ਭ੍ਰਿਸ਼ਟਾਚਾਰ ਵਾਗੂੰ ਨਸ਼ਿਆਂ ਵਿਰੁੱਧ ਵੀ ਸਰਗਰਮ ਹੋਵੇ ਸਰਕਾਰ

ਭਗਵੰਤ ਮਾਨ ਦੀ ਸਰਕਾਰ ਨੂੰ ਲਗਭਗ ਇੱਕ ਸਾਲ ਹੋ ਗਿਆ ਸਤਾ ਵਿੱਚ ਆਈ ਨੂੰ ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਜ਼ੀਰੋ ਟਾਲਰੈਂਸ ’ਤੇ ਕੰਮ ਕਰ ਰਹੀ ਹੈ ਤੇ ਇਸ ’ਤੇ ਪੂਰੀ ਦ੍ਰਿੜਤਾ ਨਾਲ ਅਮਲ ਕਰਦਿਆਂ ਭ੍ਰਿਸ਼ਟਾਚਾਰ ਵਿਚ ਸ਼ਾਮਲ ਸਿਹਤ ਮੰਤਰੀ ਡਾ. ਵਿਜੇ ਸਿਗਲਾ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਨਸ਼ਿਆਂ ਵਿਰੁੱਧ ਵੀ ਪ੍ਰਸ਼ਾਸਨ ਤੇ ਸਰਕਾਰ ਹਰਕਤ ਵਿੱਚ ਹੈ ਪਰ ਰਫ਼ਤਾਰ ਹੌਲੀ ਹੈ, ਜਿਸ ਕਾਰਨ ਨੌਜਵਾਨਾਂ ਦੀ ਮੌਤ ਦੇ ਅੰਕੜੇ ਵੱਧ ਰਹੇ ਹਨ। ਸਿਵਿਆਂ ਵਿੱਚ ਅੱਗ ਦੇ ਭਾਂਬੜ ਪਹਿਲਾਂ ਨਾਲੋਂ ਜ਼ਿਆਦਾ ਮੱਚ ਰਹੇ ਹਨ। ਬਜ਼ੁਰਗਾਂ ਦੀਆਂ ਧਾਹਾਂ ਅਸਮਾਨਾਂ ਨੂੰ ਰੁਆ ਰਹੀਆਂ ਹਨ। ਸੁਹਾਗਣਾਂ ਦੇ ਲਾਲ ਚੂੜੇ ਟੁੱਟ ਰਹੇ ਹਨ। ਭੈਣਾਂ ਰੱਖੜੀਆਂ ਲਈ ਵੀਰਾਂ ਦੇ ਹੱਥ ਲੱਡ ਰਹੀਆਂ ਹਨ। ਸ਼ਾਇਦ ਹੀ ਪੰਜਾਬ ਵਿੱਚ ਕੋਈ ਅਜਿਹਾ ਪਿੰਡ ਜਾਂ ਸ਼ਹਿਰ ਬਚਿਆ ਹੋਵੇਗਾ ਜਿਥੇ ਚਿੱਟੇ ਨੇ ਆਪਣਾ ਕਹਿਰ ਨਾ ਵਰਤਾਇਆ ਹੋਵੇ। ਨਹੀਂ ਤਾਂ ਪੰਜਾਬ ਦੇ ਹਰ ਕੋਨੇ ਉਤੇ ਚਿੱਟੇ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਹਨ। ਚਿੱਟੇ ਨੇ ਰਿਸ਼ਤਿਆਂ ਵਿੱਚ ਵੀ ਦਰਾੜਾਂ ਪਾ ਦਿੱਤੀਆਂ ਹਨ। ਜਿਨ੍ਹਾਂ ਮਾਪਿਆਂ ਨੇ ਆਪਣੇ ਹੱਥਾਂ ਨਾਲ ਆਪਣੇ ਬੱਚਿਆਂ ਨੂੰ ਦਿਨ ਰਾਤ ਮਿਹਨਤ ਕਰਕੇ ਪਾਲਿਆ ਅੱਜ ਉਨ੍ਹਾਂ ਹੀ ਬੱਚਿਆਂ ਦੇ ਹੱਥੋਂ ਉਹ ਮਰ ਰਹੇ ਹਨ। ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਵੀਆਂ ਵਿੱਚ ਅਜਿਹੇ ਕਾਰਨਾਮੇ ਪੜ੍ਹਨ ਨੂੰ ਮਿਲ ਰਹੇ ਹਨ। ਕਈਆਂ ਮਾਪਿਆਂ ਨੇ ਦੁਖੀ ਹੋ ਕੇ ਆਪਣੇ ਲਾਡਲਿਆਂ ਨੂੰ ਸੰਗਲਾਂ ਨਾਲ ਬੰਨ ਕੇ ਵੀ ਰੱਖਿਆ ਹੋਇਆ ਸੁਣਨ ਨੂੰ ਮਿਲ ਰਿਹਾ ਹੈ।

