ਵਰਤਮਾਨ ਨੂੰ ਦੇਖਣਾ ਤੇ ਭਵਿੱਖ ਨੂੰ ਨਿਹਾਰਨਾ ਹੀ ਜੀਵਨ ਜਾਚ

ਸੰਘਰਸ਼ ਹੀ ਜ਼ਿੰਦਗੀ ਹੈ। ਹਰ ਇਨਸਾਨ ਨੂੰ ਇਹਨਾਂ ਸੰਘਰਸ਼ਾਂ ਵਿਚੋਂ ਨਿਕਲਣਾ ਹੀ ਪੈਂਦਾ ਹੈ। ਪੀਰਾਂ ਫਕੀਰਾਂ ਨੇ ਵੀ ਇਹਨਾਂ ਸੰਘਰਸ਼ਾਂ ਦਾ ਸਾਹਮਣਾ ਕੀਤਾ ਹੈ। ਕਈ ਇਨਸਾਨ ਸੰਘਰਸ਼ ਦਾ ਸਾਹਮਣਾ ਨਹੀਂ ਕਰ ਪਾਉਂਦੇ ਤੇ ਉਹ ਪਹਿਲਾਂ ਹੀ ਆਪਣੀ ਹਾਰ ਮੰਨ ਲੈਂਦੇ ਹਨ। ਕੁੱਝ ਨਕਰਾਤਾਮਕ ਵਿਚਾਰ ਵਾਲੇ ਲੋਕ ਵੀ ਅਜਿਹੇ ਲੋਕਾਂ ਦੇ ਹੌਸਲੇ ਨੂੰ ਢਹਿ ਢੇਰੀ ਕਰ ਦਿੰਦੇ ਹਨ। ਜ਼ਿੰਦਗੀ ਨੂੰ ਇੰਨਾ ਵਧੀਆ ਬਣਾਓ ਕਿ ਤੁਹਾਡੇ ਕੱਲ ਨੂੰ ਸੰਸਾਰ ਤੋਂ ਤੁਰ ਜਾਣ ਬਾਅਦ ਹੌਸਲਾ ਢਹਿ ਢੇਰੀ ਹੋਇਆ ਇਨਸਾਨ ਤੁਹਾਨੂੰ ਚੇਤੇ ਕਰਕੇ ਆਪਣੀ ਮੰਜ਼ਿਲ ਵੱਲ ਅੱਗੇ ਵਧੇ। ਤੁਹਾਡੀ ਪ੍ਰੇਰਨਾ ਨਾਲ ਫਿਰ ਉਹ ਨਿੰਰਤਰ ਅੱਗੇ ਵੱਧਦਾ ਰਹੇ। ਕਈ ਵਾਰ ਤਾਂ ਇਨਸਾਨ ਦੀ ਇੱਕ ਮੁਸੀਬਤ ਖ਼ਤਮ ਨਹੀਂ ਹੁੰਦੀ ਕਿ ਦੂਜੀ ਸ਼ੁਰੂ ਹੋ ਜਾਂਦੀ ਹੈ। ਪੈਰ ਪੈਰ ਤੇ ਠੋਕਰਾਂ ਨਾਲ ਭਰੀ ਹੋਈ ਜ਼ਿੰਦਗੀ ਫਿਰ ਇਨਸਾਨ ਨੂੰ ਬੋਝ ਜਿਹੀ ਲੱਗਣ ਲੱਗ ਜਾਂਦੀ ਹੈ। ਫਿਰ ਅਜਿਹਾ ਇਨਸਾਨ ਜ਼ਿੰਦਗੀ ਬਸਰ ਕਰਦਾ ਹੀ ਨਹੀਂ, ਸਗੋਂ ਕੱਟਦਾ ਹੀ ਹੈ, ਕਿਉਂਕਿ ਉਸਦਾ ਜਿਗਰਾ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਟੁੱਟ ਚੁੱਕਾ ਹੁੰਦਾ ਹੈ। ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕਰਨ ਵਾਲਾ ਇਨਸਾਨ ਹੀ ਅੱਗੇ ਵਧਦਾ ਹੈ। 
\ਸਮਾਂ ਇੱਕ ਜਿਹਾ ਨਹੀਂ ਰਹਿੰਦਾ, ਜ਼ਿੰਦਗੀ ਲਗਾਤਾਰ ਅੱਗੇ ਵਧਦੀ ਰਹਿੰਦੀ ਹੈ। ਸਮਾਂ ਜ਼ਿੰਦਗੀ ਦੇ ਨਾਲ ਨਾਲ ਬਦਲਦਾ ਰਹਿੰਦਾ ਹੈ। ਸਮਾਜ ਵਿੱਚ ਰਹਿੰਦੇ ਹੋਏ ਤੁਸੀਂ ਸਾਰਿਆਂ ਨੂੰ ਕਦੇ ਵੀ ਖੁਸ਼ ਨਹੀਂ ਕਰ ਸਕਦੇ, ਕੋਈ ਇਨਸਾਨ ਤੁਹਾਡੇ ਬਾਰੇ ਕੀ ਸੋਚਦਾ ਹੈ, ਚੰਗਾ ਸੋਚਦਾ ਹੈ, ਮਾੜਾ ਸੋਚਦਾ ਹੈ ਇਹ ਤੁਹਾਨੂੰ ਸੋਚਣਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ। ਜੇ ਤੁਸੀਂ ਇਹ ਸੋਚਦੇ ਰਹੋਗੇ ਕਿ ਉਹ ਫਲਾਣਾ ਬੰਦਾ ਮੇਰੇ ਬਾਰੇ ਇੰਝ ਸੋਚਦਾ ਹੈ, ਫਿਰ ਤੁਸੀਂ ਆਪਣੇ ਕੰਮ ਤੇ ਕਦੇ ਵੀ ਟਿਕਾ ਕੇ ਫੋਕਸ ਨਹੀਂ ਕਰ ਪਾਓਗੇ। ਤੁਹਾਡਾ ਆਪਣਾ ਕਰਮ ਹੈ, ਤੁਸੀਂ ਆਪਣਾ ਵਧੀਆ ਕਰਮ ਕਰਦੇ ਰਹੋ। ਤੁਹਾਨੂੰ ਮੰਜ਼ਿਲ ਜਰੂਰ ਮਿਲੇਗੀ। ਲਾਲਚ ਵਿੱਚ ਆ ਕੇ ਕਦੇ ਵੀ ਆਪਣੀ ਜ਼ਮੀਰ ਨੂੰ ਮਰਨ ਨਾ ਦਿਓ। ਹਮੇਸ਼ਾ ਸੱਚ ਦਾ ਸਾਥ ਦਿਓ, ਚਾਹੇ ਤੁਹਾਡਾ ਕੋਈ ਦੁਸ਼ਮਣ ਹੀ ਕਿਉਂ ਨਾ ਹੋਵੇ। ਤੁਹਾਡੀ ਪਿੱਠ ਪਿੱਛੇ ਨਿੰਰਤਰ ਲੋਕ ਤੁਹਾਨੂੰ ਮਾੜਾ, ਚੰਗਾ ਬੋਲਦੇ ਹਨ। ਨਿੰਦਾ ਚੁਗਲੀ ਕਰਦੇ ਹਨ, ਉਹਨਾਂ ਨੂੰ ਪਿਛਾਂਹ ਹੀ ਰਹਿਣ ਦਿਓ, ਉਹਨਾਂ ਦਾ ਜੋ ਕਰਮ ਹੈ ਉਹਨਾਂ ਨੂੰ ਕਰਨ ਦਿਉ। ਹਮੇਸ਼ਾ ਸਮੇਂ ਦੀ ਸੁੱਚਜੀ ਵਰਤੋਂ ਕਰੋ।
ਸਮੇਂ ਦੀ ਸਹੀ ਵਰਤੋਂ ਕਰਕੇ ਤੁਸੀਂ ਆਪਣੇ ਟੀਚੇ ਵਿੱਚ ਕਾਮਯਾਬ ਹੋ ਸਕਦੇ ਹੋ। ਚੰਗੇ ਦੋਸਤਾਂ ਦਾ ਸੰਗ, ਚੰਗੀਆਂ ਕਿਤਾਬਾਂ, ਤੁਹਾਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰਰਿਤ ਕਰਦੀਆਂ ਹਨ। ਚੰਗੇ ਤੇ ਸਕਾਰਾਤਮਕ ਵਿਚਾਰਾਂ ਵਿੱਚ ਢਲੀ ਹੋਈ ਜ਼ਿੰਦਗੀ ਹੀ ਸਫ਼ਲ ਜ਼ਿੰਦਗੀ ਹੋ ਸਕਦੀ ਹੈ।
ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਟੀਚੇ ਦੀ ਬਹੁਤ ਮਹੱਤਤਾ ਹੈ। ਇਹ ਜਰੂਰੀ ਨਹੀਂ ਹੁੰਦਾ ਕਿ ਤੁਸੀਂ ਇਕਦਮ ਵੱਡਾ ਟੀਚਾ ਹਾਸਿਲ ਕਰ ਲਵੋ। ਜੋ ਸਿਵਲ ਸਰਵਿਸਜ਼ ਦੀ ਤਿਆਰੀ ਕਰਦੇ ਹਨ ਉਹਨਾਂ ਵਿੱਚੋਂ ਜਿਆਦਾਤਾਰ ਉਮੀਦਵਾਰ ਛੋਟੀਆਂ ਪੋਸਟਾਂ ਤੇ ਲੱਗੇ ਹੁੰਦੇ ਹਨ, ਕਈ ਉਮੀਦਵਾਰ ਪ੍ਰਾਈਵੇਟ ਨੌਕਰੀ ਵੀ ਕਰਦੇ ਹਨ। ਛੋਟੀਆਂ ਪੋਸਟਾਂ ਤੇ ਲੱਗ ਕੇ ਫਿਰ ਉਹ ਅੱਗੇ ਵੱਧਣ ਲਈ ਉਹਨਾਂ ਦੀ ਦਿਲਚਸਪੀ ਵਧੀਆ ਮੁਕਾਮ ਹਾਸਿਲ ਕਰਨ ਲਈ ਹੱਲਾਸ਼ੇਰੀ ਦਿੰਦੀ ਹੈ। ਚੰਗੇ ਵਿਚਾਰਾਂ ਵਾਲਾ ਇਨਸਾਨ ਲਗਾਤਾਰ ਅੱਗੇ ਵੱਧਦਾ ਰਹਿੰਦਾ ਹੈ। ਅੱਕ ਕੇ ਜਾ ਥੱਕ ਕੇ ਜਾਂ ਨਕਰਾਤਮਕ ਵਿਚਾਰਾਂ ਨਾਲ ਕਦੇ ਵੀ ਨਾ ਰੁਕੋ। ਆਪਣੀ ਟੀਚੇ ਦਾ ਲੋਕਾਂ ਵਿੱਚ ਢੰਡੋਰਾ ਕਦੇ ਨਾ ਪਿੱਟੋ, ਲੋਕ ਤੁਹਾਡੀ ਤਰੱਕੀ ਨੂੰ ਦੇਖ ਕੇ ਕਦੇ ਵੀ ਖੁਸ਼ ਨਹੀਂ ਹੁੰਦੇ। ਆਪਣੇ ਆਪ ਨੂੰ ਵਧੀਆ ਸਨਮਾਨ ਦਿਓ। ਜਦੋਂ ਵੀ ਤੁਸੀਂ ਇੱਕਲੇ ਹੁੰਦੇ ਹਨ ਤਾਂ ਆਪਣੇ ਆਪ ਨਾਲ ਗੱਲਾਂ ਕਰੋ, ਆਪਣੀਆਂ ਕਮੀਆਂ ਨੂੰ ਖ਼ੁਦ ਜਾਣੋ, ਦੂਜਿਆਂ ਸਾਹਮਣੇ ਕਦੇ ਵੀ ਆਪਣੀ ਕਮੀਆਂ ਨਾ ਰੱਖੋ। ਕੋਈ ਵਿਰਲਾ ਹੀ ਸੱਜਣ ਮਿੱਤਰ ਜੋ ਤੁਹਾਡੀਆਂ ਕਮੀਆਂ ਤੁਹਾਨੂੰ ਦੱਸਦਾ ਹੋਵੇ, ਉਸ ਦੀਆਂ ਗੱਲਾਂ ਦਾ ਕਦੇ ਵੀ ਗੁੱਸਾ ਨਾ ਕਰੋ। ਖੁਸ਼ ਤੁਸੀਂ ਆਪ ਰਹਿਣਾ ਹੈ। ਆਪਣੇ ਮੱਥੇ ਤੇ ਗੁੱਸਾ, ਤਿਉੜੀ ਕਦੇ ਵੀ ਨਾ ਲੈ ਕੇ ਆਓ। ਇਹ ਭੁੱਲ ਜਾਓ ਕਿ ਅੱਜ ਦੇ ਜ਼ਮਾਨੇ ਵਿੱਚ ਜੋ ਤੁਸੀਂ ਦੁੱਖੀ ਹੋ ਤਾਂ ਤੁਹਾਨੂੰ ਕੋਈ ਆ ਕੇ ਹੱਲਾਸ਼ੇਰੀ  ਦੇ ਦੇਵੇਗਾ।
