ਜਿੰਦਗੀ ਦਾ ਸਕੂਨ

 

ਅਨੰਦਮਈ ਜੀਵਨ ਜਿਉਣ ਲਈ ਮਨ ਦੀ ਖ਼ੁਸ਼ੀ ਦਾ ਹੋਣਾ ਲਾਜ਼ਮੀ ਹੈ ਨਾ ਕਿ ਬੇਸ਼ੂਮਾਰ ਧਨ ਦੌਲਤ ਦਾ। ਸਬਰ ਦੀ ਪੈੜ ਦੱਬਣ ਵਾਲੇ ਡੰਗ ਦੀ ਡੰਗ ਕਮਾ ਕੇ ਵੀ ਸਬਰ ਸ਼ੁਕਰ ਨਾਲ ਜਿਉਂਦੇ ਹਨ। ਜ਼ਿੰਦਗੀ ਨੂੰ ਅਨੰਦ ਨਾਲ ਜਿਉਣਾ ਹੀ ਉਨ੍ਹਾਂ ਦਾ ਸੰਕਲਧ ਹੁੰਦਾ ਹੈ...
ਅਜੋਕੇ ਭੱਜ ਦੋੜ ਤੇ ਤਣਾਅ ਭਰੇ ਦੌਰ 'ਚ ਜ਼ਿੰਦਗੀ ਦੀ ਸਹਿਜ ਰਵਾਨਗੀ 'ਚ ਖੜੋਤ ਆਈ ਹੈ। ਠਹਿਰਾਉ ਸਾਡੇ ਜੀਵਨ ਦਾ ਹਿੱਸਾ ਨਹੀਂ ਰਿਹਾ। ਇਸ ਅਮਲ 'ਚ ਮਨ ਦੀ ਸੰਤੁਸ਼ਟੀ,ਸ਼ਾਂਤੀ,ਖ਼ੁਸ਼ੀਆਂ ਤੇ ਹਾਸੇ ਲਗਪਗ ਉਡਾਰੀ ਮਾਰ ਗਏ ਹਨ। ਅਸੀਂ ਸੁਖਦ ਜੀਵਨ ਦੇ ਇਨ੍ਹਾਂ ਖ਼ੁਸ਼ਗਵਾਰ ਤੋਹਫਿਆਂ ਨੂੰ ਮਨ ਦੀ ਅਮੀਰੀ ਨਾਲੋਂ ਹਟਾ ਕੇ ਦੌਲਤ ਤੇ
ਸ਼ੋਹਰਤ ਨਾਲ ਜੋੜ ਕੇ ਦੇਖਣ ਲੱਗ ਗਏ ਹਾਂ। ਅਸੀਂ ਕਿੰਨੇ ਅਮੀਰ ਹਾਂ, ਹਕੀਕਤ ਵਿਚ ਇਹ ਮਾਇਨੇ ਨਹੀਂ ਰੱਖਦਾ। ਸਾਡਾ ਪਰਿਵਾਰ ਕਿੰਨਾ ਖ਼ੁਸ਼ ਹੈ, ਇਹ ਮਹੱਤਵਪੂਰਨ ਹੈ। ਮਨੁਖੀ ਮਨ ਦੀ ਅੰਤਰੀਵ ਸੰਤੁਸ਼ਟੀ ਮਨ ਦੀ ਅਮੀਰੀ ਤੇ ਨਿਰਭਰ ਹੈ, ਨਾਂ ਕਿ ਧਨ, ਦੌਲਤ ਸ਼ੋਹਰਤ ਦੀ ਅਮੀਰੀ 'ਤੇ
ਅਮੀਰੀ ਨਾਲੋਂ ਵੱਧ ਸਕੂਨ ਦਿੰਦੀ ਮਨ ਦੀ ਖ਼ੁਸ਼ੀ
ਧਨ ਦੌਲਤ ਨਾਲੋਂ ਮਨ ਦੀ ਖ਼ੁਸ਼ੀ ਵਧੇਰੇ ਅਮੀਰ ਹੁੰਦੀ ਹੈ। ਆਮ ਕਰਕੇ ਬਹੁਤ ਸਾਰੇ ਲੋਕ ਜਿੰਦਗੀ ਦਾ ਬਹੁਤਾ ਸਮਾਂ ਧਨ ਦੋਲਤ ਜੋੜਨ ਲਈ ਲਾ ਦਿੰਦੇ ਨੇ। ਬੇਲੋੜੀ ਦੌਲਤ
