- ਕਿਹਾ, ਮਾਨਸੂਨ ਸੀਜ਼ਨ ਵਿੱਚ ਲੋਕ ਆਪਣਾ ਆਲਾ-ਦੁਆਲਾ ਸਾਫ ਰੱਖਣ ਅਤੇ ਸਾਫ ਪਾਣੀ ਖੜ੍ਹਾ ਨਾ ਰਹਿਣ ਦੇਣ
ਬਟਾਲਾ, 31 ਜੁਲਾਈ : ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਡੇਂਗੂ ਦੀ ਸ਼ੁਰੂਆਤ ਸਾਫ਼ ਖੜੇ ਪਾਣੀ ਵਿੱਚ ਹੁੰਦੀ ਹੈ ਤੇ ਲਾਰਵੇ ਤੋਂ ਮੱਛਰ ਬਣਨ ਵਿਚ ਲਗਭਗ ਇਕ ਹਫ਼ਤਾ ਲੱਗਦਾ ਹੈ। ਡੇਂਗੂ ਜਨਮ ਸਥਾਨ ਤੋਂ 200 ਮੀਟਰ ਦੇ ਘੇਰੇ ਵਿਚ ਹਮਲਾ ਕਰ ਸਕਦਾ ਹੈ ਤੇ ਡੇਂਗੂ ਆਮ ਤੌਰ ਤੇ ਸਵੇਰੇ 9 ਤੋਂ 11 ਵਜੇ ਅਤੇ ਸ਼ਾਮ ਨੂੰ 4 ਤੋਂ 6 ਵਜੇ ਦੇ ਵਿਚਕਾਰ ਹਮਲਾ ਕਰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਡੇਂਗੂ ਮੱਛਰ ਦੇ ਕੱਟਣ ਕਰਕੇ ਪਲੇਟਲੇਟ ਸੈਲ ਘੱਟਣ ਦੀ ਹਾਲਤ ਵਿੱਚ ਜੇਕਰ ਪਲੇਟਲੇਟ ਚੜਾਉਣ ਦੀ ਲੋੜ ਪੈ ਜਾਵੇ ਤਾਂ ਹਸਪਤਾਲ ਵਿੱਚ ਹਜ਼ਾਰਾਂ ਰੁਪਏ ਦੇ ਖਰਚਾ ਹੁੰਦਾ ਹੈ। ਅਜਿਹੇ ਖਰਚੇ ਤੋਂ ਬਚਣ ਲਈ ਸਾਨੂੰ ਆਪਣੇ ਆਲੇ-ਦੁਆਲੇ ਸਾਫ ਪਾਣੀ ਨੂੰ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਤਾਂ ਜੋ ਡੇਂਗੂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਸਿਵਲ ਸਰਜਨ ਨੇ ਦੱਸਿਆ ਕਿ ਮਾਨਸੂਨ ਦੇ ਇਸ ਸੀਜ਼ਨ ਦੌਰਾਨ ਜ਼ਿਲ੍ਹਾ ਵਾਸੀ ਡੇਂਗੂ ਤੋਂ ਬਚਣ ਲਈ ਸਾਵਧਾਨੀਆਂ, ਜਿਵੇਂ ਕਿ ਆਪਣੇ ਘਰਾਂ ਵਿੱਚ ਕੂਲਰਾਂ, ਮਨੀ ਪਲਾਂਟ ਦੀਆਂ ਬੋਤਲਾਂ, ਗਮਲੇ ਅਤੇ ਫਰਿੱਜਾਂ ਦੀਆਂ ਟ੍ਰੇਆਂ ਆਦਿ ਨੂੰ ਹਫ਼ਤੇ ਵਿਚ ਇਕ ਵਾਰ ਜ਼ਰੂਰ ਸਾਫ ਕਰਨ ਅਤੇ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ ਪਾਣੀ ਇਕੱਠਾ ਨਾ ਹੋਣ ਦੇਣ ਤਾਂ ਜੋ ਏਡੀਜ਼ (ਡੇਂਗੂ ਮੱਛਰ) ਦੇ ਜੀਵਨ ਚੱਕਰ ਨੂੰ ਰੋਕਿਆ ਕੀਤਾ ਜਾ ਸਕੇ ਕਿਉਂਕਿ ਇਹ ਮੱਛਰ ਸਾਫ ਪਾਣੀ ਵਿੱਚ ਫੈਲਦਾ ਹੈ। ਉਨ੍ਹਾਂ ਕਿਹਾ ਕਿ ਕਬਾੜ ਵਿੱਚ ਪਏ ਟਾਇਰਾਂ ਵਿੱਚ ਵੀ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਅੱਗੇ ਦੱਸਿਆ ਕਿ ਸੌਣ ਸਮੇਂ ਆਲ ਆਉਟ ਦੀ ਵਰਤੋਂ ਤੇ ਕੱਪੜੇ ਪੂਰੇ ਸਰੀਰ ਨੂੰ ਢਕਣ ਵਾਲੇ ਹੀ ਪਹਿਨੋ। ਇਸ ਤੋਂ ਇਲਾਵਾ ਆਪਣੇ ਗੁਆਂਢੀਆਂ ਵਿੱਚ ਇਹ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਘਰ ਦੇ 200 ਮੀਟਰ ਘੇਰੇ ਨੂੰ ਸਾਫ ਸੁਥਰਾ ਰੱਖਣ ਅਤੇ ਸਾਫ ਪਾਣੀ ਇਕੱਠਾ ਨਾ ਹੋਣ ਦੇਣ ਤਾਂ ਜੋ ਪੂਰੇ ਮੁਹੱਲੇ, ਪਿੰਡ ਤੇ ਸ਼ਹਿਰ ਨੂੰ ਡੇਂਗੂ ਤੋਂ ਮੁਕਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਵੀ ਥਾਂ ਤੇ ਖੜ੍ਹੇ ਪਾਣੀ ਵਿੱਚ ਮੱਛਰ ਫੈਲਦਾ ਦਿਖਾਈ ਦਿੰਦਾ ਹੈ ਤਾਂ ਤੁਸੀਂ ਉਸ ਪਾਣੀ ਵਿੱਚ ਕੁਝ ਮਾਤਰਾ ਵਿੱਚ ਸੜਿਆ ਹੋਇਆ ਮੋਬੀਲ ਤੇਲ ਪਾਓ ਤੇ ਉਹ ਪਾਣੀ ਉੱਪਰ ਪਰਤ ਬਣਾ ਕੇ ਰੱਖੇਗਾ ਅਤੇ ਲਾਰਵੇ ਨੂੰ ਪਾਣੀ ਤੋਂ ਬਾਹਰ ਆਕਸੀਜਨ ਨਹੀ ਮਿਲੇਗੀ ਜਿਸ ਨਾਲ ਏਡੀਜ਼ ਦਾ ਜਨਮ ਨਹੀਂ ਹੁੰਦਾ ਅਤੇ ਉਹ ਖਤਮ ਹੋ ਜਾਵੇਗਾ।