ਸਮਾਂ ਬੜਾ ਬਲਵਾਨ ਹੈ। ਦੁਨੀਆ ਦੀਆਂ ਭਾਵੇਂ ਸਾਰੀਆਂ ਘੜੀਆਂ ਰੁਕ ਜਾਣ ਪਰ ਸਮਾਂ ਕਦੀ ਨਹੀਂ ਰੁਕਦਾ। ਸਮਾਂ ਕਿਸੇ ਲਈ ਚੰਗਾ ਹੋਵੇ ਜਾਂ ਮਾੜਾ ਉਹ ਨਿਰੰਤਰ ਚੱਲਦਾ ਹੀ ਰਹਿੰਦਾ ਹੈ। ਜੇ ਕਿਸੇ ਦੇ ਮਾੜੇ ਦਿਨ ਆ ਜਾਣ ਤਾਂ ਉਸ ਨੂੰ ਇਹ ਕਹਿ ਕੇ ਹੌਸਲਾ ਦਿੱਤਾ ਜਾਂਦਾ ਹੈ- ‘ਕੋਈ ਗੱਲ ਨਹੀਂ ਸਬਰ ਕਰ, ਜੇ ਤੇਰੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਨਹੀਂ ਰਹਿਣ ਵਾਲੇ।’ ਕੁਦਰਤ ਨੇ ਸਾਨੂੰ ਸਮੇਂ ਦੀ ਦਾਤ ਇਸ ਲਈ ਦਿੱਤੀ ਹੈ ਕਿ ਅਸੀਂ ਨੇਕ ਕੰਮ ਕਰ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ। ਇਸ ਨਾਲ ਸਾਡਾ ਪਰਿਵਾਰ, ਸਮਾਜ ਅਤੇ ਦੇਸ਼ ਸੁੰਦਰ, ਸੁਖੀ ਅਤੇ ਖ਼ੁਸ਼ਹਾਲ ਬਣਦਾ ਹੈ।
ਹਰ ਕੰਮ ਕਰਨ ਦਾ ਕੋਈ ਸਮਾਂ ਮੁਕਰਰ ਹੁੰਦਾ ਹੈ। ਜੇ ਕਿਸੇ ਕੰਮ ਨੂੰ ਸਮੇਂ ਸਿਰ ਨਾ ਕੀਤਾ ਜਾਏ ਤਾਂ ਕਈ ਵਾਰੀ ਉਸ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਸ਼ਰਮਿੰਦਗੀ ਵੀ ਉਠਾਉਣੀ ਪੈਂਦੀ ਹੈ। ਕਈ ਲੋਕ ਸਮਝਦੇ ਹਨ ਕਿ ਸਮਾਂ ਮੁਫ਼ਤ ਦੀ ਚੀਜ਼ ਹੈ। ਇਸ ਦਾ ਕੋਈ ਮੁੱਲ ਨਹੀਂ ਪਰ ਇਹ ਉਨ੍ਹਾਂ ਦੀ ਬਹੁਤ ਵੱਡੀ ਭੁੱਲ ਹੈ। ਸਾਨੂੰ ਸਮੇਂ ਦੀ ਅਹਿਮੀਅਤ ਪਛਾਣਨੀ ਚਾਹੀਦੀ ਹੈ। ਅਸੀਂ ਲੱਖਾਂ ਰੁਪਏ ਖ਼ਰਚ ਕੇ ਵੀ ਗੁਜ਼ਰੇ ਹੋਏ ਸਮੇਂ ਨੂੰ ਵਾਪਸ ਨਹੀਂ ਲਿਆ ਸਕਦੇ।