ਇਕੱਠੀ ਕਰ ਲੈਂਦੇ ਹਨ। ਕਈ ਵਾਰ ਜ਼ਰੂਰਤ ਤੋਂ ਜਿਆਦਾ ਜੜਿਆ ਪੈਸਾ ਔਲਾਦ ਅਤੇ ਜਿੰਦਗੀ ਦੇ ਆਖਰੀ ਪੜਾਅ ਲਈ ਦੁਖਾਂਤ ਬਣ ਜਾਂਦਾ ਹੈ। ਦੌਲਤ ਦੀ ਇਹ ਅਮੀਰੀ
ਜੀਵਨ ਦਾ ਸਹਿਜ ਸਲੀਕਾ ਖੋਹ ਲੈਦੀ ਹੈ। ਦੌਲਤ ਅਤੇ ਸ਼ੋਹਰਤ ਉਹ ਭਾਸ਼ਾ ਬੋਲਦੀ ਹੈ ਜਿਸ ਦੀ ਸਮਝ ਹਰ ਸ਼ਖ਼ਸ ਨੂੰ ਆਉਂਦੀ ਹੈ। ਪੈਸੇ ਦੀ ਆਮਦ ਨਾਲ਼ ਮਨੁੱਖੀ ਸੁਭਾਅ ਤੇ ਅਵਸਥਾ ਵਿਚ ਪਰਿਵਰਤਨ ਆ ਜਾਂਦਾ ਹੈ। ਥੁੜਾਂ ਦੇ ਛੁਟਕਾਰੇ ਤੋਂ ਬਾਅਦ ਲੋੜਾਂ ਜਨਮ ਲੈਂਦੀਆਂ ਹਨ। ਨਵੇਂ ਨਿਵੇਲੇ ਰਿਸ਼ਤੇ ਉਪਜਦੇ ਹਨ।
ਅਨਮੋਲ ਖ਼ਜ਼ਾਨਾ ਹੈ ਸਿਹਤ
ਕੁਦਰਤ ਬੜੀ ਬਲਵਾਨ ਹੈ। ਕੁਛ ਖੋਹ ਕੋ ਕਹਤ ਕੁਛ ਦੇਣਾ ਕੁਦਰਤ ਦਾ ਸੁਭਾਅ ਹੈ। ਕੁਦਰਤ ਦੀ ਬਖਸ਼ਿਸ਼ ਵਿਚ ਤੰਦਰੁਸਤ ਸਰੀਰ ਹੀ ਅਨਮੋਲ ਖ਼ਜ਼ਾਨਾ ਹੈ। ਅਪਾਹਜ
ਵਿਅਕਤੀ ਪੂੰਜੀਪਤੀ ਹੋਣ ਦੇ ਬਾਵਜੂਦ ਸਰੀਰਕ ਪੱਖੋਂ ਗ਼ਰੀਬ ਹੁੰਦਾ ਹੈ। ਵੈਸਾਖੀਆਂ ਸਹਾਰੇ ਉਸ ਨੂੰ ਹਮੇਸ਼ਾ ਗੁਲਾਮੀ ਦਾ ਅਹਿਸਾਸ ਕਰਵਾਉਦੇ ਹਨ। ਇਹੀ ਅਵਸਥਾ ਉਸ ਨੂੰ ਸੁਖਦ ਸਕੂਨ ਤੋਂ ਬਾਂਝਾ ਰੱਖਦੀ ਹੈ। ਕੱਚੇ ਕੋਠੜੇ ਵਿਚ ਵਸਦੇ ਪਰਿਵਾਰ ਕੋਸ਼ ਭਾਵੇ ਥੁੜਾਂ ਹੋਣ ਪ੍ਰੰਤੂ ਮਨ ਦੀ ਸੰਤੁਸ਼ਟੀ ਸੁਖਦ ਸਕੂਨ ਅਵਸਥਾ ਵਿਚ ਰੱਖਦੀ ਹੈ।
ਸਬਰ ਦਿੰਦਾ ਹੈ ਖ਼ੁਸ਼ੀ
