ਗੁਰਭਜਨ ਗਿੱਲਃ ਪੰਜ ਦਰਿਆਵਾਂ ਦੇ ਪੱਤਣਾਂ ਦਾ ਸੰਗਮ

ਲੋਕ ਮੰਚ ਪੰਜਾਬ ਵੱਲੋਂ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ ਵਿੱਚ 31ਮਾਰਚ ਨੂੰ ਨੰਦ ਲਾਲ ਨੂਰਪੁਰੀ ਪੁਰਸਕਾਰ ਸਮਾਰੋਹ ਤੇ ਪ੍ਰਕਾਸ਼ਨ ਹਿਤ
ਗੁਰਭਜਨ ਗਿੱਲ ਦੀ ਸ਼ਖ਼ਸੀਅਤ ਅਤੇ ਸ਼ਾਇਰੀ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਪਾਣੀਆਂ ਦੇ ਸੰਗਮ ਵਰਗੀ ਹੈ। ਉਸਦੀ ਸ਼ਖ਼ਸੀਅਤ ਅਤੇ ਸ਼ਾਇਰੀ ਆਪੋ ਵਿੱਚ ਘੁਲੇ ਮਿਲੇ ਹੋਏ ਹਨ। ਉਹ ਸ਼ਾਇਰੀ ਵਾਂਗ ਜੀਂਦਾ ਹੈ ਅਤੇ ਜੀਣ ਵਾਂਗ ਲਿਖਦਾ ਹੈ। ਉਸਦੀ ਸ਼ਾਇਰੀ ਅਤੇ ਸ਼ਖਸ਼ੀਅਤ ਪੰਜਾਬੀਆਂ ਦੀ ਉਸ ਤਰਜ਼ ਦੀ ਤਰਜਮਾਨੀ ਕਰਦੀ ਹੈ ਜਿਸਨੂੰ ਪੂਰਨ ਸਿੰਘ ਆਪਣੀ ਲਾਫਾਨੀ ਕਵਿਤਾ ‘ਬੇਪਰਵਾਹ ਜਵਾਨ ਪੰਜਾਬ ਦੇ’ ਵਿੱਚ ਪੇਸ਼ ਕਰਦਾ ਹੈ –
‘ਇਹ ਬੇਪਰਵਾਹ ਪੰਜਾਬ ਦੇ, ...
ਪਿਆਰ ਨਾਲ ਇਹ ਕਰਨ ਗੁਲਾਮੀ, ਪਰ ਟੈਂ ਨਾ ਮੰਨਣ ਕਿਸੇ ਦੀ।’
ਗੁਰਭਜਨ ਗਿੱਲ ਸ਼ਾਇਰੀ ਕਾਫੀ ਸ਼ਾਇਰੀ ਵੀ ਪੰਜਾਬੀਆਂ ਇਸੇ ਪਿਆਰ ਵਿੱਚ ਲਚਕੀਲੇ ਅਤੇ ਜੋਸ਼ ਵਿੱਚ ਅਣਖੀਲੇ ਸੁਭਾਅ ਵਾਲੇ ਪੰਜਾਬ ਅਤੇ ਪੰਜਾਬੀਅਤ ਵਾਲੇ ਸਰੋਕਾਰਾਂ ਅਤੇ ਇਸ ਨਾਲ ਜੁੜੇ ਵਿਚਾਰਾਂ ਨੂੰ ਪੇਸ਼ ਕਰਦੀ ਹੈ। ਉਹਨਾਂ ਦਾ ਇੱਕ ਬੇਹੱਦ ਹਰਮਨ ਪਿਆਰਾ ਸ਼ਿਅਰ ਹੈ: 
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ,
ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ।
ਇਸ ਇੱਕੋ ਸ਼ਿਅਰ ਵਿੱਚ ਪੰਜਾਬੀਆਂ ਦੀ ਸਦੀਆਂ ਦੀ ਇਤਿਹਾਸਕ ਜੀਵਨ ਜਾਚ ਸਮਾਈ ਹੋਈ ਹੈ ਅਤੇ ਸ਼ਾਇਦ ਪੰਜਾਬ ਸਦੀਆਂ ਤੋਂ ਆਪਣੇ ਸਵੈਮਾਣ ਅਤੇ ਗੈਰਤ ਵਾਲੀ ਇਸੇ ਗਰਦਨ ਉੱਚੀ ਰੱਖਣ ਦਾ ਮੁੱਲ ਆਪਣੇ ਅਣਖੀ ਪੁੱਤਰਾਂ ਪੋਰਸ, ਦੁੱਲ੍ਹੇ ਭੱਟੀ, ਅਹਿਮਦ ਖਾਂ ਖਰਲ, ਭਗਤ ਸਿੰਘ, ਊਧਮ ਸਿੰਘ ਅਤੇ ਹੋਰ ਅਨੇਕਾਂ ਸੂਰਬੀਰਾਂ ਦੇ ਰੂਪ ਵਿੱਚ ਚੁਕਾਉਂਦਾ ਆ ਰਿਹਾ ਹੈ। ਪਰ ਵਿਰਸੇ ਦੀ ਊਣੀ ਸਮਝ ਵਾਲੇ ਕਈ ਪੰਜਾਬੀ ਨੌਜੁਆਨ ਹੈਂਕੜ ਨੂੰ ਹੀ ਗੈਰਤ ਸਮਝਣ ਦਾ ਟਪਲਾ ਖਾ ਜਾਂਦੇ ਹਨ। ਗੈਰਤ ਮਹਿਜ ਹਿੰਸਾ ਦਾ ਵਿਖਾਵਾ ਨਹੀਂ ਬਲਕਿ ਉੱਚੀਆਂ ਸੁੱਚੀਆਂ ਮਾਨਵੀ ਕਦਰਾਂ ਕੀਮਤਾਂ ਦੀ ਰਾਖੀ ਹੈ ਜਿਸਨੂੰ ਸਚਿਆਰੇ ਕਿਰਦਾਰ ਵਾਲੇ ਲੋਕ ਨਾਇਕ ਹੀ ਪੂਰਾ ਕਰ ਸਕਦੇ ਹਨ। ਇਸੇ ਤਰਾਂ ਦਾ ਉਹਨਾਂ ਦਾ ਇੱਕ ਹੋਰ ਸ਼ਿਅਰ ਹੈ,
ਇਹ ਉੱਚੀ ਪੱਗ ਲੰਮੀ ਧੌਣ ਦੇ ਹੀ ਕਾਰਨੇ ਹੋਇਐ,
ਅਸਾਨੂੰ ਚੀਰਿਆ ਸ਼ੈਤਾਨ ਹੀ ਦੋ ਪੰਜਾਬਾਂ ਵਿੱਚ।
ਬੇਸ਼ੱਕ ਗੁਰਭਜਨ ਗਿੱਲ ਦੀ ਸ਼ਾਇਰੀ ਉਸਦੀ ਸ਼ਖਸ਼ੀਅਤ ਵਾਂਗ ਬਹੁਪਰਤੀ ਹੈ ਪਰ ਇਸਦੀ ਮੁੱਖ਼ ਸੁਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਾਲੀ ਹੈ। ਇਸ ਪੱਖੋਂ ਗੁਰਭਜਨ ਗਿੱਲ ਨੂੰ ਪੰਜਾਬ ਦਾ ਕੌਮੀ ਕਵੀ ਕਿਹਾ ਜਾ ਸਕਦਾ ਹੈ ਜੋ ਆਪਣੇ ਤੋਂ ਪੂਰਬਲੇ ਕੌਮੀ ਕਵੀਆਂ ਸ਼ਾਹ ਮੁਹੰਮਦ ਅਤੇ ਪੂਰਨ ਸਿੰਘ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਰਨਾਏ ਪੰਜਾਬੀਅਤ ਦੇ ਜਜ਼ਬੇ ਵਾਲੀ ਪਿਰਤ ਨੂੰ ਅੱਗੇ ਤੋਰਦਾ ਹੈ।
ਮਾਤ ਭਾਸ਼ਾ ਅਤੇ ਪੰਜਾਬੀਅਤ ਵਾਲੇ ਇਸੇ ਜਜ਼ਬੇ ਦੀ ਸ਼ਿੱਦਤ ਅਧੀਨ ਉਹ ਆਪਣੀ ਕਾਵਿ ਪੁਸਤਕ ‘ਫੁੱਲਾਂ ਦੀ ਝਾਂਜਰ’ ਆਪਣੀ ਮਾਂ ਦੇ ਨਾਲ ਨਾਲ ਆਪਣੀ ਮਾਂ ਬੋਲੀ ਅਤੇ ਪੰਜਾਬ ਦੀ ਧਰਤੀ ਮਾਂ ਨੂੰ ਸਮਰਪਤ ਕਰਦਾ ਹੈ। ਪੰਜਾਬ ਦੀ ਵੰਡ, ਦੋਵਾਂ ਪੰਜਾਬਾਂ ਦੇ ਲੋਕਾਂ ਦੇ ਵਿਛੋੜੇ ਦਾ ਦਰਦ, ਪੰਜਾਬੀਆਂ ਦੀ ਬਰਬਾਦੀ ਦੀ ਕੀਮਤ ਨਾਲ ਮਿਲੀ ਆਜ਼ਾਦੀ, ਪੰਜਾਬ ਦਾ ਚੁਰਾਸੀ ਦੇ ਦੌਰ ਦਾ ਸੰਤਾਪ, ਪੰਜਾਬੀ ਰਹਿਤਲ ਦੀਆਂ ਮਾਨਵੀ ਕਦਰਾਂ ਕੀਮਤਾਂ ਦਾ ਨਿਘਾਰ, ਕਿਸਾਨੀ ਤੇ ਜਵਾਨੀ ਦੀ ਮੰਦਹਾਲੀ ਅਤੇ ਨਿਓਟੇ, ਨਿਆਸਰੇ ਨਿਮਨ ਵਰਗਾਂ ਅਤੇ ਔਰਤ ਦੀ ਬਦਹਾਲੀ ਆਦਿ ਸਰੋਕਾਰ ਉਸਦੀ ਦੀ ਸ਼ਾਇਰੀ ਵਿੱਚ ਬਖੂਬੀ ਪੇਸ਼ ਹੁੰਦੇ ਹਨ।
ਉਸਦਾ ਪੰਜਾਬ ਦਾ ਤੁਅਸਬ ਸਿਰਫ ਢਾਈ ਨਦੀਆਂ ਵਾਲੇ ਪੰਜਾਬ ਦਾ ਨਹੀਂ ਬਲਕਿ ਪੰਜ ਦਰਿਆਵਾਂ ਦੇ ਸਾਂਝੇ ਦੋਵਾਂ ਦਰਿਆਵਾਂ ਤੋਂ ਵੀ ਅੱਗੇ ਸੱਤ ਸਮੁੰਦਰਾਂ ਪਾਰ ਤੱਕ 150 ਮੁਲਕਾਂ ਵਿੱਚ ਵਸਦੇ ਪੰਜਾਬ ਵਾਲਾ ਹੈ। ਉਸਦੀ ਸ਼ਾਇਰੀ ਵਿੱਚ ਪੰਜਾਬ ਦੀ ਮਨਹੂਸ ਵੰਡ ਅਜੇ ਵੀ ਟਸ ਟਸ ਕਰਦੀ ਮਹਿਸੂਸ ਹੁੰਦੀ ਹੈ। ਉਹ ਇਸ ਵੰਡ ਅਤੇ ਭਰਾ ਮਾਰੂ ਜੰਗ ਵਿੱਚ ਮਾਰੇ ਗਏ ਦਸ ਲੱਖ ਪੰਜਾਬੀਆਂ, ਬੇਆਬਰੂ ਹੋਈਆਂ ਧੀਆਂ ਭੈਣਾਂ ਅਤੇ ਆਪਣੀ ਜੰਮਣ ਭੌਇ ਨੂੰ ਦੁਬਾਰਾ ਤੱਕਣ ਦੇ ਰੀਝ ਦਿਲ ਵਿੱਚ ਹੀ ਲੈ ਕੇ ਤੁਰ ਗਏ ਲੱਖਾਂ ਬਜ਼ੁਰਗਾਂ ਦੇ ਦਰਦ ਨੂੰ ਜ਼ਬਾਨ ਦਿੰਦਾ ਹੈ। ਉਹ ਵੰਡ ਉਪਰੰਤ ਵੀ ਦੋਵੇਂ ਪੰਜਾਬਾਂ ਦੇ ਸਾਂਝੇ ਦਰਦ ਨੂੰ ਬਖੂਬੀ ਪੇਸ਼ ਕਰਦਾ ਹੈ।

ਓਧਰ ਵੀ ਪੀੜਾਂ ਘੱਟ ਨਹੀਂ, ਏਧਰ ਵੀ ਸੁਪਨ ਕਰੰਡੇ ਗਏ।
ਸੂਰਜ ਦੇ ਹੁੰਦੇ ਸੁੰਦਿਆਂ ਵੀ ਅਸੀਂ ਸਿਖਰ ਦੁਪਹਿਰੇ ਵੰਡੇ ਗਏ।
ਇੰਜ ਹੀ ਉਹ ਇੱਕ ਹੋਰ ਥਾਂ ਲਿਖਦਾ ਹੈ
ਸਰਹੱਦ ਪਾਰ ਖਲੋਤੇ ਸੱਜਣਾ ਕਾਹਨੂੰ ਦਿਲ ਭਰਿਆ।
ਆਪਾਂ ਭਾਵੇਂ ਵੱਖ ਹਾਂ ਦੋਵੇਂ ਸਾਡਾ ਸਾਂਝਾ ਦੁੱਖ ਦਰਿਆ।

ਉਸਦੀ ਕਾਵਿ ਪੁਸਤਕ ‘ਖੈਰ ਪੰਜਾਂ ਪਾਣੀਆਂ ਦੀ’ ਪੂਰਨ ਰੂਪ ਵਿੱਚ ਦੋਹਾਂ ਪੰਜਾਬਾਂ ਦੀ ਸਾਂਝ ਅਤੇ ਸਲਾਮਤੀ ਨੂੰ ਸਮਰਪਤ ਹੈ। ਉਸਦੀ ਕਵਿਤਾ ਵਿਚਲੇ ਵਿਰਾਸਤੀ ਗੁਣ ਵੀ ਉਸਨੂੰ ਬਾਕੀ ਕਵੀਆਂ ਨਾਲੋਂ ਨਿਵੇਕਲਾ ਬਣਾਉਂਦੇ ਹਨ –

‘ਧੇਤੇ ਨਾਲ ਪੁਤੇਤੇ ਰਲ ਗਏ ਪੀ ਗਏ ਦਾਰੂ ਦਾ ਦਰਿਆ।
ਦੀਵੇ ਬੁਝੇ ਦਵਾਖੜੀਆਂ ’ਚੋਂ ਘਰਕੀਣਾਂ ਨੂੰ ਥਾਂ ਮਿਲਿਆ।
ਟਾਂਡ ਦੇ ਉੱਤੇ ਕੁਝ ਨਹੀਂ ਦਿਸਦਾ ਘੜਵੰਜੀ ਤੇ ਘੜੇ ਧਰੇ,
ਸਬਰਕੱਤੇ ਵਿਹੜੇ ਅੰਦਰ, ਚੀਚ ਵਹੁਟੀਆਂ ਚੋਪ ਲਿਆ।’