ਸਾਨੂੰ ਹਰ ਕੰਮ ਸਮੇਂ ਸਿਰ ਨਿਬੇੜਨਾ ਚਾਹੀਦਾ ਹੈ। ਮੁਸਲਮਾਨਾਂ ਨੂੰ ਹਦਾਇਤ ਹੈ ਕਿ ਹਰ ਕੋਈ ਦਿਨ ਵਿੱਚ ਪੰਜ ਵਾਰੀ ਮਸੀਤ ਵਿੱਚ ਜਾ ਕੇ ਨਮਾਜ਼ ਪੜ੍ਹੇ। ਹਰ ਨਮਾਜ਼ ਲਈ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਜਿਹੜੇ ਮੁਸਲਮਾਨ ਸਮੇਂ ਸਿਰ ਨਮਾਜ਼ ਨਹੀਂ ਪੜ੍ਹਦੇ ਉਹ ਬਹੁਤ ਵੱਡੀ ਗ਼ਲਤੀ ਕਰਦੇ ਹਨ। ਇਸੇ ਲਈ ਪੰਜਾਬੀ ਵਿੱਚ ਕਹਾਵਤ ਹੈ- ‘ਵੇਲੇ ਦੀ ਨਮਾਜ਼ ਅਤੇ ਕੁਵੇਲੇ ਦੀਆਂ ਟੱਕਰਾਂ।’ ਇਹ ਕਹਾਵਤ ਸਾਨੂੰ ਹਰ ਕੰਮ ਸਮੇਂ ਸਿਰ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇੱਥੇ ਇਹ ਸਮਝਾਇਆ ਗਿਆ ਹੈ ਕਿ ਸਮੇਂ ਸਿਰ ਨਮਾਜ਼ ਨਾ ਪੜ੍ਹਨੀ, ਫਾਲਤੂ ਟੱਕਰਾਂ ਮਾਰਨ ਦੀ ਤਰ੍ਹਾਂ ਹੀ ਹੈ। ਅਜਿਹੀ ਨਮਾਜ਼ ਪ੍ਰਵਾਨ ਨਹੀਂ ਹੁੰਦੀ। ਹੋ ਸਕਦਾ ਹੈ ਕਿ ਜਦ ਤੁਸੀਂ ਕੁਵੇਲੇ ਨਮਾਜ਼ ਪੜ੍ਹਨ ਜਾਓ ਤਾਂ ਉੱਥੇ ਕੋਈ ਸਾਥੀ ਹੀ ਨਾ ਮਿਲੇ ਜਾਂ ਮਸੀਤ ਹੀ ਬੰਦ ਹੋਏ।
ਰਹਿਮਾਨ ਨੇ ਬੜੇ ਚਾਅ ਨਾਲ ਕੱਪੜਾ ਖ਼ਰੀਦਿਆ ਕਿ ਈਦ ’ਤੇੇ ਨਵਾਂ ਤੰਬਾ ਸੁਆ ਕੇ ਪਾਵਾਂਗਾ। ਦਰਜ਼ੀ ਨੇ ਸਮੇਂ ਸਿਰ ਤੰਬਾ ਸੀਅ ਕੇ ਨਹੀਂ ਦਿੱਤਾ। ਵਿਚਾਰੇ ਰਹਿਮਾਨ ਦੀ ਈਦ ਇਸੇ ਤਰ੍ਹਾਂ ਲੰਘ ਗਈ। ਬਾਅਦ ਵਿੱਚ ਦਰਜ਼ੀ ਕਹਿਣ ਲੱਗਾ-‘ਤੇਰਾ ਤੰਬਾ ਸੀਤਾ ਗਿਆ ਹੈ ਆ ਕੇ ਲੈ ਜਾ। ਰਹਿਮਾਨ ਨੇ ਰੋਸ ਨਾਲ ਕਿਹਾ-‘ਹੁਣ ਮੈਂ ਈਦ ਤੋਂ ਬਾਅਦ ਤੰਬੇ ਨੂੰ ਫੂਕਣਾ ਹੈ?’ ਇਹ ਹੈ ਕੰਮ ਨੂੰ ਸਮੇਂ ਸਿਰ ਨਾ ਕਰਨ ਦਾ ਨੁਕਸਾਨ।