ਹਰ ਚੀਜ ਤੁਸੀਂ ਇੱਕ ਤਰਤੀਬ ਲਗਾ ਕੇ ਕਰਦੇ ਹੋ। ਜੋ ਜੀਵਨ ਜ਼ਿੰਦਗੀ ਦੀ ਜਾਚ ਹੈ, ਇਹ ਤੁਹਾਡੇ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਸਰ ਕਰਨਾ ਹੈ। ਕਦੇ ਵੀ ਜ਼ਿੰਦਗੀ ਵਿੱਚ ਕਿਸੇ ਨਾਲ ਬਹਿਸ ਨਾ ਕਰੋ। ਚਾਹੇ ਤੁਸੀਂ ਸਹੀ ਹੀ ਕਿਉਂ ਨਾ ਹੋਵੋ। ਅਕਸਰ ਦੇਖਦੇ ਹਾਂ ਕਿ ਸਰਕਾਰੀ ਦਫਤਰਾਂ ਵਿੱਚ ਸੀਨੀਅਰ, ਜੂਨੀਅਰਾਂ ਨਾਲ ਬਹੁਤ ਮਾੜੀ ਸ਼ਬਦਾਵਾਲੀ ਦੀ ਵਰਤੋਂ ਕਰਦੇ ਹਨ। ਹਮੇਸ਼ਾ ਸ਼ਾਂਤ ਰਹੋ। ਆਪਣੀ ਮਜ਼ਬੂਤੀ ਕਾਇਮ ਕਰਕੇ ਹੀ ਤੁਸੀਂ ਅੱਗੇ ਵੱਧ ਸਕਦੇ ਹੋ। ਦ੍ਰਿੜ ਇੱਛਾ ਸ਼ਕਤੀ ਨਾਲ ਤੁਸੀਂ ਕੁੱਝ ਵੀ ਹਾਸਿਲ ਕਰ ਸਕਦੇ ਹੋ। ਤੁਹਾਨੂੰ ਤੁਹਾਡੀ ਮੰਜ਼ਿਲ ਤੋਂ ਭਟਕਾਉਣ ਵਾਲੇ ਲੋਕ ਵੀ ਬਹੁਤ ਹੋਣਗੇ। ਜਿਹੜੇ ਲੋਕ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ, ਉਹ ਤੁਹਾਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕਰਨਗੇ। ਆਪਣਾ ਅੰਦਰਲਾ ਮਜ਼ਬੂਤ ਕਰੋ। ਅਕਸਰ ਜੋ ਇਨਸਾਨ ਮੁਕਾਮ ਨੂੰ ਹਾਸਿਲ ਕਰ ਲੈਂਦਾ ਹੈ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਸ ਨੇ ਕਿੰਨੀਆਂ ਮੁਸ਼ਕਿਲਾਂ  ਸਾਹਮਣਾ ਕੀਤਾ ਹੁੰਦਾ ਹੈ। ਸਾਨੂੰ ਸਿਰਫ ਇਸ ਦੀ ਸਫ਼ਲਤਾ ਹੀ ਦਿਸਦੀ ਹੈ।
ਹਮੇਸ਼ਾ ਵਰਤਮਾਨ ਵਿੱਚ ਰਹਿ ਕੇ ਹੀ ਤੁਸੀਂ ਅੱਗੇ ਵੱਧ ਸਕਦੇ ਹੋ। ਗਲਤੀਆਂ ਤੋਂ ਸਿੱਖੋ। ਵਰਤਮਾਨ ਨੂੰ ਵੇਖ ਕੇ ਤੇ ਭਵਿੱਖ ਨੂੰ ਨਿਹਾਰਨਾ ਹੀ ਅਸਲੀ ਜੀਵਨ ਜਾਚ ਹੈ। ਇਹ ਹੁਣ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਜਿਉਣਾ ਹੈ। ਜਿਹੋ ਜਿਹੇ ਵਿਚਾਰ ਤੁਹਾਡੇ ਅੰਦਰ ਹੋਣਗੇ, ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਢਲ ਜਾਵੇਗੀ।