ਚਰਖਾ

ਪਾਵਾਂ ਚਰਖੇ ਤੇ ਜਦੋ ਵੇ ਮੈਂ ਤੰਦ ਵੇ
ਖੰਗੂਰਾ ਮਾਰਕੇ ਗਲੀ ਚੋ ਜਾਦਾਂ ਲੰਘ ਵੇ
ਸਾਨੂੰ ਅਲੜਾਂ ਨੂੰ ਆਵੇ ਅਜੇ ਸੰਗ ਵੇ
ਕਵਾਰੇ ਸਾਡੇ ਚਾਅ ਸੋਹਣਿਆ
ਕੱਤ ਲੈਣ ਦੇ ਤੂੰ ਚਾਰ ਮੈਨੂੰ ਪੂਣੀਆਂ
ਜੇ ਚਰਖਾ ਲਿਆ ਡਾਹ ਸੋਹਣਿਆ

ਚਰਖਾ ਤੇਰੇ ਮੇਰੇ ਪਿਆਰ ਦੀ ਬਾਤ ਪਾਉਦਾਂ ਵੇ
ਜਦੋ ਭਰਾਂ ਮੈਂ ਹੰਗਾਰਾ ਸ਼ਰਮਾਉਦਾ ਵੇ
ਰਾਤੀ ਸੁਪਨੇ ਚ ਬਹੁਤ ਤੜਫਾਉਦਾਂ ਵੇ
ਅੱਜ ਫੇਰ ਫੇਰਾ ਪਾ ਸੋਹਣਿਆ
ਕੱਤ ਲੈਣਦੇ ਤੂੰ ਚਾਰ ਮੈਨੂੰ ਪੂਣੀਆਂ
ਜੇ ਚਰਖਾ ਲਿਆ ਡਾਹ ਸੋਹਣਿਆ

ਕੱਲ ਕਈ ਵਾਰੀ ਟੁੱਟੀ ਚਰਖੇ ਦੀ ਮਾਲ ਵੇ
ਦੇਵਾਂ ਗੰਢ ਟੁੱਟੇ ਕਰੇ ਇਹ ਕਮਾਲ ਵੇ
ਜਾਵੇ ਵਾਰ ਵਾਰ ਤੇਰੇ ਵੱਲ ਖਿਆਲ ਵੇ
ਰੱਖਿਆ ਇੱਕੋ ਰਾਹ ਸੋਹਣਿਆ
ਕੱਤ ਲੈਣਦੇ ਤੂੰ ਚਾਰ ਮੈਨੂੰ ਪੂਣੀਆਂ
ਜੇ ਚਰਖਾ ਲਿਆ ਡਾਹ ਸੋਹਣਿਆ

ਪੂਣੀਆਂ ਕੱਤ ਕੱਤ ਬਣ ਗਈ ਛੱਲੀ ਵੇ
ਤੇਰੇ ਪਿਆਰ ਨੇ ਦਿਲਾਂ ’ਚ ਥਾਂ ਮੱਲੀ ਵੇ
ਚਿਤ ਕਰਦਾ ਮਿਲਾਂ ਮੈਂ ਕਿਤੇ ਕੱਲੀ ਵੇ
ਗਲ ਲਵਾਂ ਲਾ ਸੋਹਣਿਆ
ਕੱਤ ਲੈਣਦੇ ਤੂੰ ਚਾਰ ਮੈਨੂੰ ਪੂਣੀਆਂ
ਜੇ ਚਰਖਾ ਲਿਆ ਡਾਹ ਸੋਹਣਿਆ