ਬਹੁਤ ਸਾਰੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੀ ਡੱਕ ਕੇ ਰੱਖਿਆ ਹੋਇਆ ਹੈ। ਚਿੱਟੇ ਨੇ ਪੰਜਾਬ ਦੇ ਵਿਕਾਸ ’ਤੇ ਰੋਕ ਲਗਾ ਦਿੱਤੀ ਹੈ। ਮੁੱਠੀ ਭਰ ਲੋਕਾਂ ਨੇ ਆਪਣੇ ਪੈਸਿਆਂ ਦੇ ਲਾਲਚ ਪਿੱਛੇ ਪੰਜਾਬ ਮਾਰ ਕੇ ਰੱਖ ਦਿੱਤਾ ਹੈ। ਅੱਜ ਪੰਜਾਬ ਵਿਚ ਨਸ਼ਿਆਂ ਦਾ ਫੈਲਾਅ ਮੁੱਖ ਸਮੱਸਿਆ ਹੈ। ਜੇ ਗਹੁ ਨਾਲ ਵੇਖਿਆ ਜਾਵੇ ਤਾਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੀ ਗ੍ਰਿਫ਼ਤਾਰੀ ਇਸ ਤੱਥ ਦੀ ਨਿਸ਼ਾਨਦੇਹੀ ਕਰਦੀ ਹੈ ਕਿ ਨਸ਼ਿਆਂ ਦਾ ਵੱਡਾ ਫੈਲਾਅ ਸਿਆਸਤਦਾਨਾਂ, ਪੁਲਿਸ ਕਰਮਚਾਰੀਆਂ ਅਤੇ ਨਸ਼ਾ ਤਸਕਰਾਂ ਦੇ ਗਠਜੋੜ ਤੋਂ ਬਿਨਾਂ ਨਹੀਂ ਹੋ ਰਿਹਾ। ਬੇਸ਼ੱਕ ਸਮੇਂ-ਸਮੇਂ ’ਤੇ ਨਸ਼ਿਆਂ ਵਿਰੁੱਧ ਜੋ ਮੁਹਿੰਮਾਂ ਵਿੱਢੀਆਂ ਜਾਂਦੀਆਂ ਹਨ, ਉਹ ਕੁਝ ਦਿਨਾਂ ਲਈ ਤਾਂ ਬਹੁਤ ਜੋਸ਼-ਖਰੋਸ਼ ਨਾਲ ਚੱਲਦੀਆਂ ਹਨ ਪਰ ਬਾਅਦ ਵਿਚ ਉਨ੍ਹਾਂ ਦੀ ਰਫ਼ਤਾਰ ਮੱਧਮ ਪੈ ਜਾਂਦੀ ਹੈ। ਸੀਮਤ ਪੱਧਰ ’ਤੇ ਤਾਕਤਵਰ ਵਿਅਕਤੀਆਂ ਦੀਆਂ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ ਪਰ ਲਗਦਾ ਨਹੀਂ ਕਿ ਉਹ ਪੰਜਾਬ ਵਿਚੋਂ ਨਸ਼ਿਆਂ ਦੀ ਜੜ੍ਹ ਪੁੱਟਣ ਲਈ ਕਾਮਯਾਬ ਹੋ ਜਾਣ। ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਲਗਾਤਾਰ ਪੁਲਿਸ-ਪ੍ਰਸ਼ਾਸਕੀ ਮੁਹਿੰਮ ਚਲਾਉਣ ਦੀ ਜਰੂਰਤ ਹੈ। ਉਸ ਵਿੱਚ ਵੀ ਸਰਕਾਰ ਅਤੇ ਪੁਲਿਸ ਮਹਿਕਮੇ ਦੇ ਟੀਚੇ ਨਿਸ਼ਚਿਤ ਹੋਣੇ ਚਾਹੀਦੇ ਹਨ।