ਅਨੰਦਮਈ ਜੀਵਨ ਜਿਊਣ ਲਈ ਮਨ ਦੀ ਖ਼ੁਸ਼ੀ ਦਾ ਹੋਣਾ ਲਾਜ਼ਮੀ ਹੈ ਨਾ ਕਿ ਬੇਸ਼ੁਮਾਰ ਧਨ ਦੌਲਤ ਦਾ। ਸਬਰ ਦੀ ਪੈੜ ਦੱਬਣ ਵਾਲੇ ਡੰਗ ਦੀ ਡੰਗ ਕਮਾ ਕੇ ਵੀ ਸਬਰ ਸ਼ੂਕਰ ਨਾਲ ਜਿਉਂਦੇ ਹਨ। ਜਿੰਦਗੀ ਨੂੰ ਅਨੰਦ ਨਾਲ ਜਿਊਣਾ ਹੀ ਉਨ੍ਹਾਂ ਦਾ ਸਕੰਲਪ ਹੁੰਦਾ ਹੈ। ਉਹ ਕਿਰਤ ਕਰਦੇ ਹਨ ਪ੍ਰੰਤੂ ਵਣਜ ਨਹੀਂ ਕਰਦੇ। ਉਹ ਪੈਸਾ ਕਮਾਉਂਦੇ ਹਨ ਪ੍ਰੰਤੂ ਪੈਸੇ ਦੇ ਪੁੱਤ ਨਹੀ ਬਣਦੇ। ਸੁਖਦ ਸਕੂਨ ਨਾਲ ਜਿਊਣ ਵਾਲੇ ਲੋਕ ਮੋਹ ਮਾਇਆ ਨਾਲੋਂ ਮੁਹੱਬਤ ਤੇ ਰਿਸ਼ਤਿਆਂ ਨੂੰ ਤਰਜੀਹ ਦਿੰਦੇ ਹਨ।ਜਿੰਦਗੀ ਦੇ ਹਰ ਮੋੜ 'ਤੇ ਖ਼ੁਸ਼ੀ ਦੀ ਤਲਾਸ਼ ਉਨ੍ਹਾਂ ਦੇ ਜੀਵਨ ਦਾ ਮਨੋਰਥ ਹੁਦਾ ਹੈ ਇਹੀ ਇੱਛਾ ਉਨ੍ਹਾ ਦੇ ਜੀਵਨ ਵਿੱਚ ਗੂੜ੍ਹੇ ਰੰਗ ਭਰ ਦਿੰਦੀ ਹੈ। ਕਈ ਵਾਰ ਪੂੰਜੀਪਤੀ ਘਰਾਣੇ ਬੇਔਲਾਦ ਹੁੰਦੇ ਹਨ। ਜੱਦੀ ਜ਼ਮੀਨ- ਜਾਇਦਾਦ, ਕੋਠੀ, ਕਾਰ ਤੇ ਨੌਕਰ ਚਾਕਰ ਵੱਡੀ ਹਵੇਲੀ ਦੇ ਖੁੱਲ੍ਹੇ ਕਮਰੇ ਵੱਢ ਖਾਣ ਨੂੰ ਪੈਂਦੇ ਨੇ। ਪਰਿਵਾਰ ਨੂੰ ਵੰਸ਼ ਅੱਗੇ ਤੋਰਨ ਵਾਲਾ ਧੀ ਪੁੱਤ ਨਹੀਂ ਮਿਲਦਾ। ਇਹ ਅਵਸਥਾ ਆਪਣੇ ਆਪ ਵਿਚ ਸੁਖਦ ਸਕੂਨ ਰਹਿਤ ਤੇ ਤਣਾਅ ਪੂਰਨ ਹੈ। ਔਲਾਦ ਦਾ ਨਾ ਹੋਣਾ ਮਨੁੱਖ ਦੀ ਵੱਡੀ ਕਮਜ਼ੋਰੀ ਹੈ। ਭਾਵੇਂ ਵਿਗਿਆਨਕ ਦ੍ਰਿਸ਼ਟੀਕੋਣ ਹੋਰ ਹੈ ਪ੍ਰੰਤੂ ਮਨੁੱਖ ਯਥਾਰਥ ਨਾਲੋਂ ਜਿਆਦਾ ਸਮਾਜਿਕ ਨਜ਼ਰੀਏ ਨਾਲ ਜਿਊਂਦਾ ਹੈ। ਔਲਾਦ ਬਿਨਾਂ ਦੁਨਿਆਵੀ ਪਦਾਰਥਾਂ ਦਾ ਸੁੱਖ ਦੁਖਾਂਤ ਬਣ ਜਾਂਦਾ ਹੈ। ਧਨ ਦੌਲਤ ਦੇ ਭੰਡਾਰਾਂ ਦੀ ਖ਼ੁਸ਼ੀ ਸੱਖਣੀ ਕੁੱਖ ਦੀ ਪੀੜਾ ਅੰਗੇ ਮੂੰਹ ਬੰਦ ਕਰ ਲੈਂਦੀ ਹੈ।ਇਸ ਅਵਸਥਾ ਵਿਚ ਮਨੁੱਖ ਜੀਵਨ ਦੇ ਸੁਖਦ ਸਕੂਨ ਨੂੰ ਥਾਂ-ਥਾਂ ਟੋਲਦਾ ਹੈ। ਮਨ ਦੀ ਮੌਜ ਤੋਂ ਸੱਖਣਾ ਮਨੁੱਖ ਤਣਾਅ ਦੀ ਵਲਗਣ ਵਿਚ ਕੈਦ ਹੈ ਜਾਂਦਾ ਹੈ। ਉਸ ਵੇਲੇ ਦੌਲਤ ਦੀ ਅਮੀਰੀ ਸਰਾਪ ਬਣ ਜਾਂਦੀ ਹੈ।
ਖ਼ੁਸ਼ੀ ’ਚ ਹੈ ਸਕੂਨ
ਸਾਡਾ ਪਰਿਵਾਰ ਕਿੰਨਾ ਅਮੀਰ ਹੈ ਇਹ ਜ਼ਰੂਰੀ ਨਹੀਂ ਹੈ,ਇਹ ਜ਼ਰੂਰੀ ਹੈ ਕਿ ਸਾਡਾ ਪਰਿਵਾਰ ਕਿੰਨਾ ਖ਼ੁਸ਼ ਹੈ। ਛੋਟੀਆਂ ਛੋਟੀਆਂ ਖ਼ੁਸ਼ੀਆਂ ਘਰ ਦੀ ਰੌਣਕ ਵਧਾ ਦਿੰਦੀਆਂ ਹਨ। ਇਕ ਗ਼ਰੀਬੜੇ ਜਿਹੇ ਟੱਬਰ ਵਿਚ ਘਰ ਦੇ ਸੱਡੇ ਜੀਅ ਪਿਆਰ, ਮੁੱਹਬਤ ਇਤਫਾਕ ਨਾਲ ਰਹਿਣ ਤੇ ਆਥਣ ਵੇਲੇ ਇੱਕਠੇ ਹੋ ਕੇ ਲੰਗਰ ਪ੍ਰਸ਼ਾਦਾ ਛਕਣ ਇਸ ਤੋਂ ਵੱਡੀ ਖ਼ਸ਼ੀ ਕੀ ਹੋ ਸਕਦੀ ਹੈ। ਪਿਉ ਦਾ ਪੁੱਤਾਂ ਨਾਲ ਨਹੁੰ ਮਾਸ ਦਾ ਰਿਸ਼ਤਾ ਹੋਵੇ ਤੇ ਧੀ ਦਾ ਮਾਂ ਨਾਲ ਸਰੀਰ ਤੇ ਰੂਹ ਵਾਲਾ ਰਿਸ਼ਤਾ ਹੋਵੇ ਖ਼ੁਸ਼ੀਆਂ ਦਾ ਮੀਂਹ ਵਰਸ ਜਾਂਦਾ ਹੈ। ਜ਼ਿੰਦਗੀ ਇਸੇ ਸੁਖਦ ਸਕੂਨ ਨਾਲ ਹੀ ਸ਼ੋਭਦੀ ਹੈ। ਦੌਲਤਾਂ ਸ਼ੋਹਰਤਾਂ ਤਾਂ ਆਈਆਂ ਗਈਆਂ ਗੱਲਾਂ ਨੇ। ਜਿੰਦਗੀ ਦਾ ਸਵਾਦ ਇਨ੍ਹਾਂ ਛੋਟੀਆਂ- ਛੋਟੀਆਂ ਖ਼ੁਸ਼ੀਆਂ ਵਿੱਚੋ ਚੱਖਿਆ ਜਾ ਸਕਦਾ ਹੈ। ਮਹਿਲਾਂ ਵਿਚ ਜਗਦੇ ਦੀਵੇ ਮਨ ਨੂੰ ਸੁਖਦ ਸਕੂਨ ਦਾ ਚਾਨਣ ਦੇਣਗੇ ਇਹ ਜਰੂਰੀ ਨਹੀਂ ਹੁੰਦਾ।
