ਗੀਤ (ਪਿੰਡ ਦੀਆਂ ਗਲੀਆਂ ’ਚ)

 

ਬਚਪਨ ਦੀਆਂ ਯਾਦਾਂ ਯਾਦ ਕਰਕੇ, ਦਿਲ ਠੰਢੇ ਹੌਂਕੇ ਭਰਦਾ ਏ।

ਪਿੰਡ ਦੀਆਂ ਗਲੀਆਂ’ਚ ਗੇੜਾ ਲਾਵਾਂ.ਬੜਾ ਹੀ ਜੀਅ ਕਰਦਾ ਏ।

ਬਚਪਨ ਦੇ ਸਾਥੀ ਯਾਦ ਨੇ ਆਉਂਦੇ,ਕਿੱਥੇ ਗਿਓਂ ਜਾਣੀ ਬੁਲਾਉਂਦੇ।

ਇੱਕ ਪਲ ਵੀ ਨਾ ਪਰੇ ਸੀ ਹੁੰਦੇ,ਹੁਣ ਕਿਓਂ ਤੈਨੂੰ ਯਾਦ ਨ੍ਹੀਂ ਅਉਂਦੇ।

ਐਨਾ ਕੋਰਾ ਕਰਾਰਾ ਹੋ ਕੇ, ਦੱਸ ਤੇਰਾ ਕਿਵੇਂ ਹੁਣ ਸਰਦਾ ਏ ।

ਪਿੰਡ ਦੀਆਂ ਗਲੀਆਂ ‘ਚ..........................................।

ਛੁੱਟੀਆਂ ਦੇ ਵਿੱਚ ਮੱਝਾਂ ਚਰਾਉਂਦੇ,ਖੂਹਾਂ ਦੇ ਵਿੱਚ ਖੂਬ ਨਹਾਉਂਦੇ।

ਖੇਤਾਂ ਦੇ ਵਿਚੋਂ ਪੁੱਟਦੇ ਗੰਨੇ,ਵਾੜਿਓਂ ਖਰਬੂਜ਼ੇ ਤੋੜ ਲਿਆਉਂਦੇ ।

ਛੱਪੜਾਂ ਦੇ ਵਿੱਚ ਸ਼ਰਤਾਂ ਲਾਉਂਦੇ,ਕੌਣ ਕਿੰਨਾ ਚਿਰ ਤਰਦਾ ਏ ।

ਪਿੰਡ ਦੀਆਂ ਗਲੀਆਂ’ਚ............................................।

ਵਿਆਹਾਂ ਦੇ ਵਿੱਚ ਮੰਜੇ ਬਿਸਤਰੇ,ਭਜ-ਭਜ ਇਕੱਠੇ ਕਰਦੇ ਸੀ ।

ਉਸ ਤੋਂ ਬਾਅਦ ਦੁੱਧ ਦੀਆਂ ਬਾਲਟੀਆਂ ਦਰ-ਦਰ ਜਾ ਕੇ ਭਰਦੇ ਸੀ।

ਮਹਿਮਾਨਾਂ ਨੂੰ ਨਾ ਪਤਾ ਲੱਗਦਾ, ਕਿਹੜਾ ਇਹਨਾਂ ‘ਚੋਂ ਘਰ ਦਾ ਏ ।

ਪਿੰਡ ਦੀਆਂ ਗਲ਼ੀਆਂ’ਚ...............................................।

ਸਪੀਕਰ ਵਾਲੇ ਦੇ ਕੋਲ ਬਹਿਕੇ,ਸੂਈਆਂ ਚੁਗਦੇ ਰਹਿੰਦੇ ਸੀ ।

ਸਾਰਾ ਦਿਨ ਓਹਦੀ ਸੇਵਾ ਵਿੱਚ,ਓਹਦੇ ਕੋਲ ਹੀ ਬਹਿੰਦੇ ਸੀ।

ਮੂਹਰੇ ਬੈਠੇ ਫਿਰ ਵੇਖੀ ਜਾਣਾ,ਕਿਹੜਾ ਤਵਾ ਹੁਣ ਧਰਦਾ ਏ ।

ਪਿੰਡ ਦੀਆਂ ਗਲੀਆਂ’ਚ................................................।

ਦੇਰ ਰਾਤ ਤੱਕ ਮੁੰਡੇ- ਕੁੜੀਆਂ,ਇਕੱਠੇ ਖੇਡਦੇ ਰਹਿੰਦੇ ਸੀ ।

ਭੈਣ ਭਰਾਵਾਂ ਵਾਂਗਰ ਰਹਿੰਦੇ,ਜਦੋਂ ਵੀ ਰਲ ਕੇ ਬਹਿੰਦੇ ਸੀ ।

ਵੱਡਿਆਂ ਦਾ ਬੜਾ ਭੈ ਸੀ ਹੁੰਦਾ,ਹੁਣ ਨਾ ਕੋਈ ਡਰਦਾ ਏ ।

ਪਿੰਡ ਦੀਆਂ ਗਲ਼ੀਆਂ ‘ਚ........................................।

‘ਅਮਰੀਕ ਤਲਵੰਡੀ ਦੀ ਗੱਡੀ ਜਦੋਂ,ਪਿੰਡ ਦੀ ਜੂਹੇ ਵੜਦੀ ਏ।

ਦੁਨੀਆਂ ਭਰ ਦੀ ਖੁਸ਼ੀ ਮਿਲਦੀ,ਰੂਹ ਨੂੰ ਮਸਤੀ ਚੜ੍ਹਦੀ ਏ ।

ਮਨ ਨੂੰ ਬੜੀ ਸ਼ਾਤੀ ਮਿਲਦੀ,ਗਲੀਏਂ ਪੈਰ ਜਦੋਂ ਧਰਦਾ ਏ ।

ਪਿੰਡ ਦੀਆਂ ਗਲੀਆਂ’ਚ............................................।