ਸਾਨੂੰ ਕਰੰਟ ਕਿਉਂ ਮਹਿਸੂਸ ਹੁੰਦਾ ਹੈ ?

ਸਿਰਫ਼ ਤੁਸੀਂ ਹੀ ਕਰੰਟ ਮਹਿਸੂਸ ਨਹੀਂ ਕਰ ਰਹੇ ਸਗੋਂ ਜੰਗਲਾਂ ਦੇ ਜੰਗਲ ਇਸ ਕਰੰਟ ਕਰਕੇ ਜਲ ਰਹੇ ਹਨ।

2020 ਮਨੁੱਖੀ ਇਤਿਹਾਸ ਦਾ ਸਭ ਤੋਂ ਗਰਮ ਸਾਲ ਸੀ,2021 ਦੇ ਪਹਿਲੇ ਤਿੰਨ ਮਹੀਨੇ ਵੀ ਇਸੇ ਰਾਹ ਉੱਤੇ ਹਨ। ਜਨਵਰੀ ਫਰਵਰੀ ਮਾਰਚ ਨਾ ਸਿਰਫ਼ ਗਰਮ ਹਨ ਸਗੋਂ ਇਸ ਸਾਲ ਮੀਂਹ ਸਭ ਤੋਂ ਘੱਟ ਪਏ ਹਨ। ਇਸ ਕਰਕੇ ਹਵਾ ਚ ਨਮੀ ਨਾ ਦੇ ਬਰਾਬਰ ਹੈ।ਸਭ ਕੁਝ ਸੁੱਕਾ ਭਾਵ ਡ੍ਰਾਈ ਹੈ।

ਹਰ ਵਸਤ ਸਾਡੇ ਆਸ ਪਾਸ "ਚਾਰਜ਼" ਪੈਦਾ ਕਰਦੀ ਰਹਿੰਦੀ ਹੈ। ਪ੍ਰੰਤੂ ਹਵਾ ਚ ਮੌਜੂਦ ਨਮੀ ਇਸ ਚਾਰਜ ਨੂੰ ਇੱਕ ਤੋਂ ਦੂਸਰੀ ਥਾਵੇਂ ਟਰਾਂਸਫਰ ਕਰਕੇ ਕਿਸੇ ਇੱਕ ਥਾਵੇਂ ਕੱਠਾ ਨਹੀਂ ਹੋਣ ਦਿੰਦੀ। ਪ੍ਰੰਤੂ ਡ੍ਰਾਈ ਹੋਣ ਕਰਕੇ ਤੇ ਸੁੱਕੀਆਂ ਵਸਤਾਂ ਦੀ ਆਪਸੀ ਰਗੜ ਕਰਕੇ ਚਾਰਜ ਪੈਦਾ ਹੋ ਰਿਹਾ ਜਿਸ ਨੂੰ ਅਚਾਨਕ ਛੋਹਣ ਨਾਲ ਕਰੰਟ ਪੈਦਾ ਹੁੰਦਾ ਹੈ। ਤੁਸੀਂ ਸੁੱਕੇ ਵਾਲਾਂ ਨਾਲ ਕੰਘੀ ਨੂੰ ਰਗੜ ਕੇ ਇਹ ਬਚਪਨ ਚ ਕੀਤਾ ਹੋਣਾ। ਪਰ ਇਸ ਵਾਰ ਸੁੱਕੇ ਤੇ ਗਰਮ ਮੌਸਮ ਕਰਕੇ (hot and dry) ਇਹ ਸਾਨੂੰ ਆਮ ਨਾਲੋਂ ਵੱਧ ਲੱਗ ਰਿਹਾ ਹੈ। ਗਰਮ ਮੌਸਮ ਹੋਣ ਕਰਕੇ ਪਹਾੜਾਂ ਚ ਮੁਸ਼ਕਿਲ ਹੋ ਗਈ ਹੈ। ਹਿਮਾਚਲ ਚ ਇਸ ਵਾਰ ਪਾਣੀ ਲਈ ਮਾਰਾਮਾਰੀ ਹੋਵੇਗੀ। ਗਰਮੀਆਂ ਚ ਸ਼ਾਇਦ ਪੀਣ ਲਈ ਵੀ ਪਾਣੀ ਨਾ ਮਿਲੇ। ਹਿਮਾਚਲ ਤੇ ਉੱਤਰਾਖੰਡ ਚ ਮਿਲਦਾ ਬੂਰਾਂਸ਼ ਦਾ ਫੁੱਲ ਜੋ ਆਮ ਕਰਕੇ ਮਾਰਚ ਦੇ ਅੰਤਿਮ ਹਫਤੇ ਜਾਂ ਅਪ੍ਰੈਲ ਦੇ ਸ਼ੁਰੂ ਚ ਖਿੜ੍ਹਦਾ ਸੀ। ਇਸ ਵਾਰ ਜਨਵਰੀ ਮਹੀਨੇ ਚ ਹੀ ਖਿੜ ਗਿਆ।

ਉੱਤਰਾਖੰਡ ਚ ਹੁਣੇ ਜਿਹੇ ਝੀਲ ਟੁੱਟੀ ਸੀ ਜੋ ਬਰਫ ਦੇ ਮੌਸਮ ਚ ਗਰਮੀ ਪੈਣ ਕਰਕੇ ਪਿਘਲੇ ਨੰਦਾਦੇਵੀ ਗਲੇਸ਼ੀਅਰ ਕਰਕੇ ਟੁੱਟੀ। ਪਿਛਲੇ 15 ਦਿਨਾਂ ਤੋਂ ਉੱਤਰਾਖੰਡ ਦੇ ਜੰਗਲਾਂ ਚ ਲੱਗੀ ਅੱਗ ਨੂੰ ਸਰਕਾਰ ਹਲੇ ਤੱਕ ਬੁਝਾਉਣ ਚ ਨਾਕਾਮ ਹੈ। ਇਹ ਅੱਗ ਭਾਵੇਂ ਹਰ ਸਾਲ ਲਗਦੀ ਹੈ ਪਰ ਇਸ ਸਾਲ ਇਸਦਾ ਵਿਸਤਾਰ ਤੇ ਆਕਾਰ ਬਹੁਤ ਜ਼ਿਆਦਾ।

ਅੱਗ ਸਿਰਫ਼ ਕੋਈ ਗਲਤੀ ਨਾਲ ਲਗਾਵੇ ਜਰੂਰੀ ਨਹੀਂ, ਸਗੋਂ ਇਥੇ ਵੀ ਉਹੀ ਹੁੰਦਾ ਜੋ ਤੁਸੀਂ ਮਹਿਸੂਸ ਕਰਦੇ ਹੋ। ਚਾਰਜ ਇਕੱਠਾ ਹੋਣ ਕਰਕੇ ਅਚਾਨਕ ਸੁੱਕੀਆਂ ਲੱਕੜੀਆਂ ਜਾਂ ਪੱਤਿਆਂ ਦੀ ਆਪਸੀ ਰਗੜ ਤੋਂ ਪੈਦਾ ਹੋਇਆ 'ਸਪਾਰਕ' ਅੱਗ ਲੱਗਣ ਦਾ ਮੁੱਖ ਕਾਰਨ ਹੋ ਸਕਦਾ। ਚੀਲ ਦੇ ਦਰਖ਼ਤ ਦੇ ਸੁੱਕੇ ਕੰਡਿਆਂ ਵਿੱਚੋ ਰੇਜਿਨ ਨਾਮ ਦਾ ਰਸਾਇਣ ਨਿੱਕਲਦਾ ਹੈ ਜੋ ਪੈਟਰੋਲ ਵਾਂਗ ਅੱਗ ਫੜ੍ਹ ਲੈਂਦਾ ਹੈ। ਉੱਤਰਾਖੰਡ ਚ ਜੰਗਲ ਵੱਡੀ ਪੱਧਰ ਤੇ ਚੀਲ ਦੇ ਦਰੱਖਤਾਂ ਨਾਲ ਭਰੇ ਹੋਏ ਹਨ। ਇਸ ਲਈ ਤੁਸੀਂ ਵੀ ਸਾਵਧਾਨੀ ਵਰਤੋਂ ਕਿਸੇ ਜਲਨਸ਼ੀਲ ਪਦਾਰਥ ਨੂੰ ਛੋਹਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚਾਰਜ਼ ਮੁਕਤ ਕਰ ਲਵੋ।ਕੋਈ ਲੋਹੇ ਦੀ ਹਰ ਵਸਤ ਨਾਲ ਰਗੜ ਕੇ ਜਾਂ ਸੁੱਕੇ ਹੱਥਾਂ ਨੂੰ ਨਮੀ ਯੁਕਤ ਕਰਕੇ। ਆਧੁਨਿਕ ਮਸ਼ੀਨਾਂ ਚ ਲਗਪਗ ਸਭ ਨੂੰ 'ਅਰਥ' ਕੀਤਾ ਜਾਂਦਾ ਹੈ ਪ੍ਰੰਤੂ ਫਿਰ ਵੀ ਧਿਆਨ ਰੱਖੋ।

ਧੰਨਵਾਦ।

ਹਰਜੋਤ ਸਿੰਘ