ਪੈਸੇ ਨਾਲੋਂ ਵੱਖਰੀ ਹੈ ਰੂਹ ਦੀ ਅਮੀਰੀ 
ਪੈਸੇ ਦੀ ਅਮੀਰੀ ਤੇ ਰੂਹ ਦੀ ਅਮੀਰੀ ਦੋਵੇਂ ਭਿੰਨ-ਭਿੰਨ ਹਨ। ਸਾਡਾ ਪਰਿਵਾਰ ਕਿੰਨਾ ਅਮੀਰ ਹੈ ਇਹ ਗੱਲ ਮਹੱਤਵਪੂਰਨ ਨਹੀਂ ਹੈ, ਸਗੋਂ ਵਿਸ਼ੇਸ਼ ਗੱਲ ਤਾਂ ਇਹ ਹੈ ਕਿ ਸਾਡਾ ਪਰਿਵਾਰ ਕਿੰਨਾ ਖ਼ੁਸ਼ ਹੈ। ਸੋ ਜ਼ਿੰਦਗੀ ਨੂੰ ਸੁਖਦ ਸਕੂਨ ਨਾਲ ਜਿਊਣ ਲਈ ਧਨ ਦੌਲਤ ਨੂੰ ਉਨ੍ਹਾਂ ਕੁ ਪਿਆਰ ਕਰੋ ਜਿੰਨਾ ਬਣਦਾ ਹੈ। ਦੇਖਿਓ ਇਸ ਮੋਹ ਵਿਚ ਖ਼ੁਸ਼ੀਆਂ ਦਾ ਕਤਲ ਨਾ ਕਰ ਬੈਠਿਓ। ਸਫਲ ਜਿੰਦਗੀ ਦਾ ਰਾਜ਼ ਅਮੀਰ ਹੋਣਾ ਨਹੀਂ, ਖ਼ੁਸ਼ ਹੋਣਾ ਹੁੰਦਾ। ਇਸੇ ਖ਼ੁਸ਼ੀ ਵਿੱਚੋਂ ਸੁਖਦ ਸਕੂਨ ਦਾ ਅਨੁਭਵ ਮਹਿਸੂਸ ਕਰਕੇ ਦੇਖਿਓ ਮਨ ਚੰਚਲਤਾ ਦੇ ਅੰਬਰੀਂ ਉਡਾਰੀਆਂ ਮਾਰਨ ਲਈ ਕਾਹਲਾ ਪੈ ਜਾਂਦਾ ਹੈ। ਜੀਵਨ ਦੀ ਇਸ ਭੱਜ ਦੌੜ ਵਿਚ ਗੁਆਚੀਆਂ ਖ਼ੁਸ਼ੀਆਂ ਨੂੰ ਟੋਲਣ ਦਾ ਯਤਨ ਕਰੀਏ ਪੈਸੇ ਦੇ ਪੁੱਤ ਨਹੀਂ ਪਿਓ ਬਣਕੇ ਜੀਵੀਏ। ਜ਼ਿੰਦਗੀ ਜਿੰਦਾਬਾਦ ਹੋਏਗੀ। ਤਣਾਅ ਦਾ ਦੈਂਤ ਮਰ ਜਾਵੇਗਾ। ਜਿੰਦਗੀ ਸੁਖਦ ਸਕੂਨ ਦੀ ਆਨੰਦਦਾਇਕ ਅਵਸਥਾ ਵਿਚ ਪ੍ਰਵੇਸ਼ ਕਰ ਜਾਵੇਗੀ ਆਪਣੇ ਆਪ ਹੀ। 

ਰਹਿਣ ਸਹਿਣ ’ਚ ਤਬਦੀਲੀ
