(ਗੀਤ) ਮਾਂ ਬੋਲੀ ਕਿਤੇ ਰੁੱਸ ਨਾ ਜਾਵੇ ...

ਮਾਂ ਬੋਲੀ ਦੇ ਪੁੱਤਰੋ ਧੀਓ, ਮਾਂ ਬੋਲੀ ਦਾ ਕਰੋ ਸਤਿਕਾਰ।
ਮਾਂ ਕਿਤੇ ਰੁੱਸ ਨਾ ਜਾਵੇ, ਵੇਖਕੇ ਤੁਹਾਡਾ ਦੁਰ ਵਿਵਹਾਰ।

ਸਕੀ ਮਾਂ ਦੇ ਸਾਹਮਣੇ ਜਦੋਂ ਮਤਰੇਈ ਦੇ ਗੁਣ ਗਾਵੋਂਗੇ,
ਮਾਂ ਫੇਰ ਕਿਵੇਂ ਨਾ ਕਲਪੇਗੀ, ਸੀਨੇ ਅੱਗ ਜਦੋਂ ਲਾਵੋਂਗੇ,
ਮਾਂ ਬੋਲੀ ਨੂੰ ਭੁੱਲ ਜੋ ਜਾਂਦੇ, ਧਰਤੀ ਮਾਂ ’ਤੇ ਹੁੰਦੇ ਨੇ ਭਾਰ,
ਮਾਂ ਬੋਲੀ ਕਿਤੇ ਰੁੱਸ ਨਾ ਜਾਵੇ...।

ਆਪਣੇ ਅਮੀਰ ਵਿਰਸੇ ਦਾ, ਮਾਂ ਨੇ ਹੀ ਮਾਣ ਵਧਾਇਆ,
ਸਾਡੇ ਸੱਭਿਆਚਾਰ ਨੂੰ ਵੀ, ਮਾਂ ਨੇ ਕਿਥੇ ਤੱਕ ਪਹੁੰਚਾਇਆ,
ਮਿਸ਼ਰੀ ਵਰਗੇ ਬੋਲ ਇਹਦੇ, ਰੂਹ ਨੂੰ ਕਰਦੇ ਨੇ ਸਰਸ਼ਾਰ,
ਮਾਂ ਬੋਲੀ ਕਿਤੇ ਰੁੱਸ ਨਾ ਜਾਵੇ ...।

ਗੁਰੂਆਂ ਪੀਰਾਂ ਫਕੀਰਾਂ ਨੇ, ਸਭ ਨੇ ਇਹ ਸਤਿਕਾਰੀ ਬੋਲੀ,
ਕਿੱਸਾਕਾਰਾਂ ਨੇ ਕਿੱਸਿਆਂ ਵਿਚ ਵੇਖੋ ਕਿਵੇਂ ਉਚਾਰੀ ਬੋਲੀ,
ਮਾਂ ਬੋਲੀ ਵਿਚ ਦੇ ਕੇ ਸੰਦੇਸ਼, ਜੱਗ ’ਤੇ ਕੀਤਾ ਪਰਉਪਕਾਰ,
ਮਾਂ ਬੋਲੀ ਕਿਤੇ ਰੁੱਸ ਨਾ ਜਾਵੇ ...।

ਮਤਰੇਈ ਮਾਂ ਆਪਣੀ ਥਾਂ ਹੈ, ਉਹਨੂੰ ਵੀ ਢੁਕਦੀ ਥਾਂ ਦਿਓ,
ਮਾਸੀ ਨੂੰ ਤੁਸੀਂ ਮਾਸੀ ਕਹੋ, ਮਾਂ ਦਾ ਉਹਨੂੰ ਨਾਂਅ ਨਾ ਦਿਓ,
ਮਤਰੇਈ ਮਾਂ ਨੂੰ ਸਕੀ ਸਮਝ, ਸਕੀ ਮਾਂ ਨਾ ਦਿਓ ਵਿਸਾਰ,
ਮਾਂ ਬੋਲੀ ਕਿਤੇ ਰੁੱਸ ਨਾ ਜਾਵੇ ...।

ਮਾਂ ਬੋਲੀ ਦੀ ਸੇਵਾ ਕਰਕੇ, ਬਹੁਤਿਆਂ ਨੇ ਮਾਣ ਪਾਇਆ ਹੈ,
‘ਅਮਰੀਕ ਤਲਵੰਡੀ’ ਵਾਲੇ ਨੇ ਆਪਣੇ ਹੱਥੀਂ ਅਜ਼ਮਾਇਆ ਹੈ,
ਮਾਂ ਬੋਲੀ ਨੇ ਸਨਮਾਨਾਂ ਦੇ, ਘਰ ਵਿਚ ਲਾ ਦਿੱਤੇ ਨੇ ਅੰਬਾਰ,
ਮਾਂ ਬੋਲੀ ਕਿਤੇ ਰੁੱਸ ਨਾ ਜਾਵੇ ...।