ਗੁਰੂ ਜੀ ਨੇ ਧਰਤੀ ਅਨੰਦਪੁਰੀ ਤੇ
ਅੱਸੀ ਹਜ਼ਾਰ ਦਾ ਇਕੱਠ ਬੁਲਾਇਆ
ਕੋਈ ਦੇਵੋ ਸੀਸ ਤਲਵਾਰ ਸਾਡੀ ਮੰਗਦੀ
ਮੁੱਖੋਂ ਫਰਮਾਇਆ
ਦਇਆ ਰਾਮ ਉਠਿਆ ਭਰੇ ਇਕੱਠ ਚੋ
ਸੀਸ ਹਾਜ਼ਰ ਹੈ ਸਿਰ ਝੁਕਾਇਆ
ਗੁਰੂ ਜੀ ਲੈ ਗਏ ਝੱਟ ਤੰਬੂ ਵਿੱਚ
ਨਾਂ ਦੇਰ ਸੀ ਲਾਇਆ
ਲਹੂ ਭਿੱਜੀ ਤਲਵਾਰ ਨੂੰ ਝੱਟ
ਤੰਬੂ ਚੋਂ ਲੈ ਕੇ ਬਾਹਰ ਸੀ ਆਏ
ਇੱਕ ਸੀਸ ਹੋਰ ਤਲਵਾਰ ਮੰਗਦੀ
ਉਠੋ ਜੋ ਦੇਰ ਨਾਂ ਲਾਏ
ਏਦਾਂ ਪੰਜ ਸਿਰਾਂ ਦੀ ਮੰਗ ਕਰਕੇ
ਪੰਜ ਹੋ ਗਏ ਪੂਰੇ
ਨਿੱਤਰੇ ਭਰੇ ਇਕੱਠ ਚੋਂ
ਇਹ ਪੰਜ ਜਾਣੇ ਸੂਰੇ
ਸਰਬ ਲੋਹੇ ਦਾ ਬਾਟਾ ਲਿਆਕੇ
ਖੰਡਾਂ ਵਿੱਚ ਸੀ ਧਰਿਆ
ਪਾਣੀ ’ਚ ਪਤਾਸੇ ਪਾਕੇ
ਪੰਜ ਬਾਣੀਆਂ ਨੂੰ ਪੜਿਆ
ਹੋ ਗਈ ਖੰਡੇ ਦੀ ਪਹੁਲ ਤਿਆਰ ਸੀ
ਅੰਮ੍ਰਿਤ ਪੰਜਾਂ ਨੂੰ ਛਕਾਇਆ
ਹੁਣ ਤੁਸੀ ਮੈਨੂੰ ਵੀ ਛਕਾ ਦਿੳ
ਗੁਰੂ ਜੀ ਮੁੱਖੋ ਫਰਮਾਇਆ
ਇੰਜ ਖਾਲਸਾ ਪੰਥ ਸੀ ਕਲਗੀਆ
ਵਾਲੇ ਸਜਾਇਆ
ਸਾਬਤ ਸੂਰਤ ਪੰਜੇ ਕੱਕੇ ਧਾਰਕੇ
ਬੂਟਾ ਸਿੱਖੀ ਦਾ ਲਾਇਆ
ਸਿੱਖੀ ਦਾ ਬੂਟਾ ਵਧਿਆ ਸਾਰੇ ਜਗਤ ਵਿੱਚ
ਗੁਰੂ ਗੋਬਿੰਦ ਸਿੰਘ ਜੀ ਦਾ ਲਾਇਆ
ਮਨਾਈਏਂ ਖੁਸ਼ੀਆਂ ਨਾਲ ਸਾਰੇ
ਖਾਲਸਾ ਦਿਵਸ ਅੱਜ ਆਇਆ
ਗੁਰਚਰਨ ਸਿੰਘ ਧੰਜੂ