ਸ਼ੋਮਣੀ ਕਮੇਟੀ ਦੇ ਵਫ਼ਦ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ੍ਰੀ ਵਿਸ਼ਨੂੰਦੇਵ ਸਾਏ ਨਾਲ ਕੀਤੀ ਮੁਲਾਕਾਤ

  • ਰਾਏਪੁਰ ਅੰਦਰ ਡਿਗਰੀ ਤੇ ਹੁਨਰ ਵਿਕਾਸ ਕਾਲਜ ਅਤੇ ਗੁਰਮਤਿ ਸੰਗੀਤ ਅਕੈਡਮੀ ਖੋਲ੍ਹਣ ਲਈ 10 ਏਕੜ ਜ਼ਮੀਨ ਦੇਣ ਦੀ ਕੀਤੀ ਮੰਗ

ਅੰਮ੍ਰਿਤਸਰ, 18 ਅਪ੍ਰੈਲ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ੍ਰੀ ਵਿਸ਼ਨੂੰਦੇਵ ਸਾਏ ਨਾਲ ਮੁਲਾਕਾਤ ਕਰਕੇ ਰਾਏਪੁਰ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ਡਿਗਰੀ ਤੇ ਹੁਨਰ ਵਿਕਾਸ ਕਾਲਜ ਅਤੇ ਗੁਰਮਤਿ ਸੰਗੀਤ ਅਕੈਡਮੀ ਦੀ ਸਥਾਪਨਾ ਵਾਸਤੇ 10 ਏਕੜ ਜ਼ਮੀਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਓਐਸਡੀ ਸ. ਸਤਬੀਰ ਸਿੰਘ ਧਾਮੀ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਸਿੱਖ ਮਿਸ਼ਨ ਛੱਤੀਸਗੜ੍ਹ ਦੇ ਇੰਚਾਰਜ ਸ. ਗੁਰਮੀਤ ਸਿੰਘ ਸੈਣੀ, ਸਥਾਨਕ ਸਿੱਖ ਆਗੂ ਸ. ਗੁਰਮੇਲ ਸਿੰਘ ਭੰਵਰਾ, ਸਾਬਕਾ ਐਸਪੀ ਸ. ਅਮਰਜੀਤ ਸਿੰਘ ਛਾਬੜਾ, ਘੱਟਗਿਣਤੀ ਕਮਿਸ਼ਨ ਛੱਤੀਸਗੜ੍ਹ ਦੇ ਚੇਅਰਮੈਨ ਸ. ਜਗਜੀਤ ਸਿੰਘ ਖਨੂਜਾ ਤੇ ਸ੍ਰੀ ਪਰਿੰਦਰ ਮਿਸ਼ਰਾ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਸੌਂਪੇ ਪੱਤਰ ਵਿਚ ਕਿਹਾ ਗਿਆ ਕਿ ਛੱਤੀਸਗੜ੍ਹ ਰਾਜ ਵਿਚ ਸਿੱਖਾਂ ਦੀ ਵੱਡੀ ਅਬਾਦੀ ਹੈ ਅਤੇ ਹਰ ਜ਼ਿਲ੍ਹੇ ਵਿਚ ਵੱਸੇ ਸਿੱਖ ਪਰਿਵਾਰ ਛੱਤੀਸਗੜ੍ਹ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਸਿੱਖਾਂ ਦਾ ਆਪਣਾ ਵਿਲੱਖਣ ਧਰਮ ਇਤਿਹਾਸ ਹੈ, ਜਿਸ ਵਿੱਚੋਂ ਪੂਰੀ ਮਨੁੱਖਤਾ ਨੂੰ ਜੋੜਨ ਦਾ ਰਾਹ ਦਿਸਦਾ ਹੈ। ਸਿੱਖਾਂ ਦੀ ਛੱਤੀਸਗੜ੍ਹ ਰਾਜ ਅੰਦਰ ਵੱਡੀ ਗਿਣਤੀ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਇਥੇ ਦੀ ਰਾਜਧਾਨੀ ਰਾਏਪੁਰ ਦੇ ਨਵਾਂ ਰਾਏਪੁਰ ਅਟਲ ਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਡਿਗਰੀ ਅਤੇ ਹੁਨਰ ਵਿਕਾਸ ਕਾਲਜ ਦੇ ਨਾਲ-ਨਾਲ ਗੁਰਮਤਿ ਸੰਗੀਤ ਅਕੈਡਮੀ ਖੋਲ੍ਹਣਾ ਚਾਹੁੰਦੀ ਹੈ, ਇਸ ਵਾਸਤੇ ਸਰਕਾਰ 10 ਏਕੜ ਜ਼ਮੀਨ ਦੇਣ ਦੀ ਪਹਿਲਕਦਮੀਂ ਕਰੇ, ਤਾਂ ਜੋ ਇਹ ਸੰਸਥਾਵਾਂ ਸਮਾਜਿਕ ਅਤੇ ਭਾਈਚਾਰਕ ਮਜ਼ਬੂਤੀ ਲਈ ਕਾਰਜਸ਼ੀਲ ਹੋ ਸਕਣ। ਵਫ਼ਦ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜੇਕਰ ਸਰਕਾਰ ਇਹ ਕਾਰਜ ਕਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੋਣ ਕਰਕੇ ਇਸ ’ਤੇ ਉਸਾਰੀ ਖ਼ੁਦ ਕਰੇਗੀ। ਵਫ਼ਦ ਆਗੂ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਪੰਜਾਬ ਅੰਦਰ ਵੱਡੀ ਗਿਣਤੀ ਵਿਚ ਵਿਦਿਅਕ ਅਦਾਰੇ ਚਲਾ ਰਹੀ ਹੈ ਅਤੇ ਇਸ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵੀ ਵਿਦਿਆ ਦੇ ਪ੍ਰਚਾਰ ਪ੍ਰਸਾਰ ਲਈ ਮੋਹਰੀ ਹੈ। ਇਸ ਦੀ ਉਦਾਹਰਣ ਮੁੰਬਈ ਵਿਖੇ ਸ਼੍ਰੋਮਣੀ ਕਮੇਟੀ ਦੀ ਸਫ਼ਲਤਾਪੂਰਵਕ ਚੱਲ ਰਹੀ ਵਿਦਿਅਕ ਸੰਸਥਾ ਹੈ। ਭਾਈ ਮਹਿਤਾ ਨੇ ਕਿਹਾ ਕਿ ਛੱਤੀਸਗੜ੍ਹ ਅੰਦਰ ਸਿੱਖਾਂ ਦੀ ਮੰਗ ਮੁੱਖ ਮੰਤਰੀ ਸਾਹਮਣੇ ਰੱਖੀ ਗਈ ਹੈ, ਜਿਸ ਪ੍ਰਤੀ ਉਨ੍ਹਾਂ ਨੇ ਸੰਜੀਦਗੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।