ਸਭ ਤੋ ਅਹਿਮ ਨਿਸ਼ਾਨਾ ਹੈਰੋਇਨ ਅਤੇ ਚਿੱਟੇ ਨੂੰ ਬਣਾਉਣਾ ਚਾਹੀਦਾ ਹੈ। ਕਿਉਂਕਿ ਨੋਜਵਾਨਾਂ ਦਾ ਸਭ ਤੋਂ ਵੱਡਾ ਨੁਕਸਾਨ ਹੈਰੋਇਨ/ਚਿੱਟਾ ਕਰਦਾ ਹੈ। ਨਸ਼ੇ ਦਾ ਤਾਂ ਨਾਂ ਲੈਣਾਂ ਹੀ ਮਾੜਾ ਹੈ ਪਰ ਫਿਰ ਵੀ ਬਾਕੀ ਦੇ ਨਸ਼ਿਆਂ ਤੋਂ ਪਿੱਛਾ ਛੁਡਾਇਆ ਜਾ ਸਕਦਾ ਹੈ ਪਰ ਹੈਰੋਇਨ/ਚਿੱਟੇ ਤੋਂ ਪਿੱਛਾ ਛੁਡਾਉਣਾ ਬਹੁਤ ਮੁਸ਼ਕਿਲ ਹੈ। ਨਸ਼ਈ ਦਾ ਸਰੀਰ ਚਿੱਟਾ ’ਤੇ ਇੰਨੀ ਬੁਰੀ ਤਰ੍ਹਾਂ ਨਿਰਭਰ ਹੋ ਜਾਂਦਾ ਹੈ ਕਿ ਉਹ ਉਸ ਲਈ ਕੁੱਝ ਵੀ ਕਰ ਸਕਦਾ ਹੈ। ਚਿੱਟੇ ਦਾ ਨਸ਼ਾ ਕਰਨ ਵਾਲੇ ਨੂੰ ਬਹੁਤ ਦੇਰ ਤੱਕ ਅਜਿਹੀ ਦਵਾਈ ਦੀ ਜ਼ਰੂਰਤ ਹੁੰਦੀ ਹੈ, ਜੋ ਉਸ ਨੂੰ ਇਹਨਾ ਲੱਛਣਾਂ ਤੋਂ ਨਿਜਾਤ ਦਿਵਾ ਸਕੇ।

ਚਿੱਟੇ/ਹੈਰੋਇਨ ਤੋਂ ਪਿੱਛਾ ਛੁਡਾਉਣ ਲਈ ਨਸ਼ਾ ਛੁਡਾਉ ਕੇਂਦਰ ਅਹਿਮ ਭੂਮਿਕਾ ਨਿਭਾ ਸਕਦੇ ਹਨ। ਪੰਜਾਬ ਸਰਕਾਰ ਤੇ ਪੁਲਿਸ ਨੂੰ ਪਹਿਲਾ ਚਿੱਟੇ ਅਤੇ ਹੈਰੋਇਨ ਨੂੰ ਇੱਕੋ-ਇੱਕ ਨਿਸ਼ਾਨਾ ਬਣਾ ਕੇ ਮੁਹਿੰਮ ਵਿੱਢਣੀ ਚਾਹੀਦੀ ਹੈ। ਬਾਕੀ ਦੇ ਨਸ਼ਿਆਂ ਦੀ ਸਮੱਸਿਆ ਨੂੰ ਬਾਅਦ ਵਿਚ ਨਜਿੱਠਿਆ ਜਾ ਸਕਦਾ ਹੈ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਅਫ਼ਗਾਨਿਸਤਾਨ ਵਿਚ ਪੈਦਾ ਹੁੰਦੀ ਹੈਰੋਇਨ ਤਸਕਰੀ ਰਾਹੀਂ ਭਾਰਤ ਵਿਚ ਪਹੁੰਚਦੀ ਹੈ। ਸੁਰੱਖਿਆ ਬਲਾਂ ਅਤੇ ਪੁਲਿਸ ਦੇ ਵਿਸ਼ਾਲ ਜਾਲ ਦੇ ਬਾਵਜੂਦ ਕਈ ਦਹਾਕਿਆਂ ਤੋ ਇਹ ਨਸ਼ਾ ਲਗਾਤਾਰ ਪੰਜਾਬ ਵਿੱਚ ਪਹੁੰਚ ਰਿਹਾ ਹੈ। ਇਸ ਤੋਂ ਇਲਾਵਾ ਬਾਹਰੀ ਸੂਬਿਆਂ ਤੋਂ ਸਿੰਥੈਟਿਕ ਨਸ਼ੇ ਦੇ ਟੀਕੇ ਅਤੇ ਗੋਲੀਆਂ ਵੀ ਲਗਾਤਾਰ ਆ ਰਹੀਆਂ ਹਨ।

