ਰਾਵਣ ਮਰਦਾ ਕਿਉਂ ਨਹੀਂ ?

ਅਸੀਂ ਹਰ ਸਾਲ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਉਂਦੇ ਹਾਂ। ਭਾਰਤ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਾਵਣ ਦੇ ਵੱਡੇ ਵੱਡੇ ਪੁਤਲੇ ਬਣਾ ਕੇ ਜਲਾਏ ਜਾਂਦੇ ਹਨ। ਹਰ ਥਾਂ ਇਹ ਇਕ ਮੇਲੇ ਦਾ ਰੂਪ ਧਾਰ ਲੈਂਦੇ ਹਨ। ਬੱਚੇ, ਬੁੱਢੇ ਅਤੇ ਜੁਆਨ ਸਾਰੀ ਉਮਰ ਦੇ ਲੋਕ ਬੜੇ ਚਾਅ ਨਾਲ ਇਹ ਮੇਲਾ ਦੇਖਣ ਆਉਂਦੇ ਹਨ। ਸਾਰੇ ਬਾਜ਼ਾਰ ਵੀ ਵਿਸ਼ੇਸ਼ ਰੂਪ ਨਾਲ ਤਰਾਂ ਤਰਾਂ ਦੀਆਂ ਮਿਠਿਆਈਆਂ ਅਤੇ ਖਿਡੌਣਿਆਂ ਨਾਲ ਸਜ਼ੇ ਹੁੰਦੇ ਹਨ। ਮੇਲਾ ਦੇਖਣ ਲਈ ਸਾਰੇ ਲੋਕ ਆਪਣੇ ਸਭ ਤੋਂ ਸੋਹਣੇ ਕੱਪੜੇ ਪਾ ਕੇ ਸਜ ਧੱਜ ਕੇ ਆਉਂਦੇ ਹਨ। ਸਭ ਪਾਸੇ ਖ਼ੁਸ਼ੀ ਦਾ ਮਾਹੌਲ ਹੁੰਦਾ ਹੈ । ਖਾਸ ਕਰ ਕੇ ਜਦ ਰਾਵਣ ਦੇ ਪੁਤਲੇ ਜਲਦੇ ਹਨ ਤਾਂ ਦੂਰੋਂ ਦੂਰੋਂ ਇਹ ਨਜ਼ਾਰਾ ਦਿਸਦਾ ਹੈ । ਪੁਤਲਿਆਂ ਵਿਚਲੇ ਪਟਾਕੇ ਜਦ ਠਾਰ ਠਾਰ ਵੱਜਦੇ ਹਨ ਤਾਂ ਬੱਚਿਆਂ ਵਿੱਚ ਹੋਰ ਵੀ ਹੁਲਾਸ ਭਰ ਜਾਂਦਾ ਹੈ । ਜਦ ਰਾਵਣ ਦੇ ਪੁਤਲੇ ਢਹਿ ਢੇਰੀ ਹੋ ਜਾਂਦੇ ਹਨ ਤਾਂ ਸਭ ਲੋਕ ਘਰਾਂ ਨੂੰ ਵਾਪਸ ਮੁੜਨ ਦੀ ਕਰਦੇ ਹਨ ਭਾਵ ਸਾਰਾ ਮੇਲਾ ਖਤਮ ਹੋ ਜਾਂਦਾ ਹੈ । ਮੁੜਦੇ ਸਮੇਂ ਸਾਰੇ ਮਾਂ ਬਾਪ ਆਪਣੇ ਬੱਚਿਆਂ ਨੂੰ ਖੁਸ਼ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਖਿਡੌਣੇ ਅਤੇ ਮਿਠਿਆਈਆਂ ਲੈ ਕੇ ਦਿੰਦੇ ਹਨ ਕਿਉਂਕਿ ਬੱਚਿਆਂ ਦੀ ਖੁਸ਼ੀ ਵਿੱਚ ਹੀ ਮਾਂ ਪਿਉ ਦੀ ਖੁਸ਼ੀ ਹੁੰਦੀ ਹੈ । ਬੱਚਿਆਂ ਦੇ ਖਿਲੇ ਹੋਏ ਚਿਹਰੇ ਦੇਖ ਕੇ ਮਾਂ ਪਿਉ ਵੀ ਪ੍ਰਫੁਲਿਤ ਹੋ ਜਾਂਦੇ ਹਨ ਕਿ ਉਨ੍ਹਾਂ ਨੇ ਬੱਚਿਆਂ ਪ੍ਰਤੀ ਆਪਣਾ ਫ਼ਰਜ ਪੂਰੀ ਤਰ੍ਹਾਂ ਨਿਭਾਇਆ ਹੈ । ਜਦ ਬੱਚੇ ਸਾਡੇ ਕੋਲੋਂ ਇਹ ਪੁੱਛਦੇ ਹਨ ਕਿ ਰਾਵਣ ਨੂੰ ਹਰ ਸਾਲ ਕਿਉਂ ਜਲਾਇਆ ਜਾਂਦਾ ਹੈ ਤਾਂ ਸਾਡੇ ਕੋਲ ਇਸ ਦਾ ਕੋਈ ਤਸੱਲੀ ਬਖ਼ਸ਼ ਉੱਤਰ ਨਹੀਂ ਹੁੰਦਾ । ਸਾਡੇ ਆਪਣੇ ਮਨ ਅੰਦਰ ਵੀ ਇਹ ਸੁਆਲ ਪੈਦਾ ਹੁੰਦਾ ਹੈ ਕਿ ਅਸੀਂ ਰਾਵਣ ਨੂੰ ਹਰ ਸਾਲ ਕਿਉਂ ਜਲਾਉਂਦੇ ਹਾਂ ? ਉਸ ਸਮੇਂ ਸਾਡੇ ਅੰਦਰੋਂ ਜੁਆਬ ਵੀ ਮਿਲਦਾ ਹੈ ਕਿਉਂਕਿ ਰਾਵਣ ਨੇ ਸੀਤਾ ਮਾਤਾ ਦਾ ਅਪਹਰਣ ਕੀਤਾ ਸੀ ਜੋ ਇੱਕ ਮਾੜਾ ਕੰਮ ਹੈ । ਰਾਵਣ ਨੂੰ ਜਲਾਉਣਾ ਬਦੀ ਤੇ ਨੇਕੀ ਦੀ ਜਿੱਤ ਦੀ ਪ੍ਰਤੀਕ ਹੈ । ਇਸ ਲਈ ਸਾਡੇ ਦੇਸ਼ ਵਿੱਚ ਇਹ ਪ੍ਰਥਾ ਸਦੀਆਂ ਤੋਂ ਚੱਲੀ ਆ ਰਹੀ ਹੈ ।  ਪਰ ਕੀ ਅਸੀਂ ਹਰ ਸਾਲ ਰਾਵਣ ਦੇ ਪੁਤਲਿਆਂ ਨੂੰ ਜਲਾ ਕੇ ਆਪਣੇ ਆਪ ਨੂੰ ਧੋਖਾ ਨਹੀਂ ਦਿੰਦੇ ? ਕਿਉਂਕਿ ਰਾਵਣ ਤਾਂ ਮਰਦਾ ਹੀ ਨਹੀਂ । ਇਸ ਲਈ ਉਸ ਨੂੰ ਹਰ ਸਾਲ ਜਲਾਉਣਾ ਪੈਂਦਾ ਹੈ ਪਰ ਸੁਆਲ ਪੈਦਾ ਇਹ ਹੁੰਦਾ ਹੈ ਕਿ ਹਰ ਸਾਲ ਰਾਵਣ ਨੂੰ ਜਲਾਉਣ ਦੇ ਬਾਵਜ਼ੂਦ ਵੀ ਉਹ ਮਰਦਾ ਕਿਉਂ ਨਹੀਂ ? ਕਿਉਂ ਉਸ ਨੂੰ ਹਰ ਸਾਲ ਹੀ ਜਲਾਉਣਾ ਪੈਂਦਾ ਹੈ ? ਹਰ ਸਾਲ ਅਸੀਂ ਥਾਂ ਥਾਂ ਰਾਵਣ ਦੇ ਪੁਤਲੇ ਜਲਾ ਕੇ ਆਪਣੇ ਵਾਤਾਵਰਨ ਨੂੰ ਪੁਲੀਤ ਨਹੀਂ ਕਰ ਰਹੇ ? ਕੀ ਇਹ ਧਨਅਤੇ ਕੀਮਤੀ ਸਮੇਂ ਦੀ ਬਰਬਾਦੀ ਨਹੀਂ ? ਜੇ ਇਹ ਹੀ ਧਨ ਗ਼ਰੀਬ ਬੱਚਿਆਂ ਦੀ ਖ਼ੁਰਾਕ ਅਤੇ ਵਿਦਿਆ ਤੇ ਖ਼ਰਚ ਕੀਤਾ ਜਾਏ ਤਾਂ ਇਹ ਸਮਾਜ ਦਾ ਭਲਾ ਨਹੀਂ ਹੋਵੇਗਾ ? ਇਹ ਧਨ ਅਤੇ ਸਮਾਂ ਦੇਸ਼ ਦੇ ਵਿਕਾਸ ਤੇ ਖ਼ਰਚ ਕੀਤਾ ਜਾ ਸਕਦਾ ਹੈ । ਅਸੀਂ ਬੁੱਧੀ ਜੀਵੀ ਹੋ ਕੇ ਵੀ ਅਜਿਹਾ ਕਿਉਂ ਨਹੀਂ ਕਰਦੇ ? ਇਸ ਪ੍ਰਸ਼ਨ ਦਾ ਉੱਤਰ ਲੈਣ ਲਈ ਸਾਨੂੰ ਇਮਾਨਦਾਰੀ ਨਾਲ ਕੁਝ ਵਿਚਾਰ ਕਰਨ ਦੀ ਲੋੜ ਹੈ । ਜਦ ਦੀ ਮਨੁੱਖ ਨੇ ਹੋਸ਼ ਸੰਭਾਲੀ ਹੈ ਤਾਂ ਉਸ ਨੂੰ ਲੱਗਿਆ ਕਿ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਅਤੇ ਇਸ ਦੁਨੀਆਂ ਨੂੰ ਚਲਾਉਣ ਵਾਲਾ ਕੋਈ ਹੋਰ ਹੀ ਹੈ ਜਿਸ ਨੂੰ ਉਸ ਨੇ ਰੱਬ ਦਾ ਨਾਮ ਦਿੱਤਾ ਹੈ । ਅਲੱਗ ਅਲੱਗ ਧਰਮਾਂ ਵਾਲਿਆਂ ਨੇ ਵੀ ਆਪਣੇ ਆਪਣੇ ਰੱਬ ਨੂੰ ਅਲੱਗ ਅਲੱਗ ਨਾਮ ਦਿੱਤੇ ਹਨ ਜਿਵੇਂ ਭਗਵਾਨ, ਅੱਲ੍ਹਾ, ਜੀਸਮ ਅਤੇ ਵਾਹਿਗੁਰੂ ਆਦਿ।  