ਧਨ ਦੌਲਤ ਦੀ ਅਮੀਰੀ ਸਾਡੇ ਖਾਣ-ਪੀਣ ਉੱਠਣ ਬੈਠਣ, ਪਹਿਨਣ-ਪਰਚਣ, ਬੋਲਣ-ਚੱਲਣ ਇੱਥੋਂ ਸਾਡੇ ਵਰਤ ਵਰਤਾਰੇ ’ਚ ਬਹੁਤ ਤਬਦੀਲੀ ਆ ਜਾਂਦੀ ਹੈ। ਗ਼ੁਰਬਤ
ਹੰਢਾਉਂਦਿਆ ਅਚਨਚੇਤ ਲੱਛਮੀ ਬੂਹਾ ਖੜਕਾ ਦਿੰਦੀ ਹੈ ਖੂਨ ਪਸੀਨਾ ਬਹਾ ਕੇ ਕੀਤੀ ਮਿਹਨਤ ਦੀ ਕਮਾਈ ਦਾ ਰੰਗ ਹੋਰ ਹੀ ਹੁੰਦਾ ਹੈ। ਬਿਨਾਂ ਕਮਾਈ ਦੌਲਤ ਦੀ ਝਨਕਾਰ ਦੇਖ ਕੇ ਬੰਦੇ ਦੇ ਤੇਵਰ ਬਦਲ ਜਾਂਦੇ ਹਨ। ਪੈਸੇ ਦੀ ਆਮਦ ਨਾਲ ਬਹੁਤ ਕੁਝ ਆ ਜਾਂਦਾ ਹੈ। ਧੰਨ ਦੀ ਅਮੀਰੀ ਨਾਲ ਬੰਦਾ ਮੋਢਿਆਂ ਦੇ ਉੱਤੋਂ ਹੀ ਬੁੱਕਦਾ ਹੈ। ਦੌਲਤ, ਸ਼ੋਹਰਤ ਦੀ ਅਮੀਰੀ ਹਜ਼ਮ ਕਰਨੀ ਐਰੋ- ਗੈਰੇ ਦੇ ਵੱਸ ਦੀ ਗੱਲ ਨਹੀਂ। ਬੋਝੇ ’ਚ ਪਾਏ ਨੋਟਾਂ ਨਾਲ ਜ਼ਬਾਨ ਵੀ ਭਾਰੀ ਪੈ ਜਾਂਦੀ ਹੈ। ਉਚਾਰਨ ਵਿੱਚੋਂ ਮਿਠਾਸ ਘਟ ਜਾਂਦੀ ਹੈ। ਆਪਣੇ ਤੋਂ ਛੋਟਿਆਂ ਨੂੰ ਦੇਖਣ ਦਾ ਨਜ਼ਰੀਆਂ ਬਦਲ ਜਾਂਦਾ ਹੈ। ਇਸ ਨਜ਼ਰੀਏ ’ਚੋਂ ਪੈਸੇ ਦੀ ਬੋਅ ਦੂਰ-ਦਰੂ ਤੱਕ ਅਸਰ ਖਿਲਾਰਦੀ ਹੈ। ਇਸੇ ਅਮਲ ਵਿੱਚ ਸੁਖਦ ਸਕੂਨ ਵੀ ਗੁਆਚ ਜਾਂਦਾ ਹੈ। ਜੀਵਨ ਸ਼ੈਲੀ ਵਿੱਚੋਂ ਸੁਖਦ ਸਕੂਨ ਦਾ ਗੁਆਚ ਜਾਣਾ ਬੇਹੱਦ ਮੰਦਭਾਗਾ ਵੀ ਹੈ ਤੇ ਘਾਟੇਵੰਦ ਵੀ। ਧਨ ਦੀ ਅਮੀਰੀ ਸਾਡੀ ਮਾਨਸਿਕ ਖ਼ੁਸ਼ੀ ਨੂੰ ਜੀਵਤ ਰੱਖ ਸਕਦੀ ਹੈ? ਇਹ ਇਕ ਅਹਿਮ ਸਵਾਲ ਹੈ। ਧਨ ਦੀ ਅਮੀਰੀ ਸੁਖਦ ਸਕੂਨ ਦੇਵੇ ਇਹ ਜ਼ਰੂਰੀ ਨਹੀਂ ਹੁੰਦਾ।

ਕੁਲਦੀਪ ਸਿੰਘ ਲੋਹਟ