਕ ਅਸਰ ਹੁੰਦਾ ਹੈ ਅਤੇ ਉਹ ਸ਼ਬਦ ਆਪ ਮੁਹਾਰੇ ਵਿਚਾਰ ਰੂਪੀ ਸ਼ਬਦਾਂ ਦੇ ਤੂਫਾਨ ਬਣ ਉਮੜ ਪੈਂਦੀਆਂ ਹਨ ਅਤੇ ਉਹ ਇਨਸਾਨ ਨੂੰ ਲੇਖਕ ਬਣਾ ਦਿੰਦੀ ਹੈ। ਅਜਿਹਾ ਹੀ ਕੁੱਝ ਬੂਟਾ ਗੁਲਾਮੀ ਵਾਲਾ ਦੇ ਹਿੱਸੇ ਆਇਆ ਹੈ।
ਪੰਜਾਬੀ ਸੱਭਿਆਚਾਰਕ ਅਤੇ ਵਿਰਸੇ ਨੂੰ ਸੰਭਾਲਣਾ, ਯਾਦ ਰੱਖਣਾ ਅਤੇ ਫਿਰ ਬੀਤਿਆ ਹੋਇਆ ਜ਼ਮਾਨਾ ਯਾਦ ਕਰਕੇ ਰਚਨਾਵਾਂ ਦੇ ਰੂਪ ’ਚ ਲਿਖਣਾ ਬਹੁਤ ਹੀ ਔਖਾ ਕੰਮ ਹੈ, ਪਰ ਗੁਲਾਮੀ ਵਾਲਾ ਇਹ ਕੰਮ ਨਿਰੰਤਰ ਕਰ ਰਿਹਾ ਹੈ ਅਤੇ ਉਹ ਇਸ ਨੂੰ ਬਾਖੂਖੀ ਨਿਭਾ ਵੀ ਰਿਹਾ ਹੈ।
ਬੂਟਾ ਗੁਲਾਮੀ ਵਾਲਾ ਦਾ ਜਨਮ ਪਿੰਡ ਗੁਲਾਮ ਪੱਤਰਾ (ਗੁਲਾਮੀ ਵਾਲਾ) ਜਿਲ੍ਹਾ ਫਿਰੋਜ਼ਪੁਰ ਵਿਖੇ ਮਾਤਾ ਸੁਰਜੀਤ ਕੌਰ ਦੀ ਕੁੱਖੋ ਪਿਤਾ ਸਰਦਾਰ ਬੁੱਢਾ ਸਿੰਘ ਦੇ ਘਰ ਹੋਇਆ।
ਬੂਟਾ ਜੀ ਦਾ ਕਹਿਣਾ ਹੈ ਕਿ ਲਿਖਣ ਦੀ ਚੇਟਕ ਉਸ ਨੂੰ ਅੱਠਵੀਂ ਕਲਾਸ ਵਿਚ ਪੜ੍ਹਦਿਆਂ ਹੀ ਲੱਗ ਗਈ ਸੀ। ਸ਼ੁਰੂਆਤੀ ਦੌਰ ’ਚ ਉਸ ਟਾਇਮ ਮਾੜੇ ਮੋਟੇ ਸ਼ੇਅਰ ਲਿਖੇ ਅਤੇ ਜਲੰਧਰ ਤੋਂ ਛਪਦੇ ਸਪਤਾਹਿਕ ਅਖਬਾਰ “ਸਮਰਾਟ” ਵਿਚ ਛਪਣ ਲੱਗ ਪਏ ਸਨ। ਦੋਸਤਾਂ, ਮਿੱਤਰਾਂ ਅਤੇ ਸਨੇਹੀਆਂ ਦੀ ਹੱਲਾਸ਼ੇਰੀ ਨੇ ਉਤਸ਼ਾਹਿਤ ਕੀਤਾ। ਲਿਖਣ ਦੀ ਗਤੀ ਤੇਜ਼ ਹੋ ਗਈ ਅਤੇ ਬੱਸ ਉਹ ਬੂਟਾ ਸਿੰਘ ਤੋਂ ਬੂਟਾ ਗੁਲਾਮੀ ਵਾਲਾ ਬਣ
ਗਿਆ। ਉਸ ਨੂੰ ਲਿਖਣ ਦੀ ਕਲਾ ਭਾਵੇਂ ਪ੍ਰਮਾਤਮਾ ਤੋਂ ਮਿਲੀ ਅਮਾਨਤ ਹੈ ਪਰ ਸਮਾਜਿਕ ਰਵਾਇਤ ਮੁਤਾਬਿਕ ਉਸਨੇ ਸ਼੍ਰੀ ਚਮਨ ਲਾਲ ਸ਼ੁਗਲ ਨੂੰ ਆਪਣਾ ਰਸਮੀ ਗੁਰੂ ਧਾਰ ਲਿਆ। ਲਿਖਣ ਦਾ ਸਫਰ ਬੇਰੋਕ ਚਲਦਾ ਰਿਹਾ। ਬੇਰੁਜ਼ਗਾਰੀ ਦੇ ਥੱਪੜਾਂ ਦਾ ਝੰਬਿਆ ਬੂਟਾ 1990 ’ਚ ਕੰਮ ਦੀ ਭਾਲ ’ਚ ਆਪਣਾ ਪਿੰਡ ਛੱਡ ਕੋਟ ਈਸੇ ਖਾ (ਮੋਗਾ) ਵਿਖੇ ਆ ਬਸੇਰਾ ਕਰ ਲਿਆ।
ਬੂਟਾ ਗੁਲਾਮੀ ਵਾਲਾ ਨੇ ਸਭ ਤੋਂ ਪਹਿਲੀ ਪੁਸਤਕ ਸ਼ੇਅਰੋ ਸ਼ਾਇਰੀ ਦੀ ਛੁਪਵਾਈ ਜਿਸ ਦੀ ਨੌਜਵਾਨ ਵਰਗ ਵਿਚ ਕਾਫੀ ਚਰਚਾ ਹੋਈ। ਇਸ ਸ਼ਫਰ ਦੌਰਾਨ ਉਸ ਦੇ ਪੰਜਾਬੀ ਸੱਭਿਆਚਾਰਕ, ਵਿਰਸੇ ,ਸਮਾਜਿਕ ਸਰੋਕਾਰਾਂ, ਪਰਿਵਾਰਕ ਕਦਰਾਂ ਕੀਮਤਾਂ ਨੂੰ ਦਰਸਾਉਂਦੇ ਲੇਖ, ਕਵਿਤਾਵਾਂ ਅਤੇ ਹੋਰ ਰਚਨਾਵਾਂ ਹਰੇਕ ਅਖਬਾਰ ਰਸਾਲੇ ਵਿਚ ਛਪਣ ਲੱਗ ਪਏ, ਜਿਹਨਾਂ ਵਿਚ “ਗੂੜ੍ਹਾ ਸਿਆਲ ਬੇਬੇ ਦਾ ਸਾਗ ਮੱਕੀ ਦੀ ਰੋਟੀ”, “ਵਿਆਹ ਵਾਲੇ ਘਰ ਦੀ ਪਹਿਚਾਣ ਸੀ ਲਾਉਡ ਸਪੀਕਰ”, “ਮਾਈ ਲਾਲੀ ਦੀ ਭੱਠੀ ਤੇ ਮੇਰਾ ਪਿੰਡ”, “ਬੀਤੇ ਸਮੇਂ ਦਾ ਬਲਬ ਸੀ ਲਾਲਟੈਨ”, “ਪਿੰਡਾਂ ਦੀ ਪ੍ਰਾਹੁਣਚਾਰੀ”, “ਪੰਜਾਬੀ ਵਿਰਸੇ ਵਿੱਚ ਛੱਜ”, “ਆਓ ਤੱਤਾ ਤੱਤਾ ਗੁੜ ਖਵਾਈਏ”, “ਪੱਖੀ ਘੁੰਗਰੂਆਂ ਵਾਲੀ”, “ਦਾਤੀ ਨੂੰ ਲਵਾ ਦੇ
ਘੁੰਗਰੂ” ਬਿਰਧ ਆਸ਼ਰਮ, ਫੁੱਫੜ ਦਾ ਤਰਲਾ ਆਦਿ ਲੇਖ ਕਵਿਤਾਵਾਂ ਬਹੁਤ ਮਕਬੂਲ ਹੋਏ “ਪਾਕਿਸਤਾਨ ਜਿਹੋ ਜਿਹਾ ਮੈ ਵੇਖਿਆ” ਸਫ਼ਰਨਾਮਾ ਸਭ ਤੋਂ ਪਹਿਲੀ ਪੁਸਤਕ ਛਪਵਾਈ ਜੋ ਦੂਹਰੇ ਤੀਹਰੇ ਅਰਥਾਂ ਤੋਂ ਹਟ ਕੇ ਇੱਕ ਠੇਠ ਪੰਜਾਬੀ ਵਿੱਚ ਸੀ। ਇਸ ਸਫ਼ਰਨਾਮੇ ਨੇ ਬੂਟਾ ਗੁਲਾਮੀ ਵਾਲਾ ਨੂੰ ਉੱਚ ਕੋਟੀ ਦੇ ਲੇਖਕਾਂ ਵਿੱਚ ਲਿਆ ਖੜ੍ਹਾ ਕਰ ਦਿੱਤਾ। ਉਸ ਦਾ ਇਹ ਸਫ਼ਰਨਾਮਾ ਧੜਾਧੜ ਵਿਕਿਆ ਸੀ। ਉਸ ਵੱਲੋਂ ਲਿਖੀ ਗਈ ਠੇਠ ਪੰਜਾਬੀ ਭਾਸ਼ਾ ਦੀ ਵੀ ਸਾਹਿਤਕ ਹਲਕਿਆਂ ’ਚ ਖੂਬ ਚਰਚਾ ਹੋਈ ਸੀ। ਬਾਅਦ ਵਿਚ ਇਸ ਦੇ ਤਿੰਨ ਅਡੀਸ਼ਨ ਛਪੇ ਸਨ। ਦੋ ਸਾਲਾਂ ਦੇ ਵਕਫੇ ਪਿੱਛੋਂ ਉਸ ਨੇ ਇਕ ਹੋਰ ਧਾਰਮਿਕ “ਸ਼੍ਰੀ ਹੇਮਕੁੰਟ ਸਾਹਿਬ ਸਫ਼ਰਨਾਮਾ” ਛਪਵਾਇਆ, ਇਹ ਵੀ ਕਾਫੀ ਮਕਬੂਲ ਹੋਇਆ ਸੀ। ਉਸਦੀਆਂ ਬਹੁਤ ਸਾਰੀਆਂ ਪੰਜਾਬੀ ਵਿਰਸੇ ਨਾਲ ਸਬੰਧਿਤ ਪਾਏਦਾਰ ਰਚਨਾਵਾਂ ਦੇਸ਼ ਵਿਦੇਸ਼ ਦੇ ਅਖਬਾਰਾਂ, ਰਸ਼ਾਲਿਆ, ਫੇਸਬੁੱਕ, ਵੱਟਸਐਪ, ਯੂ ਟਿਊਬ ਆਦਿ ਸੋਸ਼ਲ ਸਾਇਟਾਂ ਤੇ ਚੰਗਾ ਸਥਾਨ ਰੱਖਦੀਆਂ ਹਨ। ਇਹਨਾਂ ਵਿੱਚੋਂ ਜ਼ਿੰਦਗੀ ਦਾ ਗੀਤ, ਘੁੰਡ ਵਾਲੀ ਵਹੁਟੀ, ਬੇਬੇ ਦੀ ਰਗਡ਼ੀ ਚਿੱਬਡਾ ਦੀ ਚਟਣੀ, ਸੁਪਨਾ, ਪ੍ਰਾਹੁਣੇ, ਚਿੜੀਆਂ ਮੇਰੇ ਪੰਜਾਬ ਦੀਆ, ਸਾਇਕਲ, ਬਾਪੂ, ਪਿੰਡ ਦੀ ਹਵਾ, ਮਾਂ ਦਾ ਗੀਤ ਆਦਿ ਨੇ ਸਾਹਿਤਕ ਹਲਕਿਆ ਵਿੱਚ ਵੀ ਖੂਬ ਚਰਚਾ ਛੇੜੀ ਹੈ।
