ਆਮ ਆਦਮੀ

ਇੱਜਤ ਦੀ ਰੋਟੀ, ਕੱਪੜਾ ਤੇ ਛੱਤ ਮਿਲ ਜਾਵੇ,
ਇਸੇ ਸੋਚ, ਸੋਚਾਂ ਵਿੱਚ, ਪਾਇਆ ਆਮ ਆਦਮੀ।।
ਭਾਵੇਂ ਗੋਰੇ, ਭੂਰਿਆਂ ਜਾਂ ਕਾਲਿਆਂ ਦਾ ਰਾਜ ਹੋਵੇ,
ਸਦਾ ਦੁਖੀ ਕੀਤਾ ਤੇ, ਰੁਆਇਆ ਆਮ ਆਦਮੀ।।
ਦੇਸ਼ ਕੌਮ ਖਤਰੇ 'ਚ, ਕਹਿਣ ਵਾਲਾ ਹੋਰ ਹੁੰਦਾ,
ਦੰਗਿਆਂ ਦੇ ਵਿੱਚ, ਮਰਵਾਇਆ ਆਮ ਆਦਮੀ।।

ਮਜ਼ਹਬਾਂ ਤੇ ਜਾਤਾਂ ਵਾਲੇ, ਟੁਕੜੇ ਅਨੇਕ ਕਰ,
ਆਪੋ ਵਿੱਚ ਜਾਂਦਾ ਹੈ, ਲੜਾਇਆ ਆਮ ਆਦਮੀ।।
ਥੋੜੇ ਹੋਣ ਤੇ ਵੀ ਕਾਬੂ, ਬਾਹਲ਼ਿਆਂ ਨੂੰ ਰੱਖੀ ਜਾਂਦੇ,
ਨੀਤਕਾਂ ਨੇ ਭੇਡੂ ਹੈ, ਬਣਾਇਆ ਆਮ ਆਦਮੀ।।
ਹੱਕ, ਸੱਚ, ਇਨਸਾਫ਼, ਬਾਰੇ ਸੋਚ ਸਕਦਾ ਨਾ,
ਨਸ਼ਿਆਂ ਦੇ ਨਾਲ ਹੈ, ਸੁਲਾਇਆ ਆਮ ਆਦਮੀ।।
ਜਾਲ਼ ਲਾਕੇ ਪਾਏ ਦਾਣੇ, ਹਰ ਵਾਰ ਚੁਗੀ ਜਾਂਦਾ,
ਗਰਜਾਂ ਦਾ ਪਿਆ ਹੈ, ਸਤਾਇਆ ਆਮ ਆਦਮੀ।।
ਵੱਡੇ ਵੱਡੇ ਖੱਬੀ ਖਾਨ, ਪੈਰਾਂ ਵਿੱਚ ਰੁਲ਼ ਜਾਣੇ,
ਆਪਣੀ ਆਈ ਤੇ ਜਦੋਂ, ਆਇਆ ਆਮ ਆਦਮੀ।।

                                   --ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)