ਸਾਰੇ ਧਰਮਾਂ ਵਾਲੇ ਇਕ ਗੱਲ ਤੇ ਸਹਿਮਤ ਹਨ ਕਿ ਰੱਬ ਕੇਵਲ ਇਕ ਹੀ ਹੈ ਬੇਸ਼ੱਕ ਅਲੱਗ ਅਲੱਗ ਧਰਮ ਗੁਰੂਆਂ ਨੇ ਉਸ ਨੂੰ ਨਾਮ ਅਲੱਗ ਦਿੱਤੇ । ਸਾਡੀ ਧਰਮ ਬਿਉਰੀ ਅੱਗੇ ਚੱਲਦੀ ਹੈ ਕਿ ਸਾਰੇ ਮਨੁੱਖਾਂ ਦੇ ਚੰਗੇ ਮਾੜੇ ਕੰਮਾਂ ਦਾ ਹਿਸਾਬ ਕਿਤਾਬ ਵੀ ਰੱਬ ਹੀ ਰੱਖਦਾ ਹੈ । ਮੌਤ ਤੋਂ ਬਾਅਦ ਮਨੁੱਖ ਨੂੰ ਉਸ ਦੇ ਚੰਗੇ ਮਾੜੇ ਕੰਮਾਂ ਦੇ ਅਨੁਸਾਰ ਸਵਰਗ ਜਾਂ ਨਰਕ ਵਿੱਚ ਭੇਜਿਆ ਜਾਂਦਾ ਹੈ ਜਾਂ ਉਸ ਦੇ ਮਾੜੇ ਕਰਮਾਂ ਕਰ ਕੇ ਉਸ ਨੂੰ 84 ਲੱਖ ਜੂਨਾਂ ਦੇ ਚੱਕਰ ਵਿੱਚ ਵੀ ਪਾਇਆ ਜਾਂਦਾ ਹੈ । ਹੋਰ ਅੱਗੇ ਚੱਲਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਮਨੁੱਖ ਪ੍ਰਮਾਤਮਾਂ ਦੀ ਸ੍ਰਿਸ਼ਟੀ ਦਾ ਸਭ ਤੋਂ ਉੱਤਮ ਜੀਵ ਹੈ । ਰੱਬ ਨੇ ਮਨੁੱਖ ਨੂੰ ਅਪਣਾ ਹੀ ਰੂਪ ਦੇ ਕੇ ਚੰਗੇ ਕੰਮ ਕਰਨ ਲਈ ਇਸ ਧਰਤੀ ਤੇ ਭੇਜਿਆ ਹੈ । ਮੁਨੱਖ ਨੂੰ ਆਪਣਾ ਹੀ ਰੁਪ ਦੇ ਕੇ ਚੰਗੇ ਕੰਮ ਕਰਨ ਲਈ ਇਸ ਧਰਤੀ ਤੇ ਭੇਜਿਆ ਹੈ । ਮਨੁੱਖ ਆਪਣੇ ਅਸਲ (ਰੱਬ) ਤੋਂ ਵਿਛੜਿਆ ਹੋਇਆ ਹੈ । ਚੰਗੇ ਕੰਮ ਕਰਨ ਨਾਲ ਹੀ ਉਸ ਨੂੰ ਸਵਰਗ ਵਿਚ ਥਾਂ ਮਿਲਦੀ ਹੈ ਅਤੇ ਉਸ ਦਾ ਰੱਬ ਨਾਲ ਦੁਬਾਰਾ ਮੇਲ ਹੁੰਦਾ ਹੈ, ਜਿਸ ਤੋਂ ਉਹ ਵਿਛੜਿਆ ਹੋਇਆ ਹੈ । ਇਸ ਹਿਸਾਬ ਵਿਚ ਮਨੁੱਖ ਵਿੱਚ ਰੱਬ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ ਕਿਉਂਕਿ ਦੁੱਖ ਜਾਂ ਨਰਕ ਕੋਈ ਨਹੀਂ ਚਾਹੁੰਦਾ । ਸਭ ਸੁੱਖ ਦੇ ਹੀ ਅਭਿਲਾਸ਼ੀ ਹਨ । ਮਨੁੱਖ ਜ਼ਿੰਦਗੀ ਭਰ ਪ੍ਰਮਾਤਮਾ ਨੂੰ ਲੱਭਣ ਲਈ ਇੱਧਰ ਉੱਧਰ ਭਟਕਦਾ ਰਹਿੰਦਾ ਹੈ । ਸਾਡੇ ਧਰਮ ਗੁਰੂਆਂ ਨੇ ਇਸ ਬਿਉਰੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਸਾਨੂੰ ਗਿਆਨ ਦਿੱਤਾ ਹੈ ਕਿ ਜਿਸ ਪ੍ਰਮਾਤਮਾਂ ਨੂੰ ਲੱਭਣ ਲਈ ਮਨੁੱਖ ਸਾਰੀ ਉਮਰ ਭਟਕਦਾ ਰਹਿੰਦਾ ਹੈ ਉਹ ਕਿਧਰੇ ਹੋਰ ਨਹੀਂ ਸਗੋਂ ਮਨੁੱਖ ਦੇ ਅੰਦਰ ਹੀ ਨਿਵਾਸ ਕਰਦਾ ਹੈ ਭਾਵ ਰੱਬ ਦੇ ਸਾਰੇ ਗੁਣ ਹੀ ਹਰ ਮਨੁੱਖ ਦੇ ਅੰਦਰ ਹੀ ਹਨ। ਮਨੁੱਖ ਸਵਾਰਥੀ, ਲਾਲਚੀ ਅਤੇ ਅਲਪ ਬੁੱਧੀ ਹੋਣ ਕਰ ਕੇ ਭਟਕ ਜਾਂਦਾ ਹੈ। ਲਾਲਚੀ ਹੋਣ ਕਰ ਕੇ ਭਟਕ ਜਾਂਦਾ ਹੈ। ਲਾਲਚੀ ਹੋਣ ਕਾਰਨ ਮਨੁੱਖ ਇਨਸਾਨੀਅਤ ਨੂੰ ਭੁੱਲਦਾ ਜਾ ਰਿਹਾ ਹੈ। ਉਹ ਰੱਬ ਦੇ ਚੰਗੇ ਗੁਣਾਂ ਸਮਝਦੇ ਹੋਏ ਵੀ ਉਸ ਤੇ ਅਮਲ ਨਹੀਂ ਕਰਦਾ। ਸਾਰੀ ਉਮਰ ਠੋਕਰਾਂ ਖਾਂਦਾ ਰਹਿੰਦਾ ਹੈ ਅਤੇ ਦੁੱਖ ਪਾਉਂਦਾ ਹੈ। ਇਸੇ ਕਰ ਕੇ ਉਸ ਦਾ ਰੱਬ ਨਾਲ ਮਿਲਾਪ ਨਹੀਂ ਹੋ ਸਕਦਾ। ਅੱਜ ਕੱਲ ਪੂੰਜੀ ਵਾਦੀ ਦਾ ਯੁੱਗ ਹੈ। ਇਸ ਲਈ ਮਨੁੱਖ ਕਾਮ, ਕ੍ਰੋਧ, ਲੋਭ, ਮੋਹ. ਹੰਕਾਰ ਆਦਿ ਵਿਸ਼ੇ ਵਿਕਾਰਾਂ ਵਿੱਚ ਫਸਿਆ ਪਿਆ ਹੈ। ਬੇਸ਼ੁਮਾਰ ਧਨ ਇਕੱਠਾ ਕਰਨਾ ਉਸ ਦਾ ਉਦੇਸ਼ ਹੈ। ਇਸੇ ਲਈ ਭ੍ਰਿਸ਼ਟਾਚਾਰ, ਬੇਈਮਾਨੀ ਅਤੇ ਠੱਗੀ ਠਗੋਰੀ ਉਸ ਦਾ ਸਾਥ ਨਹੀਂ ਛੱਡਦੀ। ਜੇ ਅਸੀਂ ਮੰਨਦੇ ਹਾਂ ਕਿ ਸਾਡਾ ਮਨ ਹੀ ਰੱਬ ਦਾ ਘਰ ਹੈ ਤਾਂ ਅਸੀਂ ਇਸ ਮੰਦਰ ਵਿੱਚ ਬਦੀਆਂ ਅਤੇ ਵਿਸ਼ੇ ਵਿਕਾਰਾਂ ਦਾ ਗੰਦ ਕਿਉਂ ਪਾਈ ਬੈਠੇ ਹਾਂ? ਆਪਣੇ ਰੱਬ ਦੇ ਘਰ ਨੂੰ ਸਾਫ ਸੁਥਰਾ ਕਿਉਂ ਕਹਿੰਦੇ ਹਾਂ ਕਿ ਦੇਸ਼ ਵਿਚੋਂ ਪਾਪ ਅਤੇ ਭ੍ਰਿਸ਼ਟਾਚਾਰ ਨਹੀਂ ਮਿੱਟਦਾ। ਬਦੀ ਦਾ ਗੰਦ ਤਾਂ ਸਾਡੇ ਅੰਦਰ ਹੀ ਹੈ। ਰਾਵਣ ਨੂੰ ਅਸੀਂ ਆਪ ਆਪਣੇ ਅੰਦਰ ਹੀ ਪਾਲ ਰਹੇ ਹਾਂ। ਫਿਰ ਰਾਵਣ ਮਰੇ ਕਿਵੇਂ? ਅਸੀਂ ਰਾਵਣ ਨੂੰ ਬਦੀ ਦਾ ਚਿੰਨ੍ਹ ਮੰਨ ਕੇ ਹਰ ਸਾਲ ਸਾੜਦੇ ਹਾਂ ਪਰ ਇਸ ਤਰ੍ਹਾਂ ਬਦੀ ਖਤਮ ਨਹੀਂ ਹੁੰਦੀ। ਜੇ ਅਸੀਂ ਮੰਨਦੇ ਹਾਂ ਕਿ ਪ੍ਰਮਾਤਮਾਂ ਦੇ ਸਾਰੇ ਚੰਗੇ ਗੁਣ ਸਾਡੇ ਅੰਦਰ ਹਨ ਤਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਬਦੀ ਰੂਪੀ ਰਾਵਣ ਵੀ ਸਾਡੇ ਅੰਦਰ ਹੀ ਹੈ। ਇਸ ਗੱਲ ਵਲ ਅਸੀਂ ਕਦੀ ਧਿਆਨ ਨਹੀਂ ਦਿੰਦੇ। ਜਿਵੇਂ ਕਸਤੂਰੀ ਮਿਰਗ ਦੀ ਧੁੰਨੀ ਵਿੱਚ ਛੁਪੀ ਹੁੰਦੀ ਹੈ ਪਰ ਉਹ ਉਸ ਦੀ ਖੁਸ਼ਬੂ ਜੰਗਲ ਵਿਚ ਭਟਕਦਾ ਰਹਿੰਦਾ ਹੈ। ਇਸੇ ਤਰ੍ਹਾਂ ਬਦੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਫਰੇਬ, ਨਿੰਦਾ ਚੁਗਲੀ, ਭ੍ਰਿਸ਼ਟਾਚਾਰ ਆਦਿ ਵਿਸ਼ੇ ਵਿਕਾਰ ਸਾਡੇ ਅੰਦਰ ਹੀ ਪਨਪ ਰਹੇ ਹਨ ਪਰ ਅਸੀਂ ਜਾਣ ਬੁੱਝ ਕੇ ਇਸ ਗੱਲੋਂ ਅਵੇਸਲੇ ਹੋਏ ਰਹਿੰਦੇ ਹਾਂ। ਅਸੀਂ ਬਿਮਾਰੀ ਦੀ ਜੜ੍ਹ ਨੂੰ ਲੱਭ ਕੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹਹੀਂ ਕਰਦੇ ਸਗੋਂ ਅਸੀਂ ਬਿਮਾਰੀ ਦੇ ਪ੍ਰਛਾਵੇਂ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਕਦੀ ਇਸ ਤਰ੍ਹਾਂ ਬਿਮਾਰੀ ਖਤਮ ਹੋ ਸਕਦੀ ਹੈ? ਕਦੀ ਨਹੀਂ। ਬੱਚੇ ਜਦ ਸਾਡੇ ਅੰਦਰ ਝੂਠ ਫਰੇਬ ਅਤੇ ਲਾਲਚ ਦੇਖਦੇ ਹਨ ਤਾਂ ਉਹ ਚੰਗੇ ਗੁਣ ਗ੍ਰਹਿਣ ਕਰਨ ਤੋਂ ਬਾਗੀ ਹੋ ਜਾਂਦੇ ਹਨ। ਇਸ ਤਰ੍ਹਾਂ ਰਾਵਣ ਸਾਡੇ ਸਮਾਜ ਵਿਚ ਪਲਦਾ ਰਹਿੰਦਾ ਹੈ। ਭ੍ਰਿਸ਼ਟਾਚਾਰ, ਲੱਟ ਖਸੁੱਟ ਅਤੇ ਧੋਖੇ ਫ਼ਰੇਬ ਦਾ ਵਾਤਾਵਰਣ ਉਸ ਲਈ ਪੋਸ਼ਟਿਕ ਖੁਰਾਕ ਦਾ ਕੰਮ ਕਰਦਾ ਹੈ। ਅੱਜ ਵੀ ਹਰ ਪਲ ਸਾਡੇ ਦੇਸ਼ ਵਿਚ ਸੀਤਾ ਦਾ ਅਪਹਰਣ ਹੋ ਰਿਹਾ ਹੈ ਕਿਉਂਕਿ ਹਰ ਚੁਰਾਹੇ ਵਿਚ ਕੋਈ ਨਾ ਕੋਈ ਰਾਵਣ ਬੈਠਾ ਹੈ। ਹਰ ਰੋਜ਼ ਅਨੇਕਾਂ ਅਬਲਾਵਾਂ ਨਾਲ ਬਲਾਤਕਾਰ ਹੋ ਰਿਹ ਹੈ। ਇੱਥੇ ਹੀ ਬੱਸ ਨਹੀਂ ਬਲਾਤਕਾਰ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਜਾਂ ਸਾੜ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਕਿ ਰਾਵਣ ਦੇ ਅਪਰਾਦ ਨੂੰ ਨੰਗਾ ਕਰਨ ਵਾਲਾ ਕੋਈ ਜਿੰਦਾ ਹੀ ਨਾ ਰਹੇ। ਅਸੀਂ ਅਜਿਹੇ ਰਾਵਣਾ ਨੂੰ ਮੌਕੇ ਤੇ ਹੀ ਕਿਉਂ ਨਹੀਂ ਸਾੜਦੇ? ਲੰਮੀ ਅਤੇ ਅਕਾਉ ਕਾਨੂੰਨੀ ਪ੍ਰਕਿਰਿਆ ਕਾਰਨ ਅਜਿਹੇ ਅਪਰਾਦੀ ਆਮ ਤੋਰ ਤੇ ਬਚ ਜਾਂਦੇ ਹਨ। ਸਰਕਾਰ ਵੀ ਅਜਿਹੇ ਅਨਸਰਾਂ ਨੂੰ ਸੰਰਕਸ਼ਨ ਦਿੰਦੀ ਹੈ ਕਿਉਂਕਿ ਉਹ ਉਨ੍ਹਾਂ ਦੀ ਪਾਰਟੀ ਦੇ ਹੀ ਬੰਦੇ ਹੁੰਦੇ ਹਨ। ਅੱਜ ਦੀਆਂ ਸਰਕਾਰਾਂ ਲੋਕਾਂ ਦੇ ਭਲੇ ਦੀਆਂ ਸਰਕਾਰਾਂ ਨਾ ਹੋ ਕੇ ਅਪਰਾਧੀਆਂ ਦੀ ਜੁੰਡਲੀ ਬਣ ਕੇ ਰਹਿ ਗਈ ਹੈ। ਸਰਕਾਰ ਦੀ ਰੱਖਿਆ ਵਿਚ ਵੱਡੇ ਵੱਡੇ ਅਪਰਾਧੀ ਪਲ ਰਹੇ ਹਨ। ਅਜਿਹੇ ਅਪਰਾਧਾਂ ਦੀਆਂ ਪੀੜਤਾਂ ਜੇ ਜਿੰਦਾ ਬਚ ਵੀ ਜਾਣ ਤਾਂ ਉਨ੍ਹਾਂ ਨੂੰ ਬਾਕੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਤਰ੍ਹਾਂ ਹੰਢਾਉਣੀ ਪੈਂਦੀ ਹੈ। ਇਸ ਲਈ ਉਹ ਸਮਾਜ ਜਾਂ ਅਪਰਾਧੀ ਦੀ ਤਾਕਤ ਦੇ ਡਰ ਤੋਂ ਜੁਲਮ ਦੇ ਖਿਲਫ ਮੂੰਹ ਨਹੀਂ ਖੋਲਦੀਆਂ। ਇਸ ਲਈ ਪੁਲਿਸ ਕੋਲ ਕੇਵਲ ਅੱਧੀਆਂ ਰਿਪੋਰਟਾਂ ਹੀ ਦਰਜ਼ ਹੁੰਦੀਆਂ ਹਨ। ਦਰਿੰਦੇ ਸ਼ਰੇਆਮ ਦਨਦਨਾਉਂਦੇ ਫਿਰਦੇ ਰਹਿੰਦੇ ਹਨ। ਉਨ੍ਹਾਂ ਦਾ ਹੌਂਸਲਾ ਹੋਰ ਵਧ ਜਾਂਦਾ ਹੈ। ਉਹ ਫਿਰ ਕਿਸੇ ਹੋਰ ਅਬਲਾ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਫਿਲਮਾਂ, ਟੈਲੀਵੀਜ਼ਨ ਅਤੇ ਬਾਕੀ ਮੀਡੀਆ ਵੀ ਬੱਚਿਆਂ ਲਈ ਨੰਗੇਜ਼ ਪਰੋਸ ਰਿਹਾ ਹੈ, ਜਿਸ ਦਾ ਉਨ੍ਹਾਂ ਤੇ ਬੁਰਾ ਪ੍ਰਭਾਵ ਪੈਂਦਾ ਹੈ। ਫੈਸ਼ਨ ਬਾਜ਼ਾਰ ਨੇ ਨਗੰਨਤਾ ਨੂੰ ਹੋਰ ਬੜਾਵਾ ਦਿੱਤਾ ਹੈ। ਜੁਆਨ ਕੁੜੀਆਂ ਸਰੇ ਆਮ ਅੱਧਨੰਗੇ ਕੱਪੜੇ ਪਾ ਕੇ ਬਾਜ਼ਾਰਾਂ ਵਿਚ ਘੁੰਮਦੀਆਂ ਰਹਿੰਦੀਆਂ ਹਨ ਜੋ ਕਾਮੁਕਤਾ ਨੂੰ ਬੜਾਵਾ ਦਿੰਦੇ ਹਨ। ਇਸ ਦਾ ਬੱਚਿਆਂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਅੰਦਰ ਅਪਰਾਧ ਦੀ ਪ੍ਰਵਿਰਤੀ ਪਨਪਦੀ ਹੈ। ਜੋ ਹਰ ਮਨੁੱਖ ਅੰਦਰ ਉਹ ਹੀ ਪ੍ਰਮਾਤਮਾਂ ਦਾ ਵਾਸਾ ਹੈ ਤਾਂ ਫਿਰ ਬੰਦੇ ਦਾ ਹੀ ਬੰਦਾ ਵੈਰੀ ਕਿਉਂ ਹੈ? ਇਸ ਤਰ੍ਹਾਂ ਬੰਦੇ ਨੂੰ ਪ੍ਰਮਾਤਮਾਂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਜਿਹੜਾ ਰੱਬ ਸਾਡੇ ਅੰਦਰ ਹੈ ਉਹੀ ਰੱਬ ਦੂਸਰੇ ਦੇ ਅੰਦਰ ਵੀ ਹੈ। ਦੂਸਰੇ ਨੂੰ ਨੁਕਸਾਨ ਪਹੁੰਚਾ ਕੇ ਅਸੀਂ ਆਪਣੇ ਰੱਬ ਪ੍ਰਤੀ ਹੀ ਗੁਸਤਾਖੀ ਕਰਦੇ ਹਾਂ। ਫਿਰ ਸਾਡੇ ਅੰਦਰਲਾ ਰੱਬ ਸਾਡੇ ਤੇ ਖੁਸ਼ ਕਿਵੇਂ ਹੋ ਸਕਦਾ ਹੈ? ਸਾਡਾ ਮਨ ਲਾਲਚ ਅਤੇ ਤ੍ਰਿਸ਼ਨਾ ਨਾਲ ਭਰਿਆ ਹੋਇਆ ਹੈ। ਜਦ ਸਾਡੀ ਇਕ ਤ੍ਰਿਸ਼ਨਾ ਪੂਰੀ ਹੁੰਦੀ ਹੈ ਤਾਂ ਉਸੇ ਸਮੇਂ ਸਾਡੇ ਅੰਦਰ ਉਸ ਤੋਂ ਵੀ ਵੱਡੀ ਦੂਸਰੀ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ ਭਾਵ ਸਾਡੇ ਅੰਦਰ ਇਕ ਤਰ੍ਹਾਂ ਰਾਵਣ ਅਮਰ ਹੈ। ਉਹ ਕਦੀ ਨਹੀਂ ਮਰ ਸਕਦਾ ਕਿਉਂਕਿ ਅਸੀਂ ਖੁਦ ਇਮਾਨਦਾਰ ਨਹੀਂ। ਅਸੀਂ ਨੇਕੀ ਦੀਆਂ ਗੱਲਾਂ ਤਾਂ ਬਹੁਤ ਸੋਹਣੀਆਂ ਸੋਹਣੀਆਂ ਕਰਦੇ ਹਾਂ ਪਰ ਉਨ੍ਹਾਂ ਤੇ ਅਮਲ ਨਹੀਂ ਕਰਦੇ। ਅਸੀਂ ਖੁਦ ਆਪਣੇ ਅੰਦਰ ਇਕ ਰਾਵਣ ਪਾਲ ਰਹੇ ਹਾਂ।  ਅਸੀਂ ਹਰ ਸਮੇਂ ਬੱਚਿਆਂ ਨੂੰ ਚੰਗੇ ਬਣਨ ਦੀ ਸਿੱਖਿਆ ਦਿੰਦੇ ਰਹਿੰਦੇ ਹਾਂ ਪਰ ਬੱਚਿਆਂ ਨੂੰ ਫੌਕੀਆਂ ਸਿਖਿਆਵਾਂ ਦੇਣ ਦਾ ਕੋਈ ਲਾਭ ਨਹੀਂ। ਬੱਚੇ ਜੋ ਦੇਖਦੇ ਹਨ ਉਸ ਨੂੰ ਜਲਦੀ ਗ੍ਰਹਿਣ ਕਰਦੇ ਹਨ। ਜਦ ਤੱਕ ਅਸੀਂ ਆਪ ਚੰਗੇ ਗੁਣਾਂ ਦੇ ਧਾਰਨੀ ਨਹੀਂ ਬਣਦੇ ਤਦ ਤੱਕ ਉਨ੍ਹਾਂ ਤੇ ਸਾਡੀਆਂ ਆਦਰਸ਼ਵਾਦੀ ਸਿਖਿਆਵਾਂ ਦਾ ਕੋਈ ਅਸਰ ਹੋਣ ਵਾਲਾ ਨਹੀਂ। ਕਹਿੰਦੇ ਹਨ- "ਆਪ ਨਾ ਮਰੀਏ ਤੇ ਸਵਰਗ ਨਾ ਜਾਈਏ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੇਟਾ ਰਾਮ ਬਣੇ ਤਾਂ ਸਾਨੂੰ ਪਹਿਲਾਂ ਆਪ ਦਸਰਥ ਬਣਨਾ ਪਵੇਗਾ। ਪਹਿਲਾਂ ਸਾਨੂੰ ਆਪਣਾ ਘਰ ਖੁਦ ਸਾਫ ਕਰਨਾ ਪਵੇਗਾ ਫਿਰ ਹੀ ਅਸੀਂ ਦੁਨੀਆਂ ਨੂੰ ਸਵੱਛਤਾ ਦਾ ਹੌਕਾ ਦੇ ਸਕਾਂਗੇ। ਯਾਦ ਰੱਖੋ ਚੰਗੇ ਸੰਸਕਾਰਾਂ ਨਾਲ ਬੰਦੇ ਨੂੰ ਜੱਸ ਮਿਲਦਾ ਹੈ ਪਰ ਇਹ ਸਾਡੇ ਵਿਉਹਾਰ ਨਾਲ ਹੀ ਸਿੱਧ ਹੁੰਦਾ ਹੈ। ਕਰਮ ਤੋਂ ਬਿਨਾਂ ਚੰਗੀ ਸੋਚ ਦਾ ਵੀ ਕੋਈ ਲਾਭ ਨਹੀਂ। ਸੰਸਕਾਰਾਂ ਤੋਂ ਵੱਡੀ ਕਈ ਵਸੀਅਤ ਨਹੀਂ ਅਤੇ ਇਮਾਨਦਾਰੀ ਤੋਂ ਵੱਡੀ ਕੋਈ ਵਿਰਾਸਤ ਨਹੀਂ। ਮਾਂ ਪਿਉ ਦੇ ਦਿੱਤੇ ਹੋਏ ਚੰਗੇ ਸੰਸਕਾਰ ਹੀ ਬੱਚੇ ਨੂੰ ਇਕ ਜਿੰਮੇਵਾਰ ਅਤੇ ਚੰਗਾ ਨਾਗਰਿਕ ਦੇਸ਼ ਅਤੇ ਕੌਮ ਦੀ ਵਾਗਡੋਰ ਸੰਭਾਲਦੇ ਹਨ ਤਾਂ ਦੇਸ਼ ਛਾਲਾਂ ਮਾਰਦਾ ਹੋਇਆ ਵਿਕਾਸ ਦੇ ਰਸਤੇ ਤੇ ਪੈਂਦਾ ਹੈ। ਅਜਿਹੇ ਬੱਚੇ ਹੀ ਆਪਣੇ ਮੁਲਕ ਅਤੇ ਮਾਂ ਪਿਉ ਦਾ ਨਾਂਅ ਰੌਸ਼ਨ ਕਰਦੇ ਹਨ। ਜੇ ਆਪਣੇ ਅੰਦਰ ਦੇ ਔਗੁਣਾ ਨੂੰ ਖਤਮ ਕਰ ਕੇ ਬੱਚਿਆਂ ਲਈ ਆਪਣੇ ਆਪ ਨੂੰ ਆਦਰਸ਼ ਸਾਬਤ ਕੀਤਾ ਜਾਏ ਤਾਂ ਬੱਚੇ ਨੂੰ ਆਦਰਸ਼ ਸਾਬਤ ਕੀਤਾ ਜਾਏ ਤਾਂ ਬੱਚੇ ਚੀ ਚੰਗੇ ਗੁਣ ਗ੍ਰਹਿਣ ਕਰਨਗੇ। ਮੌਤ ਤੇ ਰੱਬ ਨੂੰ ਹਮੇਸ਼ਾਂ ਯਾਦ ਰੱਖੋ। ਜੇ ਗਿਆਨ ਦੇ ਬਾਅਦ ਸਾਡੇ ਅੰਦਰ ਹੰਕਾਰ ਪੈਦਾ ਹੁੰਦਾ ਹੈ ਤਾਂ ਅਜਿਹਾ ਗਿਆਨ ਜ਼ਹਿਰ ਹੈ। ਜਿਸ ਗਿਆਨ ਨਾਲ ਸਾਡੇ ਅੰਦਰ ਨਿਰਮਤਾ ਪੈਦਾ ਹੋਏ ਉਹ ਹੀ ਗਿਆਨ ਅੰਮ੍ਰਿਤ ਹੁੰਦਾ ਹੈ। ਸਾਨੂੰ ਚਾਹਿਦਾ ਹੈ ਕਿ ਅਸੀਂ ਆਪਣੇ ਗਿਆਨ ਨੂੰ ਆਪਣੇ ਔਗੁਣਾ ਨੂੰ ਦੂਰ ਕਰਨ ਲਈ ਵਰਤੀਏ ਅਤੇ ਬਦੀ ਰੂਪੀ ਰਾਵਣ ਨੂੰ ਆਪਣੇ ਅੰਦਰੋਂ ਖਤਮ ਕਰੀਏ। ਫਿਰ ਅਸੀਂ ਇਕ ਲਹਿਰ ਬਣ ਕੇ ਸਰਕਾਰ ਅਤੇ ਸਮਾਜ ਨੂੰ ਨਾਲ ਲੈ ਕੇ ਬਦੀ ਨੂੰ ਜੜ੍ਹੋਂ ਖਤਮ ਕਰ ਸਕਦੇ ਹਾਂ ਅਤੇ ਦੇਸ਼ ਦੀਆਂ ਅਬਲਾਵਾਂ ਨੂੰ ਇਨ੍ਹਾਂ ਰਾਵਣਾ ਤੋਂ ਬਚਾ ਸਕਦੇ ਹਾਂ। ਫਿਰ ਸਾਨੂੰ ਹਰ ਸਾਲ ਰਾਵਣ ਦੇ ਪੁਤਲੇ ਜਲਾਉਣ ਦੀ ਜ਼ਰੂਰਤ ਨਹੀਂ ਪਵੇਗੀ।

Add new comment