ਤਾਪਮਾਨ ‘ਚ ਗਿਰਾਵਟ ਆਉਣ ਸਮੇਤ ਕਈ ਕਾਰਨਾਂ ਸਦਕਾ ਕਈ ਇਲਾਕਿਆਂ ‘ਚ ਕਣਕ ਦੀ ਫਸਲ ਪੀਲੀ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਫਸਲ ਦੇ ਪੀਲੇਪਣ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੀਆਂ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਦਕਿ ਫਸਲ ਦੇ ਪੀਲੇ ਹੋਣ ਦੇ ਅਸਲ ਕਾਰਨਾਂ ਤੋਂ ਬਹੁ-ਗਿਣਤੀ ਕਿਸਾਨ ਅਣਜਾਣ ਹਨ।
ਖੇਤੀ ਮਾਹਿਰਾਂ ਅਨੁਸਾਰ ਕਣਕ ਦੇ ਪੀਲੇ ਹੋਣ ਦੇ ਅਨੇਕਾਂ ਕਾਰਨ ਹਨ ਜਿਨ੍ਹਾਂ ‘ਚੋਂ ਕਈ ਕਾਰਨ ਤਾਂ ਮੌਸਮ ਦੀ ਤਬਦੀਲੀ ਨਾਲ ਹੀ ਸਬੰਧਤ ਹਨ ਜਦਕਿ ਕੁਝ ਕਾਰਨ ਖੁਰਾਕੀ ਤੱਤਾਂ ਦੀ ਘਾਟ ਨਾਲ ਸਬੰਧਤ ਹੁੰਦੇ ਹਨ ਪਰ ਕਿਸਾਨ ਜ਼ਿਆਦਾ ਵਾਰ ਏਹੀ ਸਮਝਦੇ ਹਨ ਕਿ ਕਣਕ ਵਿਚ ਯੂਰੀਆ ਦੀ ਘਾਟ ਕਾਰਨ ਪੀਲਾਪਣ ਆ ਗਿਆ ਹੈ ਜਾਂ ਫਿਰ ਪੀਲੀ ਕੁੰਗੀ ਨਾਂ ਦੀ ਬੀਮਾਰੀ ਦਾ ਹਮਲਾ ਹੈ।
ਇਸ ਕਾਰਨ ਕਿਸਾਨ ਜਾਂ ਤਾਂ ਯੂਰੀਆ ਖਾਦ ਦੀ ਵਰਤੋਂ ਧੜੱਲੇ ਨਾਲ ਸ਼ੁਰੂ ਕਰ ਦਿੰਦੇ ਹਨ ਜਾਂ ਫਿਰ ਉਹ ਪੀਲੀ ਕੁੰਗੀ ਦੀ ਰੋਕਥਾਮ ਲਈ ਕਈ ਬੇਲੋੜੀਆਂ ਦਵਾਈਆਂ ਦਾ ਛਿੜਕਾਅ ਕਰਨ ਲੱਗ ਪੈਂਦੇ ਹਨ, ਜਿਸ ਨਾਲ ਕਿਸਾਨਾਂ ‘ਤੇ ਵਾਧੂ ਬੋਝ ਪੈ ਜਾਂਦਾ ਹੈ।
ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਫਸਲ ਦੇ ਪੀਲੇ ਪੈਣ ਕਈ ਕਾਰਨ ਹਨ ਜਿਨ੍ਹਾਂ ‘ਚੋਂ ਮੁੱਖ ਤੌਰ ‘ਤੇ ਕਣਕ ਦੇ ਬੀਜ ਦੀ ਕਿਸਮ, ਬੀਜਾਈ ਦਾ ਢੰਗ, ਫਸਲ ‘ਚ ਵਰਤੀਆਂ ਗਈਆਂ ਖਾਦਾਂ ਦੀ ਮਾਤਰਾ, ਖੇਤ ਦੀ ਮਿੱਟੀ ਦੀ ਕਿਸਮ, ਮੌਸਮ ਦਾ ਪ੍ਰਭਾਵ, ਖੇਤ ‘ਚ ਸਿੱਲ ਅਤੇ ਸੇਮ ਦਾ ਪ੍ਰਭਾਵ ਆਦਿ ਸ਼ਾਮਲ ਹਨ।
ਇਸੇ ਤਰ੍ਹਾਂ ਕੁਝ ਬੀਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਪੀਲੇਪਣ ਦਾ ਕਾਰਨ ਬਣਦਾ ਹੈ। ਇਨ੍ਹਾਂ ‘ਚੋਂ ਮੌਸਮ ਅਤੇ ਪਾਣੀ ਨਾਲ ਸਬੰਧਤ ਕਾਰਨਾਂ ਕਰ ਕੇ ਪੀਲੀ ਹੋਈ ਕਣਕ ਦੀ ਫਸਲ ਤਾਂ ਮੌਸਮ ਦੀ ਤਬਦੀਲੀ ਦੇ ਬਾਅਦ ਆਪਣੇ ਆਪ ਠੀਕ ਹੋ ਜਾਂਦੀ ਹੈ।