ਸ਼ਹੀਦੀ ਦਿਵਸ ’ਤੇ ਵਿਸ਼ੇਸ਼ ਸ਼੍ਰੀ ਗੁਰੂ ਅਰਜਨ ਦੇਵ ਜੀ

ਆਓ ਪਿਆਰੀ ਸੰਗਤੇ ਜਾਣੀਏ, ਸ਼੍ਰੀ ਗੁਰੁ ਅਰਜਨ ਦੇਵ ਜੀ ਬਾਰੇ।
ਕਿੱਥੇ ਉਹਨਾਂ ਅਵਤਾਰ ਧਾਰਿਆ, ਕਿਹੜੇ ਕੀਤੇ ਕੰਮ ਸੀ ਨਿਆਰੇ।
ਸੰਨ ਪੰਦਰਾਂ ਸੌ ਤਰੇਹਟ ਦੀ ਸੀ, ਸੰਗਤੇ ਤਾਰੀਕ ਓਦੋਂ ਦੋ ਮਈ।
ਸੰਤ ਸਰੂਪ ਬਾਲ ਹੈ ਜਨਮਿਆਂ, ਸਾਰੇ ਜਗ ਵਿੱਚ ਗੱਲ ਸੀ ਗਈ।
ਪਿਤਾ ਜੀ ਸਨ ਗੁਰੂ ਰਾਮ ਦਾਸ ਜੀ, ਮਾਤਾ ਜੀ ਸਨ ਬੀਬੀ ਭਾਨੀ।
ਬਾਲ ਵਰੇਸ ਦੇ ਚੋਜ਼ ਵੇਖ ਕੇ, ਦੰਗ ਰਹਿ ਗਏ ਸੀ ਗੁਣੀ ਗਿਆਨੀ।
ਪੰਦਰਾਂ ਸੌ ਉਣਾਨਵੇਂ ਨੂੰ ਸੀ ਹੋਈ, ਬੀਬੀ ਗੰਗਾ ਜੀ ਦੇ ਨਾਲ ਸ਼ਾਦੀ।
ਪੁੱਤਰ ਹਰ ਗੋਬਿੰਦ ਸੀ ਜਾਇਆ, ਜਿਸ ਚਾਹੀ ਧਰਮ ਦੀ ਅਜ਼ਾਦੀ।
ਸੰਨ ਪੰਦਰਾਂ ਸੌ ਇਕਾਸੀ ਦੀ ਸੀ, ਤਾਰੀਕ ਸੰਗਤੇ ਇੱਕ ਸਤੰਬਰ।
ਗੁਰ-ਗੱਦੀ ‘ਤੇ ਬਰਾਜਮਾਨ ਹੋਏ, ਸਿੱਖਾਂ ਦੇ ਇਹ ਪੰਜਵੇਂ ਪੈਗੰਬਰ।
ਹਰਮੰਦਰ ਸਾਹਿਬ ਦੀ ਨੀਂਹ ਇਨਾਂ, ਸਾਂਈ ਮੀਆਂ ਮੀਰ ਤੋਂ ਰਖਾਈ।
ਤਰਨਤਾਰਨ ਵਸਾਵਣ ਦੇ ਲਈ, ਆਪਣੇ ਹੱਥੀਂ ਸੀ ਮੋੜ੍ਹੀ ਗਡਾਈ।
ਬਾਈ ਸੌ ਸੀ ਅਠਾਰਾਂ ਸ਼ਬਦ, ਜੋ ਤੀਹ ਰਾਗਾਂ ਦੇ ਵਿੱਚ ਸਨ ਰਚੇ।
ਐਸਾ ਤਿਆਰ ਕਰਾਇਆ ਗ੍ਰੰਥ, ਜਿਹੜਾ ਗੁਰੂ ਜੀ ਦੇ ਵਾਂਗਰ ਜਚੇ।
ਸੰਨ ਸੋਲਾਂ ਸੌ ਚਾਰ ਨੂੰ ਕਰਿਆ, ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼।
ਬਾਬਾ ਬੁੱਢਾ ਜੀ ਗ੍ਰੰਥੀ ਸੀ ਥਾਪੇ, ਪਵਿੱਤਰ ਕਾਰਜ ਕਰਿਆ ਰਾਸ।
ਸਤਿਗੁਰਾਂ ਦੀ ਮਹਿਮਾਂ ਨੂੰ ਸੁਣ ਕੇ ਅਨੇਕਾਂ ਦੋਖੀ ਲੱਗੇ ਸੀ ਸੜਨ।
ਬਾਦਸ਼ਾਹ ਜਹਾਂਰਗੀਰ ਕੌਲ ਜਾ ਕੇ, ਕੰਨ ਉਹਨਾਂ ਦੇ ਲੱਗੇ ਸੀ ਭਰਨ।
ਕੰਨਾਂ ਦਾ ਸੀ ਕੱਚਾ ਬਾਦਸ਼ਾਹ, ਕੱਚੀਆਂ ਗੱਲਾਂ ਦੇ ਵਿੱਚ ਆਇਆ,
ਅਹਿਲਕਾਰ ਚੰਦੂ ਚੰਦਰੇ ਨੂੰ ਸੀ, ਬਹੁਤ ਸਖਤ ਹੁਕਮ ਸੁਣਾਇਆ।
ਸਿੱਖ ਗੁਰੂ ਨੂੰ ਲਹੌਰ ‘ਚ ਬੁਲਾ ਕੇ, ਕਹਿੰਦਾ ਪਹਿਲਾਂ ਈਨ ਮਨਾਓ।
ਜੇ ਉਹ ਧਰਮ ਨਹੀਓਂ ਹੈ ਬਦਲਦਾ, ਕਹਿੰਦਾ ਜਲਦੀ ਪਾਰ ਬੁਲਾਓ।
ਸੰਨ ਸੋਲਾਂ ਸੌ ਛੇ ਦੀ ਸੀ ਸੰਗਤੇ, ਤਾਰੀਕ ਸੀ ਉਸ ਵੇਲੇ ਤੇਈ ਮਈ।
ਜਹਾਂਗੀਰ ਰਾਜੇ ਦੇ ਐਨ੍ਹੇ ਜ਼ਨੂੰਨ ਨੇ, ਜਾਨ ਸੀ ਸਾਡੇ ਗੁਰਾਂ ਦੀ ਲਈ।।