ਅੱਜ ਕੱਲ੍ਹ ਦੇ ਮਾਂ ਪਿਓ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਬੱਚੇ ਮਾਂ ਪਿਓ ਦੇ ਆਖੇ ਨਹੀਂ ਲੱਗਦੇ। ਉਹ ਮਾਂ ਪਿਓ ਦੀ ਸੇਵਾ ਨਹੀਂ ਕਰਦੇ। ਉਹ ਆਪਣੇ ਸ਼ਾਨਦਾਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ। ਪੱਛਮ ਦੀ ਹਵਾ ਕਰ ਕੇ ਬੱਚੇ ਮਨਮਾਨੀ ਕਰਦੇ ਹਨ ਅਤੇ ਅੱਖੜ ਹੋ ਗਏ ਹਨ। ਉਨ੍ਹਾਂ ਨੂੰ ਡਾਲਰਾਂ ਅਤੇ ਪੌਡਾਂ ਦੀ ਚਮਕ ਨਜ਼ਰ ਆਉਂਦੀ ਹੈ ਅਤੇ ਉਹ ਬੁੱਢੇ ਮਾਂ ਪਿਓ ਨੂੰ ਬੇਸਹਾਰਾ ਛੱਡ ਕੇ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ। ਇਸ ਵਿਚ ਕੁਝ ਹੱਦ ਤੱਕ ਮਾਂ ਪਿਓ ਦਾ ਵੀ ਆਪਣਾ ਯੋਗਦਾਨ ਹੁੰਦਾ ਹੈ ਜਿਸ ਦਾ ਉਨ੍ਹਾਂ ਨੂੰ ਪਤਾ ਹੀ ਨਹੀ ਲੱਗਦਾ।
ਕਈ ਬੰਦਿਆਂ ਨੂੰ ਆਪਣੇ ਬੱਚਿਆਂ ਨੂੰ ਸਹੀ ਢੰਗ ਨਾਲ ਪਾਲਣਾ ਨਹੀਂ ਆਉਂਦਾ। ਉਹ ਸਮਝਦੇ ਹਨ ਕਿ ਬੱਚੇ ਜੰਮ ਕੇ ਉਨ੍ਹਾਂ ਦਾ ਕੰਮ ਖਤਮ ਹੋ ਗਿਆ। ਸਮੇਂ ਨਾਲ ਬੱਚੇ ਆਪੇ ਹੀ ਵੱਡੇ ਹੋ ਜਾਣਗੇ। ਜਿੰਨੇ ਜ਼ਿਆਦਾ ਬੱਚੇ ਹੋਣਗੇ ਉਨੇ ਹੀ ਉਨ੍ਹਾਂ ਨੂੰ ਨੋਟ ਕਮਾ ਕੇ ਲਿਆ ਕੇ ਦੇਣਗੇ। ਇਹ ਉਨ੍ਹਾਂ ਦੀ ਅਨਪੜ੍ਹਤਾ ਅਤੇ ਜਾਲ੍ਹਤਾ ਦੇ ਕਾਰਨ ਹੈ। ਇਸ ਨਾਲ ਦੇਸ਼ ਵਿੱਚ ਅਨੇਕਾਂ ਸਮੱਸਿਆਵਾਂ, ਜਿਵੇਂ ਗਰੀਬੀ, ਕੁਪੋਸ਼ਨ ਬੇਰੁਜ਼ਗਾਰੀ ਅਤੇ ਭੁੱਖਮਾਰੀ ਆਦਿ ਪੈਦਾ ਹੁੰਦੀਆਂ ਹਨ। ਲੋਕਾਂ ਵਿਚ ਬੇਸਬਰੀ ਅਤੇ ਬੇਭਰੋਸਗੀ ਪੈਦਾ ਹੁੰਦੀ ਹੈ ਜੋ ਦੇਸ਼ ਨੂੰ ਅੱਤਵਾਦ ਵੱਲ ਲੈ ਜਾਂਦੀ ਹੈ। ਦੇਸ਼ ਦਾ ਵਿਕਾਸ ਰੁਕ ਜਾਂਦਾ ਹੈ। ਇਸ ਸਭ ਦਾ ਕਾਰਨ ਬੇਲਗਾਮ ਵਧਦੀ ਆਬਾਦੀ ਹੀ ਹੈ। ਬੱਚੇ ਜੰਮਣ ਨਾਲ ਹੀ ਮਾਂ ਪਿਓ ਦਾ ਫ਼ਰਜ਼ ਪੂਰਾ ਨਹੀਂ ਹੋ ਜਾਂਦਾ। ਸਗੋਂ ਬੱਚਾ ਜੰਮਣ ਨਾਲ ਮਾਂ ਪਿਓ ਦੀ ਜ਼ਿਮੇਵਾਰੀ ਸ਼ੁਰੂ ਹੁੰਦੀ ਹੈ। ਬੱਚੇ ਬਹੁਤ ਨਾਜ਼ੁਕ ਹੁੰਦੇ ਹਨ। ਉਨ੍ਹਾਂ ਨੂੰ ਤਾਂ ਫੁੱਲਾਂ ਦੀ ਤਰ੍ਹਾਂ ਪਾਲਣਾ ਪੈਂਦਾ ਹੈ। ਜਿਵੇਂ ਛੋਟੇ ਬੱਚੇ ਨੂੰ ਸੋਹਣੇ ਕੱਪੜੇ, ਪੋਸ਼ਟਿਕ ਭੋਜਨ, ਵਿੱਦਿਆ ਅਤੇ ਸਾਂਭ ਸੰਭਾਲ ਦੀ ਜ਼ਰੂਰਤ ਹੁੰਦੀ ਹੈ ਉਵੇਂ ਹੀ ਉਸ ਦੇ ਜੀਵਨ ਨੂੰ ਉੱਚਾ, ਸੱਚਾ ਸੁੱਚਾ ਅਤੇ ਕਾਮਯਾਬ ਬਣਾਉਣ ਲਈ ਚੰਗੇ ਸੰਸਕਾਰ ਦੀ ਜ਼ਰੂਰਤ ਹੁੰਦੀ ਹੈ।ਉਸ ਨੂੰ ਬੁਰੀ ਸੰਗਤ ਤੋਂ ਬਚਾਉਣ ਦੀ ਅਤੇ ਸੁਚੱਜੀ ਅਗੁਆਈ ਦੀ ਜ਼ਰੂਰਤ ਹੁੰਦੀ ਹੈ।
ਛੋਟਾ ਬੱਚਾ ਕੱਚੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ। ਕੱਚੀ ਮਿੱਟੀ ਨੂੰ ਜਿਹੜੀ ਮਰਜ਼ੀ ਸ਼ਕਲ ਵਿਚ ਢਾਲ ਲਓ। ਉਸ ਵਿਚੋਂ ਭਾਵੇਂ ਰਾਮ ਦੀ ਮੂਰਤ ਬਣਾ ਲਉ ਅਤੇ ਭਾਵੇਂ ਰਾਵਣ ਦੀ। ਇਸੇ ਤਰ੍ਹਾਂ ਜੇ ਬਚਪਨ ਵਿਚ ਕਿਸੇ ਬੱਚੇ ਨੂੰ ਚੰਗੇ ਸੰਸਕਾਰ ਦਿਉਂਗੇ ਤਾਂ ਉਹ ਵੱਡਾ ਹੋ ਕੇ ਇਕ ਕਾਮਯਾਬ ਮਨੁੱਖ ਅਤੇ ਜ਼ਿੰਮੇਵਾਰ ਨਾਗਰਿਕ ਬਣੇਗਾ। ਇਸ ਦੇ ਉਲਟ ਜੇ ਉਸ ਨੂੰ ਮਾੜੇ ਸੰਸਕਾਰ ਮਿਲਣਗੇ ਤਾਂ ਹੋ ਸਕਦਾ ਹੈ ਕਿ ਉਹ ਵੱਡਾ ਹੋ ਕੇ ਚੌਰ, ਲੁਟੇਰਾ, ਡਾਕੂ , ਕਾਤਲ ਜਾਂ ਅੱਤਵਾਦੀ ਬਣ ਜਾਏ। ਬਜ਼ੁਰਗਾਂ ਨੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਇਸ ਉਮਰ ਵਿਚ ਹੀ ਉਨ੍ਹਾਂ ਅੰਦਰ ਇਕ ਹੋਣਹਾਰ ਨਾਗਰਿਕ ਦੀ ਨੀਂਹ ਰੱਖਣੀ ਹੁੰਦੀ ਹੈ। ਕਹਾਣੀਆਂ ਸੁਣਾ ਕੇ ਸਹਿਜੇ ਹੀ ਉਨ੍ਹਾਂ ਵਿਚ ਚੰਗੇ ਸੰਸਕਾਰ ਭਰ ਦਿੰਦੀਆਂ ਹਨ। ਉਹ ਉਨ੍ਹਾਂ ਦੀ ਸ਼ਖਸੀਅਤ ਦਾ ਨਿਰਮਾਣ ਕਰਦੀਆਂ ਹਨ। ਅੱਜ ਕੱਲ੍ਹ ਦੇ ਬੱਚੇ ਮੋਬਾਇਲ ਅਤੇ ਟੀ ਵੀ ਨਾਲ ਹੀ ਚੰਬੜੇ ਰਹਿੰਦੇ ਹਨ। ਉਨ੍ਹਾਂ ਕੋਲ ਨਾਨੀਆਂ ਅਤੇ ਦਾਦੀਆਂ ਕੋਲ ਬੈਠਣ ਦਾ ਸਮਾਂ ਹੀ ਨਹੀਂ। ਅੱਜ ਕੱਲ੍ਹ ਜਿਆਦਾ ਤੌਰ ਤੇ ਔਰਤਾਂ ਵੀ ਨੌਕਰੀ ਪੇਸ਼ਾ ਹੋਣ ਕਰ ਕੇ ਬੱਚਿਆਂ ਲਈ ਪੂਰਾ ਸਮਾਂ ਨਹੀ ਕੱਢ ਸਕਦੀਆਂ। ਇਸ ਲਈ ਵੀ ਬੱਚੇ ਵਿਗੜ ਰਹੇ ਹਨ।
ਮਾਂ ਪਿਓ ਆਪਣੇ ਬੱਚਿਆਂ ਰਾਹੀਂ ਹੀ ਆਪਣੇ ਸੁਪਨੇ ਪੂਰਾ ਕਰਨਾ ਚਾਹੁੰਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਮੇਰਾ ਬੱਚਾ ਵੱਡਾ ਹੋ ਕੇ ਡਾਕਟਰ ਜਾਂ ਇੰਜੀਨੀਅਰ ਬਣੇ। ਇਸ ਲਈ ਉਹ ਵੱਧ ਨੰਬਰ ਲੈ ਕੇ ਆਉਣ ਲਈ ਦਬਾਅ ਪਾਉਂਦੇ ਹਨ। ਇਸ ਲਈ ਸਕੂਲ ਤੋਂ ਬਾਅਦ ਵੀ ਦੋ ਦੋ, ਤਿੰਨ ਤਿੰਨ ਟਿਉਸ਼ਨਾਂ ਰੱਖਾਉਂਦੇ ਹਨ। ਕਈ ਮਾਸੂਮ ਬੱਚੇ ਇੰਨਾ ਦਬਾਅ ਸਹਾਰ ਨਹੀਂ ਸਕਦੇ। ਉਨ੍ਹਾਂ ਦਾ ਬਚਪਨ ਦਬਾਅ ਹੇਠਾਂ ਰੁਲ ਜਾਂਦਾ ਹੈ। ਉਹ ਮਾਨਸਿਕ ਰੋਗੀ ਬਣ ਜਾਂਦੇ ਹਨ। ਕੁਝ ਅਜਿਹੇ ਬੱਚੇ ਪੜਾਈ ਵਿਚ ਬੇਸ਼ੱਕ ਚੰਗੇ ਨੰਬਰ ਲੈ ਵੀ ਜਾਣ ਪਰ ਉਹ ਚੰਗੇ ਨਾਗਰਿਕ ਨਹੀ ਬਣ ਸਕਦੇ। ਮਾਂ ਪਿਓ ਨੂੰ ਕੋਈ ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਬੱਚਿਆਂ ’ਤੇ ਬੁਰਾ ਪ੍ਰਭਾਵ ਪਏ। ਬੱਚੇ ਮਾਂ ਪਿਓ ਦੀਆਂ ਆਦਤਾਂ ਨੂੰ ਜਲਦੀ ਗ੍ਰਹਿਣ ਕਰਦੇ ਹਨ। ਜੇ ਪਿਓ ਜੂਆ ਖੇਡਦਾ ਹੈ ਜਾਂ ਘਰ ਆ ਕੇ ਰੋਜ ਸ਼ਰਾਬ ਦੀ ਬੋਤਲ ਖ੍ਹੋਲਕੇ ਬੈਠ ਜਾਂਦਾ ਹੈ ਤਾਂ ਬੱਚੇ ਵਿਚ ਵੀ ਇਹ ਆਦਤਾਂ ਪੈਣਗੀਆਂ। ਇਸੇ ਤਰ੍ਹਾਂ ਜੇ ਮਾਂ ਬੜਬੋਲੀ ਅਤੇ ਘਮੰਡੀ ਹੈ ਅਤੇ ਪਰਿਵਾਰ ਵਿਚ ਸਭ ਨਾਲ ਕੌੜਾ ਬੋਲਦੀ ਹੈ ਅਤੇ ਘਰ ਵਿਚ ਹਰ ਸਮੇਂ ਕਲੇਸ਼ ਹੀ ਪਾਈ ਰੱਖਦੀ ਹੈ ਤਾਂ ਬੇਟੀ ਵੀ ਸੌਹਰੇ ਜਾ ਕੇ ਕਲੇਸ਼ ਹੀ ਕਰੇਗੀ। ਉਹ ਕਿਸੇ ਦੀ ਇਜ਼ਤ ਨਹੀਂ ਕਰੇਗੀ। ਉਹ ਆਪ ਵੀ ਦੁਖੀ ਹੋਵੇਗੀ ਅਤੇ ਦੂਜਿਆਂ ਨੂੰ ਵੀ ਦੁਖੀ ਕਰੇਗੀ। ਉਸ ਦੇ ਕਾਮਯਾਬ ਵਿਆਹੁਤਾ ਜੀਵਨ ’ਤੇ ਵੀ ਪ੍ਰਸ਼ਨ ਚਿਨ੍ਹ ਲੱਗ ਜਾਵੇਗਾ।
ਜੇ ਤੁਸੀਂ ਚਾਹੁੰਦੇ ਹੋ ਕੇ ਤੁਹਾਡਾ ਬੱਚਾ ਵੱਡਾ ਹੋ ਕੇ ਡਾਕਟਰ, ਇੰਜੀਨੀਅਰ ਜਾਂ ਵੱਡਾ ਅਫ਼ਸਰ ਬਣੇ ਤਾਂ ਉਸ ਨੂੰ ਉੱਚੀ ਵਿਦਿਆਂ ਦੇਣੀ ਪਵੇਗੀ। ਜੇ ਉਸ ਨੂੰ ਚੰਗਾ ਨਾਗਰਿਕ ਬਣਾਉਣਾ ਹੈ ਤਾਂ ਉਸ ਨੂੰ ਕਾਨੂੰਨ ਦੇ ਦਾਇਰੇ ਵਿਚ ਵੀ ਰਹਿਣਾ ਸਿਖਾਓ। ਜੇ ਤੁਸੀਂ ਉਸ ਨੂੰ ਇਕ ਕਾਮਯਾਬ ਮਨੁੱਖ ਬਣਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਚੰਗੇ ਸੰਸਕਾਰ ਦਿਓ। ਫਿਰ ਉਹ ਵੱਡਾ ਹੋ ਕੇ ਭਾਵੇਂ ਅਫ਼ਸਰ ਬਣੇ ਜਾਂ ਵਪਾਰੀ ਜਾਂ ਰਾਜਨੇਤਾ ਜਾਂ ਕੁਝ ਹੋਰ। ਉਹ ਹਰ ਕਿੱਤੇ ਵਿਚ ਕਾਮਯਾਬ ਹੀ ਹੋਵੇਗਾ। ਚੰਗੇ ਸੰਸਕਾਰ ਹੀ ਮਨੁੱਖ ਦੀ ਕਾਮਯਾਬੀ ਦੀ ਜੜ੍ਹ ਹਨ। ਸਾਦਦਗੀ ਅਤੇ ਸੰਸਕਾਰ ਬਜ਼ਾਰੋਂ ਨਹੀਂ ਮਿਲਦੇ। ਬੱਚਿਆਂ ਨਾਲ ਆਪਣਾ ਵਿਉਹਾਰ ਸੁਹਿਰਦ ਰੱਖੋ। ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਸਮਝਾਓ। ਉਨ੍ਹਾਂ ਨੂੰ ਦੱਸੋ ਕਿ ਦੂਸਰਿਆਂ ਨਾਲ ਕਿਵੇਂ ਵਿਵਹਾਰ ਕਰਨਾ ਹੈ। ਕਿਵੇਂ ਦੂਜੇ ਨਾਲ ਮਿਲ ਜੁਲ ਕੇ ਰਹਿਣਾ ਹੈ। ਕਿਵੇਂ ਦੂਜੇ ਨੂੰ ਇੱਜ਼ਤ ਨਾਲ ਬੁਲਾਉਣਾ ਹੈ। ਕੁਝ ਨਜ਼ਰਅੰਦਾਜ਼ ਕਰਨਾ ਪੈਂਦਾ ਹੈ ਤਾਂ ਹੀ ਜ਼ਿੰਦਗੀ ਕਾਮਯਾਬ ਹੁੰਦੀ ਹੈ। ਜੇ ਤੁਸੀਂ ਗੁਲਾਬ ਦੀ ਤਰ੍ਹਾਂ ਖਿੜ੍ਹਣਾ ਚਾਹੁੰਦੇ ਹੋ ਤਾਂ ਕੰਢਿਆਂ ਨਾਲ ਨਿਭਾਣਾ ਸਿੱਖੋ।
