ਪੰਜਾਬ ਵਿਚ 24, 25 ਤੇ 26 ਦਸੰਬਰ ਨੂੰ ਸੀਤ ਲਹਿਰ ਚੱਲਣ ਅਤੇ ਸੰਘਣੀ ਧੁੰਦ ਦੀ ਚਿਤਾਵਨੀ 

ਚੰਡੀਗੜ੍ਹ, 24 ਦਸੰਬਰ 2024 : ਪੰਜਾਬ ਤੇ ਹਰਿਆਣਾ ’ਚ ਸਾਰਾ ਦਿਨ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਜਿਸ ਕਰ ਕੇ ਠੰਢ ਨੇ ਜ਼ੋਰ ਫੜ ਲਿਆ ਹੈ। ਇਸ ਠੰਢ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੀ ਹੈ, ਪਰ ਮੀਂਹ ਪੈਣ ਨਾਲ ਚੱਲ ਰਹੀਆਂ ਠੰਢੀਆਂ ਹਵਾਵਾਂ ਕਰ ਕੇ ਦੋਵਾਂ ਸੂਬਿਆਂ ’ਚ ਠੰਢ ਵੱਧ ਗਈ ਹੈ। ਪੰਜਾਬ ਵਿਚ 24, 25 ਤੇ 26 ਦਸੰਬਰ ਨੂੰ ਸੀਤ ਲਹਿਰ ਚੱਲਣ ਅਤੇ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਮੀਂਹ ਦਾ ਸਿਲਸਲਾ ਵੀ ਜਾਰੀ ਰਹੇਗਾ। ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਉੱਤਰੀ ਭਾਰਤ ’ਚ ਚੱਲ ਰਹੀ ਠੰਡ ਦੇ ਵਿਚਕਾਰ ਕਈ ਰਾਜਾਂ ’ਚ ਭਾਰੀ ਬਾਰਿਸ਼ ਲਈ ਯੈਲੋ ਚਿਤਾਵਨੀ ਜਾਰੀ ਕੀਤੀ ਹੈ। ਆਈਐਮਡੀ ਦੇ ਅਨੁਸਾਰ ਪੱਛਮੀ ਗੜਬੜੀ ਕਾਰਨ ਹੋਈ ਬਾਰਿਸ਼ ਕਾਰਨ ਕੜਾਕੇ ਦੀ ਠੰਡ ਦੀ ਸੰਭਾਵਨਾ ਵੱਧ ਜਾਵੇਗੀ। ਅਗਲੇ 7 ਦਿਨਾਂ ’ਚ ਮੱਧ ਪ੍ਰਦੇਸ਼, ਪੰਜਾਬ, ਜੰਮੂ-ਕਸ਼ਮੀਰ ਅਤੇ ਹਰਿਆਣਾ ਵਰਗੇ ਸੂਬਿਆਂ ’ਚ ਸਥਿਤੀ ਹੋਰ ਖ਼ਰਾਬ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 26 ਦਸੰਬਰ ਦੀ ਰਾਤ ਤੋਂ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਵਾਲੇ ਇੱਕ ਤੀਬਰ ਪੱਛਮੀ ਗੜਬੜ ਦੀ ਚਿਤਾਵਨੀ ਦਿੱਤੀ ਹੈ। 27 ਦਸੰਬਰ ਨੂੰ ਦੱਖਣ-ਪੱਛਮੀ ਰਾਜਸਥਾਨ ’ਚ ਇੱਕ ਚੱਕਰਵਾਤੀ ਸਰਕੂਲੇਸ਼ਨ ਬਣਨ ਦੀ ਸੰਭਾਵਨਾ ਹੈ, ਜੋ ਪੂਰਬੀ ਹਵਾਵਾਂ ਦੇ ਨਾਲ ਮਿਲ ਕੇ 28 ਦਸੰਬਰ ਤੱਕ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਉੱਚੀ ਨਮੀ ਲਿਆਏਗੀ। ਆਈਐਮਡੀ ਅਨੁਸਾਰ ਅਗਲੇ 7 ਦਿਨਾਂ ’ਚ ਮੱਧ ਪ੍ਰਦੇਸ਼, ਪੰਜਾਬ, ਜੰਮੂ-ਕਸ਼ਮੀਰ ਅਤੇ ਹਰਿਆਣਾ ’ਚ ਕੜਾਕੇ ਦੀ ਠੰਢ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਊਨਾ, ਹਮੀਰਪੁਰ, ਬਿਲਾਸਪੁਰ ਅਤੇ ਮੰਡੀ ਜ਼ਿਲ੍ਹੇ ਔਰੇਂਜ ਅਲਰਟ ‘ਤੇ ਹਨ। ਅਗਲੇ ਕੁਝ ਦਿਨਾਂ ਦੌਰਾਨ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ-ਐਨਸੀਆਰ ਦੇ ਖੇਤਰਾਂ ’ਚ ਥੋੜ੍ਹੇ-ਥੋੜ੍ਹੇ ਮੀਂਹ ਦੀ ਸੰਭਾਵਨਾ ਹੈ। ਪੰਜਾਬ ‘ਚ ਚੰਡੀਗੜ੍ਹ ਦੇ ਕੁਝ ਇਲਾਕਿਆਂ ‘ਚ ਧੁੰਦ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਕਸ਼ਮੀਰ ’ਚ ਉਚਾਈ ਵਾਲੇ ਖੇਤਰਾਂ ’ਚ ਤਾਪਮਾਨ ’ਚ ਗਿਰਾਵਟ ਕਾਰਨ ਪਾਣੀ ਦੀਆਂ ਪਾਈਪਾਂ ਜਾਮ ਹੋ ਗਈਆਂ ਹਨ ਅਤੇ ਬਿਜਲੀ ਉਤਪਾਦਨ ’ਚ ਵਿਘਨ ਪਿਆ ਗਿਆ ਹੈ, ਕਿਉਂਕਿ ਪਾਣੀ ਨਾਲ ਭਰੀਆਂ ਨਦੀਆਂ ਬਰਫ਼ ’ਚ ਬਦਲ ਗਈਆਂ ਹਨ। ਭਾਖੜਾ ਡੈਮ ਖੇਤਰ ਅਤੇ ਹਿਮਾਚਲ ਦੀ ਬਲਹ ਘਾਟੀ ’ਚ ਲਗਾਤਾਰ ਧੁੰਦ ਪੈਣ ਦੀ ਚਿਤਾਵਨੀ ਦੇ ਨਾਲ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।