ਜੇਕਰ ਮਾਣ ਸਨਮਾਨ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇਨਾਮ ਸਨਮਾਨ ਬੂਟਾ ਜੀ ਦੀ ਝੋਲੀ ਵਿਚ ਪਏ ਹਨ, ਜੋ ਉਸ ਨੂੰ “ਪਾਕਿਸਤਾਨ ਜਿਹੋ ਜਿਹਾ ਮੈਂ ਵੇਖਿਆ” ਸਫ਼ਰਨਾਮਾ ਲਿਖਣ ਕਰਕੇ ਮਿਲੇ ਹਨ। ਪੰਜਾਬ ਹੀ ਨਹੀਂ, ਪੰਜਾਬ ਤੋਂ ਬਾਹਰ ਰਾਜਸਥਾਨ ਅਤੇ ਪੰਜਾਬ ਵਿੱਚ ਵੀ ਸਾਹਿਤਕ ਸੰਸਬਾਵਾਂ ਨੇ ਸਨਮਾਨਿਤ ਕੀਤਾ ਹੈ। ਉਸ ਨੂੰ ਅਕਾਲੀ ਸਰਕਾਰ ਮੌਕੇ ਮੱਖਣ ਬਰਾਡ ਜੀ, ਜੋ ਉਸ ਵੇਲੇ ਚੇਅਰਮੈਨ ਸਨ, ਨੇ ਘਰ ਆ ਕੇ ਸਨਮਾਨਿਤ ਕੀਤਾ ਸੀ, ਜਿਸ ਦਾ ਉਹ ਤਹਿ ਦਿਲੋਂ ਧੰਨਵਾਦੀ ਹੈ।
ਅੰਤ ਵਿਚ ਬੂਟਾ ਸਿੰਘ ਗੁਲਾਮੀ ਵਾਲਾ ਨੇ ਦੱਸਿਆ ਪ੍ਰਾਹੁਣੇ ਅਤੇ “ਲਾਲ ਛੋਟੇ ਛੋਟੇ” ਗੀਤ ਨੇ ਮੇਰੀ ਪਹਿਚਾਣ ਬਣਾਈ ਇਸ ਗੀਤ ਨੂੰ ਲਹਿੰਬਰ ਹੁਸੈਨਪੁਰੀ ਅਤੇ ਰਜਨੀ ਜੈਨ ਆਰੀਆ ਨੇ ਗਾ ਕੇ ਮੈਨੂੰ ਗੀਤਕਾਰ ਲੇਖਕਾਂ ਦੀ ਕਿਤਾਰ ਵਿੱਚ ਖੜਾ ਕੀਤਾ ਹੈ।
ਮੈਂ ਇਸ ਸਤਿਕਾਰ ਯੋਗ ਕਲਮ ਦਾ ਬਹੁਤ ਸਤਿਕਾਰ ਕਰਦਾ ਆ ਜੋ ਪਰਾਣੇ ਖੂਬਸੂਰਤ ਵਿਰਸੇ ਲਈ ਸ਼ਬਦ ਸੁਚੇ ਮੋਤੀਆਂ ਦੀ ਮਾਲਾ ਵਾਂਗ ਢੁਕਵੇਂ ਥਾਂ ਤੇ ਚਿਣਦੀ ਤੇ ਚੁਣਦੀ ਹੈ ਜੋ ਆਪਣੇ ਸਮਾਜ਼ ਵਿੱਚ ਪਰਵਾਰ ਦਾ ਹਿਸਾ ਬਣਕੇ ਆਪਾਂ ਹੰਢਾਂਏ ਹਨ।
ਮੈਂ ਇਸ ਕਲਮ ਤੋਂ ਆਸ ਰੱਖਦਾਂ ਹਾਂ ਕਿ ਇਹ ਕਲਮ ਪਰਾਣੇ ਵਿਰਸੇ ਦੀ ਯਾਦ ਤਾਜ਼ਾ ਕਰਵਾਉਂਦੀ ਇਸੇ ਤਰਾਂ ਲਿਖਦੀ ਹੋਈ ਤਰੱਕੀਆਂ ਕਰੇ।
ਗੁਰਚਰਨ ਸਿੰਘ ਧੰਜੂ