ਕਿਸਾਨ ਬੜੀ ਮਿਹਨਤ ਨਾਲ ਫ਼ਸਲ ਪੈਦਾ ਕਰਦਾ ਹੈ। ਫ਼ਸਲ ਦੀ ਜਾਨਵਰਾਂ ਅਤੇ ਪੰਛੀਆਂ ਤੋਂ ਰਾਖੀ ਵੀ ਕਰਨੀ ਪੈਂਦੀ ਹੈ। ਜੇ ਉਹ ਰਾਖੀ ਨਾ ਕਰੇ ਤਾਂ ਜਾਨਵਰ ਅਤੇ ਪੰਛੀ ਕੱਚੀ ਫ਼ਸਲ ’ਤੇ ਹੀ ਮੂੰਹ ਮਾਰ ਕੇ ਉਸ ਨੂੰ ਨਸ਼ਟ ਕਰ ਦੇਣਗੇ। ਕਿਸਾਨ ਦੀ ਸਾਰੀ ਮਿਹਨਤ ਬਰਬਾਦ ਹੋ ਜਾਏਗੀ। ਫਿਰ ਉਸ ਨੂੰ ਬਹੁਤ ਦੁੱਖ ਲੱਗੇਗਾ ਕਿ ਸਮੇਂ ਸਿਰ ਰਾਖੀ ਕਿਉਂ ਨਾ ਕੀਤੀ ਪਰ ਪਿੱਛੋਂ ਪਛਤਾਉਣ ਦਾ ਕੀ ਲਾਭ? ਇਸੇ ਲਈ ਕਹਿੰਦੇ ਹਨ ਕਿ-‘ਅਬ ਪਛਤਾਏ ਕਿਆ ਹੋਤ, ਜਬ ਚਿੜੀਆ ਚੁਗ ਗਈ ਖੇਤ।’ ਇੱਥੇ ਮਨੁੱਖ ਨੂੰ ਸਮੇਂ ਸਿਰ ਆਪਣੀ ਫ਼ਸਲ ਅਤੇ ਬਾਕੀ ਸਾਮਾਨ ਦੀ ਸੰਭਾਲ ਕਰਨ ਲਈ ਪ੍ਰੇਰਿਆ ਗਿਆ ਹੈ ਤਾਂ ਕਿ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸੇ ਤਰ੍ਹਾਂ ਜੇ ਖੇਤ ਨੂੰ ਸਮੇਂ ਸਿਰ ਤਿਆਰ ਨਾ ਕੀਤਾ ਜਾਏ ਜਾਂ ਬੀਜ ਸਮੇਂ ਤੋਂ ਬਾਅਦ ਬੀਜੇ ਜਾਣ ਤਾਂ ਵੀ ਫ਼ਸਲ ਪੂਰੀ ਤਰ੍ਹਾਂ ਨਹੀਂ ਹੁੰਦੀ। ਮਿਹਨਤ ਅਤੇ ਧਨ ਦਾ ਨੁਕਸਾਨ ਹੁੰਦਾ ਹੈ। ਕੰਮ ਨੂੰ ਸਮੇਂ ਸਿਰ ਨਾ ਕਰਨ ਦਾ ਨਤੀਜਾ ਭੁਗਤਣਾ ਪੈਂਦਾ ਹੈ। ਕਿਸੇ ਕੰਮ ਨੂੰ ਟਾਲਣਾ ਵੀ ਨਹੀਂ ਚਾਹੀਦਾ। ਇਸ ਨਾਲ ਤੁਹਾਡੀ ਸਫਲਤਾ ਦੂਰ ਹੋ ਜਾਂਦੀ ਹੈ। ਤੁਸੀਂ ਕੰਮ ਦੀ ਜ਼ਿੰਮੇਵਾਰੀ ਤੋਂ ਤਾਂ ਅੱਖਾਂ ਮੀਟ ਸਕਦੇ ਹੋ ਪਰ ਇਸ ਦੇ ਹੋਣ ਵਾਲੇ ਨੁਕਸਾਨ ਨੂੰ ਤਾਂ ਤੁਹਾਨੂੰ ਖ਼ੁਦ ਹੀ ਭੁਗਤਣਾ ਪਵੇਗਾ।
