ਕਣਕ ਦੀ ਇੱਕ ਦਿਨ ਵਿੱਚ 5 ਲੱਖ ਮੀਟਰਿਕ ਟਨ ਹੋਈ ਲਿਫਟਿੰਗ, 100 ਲੱਖ ਮੀਟਰਿਕ ਟਨ ਆਮਦ ਦਾ ਅੰਕੜਾ ਹੋਇਆ ਪਾਰ

  • ਕਿਸਾਨਾਂ ਨੂੰ 20,000 ਕਰੋੜ ਰੁਪਏ ਦਾ ਕੀਤਾ ਭੁਗਤਾਨ: ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ, 28 ਅਪ੍ਰੈਲ 2025 : ਕਣਕ ਦੇ ਮੌਜੂਦਾ ਖਰੀਦ ਸੀਜ਼ਨ ਦੌਰਾਨ ਇੱਕ ਦਿਨ ਦੀ ਲਿਫਟਿੰਗ 5 ਲੱਖ ਮੀਟਰਿਕ ਟਨ (ਐਲ.ਐਮ.ਟੀ.) ਨੂੰ ਪਾਰ ਕਰ ਗਈ ਹੈ ਅਤੇ ਮੌਜੂਦਾ ਸਮੇਂ 5,26,750 ਮੀਟਰਿਕ ਟਨ ਹੋ ਗਈ ਹੈ। ਇਸ ਸਕਾਰਾਤਮਕ ਰੁਝਾਨ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਲਿਫਟਿੰਗ ਵਿੱਚ ਤੇਜ਼ੀ ਲਿਆਉਣਾ ਲਾਜ਼ਮੀ ਹੈ ਅਤੇ ਇਸ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅੱਜ ਅਨਾਜ ਭਵਨ ਵਿਖੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਕਣਕ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੂੰ ਦੱਸਿਆ ਗਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ 100 ਲੱਖ ਮੀਟਰਿਕ ਟਨ ਤੋਂ ਪਾਰ ਹੋ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਹੁਣ ਤੱਕ 97 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਤੱਕ 81 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ। ਅਦਾਇਗੀਆਂ ਦੇ ਸਬੰਧ ਵਿੱਚ ਉਹਨਾਂ ਦੱਸਿਆ ਕਿ 20,000 ਕਰੋੜ ਰੁਪਏ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤੇ ਜਾ ਚੁੱਕੇ ਹਨ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਿਸਾਨ-ਪੱਖੀ ਪਹੁੰਚ ਨੂੰ ਦਰਸਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ 5.84 ਲੱਖ ਕਿਸਾਨ ਮੰਡੀਆਂ ਵਿੱਚ ਆਪਣੀ ਫਸਲ ਵੇਚ ਚੁੱਕੇ ਹਨ। ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਅਧੀਨ ਮੰਡੀਆਂ ਵਿੱਚ ਬਾਰਦਾਨੇ, ਸਾਫ਼-ਸਫ਼ਾਈ ਤੇ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ, ਕਿਸਾਨਾਂ ਨੂੰ ਭੁਗਤਾਨ ਅਤੇ ਕਰੇਟ ਸਬੰਧੀ ਕੋਈ ਦਿੱਕਤ ਦਰਪੇਸ਼ ਨਾ ਆਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਸਕੱਤਰ ਪੰਜਾਬ ਮੰਡੀ ਬੋਰਡ ਰਾਮਵੀਰ, ਐਮਡੀ ਪਨਸਪ ਸੋਨਾਲੀ ਗਿਰੀ, ਵਧੀਕ ਡਾਇਰੈਕਟਰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਡਾ. ਅੰਜੁਮਨ ਭਾਸਕਰ ਅਤੇ ਜੀਐਮ ਵਿੱਤ ਸਰਵੇਸ਼ ਕੁਮਾਰ ਵੀ ਸ਼ਾਮਿਲ ਸਨ।