ਜਦ ਅਸੀਂ ਕੋਈ ਚੀਜ਼ ਇਸਤੇਮਾਲ ਕਰਦੇ ਹਾਂ ਤਾਂ ਉਸ ਦਾ ਜੋ ਨਾ ਵਰਤਣ ਯੋਗ ਫ਼ਾਲਤੂ ਕਚਰਾ ਬਚਦਾ ਹੈ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਉਸ ਕਚਰੇ ਦਾ ਇਕੱਠਾ ਹੋਣਾ ਹੀ ਪ੍ਰਦੂਸ਼ਣ ਹੈ। ਇਸ ਪ੍ਰਦੂਸ਼ਣ ਦਾ ਸਪਸ਼ਟ ਜਿਹਾ ਮਤਲਬ ਹੀ ਗੰਦ ਹੈ। ਇਸ ਗੰਦ ਵਿਚੋਂ ਬਹੁਤ ਬਦਬੂ ਆਉਂਦੀ ਹੈ। ਇਹ ਗੰਦ ਮਨ ਨੂੰ ਅਤੇ ਨਜ਼ਰ ਨੂੰ ਬਹੁਤ ਭੱਦਾ ਲੱਗਦਾ ਹੈ। ਦੂਜਾ ਇਹ ਕੀਮਤੀ ਥਾਂ ਵੀ ਘੇਰਦਾ ਹੈ। ਜੇ ਇਸ ਪ੍ਰਦੂਸ਼ਣ ਨੂੰ ਜਲਦੀ ਜਲਦੀ ਖਤਮ ਨਾ ਕੀਤਾ ਜਾਏ ਤਾਂ ਕਈ ਵਾਰੀ ਭਿਆਨਕ ਬਿਮਾਰੀਆਂ ਫੈਲ੍ਹ ਜਾਂਦੀਆਂ ਹਨ। ਇਨਾਂ ਬਿਮਾਰਆਂ ਨੂੰ ਦੂਰ ਕਰਨ ਲਈ ਸਾਨੂੰ ਡਾਕਟਰਾਂ ਕੋਲ ਭੱਜਣਾ ਪੈਂਦਾ ਹੈ। ਜਿਸ ਤੇ ਸਾਡਾ ਕੀਮਤੀ ਸਮਾਂ ਅਤੇ ਖੂਨ ਪਸੀਨੇ ਨਾਲ ਕਮਾਇਆ ਹੋਇਆ ਧਨ ਖਰਚ ਹੁੰਦਾ ਹੈ। ਕਈ ਵਾਰੀ ਇਨ੍ਹਾਂ ਬਿਮਾਰੀਆਂ ਨਾਲ ਬੰਦੇ ਦੀ ਜਾਨ ਵੀ ਚਲੀ ਜਾਂਦੀ ਹੈ।
ਹਰ ਘਰ ਵਿਚ ਰੋਜ਼ਾਨਾ ਕੁਝ ਨਾ ਕੁਝ ਕਚਰਾ ਜ਼ਰੂਰ ਪੈਦਾ ਹੁੰਦਾ ਹੈ। ਇਹ ਕਚਰਾ ਮਿੱਟੀ, ਫ਼ਲਾਂ ਅਤੇ ਸਬਜੀਆਂ ਦੇ ਛਿਲਕੇ, ਟੁੱਟੀਆਂ ਭੱਜੀਆਂ ਵਸਤੂਆਂ ਅਤੇ ਪੁਰਾਣੀਆਂ ਅਖਬਾਰਾਂ ਰਾਹੀਂ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਮਲ ਮੂਤਰ ਰਾਹੀਂ ਵੀ ਪ੍ਰਦੂਸ਼ਣ ਪੈਦਾ ਹੁੰਦਾ ਹੈ। ਜੇ ਇਸ ਕਚਰੇ ਨੂੰ ਨਾਲ ਦੇ ਨਾਲ ਨਾ ਸਮੇਟਿਆ ਜਾਏ ਤਾਂ ਸਮਾਜ ਅਤੇ ਸਰਕਾਰ ਲਈ ਬਹੁਤ ਦਿਕੱਤ ਪੈਦਾ ਹੋ ਜਾਂਦੀ ਹੈ। ਗੰਦੇ ਤਰਲ ਪਦਾਰਥ ਨੂੰ ਸਾਂਭਣ ਲਈ ਪਿੰਡਾਂ ਦੇ ਬਾਹਰ ਟੋਬੇ ਬਣੇ ਹੋਏ ਹੁੰਦੇ ਹਨ ਅਤੇ ਸ਼ਹਿਰਾਂ ਅਤੇ ਕਸਬਿਆਂ ਵਿਚ ਸੀਵਰ ਸਿਸਟਮ ਬਣੇ ਹੋਏ ਹੁੰਦੇ ਹਨ ਜੋ ਸਾਰੇ ਮਲ ਮੂਤਰ ਅਤੇ ਗੰਦੇ ਪਾਣੀ ਨੂੰ ਰੋੜ੍ਹ ਕੇ ਲੈ ਜਾਂਦੇ ਹਨ। ਇਸ ਗੰਦੇ ਪਾਣੀ ਤੋਂ ਟਰੀਟਮੈਂਟ ਪਲਾਂਟਾਂ ਵਿਚ ਗੈਸ ਪੈਦਾ ਕੀਤੀ ਜਾਂਦੀ ਹੈ ਜੋ ਬਾਲਣ ਦੇ ਕੰਮ ਆਉਂਦੀ ਹੈ। ਫੇਰੀ ਵਾਲੇ ਕਬਾੜੀਏ ਘਰਾਂ ਵਿਚੋ ਪੁਰਾਣੇ ਅਖ਼ਬਾਰ ਅਤੇ ਹੋਰ ਕਬਾੜ ਮੁੱਲ ਲੈ ਜਾਂਦੇ ਹਨ। ਕਬਾੜ ਨੂੰ ਕਾਰਖ਼ਾਨਿਆਂ ਵਿਚ ਰੀਸਾਈਕਲ ਕਰ ਕੇ ਮੁੜ ਵਰਤੋਂ ਯੋਗ ਬਣਾਇਆ ਜਾਦਾ ਹੈ। ਜੇ ਇਹ ਸਾਫ ਸਫਾਈ ਦਾ ਕੰਮ ਇਕ ਦਿਨ ਵੀ ਰੁਕ ਜਾਏ ਤਾਂ ਜਨਤਾ ਵਿਚ ਹਾ ਹਾ ਕਾਰ ਮੱਚ ਜਾਂਦੀ ਹੈ। ਸਾਫ ਸਫਾਈ ਦੇ ਕੰਮ ਦੇ ਨਾਲ ਨਾਲ ਕਈ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਉਨ੍ਹਾਂ ਦੇ ਟੱਬਰ ਪਲਦੇ ਹਨ। ਇਹ ਸੇਵਾ ਵੀ ਹੈ ਅਤੇ ਵਿਕਾਸ ਦੀ ਨਿਸ਼ਾਨੀ ਵੀ ਹੈ। ਸਾਡੇ ਘਰ ਅਤੇ ਗਲੀਆਂ ਵੀ ਸਾਫ ਸੁਥਰੇ ਰਹਿੰਦੇ ਹਨ।
ਅਸੀਂ ਦੇਖਦੇ ਹਾਂ ਕਿ ਘਰਾਂ ਦੇ ਗੰਦ ਤੋਂ ਇਲਾਵਾ ਵੀ ਕਈ ਤਰ੍ਹਾਂ ਦਾ ਗੰਦ ਹੁੰਦਾ ਹੈ ਜਿਸ ਤੋਂ ਪ੍ਰਦੂਸ਼ਣ ਫੈਲ੍ਹਦਾ ਹੈ ਜਿਵੇਂ ਹਸਪਤਾਲਾਂ ਦੀ ਰਹਿੰਦ ਖੂੰਦ ਆਦਿ। ਜੇ ਇਸ ਕਚਰੇ ਨੂੰ ਢੰਗ ਸਿਰ ਨਾ ਸਮੇਟਿਆ ਜਾਏ ਤਾਂ ਕਈ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਹੈ।