ਰਮੇਸ਼ ਨੇ ਪਿਤਾ ਦੇ ਮਰਨ ਤੋਂ ਬਾਅਦ ਕਿਸੇ ਰੁਜ਼ਗਾਰ ਵੱਲ ਧਿਆਨ ਨਾ ਦਿੱਤਾ। ਪਿਤਾ ਦੇ ਕਮਾਏ ਹੋਏ ਧਨ ਨੂੰ ਵੀ ਨਸ਼ਿਆਂ ਵਿੱਚ ਉਜਾੜ ਦਿੱਤਾ ਅਤੇ ਬੈਂਕ ਤੋਂ ਕਰਜ਼ਾ ਲੈ ਕੇ ਨਵੀਂ ਕਾਰ ਖ਼ਰੀਦ ਲਈ। ਉਹ ਲੋਕਾਂ ’ਤੇ ਰੋਅਬ ਪਾਣ ਲਈ ਫੋਕੀ ਟੌਹਰ ਦਿਖਾਉਣ ਲੱਗਾ। ਬੈਂਕ ਦੀਆਂ ਕਿਸ਼ਤਾਂ ਸਮੇਂ ਸਿਰ ਨਾ ਭਰੀਆਂ। ਇੱਕ ਦਿਨ ਬੈਂਕ ਵਾਲੇ ਕਾਰ ਜ਼ਬਤ ਕਰ ਕੇ ਲੈ ਗਏ। ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਸਾਹਮਣੇ ਉਸ ਦੀ ਬੜੀ ਬੇਇੱਜ਼ਤੀ ਹੋਈ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ।
ਜ਼ਿੰਦਗੀ ਵਿੱਚ ਇੱਕ ਅਜਿਹੀ ਚੀਜ਼ ਹੈ ਜੋ ਬਿਨਾਂ ਕੁਝ ਕੀਤਿਆਂ ਹੀ ਵਧਦੀ ਹੀ ਜਾਂਦੀ ਹੈ, ਉਹ ਹੈ ਬੰਦੇ ਦੀ ਉਮਰ। ਯਾਦ ਰੱਖੋ ਰੋਜ਼ ਸੂਰਜ ਢਲਦਾ ਹੈ। ਇਸ ਨਾਲ ਤੁਹਾਡੀ ਉਮਰ ਦਾ ਇੱਕ ਦਿਨ ਵੀ ਘਟ ਜਾਂਦਾ ਹੈ। ਮਾਂ ਹਰ ਸਾਲ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦੀ ਹੈ ਅਤੇ ਖ਼ੁਸ਼ ਹੁੰਦੀ ਹੈ ਕਿ ਮੇਰਾ ਬੱਚਾ ਵੱਡਾ ਹੋ ਰਿਹਾ ਹੈ ਪਰ ਉਸ ਨੂੰ ਇਹ ਪਤਾ ਹੀ ਨਹੀਂ ਚੱਲਦਾ ਕਿ ਉਸ ਦੇ ਬੱਚੇ ਦੀ ਰਹਿੰਦੀ ਉਮਰ ਘਟ ਰਹੀ ਹੈ। ਕਈ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਪੈਂਦੀ। ਉਹ ਸਾਰੀ ਰਾਤ ਪਾਸੇ ਹੀ ਪਲਟਦੇ ਰਹਿੰਦੇ ਹਨ। ਇਸ ਥਕਾਵਟ ਕਾਰਨ ਉਨ੍ਹਾਂ ਦਾ ਅਗਲਾ ਦਿਨ ਵੀ ਬੇਕਾਰ ਚਲੇ ਜਾਂਦਾ ਹੈ। ਕਲਾਕਾਰ ਅਜਿਹੇ ਵਿਹਲੇ ਸਮੇਂ ਦਾ ਭਰਪੂਰ ਲਾਭ ਉਠਾਉਂਦੇ ਹਨ। ਉਹ ਆਪਣੀ ਸਾਧਨਾ ਵਿੱਚ ਲੀਨ ਰਹਿੰਦੇ ਹਨ ਅਤੇ ਆਪਣੇ ਸ਼ਾਹਕਾਰ ਸਿਰਜ ਕੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ।
ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਜਿੱਥੇ ਜਾਣਾ ਹੋਏ ਉੱਥੇ ਸਮੇਂ ਸਿਰ ਪਹੁੰਚਣਾ ਚਾਹੀਦਾ ਹੈ ਨਹੀਂ ਤੇ ਕਈ ਵਾਰੀ ਇੰਨਾ ਨੁਕਸਾਨ ਹੋ ਜਾਂਦਾ ਹੈ ਕਿ ਬੰਦਾ ਉਸ ਦੀ ਭਰਪਾਈ ਸਾਰੀ ਉਮਰ ਨਹੀਂ ਕਰ ਪਾਉਂਦਾ। ਜੇ ਕੋਈ ਵਿਦਿਆਰਥੀ ਇਮਤਿਹਾਨ ਦੇਣ ਲਈ ਸਮੇਂ ਸਿਰ ਹਾਲ ਵਿੱਚ ਨਹੀਂ ਪਹੁੰਚਦਾ ਤਾਂ ਸੁਪਰਵਾਈਜ਼ਰ ਉਸ ਨੂੰ ਅੰਦਰ ਦਾਖਲ ਹੋਣ ਤੋਂ ਮਨਾ ਕਰ ਦਿੰਦਾ ਹੈ। ਉਸ ਵਿਦਿਆਰਥੀ ਦਾ ਸਾਲ ਮਾਰਿਆ ਜਾਂਦਾ ਹੈ। ਇਸੇ ਤਰ੍ਹਾਂ ਜੇ ਕਿਸੇ ਲੰਮੇ ਸਫ਼ਰ ’ਤੇ ਜਾਣਾ ਹੋਏ ਪਰ ਹਵਾਈ ਅੱਡੇ ’ਤੇ ਬੰਦਾ ਸਮੇਂ ਸਿਰ ਨਾ ਪਹੁੰਚੇ ਤਾਂ ਉਸ ਦੀ ਫਲਾਈਟ ਮਿਸ ਹੋ ਜਾਏਗੀ। ਇਸ ਅਣਗਹਿਲੀ ਨਾਲ ਹੋ ਸਕਦਾ ਹੈ ਕਿ ਉਸ ਬੰਦੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਏ। ਫਿਰ ਉਹ ਜੇ ਨੁਕਸਾਨ ਦਾ ਰੋਲਾ ਪਾ ਕੇ ਲੋਕਾਂ ਨੂੰ ਸੁਣਾਉਂਦਾ ਰਹੇ ਤਾਂ ਲੋਕ ਆਪੇ ਹੀ ਕਹਿਣਗੇ- ‘ਸੱਪ ਨਿਕਲ ਗਿਆ ਹੁਣ ਲੀਕ ਨੂੰ ਕੁੱਟਣ ਦਾ ਕੀ ਫ਼ਾਇਦਾ।’ ਸਿਆਣੇ ਬੰਦੇ ਸਾਨੂੰ ਹਰ ਕੰਮ ਸਮੇਂ ਸਿਰ ਕਰਨ ਦੀ ਹਦਾਇਤ ਦਿੰਦੇ ਹਨ। ਉਹ ਆਲਸ ਕਰਨ ਅਤੇ ਕੰਮ ਨੂੰ ਟਾਲਣ ਤੋਂ ਮਨਾ ਕਰਦੇ ਹਨ। ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ:
ਕੱਲ੍ਹ ਕਰੇ ਸੋ ਅੱਜ ਕਰ, ਅੱਜ ਕਰੇ ਸੋ ਹੁਣ।
ਉਮਰ ਹੱਡਾਂ ਨੂੰ ਖਾ ਰਹੀ, ਜਿਉਂ ਲੱਕੜੀ ਨੂੰ ਘੁਣ।
