ਕੰਨ ਵਿੱਚ ਫੂਕ 

ਰੱਬ ਜਾਣੇ ਅੱਜਕਲ ਪੰਜਾਬ ਦੇ ਨੌਜਵਾਨਾਂ ਨੂੰ ਕੀ ਹੋ ਗਿਆ ਹੈ। ਦਸਵੀਂ ਕਰਦਿਆਂ ਹੀ ਬਾਹਰਲਾ ਭੂਤ ਸਵਾਰ ਹੋ ਜਾਂਦਾ ਹੈ। ਕਦੇ ਕਿਸੇ ਨੇ ਇਹ ਗੱਲ ਨਹੀਂ ਕੀਤੀ ਕਿ ਕਿਹੜੇ ਸ਼ਹਿਰ ਵਿੱਚ ਕਿਹੜਾ ਕਾਲਜ ਜਾਂ ਨਵੀ ਯੂਨੀਵਰਸਿਟੀ ਬਣੀ ਹੈ। ਉਥੇ ਕਿਹੜੇ ਕਿਹੜੇ ਕੋਰਿਸ ਕਰਵਾਏ ਜਾਂਦੇ ਹਨ। ਹਰਗਿਜ਼ ਨਹੀਂ ਬਸ ਇਹ ਜ਼ਰੂਰ ਪੁੱਛਿਆ ਜਾਂਦਾ ਹੈ। ਕਿ  ਕਿਹੜੇ ਸ਼ਹਿਰ ਵਿੱਚ ਕਿਹੜਾ ਆਈਲੈਟਸ ਸੈਂਟਰ ਚੰਗਾ ਹੈ। ਕਿੱਥੇ ਵੱਧ ਬੈਂਡ ਆਉਂਦੇ ਹਨ। ਬਸ ਇਸ ਤੋਂ ਅਗੇ ਸਾਰੀ ਸੋਚ ਬੰਦ ਹੋ ਗਈ ਹੈ। ਬਾਹਰਲਾ ਭੂਤ ਇੱਕਲਾ ਮੁੰਡਿਆਂ ਤੇ ਹੀ ਸਵਾਰ ਨਹੀਂ ਹੋਇਆ ਸਗੋਂ ਕੁੜੀਆਂ ਹੁਣ ਮੁੰਡਿਆਂ ਤੋਂ ਵੀ ਅੱਗੇ ਨਿੱਕਲ ਗਈਆਂ ਹਨ। ਜਿਸ ਕੋਲ ਕੋਈ ਚਾਰ ਕਿਲੇ ਜਮੀਨ ਜਾਇਦਾਦ ਹੈਗੀ ਵੀ ਹੈ। ਉਹ ਵੀ ਬਾਹਰ ਜਾ ਰਿਹਾ ਹੈ ਜਿਸ ਕੋਲ ਕੁੱਝ ਨਹੀਂ ਵੀ ਹੈਗਾ। ਉਹ ਵੀ ਠਗ ਠਗਾ ਕੇ ਬਸ ਬਾਹਰਲੇ ਮੁਲਕ ਵਿੱਚ ਜਾਣਾ ਚਾਹੁੰਦਾ ਹੈ। ਕਾਲਜਾਂ ਨੂੰ ਜੰਦਰੇ ਲਗ ਗਏ ਨੇ। ਯੂਨੀਵਰਸਿਟੀਆਂ ਬੰਦ ਹੋਣ ਦੇ ਕਿਨਾਰੇ ਪਹੁੰਚ ਚੁੱਕੀਆਂ ਨੇ। ਮਾਪੇ ਹੁਣ ਦੁਚਿੱਤੀ ਵਿਚ ਫਸੇ ਪਏ ਨੇ। ਇਸ ਗੱਲ ਦੀ ਕਿਸੇ ਨੂੰ ਕੁੱਝ ਸਮਝ ਨਹੀਂ ਆ ਰਹੀ। ਜੇ ਕਿਸੇ ਨਾਲ ਗੱਲ ਵੀ ਕੀਤੀ ਜਾਵੇ ਕਿ ਭਾਈ ਤੁਸੀਂ ਤਾਂ ਇਥੇ ਚੰਗੇ ਕਾਰੋਬਾਰ ਵਾਲੇ ਹੋ ਤੁਹਾਨੂੰ ਬਾਹਰ ਜਾਣ ਦੀ ਕੀ ਲੋੜ ਹੈ। ਅਗੋ ਮਾਂ ਪਿਉ ਇਹੋ ਹੀ ਕਹਿ ਦਿੰਦਾ ਹੈ ਕਿ ਇੱਥੇ ਨਸ਼ੇ ਬਹੁਤ ਹੋ ਗਏ ਹਨ। ਡਰ ਲਗਦਾ ਹੈ ਕਿ ਬੱਚੇ ਕਿਧਰੇ ਮਾੜੀ ਸੰਗਤ ਵਿੱਚ ਪੈ ਕੇ ਖਰਾਬ ਹੀ ਨਾ ਹੋ ਜਾਣ। ਕੁੱਝ ਕਹਿੰਦੇ ਹਨ ਕਿ ਸਾਡੇ ਕੋਲ ਕਿਹੜੀ ਜਿਆਦਾ ਜਾਇਦਾਦ ਹੈ ਅਸੀਂ ਸੋਚਦੇ ਹਾਂ ਕਿ ਜਿਹੜੀ ਕਿਲਾ ਸਵਾ ਹੇਗੀ ਹੈ। ਉਹ ਵੇਚ ਕੇ ਜਵਾਕ ਬਾਹਰ ਘਲ ਦਿੰਦੇ ਹਾਂ। ਸਾਰੀ ਉਮਰ ਲਈ ਬੱਚਾ ਵੀ ਸੁੱਖ ਮਾਣੇਗਾ ਤੇ ਸਾਡੀ ਵੀ ਜਿੰਦਗੀ ਸੁਖੀ ਹੋ
ਜਾਵੇਗੀ। ਹੁਣ ਗੱਲ ਇੱਥੇ ਆ ਕੇ ਰੁੱਕ ਗਈ ਹੈ। ਜੇਕਰ ਗੱਲ ਬਾਹਰਲਿਆਂ ਦੀ ਕਰੀਏ ਤਾਂ ਉਹ ਵੀ ਕਿਹੜੇ ਸੁਖੀ ਬੈਠੇ ਹਨ। ਜਿਹੜਾ ਵੀ  ਬੱਚਾ ਬਾਹਰਲੇ ਦੇਸ਼ਾਂ ਦੀ ਧਰਤੀ ਉਤੇ ਪੈਰ ਰੱਖਦਾ ਹੈ। ਉਸ ਉੱਤੇ ਸੱਮਸਿਆਵਾਂ ਦਾ ਹੜ੍ਹ ਆ ਜਾਂਦਾ ਹੈ। ਰਹਿਣਾ ਕਿਥੇ ਏ ਖਾਣਾ ਕੀ ਹੈ ਪੜ੍ਹਾਈ ਕਿਥੇ ਕਰਨੀ ਹੈ ਕੰਮ ਕਿਥੋਂ ਲੱਭਣਾ ਹੈ। ਪੜ੍ਹਾਈਆਂ ਦੇ ਖਰਚੇ ਫੀਸਾਂ ਭਰਨੀਆਂ ਬੇਸਮੈਂਟਾਂ ਦੇ ਕਿਰਾਏ ਹੋਰ ਸਭ ਕੁੱਝ ਮੁੱਲ ਦਾ। ਬੰਦਾ ਇੱਕ ਮਸ਼ੀਨ ਹੀ ਬਣ ਜਾਂਦਾ ਹੈ। ਦਿਨ ਰਾਤ ਸ਼ਿਫਟਾਂ ਲਾਉਣੀਆਂ ਤੁਰੇ ਜਾਂਦੇ ਰੋਟੀ ਖਾਣੀ। ਬੇਹੀਆਂ ਤ੍ਰਬੇਹੀਆਂ ਸਬਜ਼ੀਆਂ ਖਾਣੀਆਂ ਪੈਂਦੀਆਂ ਹਨ। ਸਿਰ ਨਹਾਉਣ ਦਾ ਸਮਾਂ ਨਹੀਂ ਮਿਲਦਾ ਬਿਨਾਂ ਧੋਤੇ ਕੱਪੜੇ ਪਾਉਣੇ ਪੈਂਦੇ ਹਨ। ਇਹ ਉਹਨਾਂ ਦੀ ਗੱਲ ਮੈਂ ਕਰ ਰਿਹਾ ਹਾਂ ਜਿਹੜੇ ਕੁਆਰੇ ਮੁੰਡੇ ਕੁੜੀਆਂ ਉੱਥੇ ਜਾ ਰਹੇ ਨੇ। ਜਿਹੜੇ ਵਿਆਹੇ ਵਰੇ ਗਏ ਨੇ ਉਹਨਾਂ ਦੀ ਹਾਲਤ ਤਾਂ ਹੋਰ ਗੰਭੀਰ ਹੈ। ਜਿਹਨਾਂ ਕੋਲ ਕੋਈ ਬੱਚਾ ਨਹੀਂ ਹੁੰਦਾ ਉਹ ਪਤੀ ਕਿਧਰੇ ’ਤੇ ਪਤਨੀ ਕਿਧਰੇ ਕੰਮ ਜਾਂਦੇ ਹਨ। ਦੱਸਣ ਵਾਲੇ ਦੱਸਦੇ ਨੇ ਕਿ ਦੋਵੇਂ ਜੀਅ ਹਫ਼ਤੇ ਹਫ਼ਤੇ ਬਾਹਦ ਹੀ ਇੱਕ ਛੱਤ ਥੱਲੇ ਇਕੱਠੇ ਹੁੰਦੇ ਹਨ। ਜਿਹਨਾਂ ਦੇ ਬੱਚੇ ਹੋ ਜਾਂਦੇ ਨੇ ਉਹਨਾਂ ਵਾਸਤੇ ਤਾਂ ਹੋਰ ਵੀ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ। ਬੱਚੇ ਨੇ ਬਿਮਾਰ ਵੀ ਹੋਣਾ ਹੁੰਦਾ ਹੈ, ਉਸ ਦੀ ਦਵਾਈ ਲਿਆਉਣਾ ਉਹਨਾਂ ਵਾਸਤੇ ਸਭ ਤੋਂ ਵੱਡੀ ਮੁਸੀਬਤ ਬਣ ਜਾਂਦੀ ਹੈ। ਇੱਧਰ ਨਾਲੋਂ ਕਈ ਗੁਣਾ ਖਰਚਾ ਵੱਧ ਉਧਰ ਹੁੰਦਾ ਹੈ। ਜਦੋਂ ਬੱਚੇ ਥੋੜ੍ਹੇ ਜਿਹੇ ਵੱਡੇ ਹੁੰਦੇ ਹਨ ਫਿਰ ਉਹਨਾਂ ਦੀ ਸਕੂਲਿੰਗ ਸ਼ੁਰੂ ਹੋ ਜਾਂਦੀ ਹੈ। ਮਾਂ ਪਿਓ ਨੇ ਕੰਮ ਤੇ ਜਾਣਾ ਹੁੰਦਾ ਹੈ ਤੇ ਬੱਚਿਆਂ ਨੇ ਸਕੂਲ ਵੀ। ਇਸ ਸਥਿਤੀ ਵਿੱਚ ਬਹੁਤੇ ਲੋਕ ਆਪਣੇ ਮਾਪਿਆਂ ਨੂੰ ਕੋਲ ਬੁਲਾ ਲੈਂਦੇ ਹਨ ਜਿਹਨਾਂ ਦੇ ਮਾਪੇ ਨਹੀਂ ਹੁੰਦੇ ਜਾਂ ਨਹੀਂ ਜਾਣ ਜੋਗੇ ਹੁੰਦੇ ਉਹਨਾਂ ਬਾਰੇ ਫਿਰ ਕੀ ਕਹਿਣਾ ਹੈ। ਇਸ ਗੱਲ ਦੀ ਸਮਝ ਅੱਜਕਲ ਸਾਡੇ ਮੁੰਡਿਆਂ ਕੁੜੀਆਂ ਨੂੰ ਨਹੀਂ ਲੱਗਦੀ। ਬਸ ਇੱਕ ਬਾਹਰ ਬਾਹਰ ਦੀ ਰੱਟ ਲਈ ਰੱਖਦੇ ਨੇ। ਮੈ ਤਾਂ ਜਿਸ ਕੋਲੋਂ ਵੀ ਸੁਣਿਆ ਹੈ ਕਿ ਭਾਈ ਤੁਹਾਡਾ ਮੁੰਡਾ ਕਈ ਸਾਲਾਂ ਤੋਂ ਬਾਹਰ ਗਿਆ ਹੈ। ਕਿੰਨਾ ਕੁ ਪੈਸਾ ਆਇਆ ਹੈ ਅਗੋ ਹਸ ਕਿ ਕਹਿੰਦੇ ਹਨ ਕਿਹੜੇ ਪੈਸੇ ਉਹ ਆਪਣਾ ਉਥੇ ਗੁਜ਼ਾਰਾ ਕਰ ਲੈਣ ਇੰਨਾ ਹੀ ਬਥੇਰਾ ਹੈ ਪਹਿਲੇ ਪੰਜ ਛੇ ਸਾਲ ਤਾਂ ਉਹ ਵਕੀਲਾਂ ਦੇ ਹੀ ਘਰ ਭਰਦੇ ਹਨ। ਪੱਕੇ ਹੋਣ ਵਾਸਤੇ ਫਾਈਲਾਂ ਹੀ ਪੈਸਾ ਖਾਂਦੀਆਂ ਨੇ ਜਦੋਂ ਪੱਕੇ ਹੋ ਜਾਂਦੇ ਨੇ ਫਿਰ ਉਹ ਆਪਣਾ ਘਰ ਤੇ ਗੱਡੀ ਲੈ ਲੈਂਦੇ ਨੇ ਬੱਸ ਫਿਰ ਮੱਕੜੀ ਦੇ
ਜਾਲੇ ਵਿੱਚ ਆਪ ਹੀ ਫਸ ਜਾਂਦੇ ਨੇ ਕੋਈ ਪੈਸਾ ਪੂਸਾ ਨਹੀਂ ਸਗੋਂ ਇਧਰੋਂ ਜਰੂਰ ਮੰਗਵਾ ਲੈਂਦੇ ਨੇ ਹੁਣ ਫੈਸਲਾ ਤੁਸਾਂ ਆਪ ਕਰਨਾ ਹੈ ਕਿ ਇੱਧਰ ਠੀਕ ਹੈ ਕਿ ਉੱਧਰ ਇਸ ਉੱਤੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਪਰ ਇੱਕ ਗੱਲ ਮੈਨੂੰ ਮੇਰੇ ਹਰਦਿਲ ਅਜ਼ੀਜ਼ ਮਿੱਤਰ ਨੇ ਦਸੀ ਕਿ ਜਿਹਨਾਂ ਪਰਿਵਾਰਾਂ ਦੇ ਬੱਚੇ ਥੋੜ੍ਹੇ ਜਿਹੇ ਸਮਝਦਾਰ ਹੋ ਜਾਂਦੇ ਹਨ। ਉਹ ਕੀ ਕਰਦੇ ਹਨ ਕਿ ਮਾਂ ਕੰਮ ਤੇ ਗਈ ਹੁੰਦੀ ਤੇ ਮਾਂ ਆਉਣ ਤੋਂ ਪਹਿਲਾਂ ਪਿਉ ਨੇ ਵੀ ਜਾਣਾ ਹੁੰਦਾ ਹੈ। ਉਹ ਫਿਰ ਬੱਚੇ ਦੇ ਕੰਨ ਵਿੱਚ ਫੂਕ ਮਾਰ ਜਾਂਦੇ ਹਨ ਤੂੰ ਸੁੱਤਾ ਰਹੀ ਤੇਰੀ ਮਾਂ ਹੁਣੇ ਆ ਜਾਵੇਗੀ, ਮੈਂ ਕੰਮ ਤੇ ਚੱਲਿਆ ਹਾਂ ਇਹ ਹੈ ਬਦੇਸ਼ਾ ਦੀ ਜਿੰਦਗੀ ਭਾਵੇਂ ਕੋਈ ਮੰਨੇ ਤੇ ਭਾਵੇ ਕੋਈ ਨਾ ਪਰ ਇਹ ਹੈ ਸੋਲਾਂ ਆਨੇ ਸੱਚ ਇਧਰੋਂ ਸਾਡੀ ਕਰੀਮ ਵੀ ਬਾਹਰ ਭੱਜੀ ਜਾਂਦੀ ਹੈ ਤੇ ਪੈਸਾ ਵੀ ਇਹ ਸਾਡੇ ਪੰਜਾਬ ਦੀ ਤ੍ਰਾਸਦੀ ਹੈ ਇਸ ਨੂੰ ਰੋਕਣਾ ਸਾਡਾ ਸਾਰਿਆ ਦਾ ਫਰਜ਼ ਬਣਦਾ ਸਾਨੂੰ ਆਪਣੇ ਫਰਜ਼ਾਂ ਤੋਂ ਪਾਸਾ ਨਹੀਂ ਵੱਟਣਾ ਚਾਹੀਦਾ।

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮਮਦੋਟ