ਛੁੱਟੀਆਂ

ਐਂਤਕੀ ਮੈਂ ਛੁੱਟੀਆਂ, ਮਾਸੀ ਕੋਲ ਨੇ ਗੁਜ਼ਾਰੀਆਂ,
ਬੜਾ ਮਜ਼ਾ ਆਇਆ,ਮੈਂ ਖ਼ੂਬ ਮੌਜਾਂ ਮਾਰੀਆਂ।
ਐਂਤਕੀ ਮੈਂ ਛੁੱਟੀਆਂ.....

ਹਾਣੀਆਂ ਤੇ ਟੀ.ਵੀ. ਦਾ ਖ਼ਿਆਲ ਮੈਂ ਭੁਲਾ ਕੇ,
ਕਰਿਆ ਹਿਸਾਬ ਤੇ ਅੰਗਰੇਜ਼ੀ ਦਾ ਕੰਮ ਰੀਝ ਲਾ ਕੇ।
ਫਿਰ ਪੰਜਾਬੀ ਦੇ ਲੇਖ, ਅਰਜ਼ੀਆਂ ਵੀ ਕੀਤੇ,
ਨਾਲੇ ਲਿਖੀਆਂ ਕਵਿਤਾ, ਕਹਾਣੀਆਂ ਤੇ ਸਾਰੀਆਂ।
ਐਂਤਕੀ ਮੈਂ ਛੁੱਟੀਆਂ.....

ਰੋਜ਼ ਕਾੜ੍ਹਨੀ ਦੇ ਦੁੱਧ ਦਾ ਮਿਲਦਾ ਦਹੀਂ ਲੱਸੀ ਨਾਲ ਸੀ।
ਨਾਲ ਮਿੱਸੀ ਰੋਟੀ ਖਾ ਕੇ ਮੈਂ ਹੋ ਜਾਂਦਾ ਨਿਹਾਲ ਸੀ।
ਪੁਰਾਣੀਆਂ ਖ਼ੁਰਾਕਾਂ ਦੀ ਯਾਦ ਕਰਵਾਈ ਮੈਨੂੰ ਤਾਜ਼ਾ,
ਖਾ ਕੇ ਭੁੱਲਿਆ ਮੈਂ ਤਾਂ ਨਿਆਮਤਾਂ ਬਈ ਸਾਰੀਆਂ,
ਐਂਤਕੀ ਮੈਂ ਛੁੱਟੀਆਂ.....

ਹਫ਼ਤੇ ’ਚ ਮਾਸੜ ਜੀ ਇੱਕ ਟੂਰ ਸ਼ਹਿਰ ਦਾ ਲਵਾਉਂਦੇ ਸੀ,
ਆਈਸਕ੍ਰੀਮ ਨਾਲ ਦਹੀਂ ਭੱਲੇ ਵੀ ਸਾਨੂੰ ਖਵਾਉਂਦੇ ਸੀ।
ਕਦੇ-ਕਦੇ ਮਾਸੜ ‘ਘਲੋਟੀ’ ਨਾਲ ਮੋਟਰ ’ਤੇ ਜਾ ਕੇ,
ਆਨਸ਼ ਤੇ ਇਫ਼ਾਨ ਸਾਰੇ ਚੁਬੱਚੇ ਵਿੱਚ ਲਾਉਂਦੇ ਸੀ ਤਾਰੀਆਂ,
ਐੱਤਕੀ ਮੈਂ ਛੁੱਟੀਆਂ, ਮਾਸੀ ਕੋਲ ਨੇ ਗੁਜ਼ਾਰੀਆਂ,
ਬੜਾ ਮਜ਼ਾ ਆਇਆ, ਮੈਂ ਖ਼ੂਬ ਮੌਜਾਂ ਮਾਰੀਆਂ।