ਇੱਥੇ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਕਿਸੇ ਕੰਮ ਨੂੰ ਕਾਹਲੀ ਨਾਲ ਕਰੀਏ ਅਤੇ ਉਸ ਨੂੰ ਵਿਗਾੜ ਬੈਠੀਏ। ਕਾਹਲੀ ਵਿੱਚ ਬੰਦਾ ਕਈ ਸਾਵਧਾਨੀਆਂ ਦੀ ਅਣਦੇਖੀ ਕਰ ਬੈਠਦਾ ਹੈ ਅਤੇ ਕੰਮ ਗ਼ਲਤ ਹੋ ਜਾਂਦਾ ਹੈ। ਅਜਿਹੇ ਕੰਮ ਦਾ ਕੋਈ ਲਾਭ ਨਹੀਂ। ਇਸੇ ਲਈ ਕਹਿੰਦੇ ਹਨ ਕਿ-‘ਕਾਹਲੀ ਅੱਗੇ ਟੋਏ ਅਤੇ ਕੰਮ ਕਿੱਥੋਂ ਹੋਏ।’ ਹਰ ਕੰਮ ਸਹਿਜ ਨਾਲ ਸਮੇਂ ਸਿਰ ਹੋਇਆ ਹੀ ਠੀਕ ਰਹਿੰਦਾ ਹੈ। ਹਰ ਫ਼ਸਲ ਆਪਣੀ ਰੁੱਤ ’ਤੇ ਹੀ ਪੈਦਾ ਹੁੰਦੀ ਹੈ। ਜੇ ਮਾਲੀ ਕਿਸੇ ਫ਼ਸਲ ਨੂੰ ਉਗਾਉਣ ਲਈ ਖ਼ੂਬ ਸਾਰਾ ਪਾਣੀ ਦਏ ਕਿ ਫ਼ਸਲ ਪਹਿਲਾਂ ਹੋ ਜਾਏ ਤਾਂ ਵੀ ਫ਼ਸਲ ਆਪਣੇ ਸਮੇਂ ਸਿਰ ਹੀ ਹੋਵੇਗੀ।
ਮਰਨ ਤੋਂ ਬਾਅਦ ਕੀਤੀ ਗਈ ਤਾਰੀਫ਼ ਅਤੇ ਦਿਲ ਦੁਖਾਉਣ ਤੋਂ ਬਾਅਦ ਮੰਗੀ ਗਈ ਮੁਆਫ਼ੀ ਕੋਈ ਮਹੱਤਵ ਨਹੀਂ ਰੱਖਦੀ। ਸਮੇਂ ਦੀ ਕਦਰ ਕਰੋ। ਸਿਆਣੇ ਕਹਿੰਦੇ ਹਨ ਕੰਮ ਹੀ ਪੂਜਾ ਹੈ। ਆਪਣੇ ਕੰਮ ਪ੍ਰਤੀ ਸੁਹਿਰਦ ਰਹੋ। ਕੰਮ ਦਾ ਅਤੇ ਸਮੇਂ ਦਾ ਬਹੁਤ ਗੂੜ੍ਹਾ ਸਬੰਧ ਹੈ। ਸਮੇਂ ਸਿਰ ਕੀਤੇ ਹੋਏ ਕੰਮ ਦੀ ਹੀ ਕਦਰ ਪੈਂਦੀ ਹੈ। ਹਰ ਕੰਮ ਨੂੰ ਸਹਿਜ ਨਾਲ ਸੋਚ ਸਮਜ ਕੇ ਸਹੀ ਢੰਗ ਨਾਲ ਹੀ ਕਰਨਾ ਚਾਹੀਦਾ ਹੈ। ਆਪਣੀ ਯੋਗਤਾ ਅਤੇ ਸਾਧਨਾ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਸਫਲਤਾ ਪੱਕੀ ਹੁੰਦੀ ਹੈ। ਤੁਹਾਡੀ ਸ਼ਖ਼ਸੀਅਤ ਬਣਦੀ ਹੈ। ਤੁਸੀਂ ਨਾਇਕ ਬਣਦੇ ਹੋ ਅਤੇ ਲੋਕ ਤੁਹਾਡੇ ’ਤੇ ਭਰੋਸਾ ਕਰਦੇ ਹਨ।