ਨਸ਼ੇ ਦੇ ਰੋਗੀਆਂ ਦਾ ਇਲਾਜ ਕਰਨ ਲਈ ਸਰਕਾਰੀ ਕੇਂਦਰਾਂ ਵਿੱਚ 5 ਹਜਾਰ ਬੈਡ ਹੋਰ ਲਗਾਏ : ਸਿਹਤ ਮੰਤਰੀ

  • ਬਰਸਾਤੀ ਬਿਮਾਰੀਆਂ ਦੀ ਰੋਕਥਾਮ ਲਈ ਪੰਜਾਬ ਦੇ 65 ਲੱਖ ਘਰਾਂ ਵਿੱਚ ਪਹੁੰਚ ਕਰੇਗਾ ਸਿਹਤ ਵਿਭਾਗ
  • ਨਸ਼ਾ ਰੋਗੀ ਦਾ ਇਲਾਜ ਉਸ ਦੇ ਘਰ ਨੇੜੇ ਕਰਵਾਉਣ ਦਾ ਪ੍ਰਬੰਧ ਹੋਣਾ ਚਾਹੀਦਾ : ਧਾਲੀਵਾਲ

ਅੰਮ੍ਰਿਤਸਰ, 28 ਅਪ੍ਰੈਲ 2025 :  ਸਿਹਤ ਵਿਭਾਗ ਦੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਜੋ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਬਣਾਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵੀ ਹਨ ਨੇ ਅੱਜ ਅੰਮ੍ਰਿਤਸਰ ਪਹੁੰਚ ਕੇ ਓਟ ਕੇਂਦਰਾਂ ਦਾ ਜਾਇਜ਼ਾ ਲਿਆ ਅਤੇ ਨਸ਼ੇ ਦੇ ਮੁੱਦੇ ਉੱਤੇ ਵਿਧਾਇਕ ਸਾਹਿਬਾਨ ਤੇ ਜਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਨਾਲ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ, ਸ ਜਸਵਿੰਦਰ ਸਿੰਘ ਰਮਦਾਸ, ਜਸਬੀਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ,  ਜਿਲਾ ਪੁਲਿਸ ਮੁਖੀ ਸ ਮਨਿੰਦਰ ਸਿੰਘ ਨਸ਼ਾ ਮੁਕਤੀ ਮੋਰਚਾ ਦੇ ਮਾਝਾ ਕੋਆਰਡੀਨੇਟਰ ਸੋਨੀਆ ਮਾਨ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਨਸ਼ਾ ਮੁਕਤੀ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਹਾਂ ਪੱਖੀ ਹੁੰਗਾਰਾ ਮਿਲਿਆ ਹੈ ਅਤੇ ਲੋਕ ਨਸ਼ਾ ਛੱਡਣ ਲਈ ਅੱਗੇ ਆ ਰਹੇ ਹਨ, ਜਿਸ ਨੂੰ ਵੇਖਦੇ ਹੋਏ ਨਸ਼ਾ ਛਡਾਊ ਕੇਂਦਰਾਂ ਵਿੱਚ 5 ਹਜਾਰ ਬੈਡਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਸ਼ੇ ਦੇ ਮੁੱਦੇ ਉੱਤੇ ਸਾਡੀ ਪਾਰਟੀ ਦਾ ਕੋਈ ਰਾਜਸੀ ਨੇਤਾ ਤਸਕਰਾਂ ਦੀ ਸਹਾਇਤਾ ਨਹੀਂ ਕਰਦਾ ਅਤੇ ਨਸ਼ਾ ਛੁਡਾਉਣ ਲਈ ਸਰਕਾਰ ਦੀ ਨੀਤੀ ਬਿਲਕੁਲ ਸਪਸ਼ਟ ਹੈ ਕਿ ਜੋ ਨਸ਼ਾ ਕਰਦਾ ਹੈ ਉਸ ਦਾ ਇਲਾਜ ਕਰਵਾਵਾਂਗੇ ਅਤੇ ਜੋ ਨਸ਼ਾ ਵੇਚਦਾ ਹੈ ਉਸ ਨੂੰ ਜੇਲ ਵਿੱਚ ਸੁੱਟਾਂਗੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਜਿਹੇ ਦਵਾਈ ਵਿਕਰੇਤਾ ਜੋ ਨਸ਼ੇ ਦੀਆਂ ਗੋਲੀਆਂ ਵੇਚਦੇ ਹਨ, ਵਿਰੁੱਧ ਸਖਤ ਕਾਰਵਾਈ ਕਰਨ। ਉਹਨਾਂ ਕਿਹਾ ਕਿ ਜੋ ਨਸ਼ਾ ਛੱਡੇਗਾ ਉਸ ਨੂੰ ਅਸੀਂ ਇਲਾਜ ਕਰਵਾਉਣ ਦੇ ਨਾਲ ਨਾਲ ਹੁਨਰ ਮੰਦ ਸਿੱਖਿਆ ਦੇਵਾਂਗੇ, ਰੁਜ਼ਗਾਰ ਉਤੇ ਲਵਾਵਾਂਗੇ ਅਤੇ ਲੋੜ ਅਨੁਸਾਰ ਕਰਜਾ ਵੀ ਦੇਵਾਂਗੇ ਪਰ ਜੋ ਨਸ਼ੇ ਵੇਚਦਾ ਹੈ ਉਹ ਜਾਂ ਤਾਂ ਇਹ ਗੋਰਖ ਧੰਦਾ ਛੱਡੇਗਾ ਜਾਂ ਪੰਜਾਬ। ਉਸ ਲਈ ਕੋਈ ਦੂਸਰਾ ਰਸਤਾ ਨਹੀਂ ਹੈ। ਉਹਨਾਂ ਦੱਸਿਆ ਕਿ ਅਸੀਂ ਨਸ਼ਾ ਛਡਾਉਣ ਲਈ ਹਰ ਪਿੰਡ ਤੇ ਮਹੱਲੇ ਵਿੱਚ ਸਹਾਇਤਾ ਗਰੁੱਪ ਬਣਾ ਰਹੇ ਹਾਂ ਜੋ ਕਿ ਪੀੜਤ ਰੋਗੀਆਂ ਦੇ ਇਲਾਜ ਲਈ ਸਹਾਈ ਹੋਣਗੇ। ਬਰਸਾਤੀ ਬਿਮਾਰੀਆਂ ਦਾ ਜਾਇਜ਼ਾ ਲੈਂਦੇ ਉਹਨਾਂ ਨੇ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਉੱਤੇ ਵੱਧ ਧਿਆਨ ਦੇਣ ਦੀ ਹਦਾਇਤ ਕਰਦੇ ਦੱਸਿਆ ਕਿ ਇਸ ਸਾਲ ਸਿਹਤ ਵਿਭਾਗ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਪੰਜਾਬ ਦੇ ਸਾਰੇ ਭਾਵ 65 ਲੱਖ ਘਰਾਂ ਵਿੱਚ ਦਸਤਕ ਦੇਵੇਗਾ। ਜਿੱਥੇ ਘਰਾਂ ਵਾਲਿਆਂ ਨੂੰ ਇਨਾਂ ਬਿਮਾਰੀਆਂ ਦੀ ਰੋਕਥਾਮ ਲਈ ਦੱਸਿਆ ਜਾਵੇਗਾ, ਉੱਥੇ ਉਹਨਾਂ ਦਾ ਸਾਥ ਵੀ ਲਿਆ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਇਹ ਵੀ ਦੱਸਿਆ ਕਿ ਸਾਰੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਬੰਦ ਕਰ ਦਿੱਤੇ ਗਏ ਹਨ ਅਤੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੀ ਸਮਰੱਥਾ ਵਧਾ ਦਿੱਤੀ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਨਸ਼ਿਆਂ ਵਿਰੁੱਧ ਯੁੱਧ ਨੂੰ ਜ਼ਿਲੇ ਵਿੱਚ ਮਿਲ ਰਹੇ ਹੁੰਗਾਰੇ ਉੱਤੇ ਤਸੱਲੀ ਪ੍ਰਗਟ ਕਰਦਿਆਂ ਇਹ ਵੀ ਮੰਗ ਰੱਖੀ ਕਿ ਜੋ ਵਿਅਕਤੀ ਨਸ਼ਾ ਕਰਦਾ ਫੜਿਆ ਜਾਂਦਾ ਹੈ, ਉਸ ਨੂੰ ਤੁਰੰਤ ਨੇੜੇ ਤੋਂ ਨੇੜੇ ਹਸਪਤਾਲ ਵਿੱਚ ਨਸ਼ਾ ਛਡਾਉਣ ਦੇ ਪ੍ਰਬੰਧ ਕੀਤੇ ਜਾਣ। ਉਹਨਾਂ ਜ਼ਿਲੇ ਵਿੱਚ ਹੁਣ ਤੱਕ ਇਸ ਮੁਹਿੰਮ ਅਧੀਨ ਕੀਤੇ ਗਈ ਕਾਰਵਾਈ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਸ਼ਾਬਾਸ਼ ਵੀ ਦਿੱਤੀ।