ਦਿਸਦੇ ਕੂੜੇ ਤੋਂ ਇਲਾਵਾ ਇਕ ਵਾਤਾਵਰਨ ਦਾ ਪ੍ਰਦੂਸ਼ਣ ਵੀ ਹੁੰਦਾ ਹੈ। ਜਿਵੇਂ ਹਵਾ ਦਾ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ। ਇਹ ਵੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਸਭ ਤੋਂ ਜਿਆਦਾ ਪ੍ਰਦੂਸ਼ਣ ਕਾਰਖਾਨਿਆਂ ਦੁਆਰਾ ਫੈਲਾਇਆ ਜਾਂਦਾ ਹੈ। ਸ਼ਰਾਬ, ਨਿਕੱਲ, ਰਸਾਨਿਕ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਬਣਾਉਣ ਦੇ ਕਾਰਖਾਨਿਆਂ ਵਿਚੋਂ ਬਹੁਤ ਹੀ ਗੰਦਾ ਅਤੇ ਹਾਨੀਕਾਰਕ ਤਰਲ ਪਦਾਰਥ ਨਿਕਲਦਾ ਹੈ ਜੋ ਉਹ ਨਦੀਆਂ, ਨਾਲਿਆ ਅਤੇ ਨਹਿਰਾਂ ਵਿਚ ਰੋਹੜ ਦਿੰਦੇ ਹਨ। ਭਾਰਤ ਵਿਚ ਨਦੀਆਂ ਨੂੰ ਬਹੁਤ ਹੀ ਪਵਿਤਰ ਮੰਨਿਆ ਜਾਂਦਾ ਹੈ ਅਤੇ ਪੂਜਾ ਕੀਤਾ ਜਾਂਦੀ ਹੈ। ਇਨ੍ਹਾਂ ਨਦੀਆਂ ਅਤੇ ਨਹਿਰਾਂ ਦਾ ਪਾਣੀ ਸਿੰਜਾਈ ਅਤੇ ਪੀਣ ਦੇ ਕੰਮ ਆਉਂਦਾ ਹੈ। ਲੋਕ ਇਨ੍ਹਾਂ ਨਦੀਆਂ ਨਹਿਰਾਂ ਵਿਚ ਨਹਾਉਂਦੇ ਵੀ ਹਨ। ਇਹ ਜ਼ਹਿਰੀਲੇ ਰਸਾਇਨਿਕ ਪਦਾਰਥ ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ ਅਤੇ ਮੌਤ ਦਾ ਸੰਦੇਸ਼ ਦਿੰਦੇ ਹਨ। ਪੰਜਾਬ ਦੇ ਬਠਿੰਡੇ ਜਿਲੇ ਵਿਚ ਤਾਂ ਕੈਂਸਰ ਦੇ ਬਹੁਤ ਮਰੀਜ਼ ਪਾਏ ਜਾ ਰਹੇ ਹਨ। ਗੰਦੇ ਰਸਾਇਨਿਕ ਜਲ ਨੂੰ, ਨਹਿਰਾਂ ਅਤੇ ਨਦੀਆਂ ਵਿਚ ਸੁੱਟਣ ਤੋਂ ਰੋਕਣਾ ਚਾਹੀਦਾ ਹੈ। ਅਜਿਹੇ ਪਾਣੀ ਨੂੰ ਕਾਰਖਾਨਿਆਂ ਵਿਚ ਹੀ ਸ਼ੁੱਧ ਕਰ ਕੇ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਾਰਖਾਨੇਦਾਰਾਂ ਤੋਂ ਪ੍ਰਦੂਸ਼ਣ ਕੰਟਰੋਲ ਦੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਵਾਏ।
ਕਾਰਖਾਨਿਆਂ ਦੀਆਂ ਚਿਮਨੀਆਂ ਅਤੇ ਪੁਰਾਣੇ ਵਾਹਨ ਵੀ ਬਹੁਤ ਗੰਦਾ ਧੂਆਂ ਹਵਾ ਵਿਚ ਛੱਡਦੇ ਹਨ। ਪਰਾਲੀ, ਪੱਤੇ ਅਤੇ ਕੂੜਾ ਕਰਕਟ ਸਾੜਨ ਨਾਲ ਹਵਾ ਬਹੁਤ ਪਲੀਤ ਹੁੰਦੀ ਹੈ ਲੋਕਾਂ ਦਾ ਦਮ ਘੁਟਦਾ ਹੈ ਅਤੇ ਦਮਾ ਆਦਿ ਸਾਹ ਦੀਆਂ ਕਈ ਬਿਮਾਰੀਆਂ ਫੈਲਦੀਆਂ ਹਨ। ਵਿਸਫੌਟਕ ਤਜ਼ਰਬੇ ਵੀ ਕਈ ਬਹੁਤ ਤਰ੍ਹਾਂ ਧੂਆਂ ਫੈਲਾਉਂਦੇ ਹਨ।
ਇਸ ਤੋਂ ਅਗਲਾ ਹੈ ਸ਼ੋਰ ਪ੍ਰਦੂਸ਼ਣ। ਮੋਟਰਸਾਈਕਲਾਂ ਦੇ ਪਟਾਕੇ, ਪਾਰਟੀਆਂ ਵਿਚ ਡੀਜ਼ੇ ਦੀ ਕੰਨ ਪਾੜਵੀਂ ਆਵਾਜ਼, ਮੰਦਰਾਂ ਗੁਰਦਵਾਰਿਆਂ ਦੀ ਉੱਚੀ ਆਵਾਜ਼ ਦੇ ਸਪੀਕਰ ਬਹੁਤ ਸ਼ੋਰ ਪੈਦਾ ਕਰਦੇ ਹੈ ਜਿਸ ਨਾਲ ਮਰੀਜ਼ਾਂ, ਪੜ੍ਹਣ ਵਾਲੇ ਬੱਚਿਆਂ ਅਤੇ ਸ਼ਾਤੀ ਪ੍ਰਿਅ ਲੋਕਾਂ ਨੂੰ ਬੜੀ ਦਿੱਕਤ ਹੁੰਦੀ ਹੈ। ਕਈਆਂ ਦੀ ਤਾਂ ਉੱਚੇ ਸ਼ੋਰ ਨਾਲ ਸੁਣਨ ਸ਼ਕਤੀ ਹਮੇਸ਼ਾਂ ਲਈ ਹੀ ਚਲੀ ਜਾਂਦੀ ਹੈ।
ਇੱਥੇ ਹੀ ਬਸ ਨਹੀਂ ਵਾਤਾਵਰਨ ਵਿਚ ਇਕ ਹੋਰ ਤਰ੍ਹਾਂ ਦਾ ਪ੍ਰਦੂਸ਼ਣ ਵੀ ਫੈਲਾਇਆ ਜਾਂਦਾ ਹੈ। ਉਹ ਹੈ ਨਫ਼ਰਤ ਦਾ ਪ੍ਰਦੂਸ਼ਣ। ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ। ਨਿੰਦਿਆ ਚੁਗਲੀ ਨਾਲ ਇਕ ਦੂਜੇ ਨਾਲ ਨਫ਼ਰਤ ਫੈਲਾਈ ਜਾਂਦੀ ਹੈ। ਵੋਟਾਂ ਦੇ ਦਿਨਾਂ ਵਿਚ ਰਾਜਨੀਤਕ ਪਾਰਟੀਆਂ ਤਾਂ ਭਰਾ ਭਰਾ ਵਿਚ ਨਫ਼ਰਤ ਦਾ ਜ਼ਹਿਰ ਫੈਲਾ ਕੇ ਉਨ੍ਹਾਂ ਨੂੰ ਇਕ ਦੂਜੇ ਦਾ ਦੁਸ਼ਮਣ ਬਣਾ ਦਿੰਦੀਆਂ ਹਨ। ਸਾਡੇ ਧਰਮਾਂ ਦੇ ਠੇਕੇਦਾਰ ਵੀ ਆਪਣੇ ਧਰਮ ਨੂੰ ਉੱਚਾ ਦਿਖਾਉਣ ਲਈ ਕੂੜ ਪ੍ਰਚਾਰ ਕਰ ਕੇ ਇਹ ਜ਼ਹਿਰ ਫੈਲਾਉਂਦੇ ਹਨ। ਇਸ ਨਫ਼ਰਤ ਨਾਲ ਤਾਂ ਕਈ ਵਾਰ ਬੇਦੋਸ਼ੇ ਬੰਦਿਆਂ ਦੀ ਜਾਨ ਵੀ ਚਲੀ ਜਾਂਦੀ ਹੈ। ਕਈ ਸਾਹਿਤਕਾਰ ਵੀ ਗੰਦਾ ਅਤੇ ਲਚਰ ਸਾਹਿਤ (ਕਾਮ ਉਪਜਾਉ ਅਤੇ ਨੰਗੇਜ ਵਾਲਾ) ਲਿਖ ਕੇ ਨੌਜੁਆਨਾ ਨੂੰ ਕੁਰਾਹੇ ਪਾਉਂਦੇ ਹਨ। ਇਸ ਤੋਂ ਇਲਾਵਾ ਕਈ ਲਾਲਚੀ ਅਤੇ ਮਤਲਬੀ ਲੋਕ ਆਪਣੇ ਸਵਾਰਥ ਕਾਰਨ ਨੌਜਵਾਨਾ ਨੂੰ ਨਸ਼ਿਆਂ ਵਿਚ ਲਾ ਕੇ ਕੌਮ ਦਾ ਬੇੜਾ ਗਰਕ ਕਰਦੇ ਹਨ। ਅਜਿਹੇ ਲੋਕਾਂ ਤੋਂ ਵੀ ਬਚਣਾ ਚਾਹੀਦਾ ਹੈ।
ਬੇਸ਼ੱਕ ਸਾਡੀਆਂ ਸਰਕਾਰਾਂ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਬਹੁਤ ਯਤਨ ਕਰ ਰਹੀਆਂ ਹਨ ਪਰ ਇਹ ਪ੍ਰਦੂਸ਼ਣ ਵਧਦਾ ਹੀ ਜਾ ਰਿਹਾ ਹੈ। ਚੰਗੇ ਨਾਗਰਿਕ ਹੋਣ ਕਾਰਨ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਪ੍ਰਦੂਸ਼ਣ ਰੋਕਣ ਵਿਚ ਸਰਕਾਰ ਦਾ ਸਾਥ ਦਈਏ। ਆਪਣੇ ਘਰ ਦਾ ਕੂੜਾ ਜਨਤਕ ਥਾਂ ਤੇ ਨਾ ਸੁੱਟੀਏ। ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖੀਏ ਅਤੇ ਕਿਸੇ ਕਿਸਮ ਦਾ ਗੰਦ ਨਾ ਫੈਲ੍ਹਣ ਦਈਏ।