ਕਦੀ ਕਿਸੇ ਬੱਚੇ ਦਾ ਦੂਜੇ ਬੱਚੇ ਨਾਲ ਮੁਕਾਬਲਾ ਨਾ ਕਰੋ। ਪ੍ਰਮਾਤਮਾ ਨੇ ਹਰ ਬੱਚੇ ਨੂੰ ਵੱਖਰੇ ਵੱਖਰੇ ਗੁਣ ਦੇ ਕੇ ਆਪਣੇ ਆਪ ਵਿਚ ਨਿਆਰਾ ਬਣਾਇਆ ਹੈ। ਕਿਸੇ ਮਹਿਮਾਨ ਸਾਹਮਣੇ ਬੱਚੇ ਨੂੰ ਸ਼ਰਮਿੰਦਾ ਨਾ ਕਰੋ। ਇਸ ਨਾਲ ਉਸ ਦਾ ਮਨੋਬਲ ਡਿੱਗਦਾ ਹੈ। ਉਹ ਆਪਣੇ ਆਪ ਨੂੰ ਘਟੀਆ ਸਮਝਣ ਲੱਗ ਪੈਂਦਾ ਹੈ। ਉਹ ਦੱਬੂ ਬਣ ਕੇ ਰਹਿ ਜਾਂਦਾ ਹੈ। ਫਿਰ ਉਹ ਜ਼ਿੰਦਗੀ ਭਰ ਕਿਸੇ ਜ਼ਿੰਮੇਵਾਰੀ ਵਾਲੇ ਕੰਮ ਨੂੰ ਹੱਥ ਵਿਚ ਲੈਣ ਦਾ ਹੌਸਲਾ ਨਹੀਂ ਕਰ ਸਕਦਾ। ਯਾਦ ਰੱਖੋ ਤੁਸੀਂ ਬੱਚੇ ਨੂੰ ਕਾਮਯਾਬ ਕਰਨ ਲਈ ਉਸ ਵਿਚ ਮਨੋ ਬਲ ਭਰਨਾ ਹੈ। ਉਸ ਦਾ ਆਤਮ ਵਿਸ਼ਵਾਸ ਜਗਾਉਣਾ ਹੈ। ਤੁਹਾਡੀ ਸ਼ਾਬਾਸ਼ ਦੇ ਕਹੇ ਹੋਏ ਸ਼ਬਦ ਉਸ ਵਿਚ ਹੌਸਲਾ ਭਰ ਦੇਣਗੇ। ਤੁਹਾਡੀ ਪ੍ਰੇਰਨਾ ਦੇ ਕਹੇ ਹੋਏ ਦੋ ਸ਼ਬਦ ਉਸ ਦੀ ਜ਼ਿੰਦਗੀ ਨੂੰ ਸਫ਼ਲਤਾ ਦੀ ਸਿਖਰ ’ਤੇ ਪਹੁੰਚਾਉਣ ਦੀ ਸਮਰੱਥਾ ਰੱਖਦੇ ਹਨ। ਆਤਮ ਵਿਸ਼ਵਾਸ ਅਤੇ ਸੰਸਕਾਰ ਜਿਹੀ ਕੋਈ ਵਿਰਾਸਤ ਨਹੀਂ। ਕਿਸੇ ਬੰਦੇ ਦੀ ਸਭ ਤੋਂ ਵੱਡੀ ਖ਼ੁਸ਼ੀ ਉਸ ਦਾ ਕਾਮਯਾਬ ਬੱਚਾ ਹੁੰਦੀ ਹੈ। ਬੱਚੇ ਜ਼ਿੰਦਗੀ ਵਿਚ ਚੰਗੇ ਸੰਸਕਾਰਦੇ ਕੇ ਉਸ ਨੂੰ ਕਾਮਯਾਬ ਕਰਨਾ ਮਾਂ ਪਿਓ ਦਾ ਹੀ ਫ਼ਰਜ਼ ਹੁੰਦਾ ਹੈ। ਇਨ੍ਹਾਂ ਬੱਚਿਆਂ ਨੇ ਹੀ ਵੱਡੇ ਹੋ ਕੇ ਮਾਂ ਪਿਓ ਦੀ ਸਾਂਭ ਸੰਭਾਲ ਕਰਨੀ ਹੁੰਦੀ ਹੈ ਅਤੇ ਦੇਸ਼ ਦੀ ਵਾਗਡੋਰ ਸੰਭਾਲਣੀ ਹੁੰਦੀ ਹੈ। ਬੱਚਿਆਂ ਲਈ ਤੁਹਾਡੀ ਸੁਚੱਜੀ ਅਗੁਵਾਈ ਅਤੇ ਚੰਗੇ ਸੰਸਕਾਰ ਸਭ ਤੋਂ ਵੱਡੀ ਵਿਰਾਸਤ ਹੈ।