ਉਸਦੀ ਜਿਆਦਾਤਰ ਕਵਿਤਾ ਗਜ਼ਲ ਜਾਂ ਲੈਅਬੱਧ ਰੂਪ ਵਾਲੀ ਹੈ ਜਿਸ ਵਿੱਚ ਲੋਕ ਗੀਤਾਂ ਵਰਗੀ ਰਵਾਨੀ ਹੈ। ਉਸਦੀ ਸ਼ਖਸ਼ੀਅਤ ਵਿੱਚ ਵੀ ਦਰਿਆਵਾਂ ਵਰਗਾ ਅਲਬੇਲਾਪਣ ਅਤੇ ਆਪਣੀਆਂ ਪੈੜਾਂ ਆਪ ਬਣਾਉਣ ਵਾਲਾ ਮਟਕੀਲਾਪਣ ਹੈ। ਉਸਦੀ ਦਰਿਆਦਿਲੀ, ਖਿੜੇ ਮੱਥੇ ਮਿਲਣ ਵਾਲਾ ਸੁਭਾਅ ਅਤੇ ਸਕਾਰਾਤਮਕ ਸੋਚ ਮਿਲਕੇ ਦੋਵੇਂ ਪੰਜਾਬਾਂ ਵਿੱਚ ਉਸਦੀ ਹਰਮਨ ਪਿਆਰਤਾ ਦਾ ਸਬੱਬ ਬਣਦੇ ਹਨ।
ਗੁਰਭਜਨ ਗਿੱਲ ਦੀ ਕਵਿਤਾ ਪਰਿਵਾਰ, ਪਿੰਡ ਤੋਂ ਲੈ ਕੇ ਗਲੋਬਲ ਪੱਧਰ ਦੇ ਸਰੋਕਾਰਾਂ ਨੂੰ ਕਾਵਿ ਕਲਾਵੇ ਵਿੱਚ ਲੈਣ ਵਾਲੀ ਹੈ। ਉਹ ਇੱਕ ਪਾਸੇ ਲਿਖਦਾ ਹੈ,
‘ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ,
ਸਾਨੂੰ ਅੜੇ ਥੁੜੇ ਵੇਲੇ ਸੱਚੀਂ ਬੜਾ ਕੰਮ ਆਇਆ।
ਆਡਾਂ ਬੰਨਿਆਂ ਤੇ ਦੌੜਦੇ ਨਾ ਅਸੀਂ ਕਦੇ ਡਿੱਗੇ,
ਸੰਗਮਰਮਰ ਉੱਤੇ ਸਾਨੂੰ ਤੁਰਨਾ ਨਾ ਆਇਆ’
ਅਤੇ ਦੂਜੇ ਪਾਸੇ ਨੈਲਸਨ ਮੰਡੇਲਾ ਦੀ ਰਿਹਾਈ ਤੇ ਮੁਖਾਤਬ ਹੋ ਕੇ ਕਹਿੰਦਾ ਹੈ।

ਦੋ ਬਨਵਾਸਾਂ ਬਾਅਦ ਸੋਹਣਿਆਂ ਘਰ ਆਇਆ ਹੈ,
ਜੀ ਆਇਆਂ ਨੂੰ।

ਚਿੱਟੇ ਖੂਨ ਦੇ ਕਾਲੇ ਸਾਗਰ ਤਰ ਆਇਆ ਹੈ,
ਜੀ ਆਇਆਂ ਨੂੰ।

ਨਿਮਾਣਿਆਂ ਨਿਤਾਣਿਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਹੋਇਆ ਉਹ ਕਟਾਕਸ਼ ਕਰਦਾ ਹੈ,
ਭੀਲ ਬੱਚਾ ਫੇਰ ਹਜ਼ਾਰ ਹੇ ਦ੍ਰੋਣਾਚਾਰਿਆ,
ਮੈਂ ਦਰਾਵੜ ਏਕਲਾਵਿਆ ਤੂੰ ਬ੍ਰਾਹਮਣ ਆਰੀਆ।
ਉਸਦੀ ਗਜ਼ਲ ਦਾ ਇੱਕ ਹੋਰ ਲਾਸਾਨੀ ਸ਼ਿਅਰ ਹੈ,
‘ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ,
ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ।’

ਗੁਰਭਜਨ ਗਿੱਲ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਹੈ, ਉਹ ਫਸਲਾਂ ਵਾਂਗ ਮੋਹ, ਮੁਹੱਬਤ ਦੇ ਫੁੱਲ, ਫਸਲਾਂ ਵੀ ਬੀਜਣਾ ਜਾਣਦਾ ਹੈ।
ਉਹ ਸਕਾਰਾਤਮਕ ਊਰਜਾ ਦੇ ਫੁੱਟਦੇ ਝਰਨੇ ਵਾਂਗ ਹੈ ਜੋ ਆਲੇ ਦੁਆਲੇ ਨੂੰ ਸਿੰਜਦਾ ਤੁਰਿਆ ਜਾਂਦਾ ਹੈ। ਉਸ ਨਾਲ ਲੰਮਾ ਸਮਾਂ ਨਾਰਾਜ਼ ਰਹਿਣਾ ਸੰਭਵ ਨਹੀਂ ਹੈ। ਵੱਡੇ ਤੋਂ ਵੱਡੇ ਗ਼ੁੱਸੇ ਗਿਲੇ ਦਾ ਪਹਾੜ ਚੁੱਕੀ ਫਿਰਦੇ ਉਸਦੇ ਸਵੈ-ਸਥਾਪਤ ਵਿਰੋਧੀ ਉਸਦੀ ਇੱਕ ਟਿੱਚਰ ਦੀ ਮਾਰ ਹੁੰਦੇ ਹਨ।
ਗੁਰਭਜਨ ਗਿੱਲ ਵਾਹਦ ਐਸਾ ਹਰਫਨ ਮੌਲਾ ਪੰਜਾਬੀ ਸ਼ਖਸ ਹੈ ਜੋ ਸਿਰਫ ਲੇਖਕ ਨਹੀ ਬਲਕਿ ਸਫ਼ਲ ਪ੍ਰਬੰਧਕ, ਸੰਪਾਦਕ, ਖੇਡ ਅਤੇ ਮੋਹਨ ਸਿੰਘ ਯਾਦਗਾਰੀ ਮੇਲਿਆਂ ਦੇ ਜਗਤ ਨਾਲ ਜੁੜੇ ਖੇਤਰਾਂ ਵਿੱਚ ਵੀ ਅਹਿਮ ਜ਼ੁੰਮੇਵਾਰੀਆਂ ਨਿਭਾਉਣ ਵਾਲਾ ਸਰਗਰਮ ਕਾਰਕੁੰਨ ਹੈ।
ਉਹ ਪੰਜਾਬ ਅਤੇ ਪੰਜਾਬੀਅਤ ਦਾ ਪਰਚਮ ਬੁਲੰਦ ਕਰਨ ਵਾਲਾ ਆਲਮੀ ਅਲੰਬਰਦਾਰ ਹੈ। ਉਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਰਨਾਈ ਇੱਕ ਤੁਰਦੀ ਫਿਰਦੀ ਸੰਸਥਾ ਹੈ। ਉਹ ਸੱਤ ਮਾਹਲਾਂ ਵਾਲੇ ਖੂਹ ਵਾਂਗ ਨਾਲੋ ਨਾਲ ਕਈ ਸਕਾਰਾਤਮਕ ਕਾਰਜ ਕਰਨ ਵਾਲਾ ਇੱਕ ਪ੍ਰਤੀਬੱਧ ਸਭਿਆਚਾਰਕ ਕਰਮੀ ਹੈ। ਕਦੇ ਸਿਰਜਣਾ ਦੇ ਭਰ ਵਗਦੇ ਦਰਿਆ ਵਾਂਗ ਕਮਾਲ ਦੀ ਕਵਿਤਾ ਲਿਖ ਰਿਹਾ ਹੁੰਦਾ ਹੈ, ਕਦੇ ਕਿਤੇ ਖੇਡਾਂ ਦੇ ਮੈਦਾਨ ਵਿੱਚ ਖਿਡਾਰੀਆਂ ਤੇ ਪ੍ਰਬੰਧਕਾਂ ਨੂੰ ਥਾਪੜਾ ਦੇ ਰਿਹਾ ਹੁੰਦਾ ਹੈ, ਕਿਤੇ ਮੋਹਨ ਸਿੰਘ ਸੱਭਿਆਚਾਰਕ ਮੇਲੇ ਤੇ ਗਵੱਈਆਂ, ਗੀਤਕਾਰਾਂ ਨੂੰ ਹੱਲਾਸ਼ੇਰੀ ਦੇਣ ਪੁੱਜ ਜਾਂਦਾ ਹੈ, ਕਦੇ ਉਹ ਬੱਸੀਆਂ ਕੋਠੀ ਰਾਏਕੋਟ ਵਰਗੀਆਂ ਮਹੱਤਵਪੂਰਨ ਪਰ ਅਣਗੌਲੀਆਂ ਵਿਰਾਸਤੀ ਥਾਵਾਂ ਨੂੰ ਉਜਾਗਰ ਕਰਨ ਵਾਲਾ ਪੁਰਾਤਤਵ ਕਰਮੀ ਬਣ ਜਾਂਦਾ ਹੈ ਤੇ ਕਦੇ ਸੰਤ ਸੰਧੂ ਵਰਗੇ ਫ਼ਕੀਰਾ ਨਾ ਕਲਮਕਾਰਾਂ ਨੂੰ ਸਨਮਾਨ ਕਰਨ ਲਈ ਉਹਨਾਂ ਦੀਆਂ ਖ਼ਾਨਗਾਹਾਂ ਤੱਕ ਪਹੁੰਚ ਕਰਦਾ ਹੈ।
ਉਹ ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਵਰਗੀ ਨਾਮਵਰ ਸੰਸਥਾ ਦੀ ਚਾਰ ਸਾਲ ਲਗਾਤਾਰ ਸਦਾਰਤ ਕਰ ਚੁੱਕਾ ਹੈ ਅਤੇ ਕਈ ਹੋਰ ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਜੁੜ ਕੇ ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਉਸਦਾ ਸੋਸ਼ਲ ਮੀਡੀਆ, ਖਾਸਕਰ ਵਟਸਐਪ  ਦੇ ਕਈ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਕਈ ਗਰੁੱਪਾਂ ਨੂੰ ਚਲਾਉਣਾ ਵੀ ਉਸਦਾ ਜੇਬੀ ਮਸ਼ੀਨ ਨੂੰ ਸਮਾਜ ਲਈ ਸਾਕਾਰਾਤਮਕ ਤਰੀਕੇ ਨਾਲ ਵਰਤਣ ਤੇ ਜੋੜਨ ਦੀ ਮਿਸਾਲ ਹੈ।