ਉਪਰੋਕਤ ਵਿਚਾਰ ਚਰਚਾ ਤੋਂ ਇਲਾਵਾ ਇਕ ਹੋਰ ਕਿਸਮ ਦਾ ਪ੍ਰਦੂਸ਼ਣ ਹੈ ਜੋ ਦਿਸਦਾ ਨਹੀਂ ਪਰ ਉਸ ਦਾ ਨੁਕਸਾਨ ਬਹੁਤ ਹੈ। ਇਹ ਹੈ ਸਾਡੇ ਅੰਦਰ ਦਾ ਪ੍ਰਦੂਸ਼ਣ। ਸਾਡੇ ਅੰਦਰ ਜੋ ਨਾਂਹ ਪੱਖੀ ਵਿਚਾਰ ਹਨ ਉਹ ਵੀ ਸਾਡੇ ਤਨ, ਮਨ ਅਤੇ ਆਤਮਾ ਨੂੰ ਪ੍ਰਦੂਸ਼ਿਤ ਕਰਦੇ ਹਨ। ਈਰਖਾ, ਕ੍ਰੋਧ, ਨਫ਼ਰਤ, ਨਿੰਦਾ ਚੁਗਲੀ ਅਤੇ ਗੁੱਸਾ ਸਭ ਸਾਡੇ ਅੰਦਰ ਪਲਦੇ ਹਨ ਅਤੇ ਸਾਨੂੰ ਨੁਕਸਾਨ ਪੁਚਾਉਂਦੇ ਹਨ। ਬਦਲੇ ਦੀ ਭਾਵਨਾ ਸਾਨੂੰ ਹਰ ਸਮੇਂ ਅੰਦਰੋਂ ਸਾੜ੍ਹਦੀ ਰਹਿੰਦੀ ਹੈ। ਅਸੀਂ ਆਪਣੇ ਆਪ ਵਿਚ ਕੁੜਦੇ ਰਹਿੰਦੇ ਹਾਂ। ਅਸੀਂ ਗੁੱਸਾ ਦੂਜੇ ਤੇ ਕਰਦੇ ਹਾਂ ਪਰ ਉਸ ਦੀ ਸਜਾ ਆਪ ਭੁਗਤਦੇ ਹਾਂ। ਆਪਣੇ ਅੰਦਰ ਵਿਚਾਰਾਂ ਦੇ ਪ੍ਰਦੂਸ਼ਣ ਨੂੰ ਨਾ ਪੈਦਾ ਹੋਣ ਦਿਓ। ਮਨ ਨੂੰ ਮਾੜੇ ਵਿਚਾਰਾਂ ਦੇ ਕਚਰੇ ਤੋਂ ਬਚਾਓ। ਕੁਝ ਸਹਿਨਸ਼ੀਲਤਾ ਰੱਖੋ ਅਤੇ ਕੁਝ ਗੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖੋ। ਅਫਵਾਹਾਂ ਨੂੰ ਨਾ ਫੈਲਣ ਦਿਓ। ਬੇਸ਼ੱਕ ਤੁਸੀਂ ਕਿਸੇ ਦੀ ਕਿਸਮਤ ਨਹੀਂ ਬਦਲ ਸਕਦੇ ਪਰ ਉਸ ਨੂੰ ਸ਼ਾਬਾਸ਼ ਅਤੇ ਪ੍ਰੇਰਨਾ ਦੇ ਕੇ ਉਸ ਦਾ ਮਾਰਗ ਦਰਸ਼ਨ ਤਾਂ ਕਰ ਹੀ ਸਕਦੇ ਹੋ। ਜੇ ਮੌਕਾ ਮਿਲੇ ਤਾਂ ਸਾਰਥੀ ਬਣੋ ਨਾ ਕਿ ਸਵਾਰਥੀ। ਕਿਸੇ ਨੂੰ ਬੋਲ ਕੁਬੋਲ ਨਾ ਬੋਲੋ। ਸਭ ਨੂੰ ਮਿੱਠਾ ਬੋਲੋ। ਮਨ ਨੂੰ ਨਿਰਮਲ ਰੱਖੋਗੇ ਤਾਂ ਹੀ ਸੁਖੀ ਰਹੋਗੇ ਅਤੇ ਸਹਿਜ ਨਾਲ ਆਪਣੀ ਜ਼ਿੰਦਗੀ ਜੀਓਗੇ।