ਧਾਲੀਵਾਲ ਵੱਲੋਂ ਵਿਛੋਆ, ਦਿਆਲ ਭੜੰਗ ਅਤੇ ਮੱਤੇ ਨੰਗਲ ਸਕੂਲਾਂ ਵਿੱਚ ਵਿਕਾਸ ਕੰਮਾਂ ਦੇ ਉਦਘਾਟਨ 

  • ਮੱਤੇ ਨੰਗਲ ਪ੍ਰਾਇਮਰੀ ਸਕੂਲ ਦਾ ਨਾਂ ਬਾਬਾ ਲਾਭ ਸਿੰਘ ਆਜਾਦੀ ਘੁਲਾਟੀਆ ਦੇ ਨਾਂ ਉੱਤੇ ਰੱਖਿਆ ਜਾਵੇਗਾ : ਧਾਲੀਵਾਲ

ਅੰਮ੍ਰਿਤਸਰ , 19 ਮਈ 2025 : ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਵਿਧਾਨ ਸਭਾ ਹਲਕੇ ਦੇ ਚਾਰ ਪਿੰਡਾਂ ਵਿਛੋਆ, ਦਿਆਲ ਭੜੰਗ ਅਤੇ ਮੱਤੇ ਨੰਗਲ ਵਿੱਚ ਵੱਖ ਵੱਖ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਕਰਵਾਏ ਗਏ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ। ਉਹਨਾਂ ਨੇ ਇਸ ਮੌਕੇ ਪਿੰਡ ਮੱਤੇ ਨੰਗਲ ਵਿਖੇ ਪ੍ਰਾਇਮਰੀ ਸਕੂਲ ਜਿੱਥੇ ਕਿ 14 ਲੱਖ ਰੁਪਏ ਦੇ ਲਾਗਤ ਨਾਲ ਵਿਕਾਸ ਕੰਮ ਕਰਵਾਏ ਗਏ ਸਨ, ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਿੰਡ ਬਾਬਾ ਲਾਭ ਸਿੰਘ ਆਜ਼ਾਦੀ ਘੁਲਾਟੀਆ ਦਾ ਪਿੰਡ ਹੈ, ਸੋ ਅਸੀਂ ਇਸ ਸਕੂਲ ਦਾ ਨਾਂ ਉਹਨਾਂ ਦੇ ਨਾਂ ਉੱਤੇ ਰੱਖ ਰੱਖਾਂਗੇ। ਉਹਨਾਂ ਨੇ ਪਿੰਡ ਵਾਸੀਆਂ ਦੀ ਮੰਗ ਉੱਤੇ ਇਸ ਸਕੂਲ ਨੂੰ ਅੱਠਵੀਂ ਤੱਕ ਅਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ। ਸ ਧਾਲੀਵਾਲ ਨੇ ਇਸ ਪਿੰਡ ਦੇ ਇਤਿਹਾਸ ਨੂੰ ਦੇਖਦੇ ਹੋਏ ਪਿੰਡ ਦੀਆਂ ਦੋ ਯੂਥ ਕਲੱਬਾਂ ਨੂੰ ਆਪਣੇ ਵੱਲੋਂ ਪੰਜ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਪਹਿਲਾਂ 28 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਨਾਲੀਆਂ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਟੇਡੀਅਮ ਵੀ ਉਸਾਰੀ ਅਧੀਨ ਹੈ ਜੋ ਕਿ ਛੇਤੀ ਮੁਕੰਮਲ ਕਰ ਲਿਆ ਜਾਵੇਗਾ। ਕੈਬਨਿਟ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮੈਂ ਜਿਸ ਵੀ ਪਿੰਡ ਵਿੱਚ ਜਾਂਦਾ ਹਾਂ, ਲੋਕ ਹੁਣ ਉੱਥੇ ਸਕੂਲ ਨੂੰ ਅਪਗ੍ਰੇਡ ਕਰਾਉਣ ਜਾਂ ਸਕੂਲ ਵਾਸਤੇ ਕੋਈ ਲੋੜਾਂ ਦੀਆਂ ਮੰਗਾਂ ਰੱਖ ਰਹੇ  ਹਨ, ਬੱਚਿਆਂ ਲਈ ਸਟੇਡੀਅਮ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਦੇ ਲੋਕ ਹੁਣ ਸਿੱਖਿਆ ਅਤੇ ਸਿਹਤ ਵੱਲ ਧਿਆਨ ਦੇਣ ਲੱਗੇ ਹਨ। ਉਹਨਾਂ ਕਿਹਾ ਕਿ ਜੇਕਰ ਸਾਡੇ ਬੱਚੇ ਪੜ੍ਹ ਜਾਣਗੇ ਤਾਂ ਸਾਡਾ ਪਰਿਵਾਰ, ਸਾਡੇ ਪਿੰਡ, ਸਾਡਾ ਦੇਸ਼ ਤਰੱਕੀ ਕਰੇਗਾ ਅਤੇ ਜੇਕਰ ਸਾਡੇ ਬੱਚੇ ਸਟੇਡੀਅਮ ਵਿੱਚ ਜਾਣਗੇ ਤਾਂ ਉਹ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਰਹਿਣਗੇ, ਖੇਡਾਂ ਦੇ ਵਿੱਚ ਨਿਮਾਣਾ ਖੱਟਣਗੇ ਅਤੇ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿਣਗੇ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦਾ ਇਹੀ ਮੁੱਖ ਮੰਤਵ ਹੈ ਕਿ ਸਾਡਾ ਪੰਜਾਬ ਮੁੜ ਰੰਗਲਾ ਪੰਜਾਬ ਬਣੇ, ਇਸ ਦੇ ਪਿੰਡਾਂ ਦੇ ਵਿੱਚੋਂ ਵੱਡੇ ਵੱਡੇ ਅਫਸਰ ਬਣ ਕੇ ਨਿਕਲਣ ਅਤੇ ਸਟੇਡੀਅਮ ਦੇ ਵਿੱਚੋਂ ਵੱਡੇ ਵੱਡੇ ਖਿਡਾਰੀ ਪੈਦਾ ਹੋਣ। ਉਹਨਾਂ ਲੋਕਾਂ ਨੂੰ ਇਸ ਤਬਦੀਲੀ ਲਈ ਵਧਾਈ ਦਿੱਤੀ ਅਤੇ ਨਿਰੰਤਰ ਯਤਨਸ਼ੀਲ ਰਹਿਣ ਦਾ ਸੱਦਾ ਵੀ ਦਿੱਤਾ।