ਕਾਇਰੋ, 9 ਜੁਲਾਈ : ਅਫ਼ਰੀਕੀ ਦੇਸ਼ ਸੂਡਾਨ ਦੇ ਦੋ ਵਿਰੋਧੀ ਜਰਨੈਲਾਂ ’ਚ ਚਲ ਰਹੀ ਲੜਾਈ ਦੌਰਾਨ ਇਕ ਹਵਾਈ ਹਮਲੇ ’ਚ 22 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਅਥਾਰਟੀਆਂ ਨੇ ਇਹ ਜਾਣਕਾਰੀ ਦਿਤੀ। ਹਮਲਾ ਓਮਦੁਰਮਾਨ ਦੇ ਇਕ ਰਿਹਾਇਸ਼ੀ ਇਲਾਕੇ ’ਚ ਹੋਇਆ, ਜੋ ਕਿ ਸੂਡਾਨ ਦੀ ਰਾਜਧਾਨੀ ਖੌਰਤੂਮ ਦੇ ਗੁਆਂਢ ’ਚ ਸਥਿਤ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਇਕ ਸੰਖੇਪ ਬਿਆਨ ’ਚ ਕਿਹਾ ਗਿਆ ਹੈ ਕਿ ਹਮਲੇ ’ਚ ਕਈ ਲੋਕ ਜ਼ਖ਼ਮੀ ਹੋਏ ਹਨ। 15 ਅਪ੍ਰੈਲ ਨੂੰ ਲੜਾਈ ਸ਼ੁਰੂ ਹੋਣ ਮਗਰੋਂ ਪੈਰਾਮਿਲਟੀ ਰੈਪਿਡ ਸਪੋਰਟ ਫ਼ੋਰਸਿਜ਼ (ਆਰ.ਐਸ.ਐਫ਼.) ਨੇ ਰਾਜਧਾਨੀ ਖੌਰਤੂਮ ਅਤੇ ਇਸ ਦੇ ਗੁਆਂਢੀ ਓਮਦੁਰਮਾਨ ਅਤੇ ਬਾਹਰੀ ਸ਼ਹਿਰ ’ਤੇ ਕਬਜ਼ਾ ਕਰ ਲਿਆ ਸੀ, ਜਿੱਥੇ ਫ਼ੌਜ ਹਵਾਈ ਅਤੇ ਜ਼ਮੀਨੀ ਗੋਲਾਬਾਰੀ ਕਰ ਰਹੀ ਹੈ। ਇਹ ਸੰਘਰਸ਼ ਫ਼ੌਜੀ ਕਮਾਂਡਰ ਜਨਰਲ ਅਬਦੇਲ-ਫ਼ਤਹਿ ਬੁਰਹਾਨ ਅਤੇ ਆਰ.ਐਸ.ਐਫ਼. ਦੇ ਮੁਖੀ ਜਨਰਲ ਮੁਹੰਮਦ ਹਮਦਾਨ ਡਗਲੋ ਵਿਚਕਾਰ ਹੋ ਰਿਹਾ ਹੈ। ਜਨਰਲ ਬੁਰਹਾਨ ਅਤੇ ਜਨਰਲ ਡਗਲੋ ਦੋਵੇਂ ਪਹਿਲਾਂ ਇਕੱਠੇ ਹੀ ਸਨ। ਦੋਹਾਂ ਧਿਰਾਂ ਦੀ ਲੜਾਈ ’ਚ ਅਜੇ ਤਕ ਵਿਚੋਲਗੀ ਦੀ ਕੋਈ ਕੋਸ਼ਿਸ਼ ਸਫ਼ਲ ਨਹੀਂ ਹੋ ਸਕੀ ਹੈ, ਜਿਸ ਕਾਰਨ ਦੇਸ਼ ’ਚ ਗ੍ਰਹਿ ਯੁੱਧ ਵਧਦਾ ਜਾ ਰਿਹਾ ਹੈ। ਦੋਹਾਂ ਧਿਰਾਂ ’ਚ ਕਈ ਮਹੀਨਿਆਂ ਤਕ ਕਮਾਨ ਲਈ ਚਲਦਾ ਸੰਘਰਸ਼ ਲੜਾਈ ’ਚ ਬਦਲ ਗਿਆ ਸੀ। ਲੜਾਈ ਦੌਰਾਨ ਹੁਣ ਤਕ 1133 ਲੋਕਾਂ ਦੀ ਜਾਨ ਜਾ ਚੁਕੀ ਹੈ। ਪਿਛਲੇ ਦਿਨੀਂ ਜੰਗ ਓਮਦੁਰਮਾਨ ਸ਼ਹਿਰ ’ਚ ਕੇਂਦਰਿਤ ਸੀ, ਕਿਉਂਕਿ ਸ਼ਹਿਰ ਦਾ ਪਛਮੀ ਹਿੱਸਾ ਆਰ.ਐਸ.ਐਫ਼. ਲਈ ਸਪਲਾਈ ਦਾ ਪ੍ਰਮੁੱਖ ਰਸਤਾ ਹੈ। ਸੂਡਾਨ ਦੀ ਫ਼ੌਜ ਨੇ ਇਕ ਫੇਸਬੁਕ ਪੋਸਟ ’ਚ ਕਿਹਾ ਕਿ ਵਿਸ਼ੇਸ਼ ਬਲਾਂ ਨੇ 20 ‘ਬਾਗ਼ੀ ਫ਼ੌਜੀਆਂ’ ਨੂੰ ਮਾਰ ਦਿਤਾ ਹੈ। ਇਸ ਜੰਗ ਕਾਰਨ ਹਾਲਾਤ ਏਨੇ ਵਿਗੜ ਚੁਕੇ ਹਨ ਕਿ ਗੁਆਂਢੀ ਮੁਲਕਾਂ ਨੇ ਅਪਣੀਆਂ ਸਰਹੱਦਾਂ ਬੰਦ ਕਰ ਦਿਤੀਆਂ ਹਨ। ਭਾਰਤ ਸਮੇਤ ਦੁਨੀਆਂ ਭਰ ਕੇ ਦੇਸ਼ਾਂ ਨੇ ਉਥੇ ਫਸੇ ਅਪਣੇ ਨਾਗਰਿਕਾਂ ਨੂੰ ਕੱਢ ਲਿਆ ਹੈ। ਸੂਡਾਨ ’ਚ ਲੜਾਈ ਕਾਰਨ 2.9 ਮਿਲੀਅਨ ਲੋਕ ਉੱਜੜ ਚੁਕੇ ਹਨ ਅਤੇ 700,000 ਲੋਕ ਦੇਸ਼ ਛੱਡ ਕੇ ਗੁਆਂਢੀ ਦੇਸ਼ਾਂ ’ਚ ਭੱਜ ਗਏ ਹਨ।