ਉਹ 17 ਕਾਵਿ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲ਼ੀ ਪਾ ਚੁੱਕਾ ਹੈ। ਉਹ ਛੋਟੇ ਤੋਂ ਛੋਟੇ ਕਲਮਕਾਰ ਦੇ ਚੰਗੇ ਕਲਾਮ ਤੋਂ ਕਾਇਲ ਹੋ ਉਸਦੀ ਉਸਤਤ ਕਰ ਹੌਸ਼ਲਾ ਅਫ਼ਜ਼ਾਈ  ਕਰਨ ਵਾਲਾ ਦਿਲ ਅਤੇ ਵੱਡੇ ਤੋਂ ਵੱਡੇ ਅਹਿਲਕਾਰ, ਸਿਆਸਤਦਾਨ ਨੂੰ “ਬੰਦਾ ਬਣ ਜਾ” ਕਹਿਣ ਦਾ ਜਿਗਰਾ ਰੱਖਦਾ ਹੈ। ਪਰ ਇਹ ਉਸਦੀ ਵਡਿਆਈ ਹੈ ਕਿ ਅਜਿਹਾ ਕਰਦਿਆਂ ਉਹ ਕਦੇ ਵੀ ਨਿਮਰਤਾ ਦਾ ਪੱਲਾ ਨਹੀਂ ਛੱਡਦਾ ਅਤੇ ਆਪਣੀ ਗ਼ਜ਼ਲ ਪੁਸਤਕ ਮਿਰਗਾਵਲੀ ਵਿੱਚ ਬਾਬਾ ਨਾਨਕ ਦੀ ਪ੍ਰੇਰਣਾ ਵਿੱਚ ਤਸਲੀਮ ਕਰਦਾ ਹੈ ਕਿ ‘ਮੈਂ ਕੋਈ ਵੱਡਾ ਇਨਕਲਾਬੀ ਕਵੀ ਨਹੀਂ ਹਾਂ, ਸਧਾਰਨ ਸ਼ਬਦ ਸਾਧਕ ਹਾਂ, ਪਰ ਆਪਣੇ ਕਲਾਮ ਵਿੱਚ ਚੋਰ ਨੂੰ ਚੋਰ ਤਾਂ ਕਹਿ ਹੀ ਸਕਦਾ ਹਾਂ।’ ਪਿੰਡਾਂ ਕਸਬਿਆਂ ਦੇ ਆਮ ਲਿਖਾਰੀਆਂ ਤੋਂ ਲੈ ਕੇ ਚੰਡੀਗੜ੍ਹ ਸਕੱਤਰੇਤ ਤੱਕ ਦੇ ਰਸੂਖਵਾਨ ਅਧਿਕਾਰੀ ਅਤੇ ਸਿਆਸਤਦਾਨ ਪਿਆਸੇ ਪੰਛੀਆਂ ਵਾਂਗ ਉਸਦੇ ਮੋਹਵੰਤੇ ਖੂਹ ਦੀ ਮੌਣ ਤੇ ਆਮ ਹੀ ਆਉਂਦੇ ਵੇਖੇ ਜਾ ਸਕਦੇ ਨੇ। ਅਨੇਕਾਂ ਇਨਾਮ ਉਸਦੇ ਮੋਢਿਆਂ ਤੇ ਸਜ ਕੇ ਸਨਮਾਨਿਤ ਹੋ ਚੁੱਕੇ ਹਨ। ਅੱਜ ਜਲੰਧਰ ਦੇ ਹੰਸ ਹਾਜ ਮਹਿਲਾ ਵਿਦਿਆਲਯ ਵਿਖੇ ਲੋਕ ਮੰਚ ਪੰਜਾਬ ਵੱਲੋਂ ਨੰਦ ਲਾਲ ਨੂਰਪੁਰੀ ਪੁਰਸਕਾਰ ਮਿਲਣ ਤੇ ਗੁਰਭਜਨ ਗਿੱਲ ਹੁਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਲੰਮੇਰੀ ਅਤੇ ਚੰਗੇਰੀ ਜ਼ਿੰਦਗੀ ਲਈ ਸ਼ੁਭ ਕਾਮਨਾਵਾਂ।

ਹਰਵਿੰਦਰ ਚੰਡੀਗੜ੍ਹ