ਜਿਵੇਂ ਕਹਿੰਦੇ ਹਨ ਕਿ ਪਾਪੀ ਨੂੰ ਨਹੀਂ ਪਾਪ ਨੂੰ ਮਾਰਨਾ ਚਾਹੀਦਾ ਹੈ। ਇਸ ਕਰਕੇ ਨਸ਼ੇੜੀਆਂ ਨੂੰ ਜੇਲ੍ਹ ਵਿਚ ਸੁੱਟਣ ਦੀਆ ਕਾਰਵਾਈਆਂ ਮਸਲੇ ਦਾ ਹੱਲ ਨਹੀਂ ਹਨ। ਸਰਕਾਰੀ ਪੱਧਰ ’ਤੇ ਇਸ ਮਸਲੇ ਨੂੰ ਲਗਾਤਾਰ ਵਿਚਾਰਿਆ ਜਾਣਾ ਚਾਹੀਦਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪੁੱਛਗਿੱਛ, ਉਸ ਪੁੱਛਗਿੱਛ ’ਚੋਂ ਸਾਹਮਣੇ ਆਏ ਪੁਲਿਸ ਅਧਿਕਾਰੀਆਂ ’ਤੇ ਸਿਆਸਤਦਾਨਾਂ ਨਾਲ ਉਨ੍ਹਾਂ ਦੇ ਸਬੰਧ। ਨਸ਼ਿਆਂ ਦੀ ਤਸਕਰੀ ਤੋਂ ਅਮੀਰ ਬਣੇ ਵਿਅਕਤੀਆਂ ਦੀਆਂ ਜਾਇਦਾਦਾਂ ਜਬਤ ਕਰਨ ਲਈ ਅਹਿਮ ਕਦਮ ਪੁੱਟੇ ਜਾਣ ਦੀ ਜ਼ਰੂਰਤ ਹੈ। ਲਗਾਤਾਰ ਪੁਲਿਸ ਮੁੰਹਿਮ ਹੀ ਸੂਬੇ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਉਣ ਵਿੱਚ ਮਦਦਗਾਰ ਹੋ ਸਕਦੀ ਹੈ। ਇਸ ਤੋਂ ਇਲਾਵਾ ਇਮਾਨਦਾਰ ਪੁਲਿਸ ਅਫ਼ਸਰ ਤੇ ਪੁਲਿਸ ਕਰਮਚਾਰੀਆਂ ਦਾ ਵਿਸ਼ੇਸ ਸਨਮਾਨ ਦੇ ਕੇ ਉਨ੍ਹਾਂ ਦੇ ਹੌਸਲੇ ਵੀ ਬੁਲੰਦ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਨਾਲ ਪੁਲਿਸ ਦੀ ਅੱਠ ਘੰਟੇ ਡਿਊਟੀ ਲਾਜ਼ਮੀ ਹੋਣੀ ਚਾਹੀਦੀ ਹੈ। ਪੁਲਿਸ ਖ਼ੁਦ ਵੀ ਨਸ਼ਾ ਮੁਕਤ ਹੋਵੇ ਤਾਂ ਹੀ ਸਮੁਚੇ ਸਮਾਜ ਦੀ ਸਿਰਜਣਾ ਹੋ ਸਕੇਗੀ। ਅੱਜ ਸਖ਼ਤ ਜ਼ਰੂਰਤ ਹੈ ਪੰਜਾਬ ਨੂੰ ਹੈਰੋਇਨ ਤੇ ਚਿੱਟੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਦੀ।

ਸੂਬੇਦਾਰ ਜਸਵਿੰਦਰ ਸਿੰਘ

7589155501

Add new comment