ਪੁਰਾਣੀ ਕਾਰ ਦੀ ਦਰਦ ਭਰੀ ਕਹਾਣੀ

 

ਮੈਂ ਵੀ ਸਾਂ ਕਦੀ ਨਵੀਂ ਨਕੋਰ।

ਹਿਰਨਾਂ ਵਰਗੀ ਸੀ ਮੇਰੀ ਤੋਰ।

ਲੋਕੀਂ ਮੈਨੂੰ ਫੀਏਟ ਪਏ ਕਹਿਣ।

ਅੰਬੈਸਡਰ ਮੇਰੀ ਹੈ ਵੱਡੀ ਭੈਣ।

ਮਾਲਕ ਮੈਨੂੰ ਪਿਆਰ ਸੀ ਕਰਦਾ।

ਹੱਥ ਕੋਈ ਲਾਵੇ ਨਹੀਂ ਸੀ ਜਰਦਾ।

ਹਰ ਦਮ ਰੱਖਿਆ ਮੈਨੂੰ ਸ਼ਿੰਗਾਰ।

ਪੁੱਤਰਾਂ ਵਾਂਗਰ ਕਰਿਆ ਪਿਆਰ।

ਮੈਂ ਵੀ ਹਰ ਮੁਸੀਬਤ ਸੀ ਝੱਲੀ।

ਨਗੋਰੀ ਬਲਦ ਦੇ ਵਾਂਗਰ ਚੱਲੀ।

ਜਿੱਧਰ ਤੋਰਿਆ ਓਧਰ ਤੁਰ ਪਈ।

ਜਿੱਧਰ ਮੋੜਿਆ ਓਧਰ ਮੁੱੜ ਪਈ।

ਰਾਤ ਬਰਾਤੇ ਮੈਨੂੰ ਤੋਰ ਸੀ ਲੈਂਦਾ।

ਮੱਥੇ ਵੱਟ ਕਦੇ ਨਹੀਂ ਸੀ ਪੈਂਦਾ।

ਵਿਆਹਾਂ ਦਾ ਸ਼ਿੰਗਾਰ ਸੀ ਮੈਂ।

ਪਹਿਨਦੀ ਹੁੰਦੀ ਹਾਰ ਸੀ ਮੈਂ।

ਲਾੜੇ ਵਾਂਗਰ ਮੈਂ ਸੀ ਸਜਦੀ।

ਲਾੜੀ ਵਾਂਗਰ ਸੋਹਣੀ ਲੱਗਦੀ।

ਚਮਕ ਦਮਕ ਸੀ ਲੋਹੜੇ ਦੀ।

ਟੌਹਰ ਨਾ ਓਨੀਂ  ਜੋੜੇ ਦੀ ।

ਲਾੜੇ ਕੋਲ ਜਦੋਂ ਲਾੜੀ ਬਹਿੰਦੀ।

ਅੱਖੀਆਂ ਓਦੋਂ ਮੀਚ ਸਾਂ ਲੈਂਦੀ।

ਲਾੜਾ -ਲਾੜੀ ਕਰਨ ਕਲੋਲ।

ਉਹ ਪਵਾਏ ਮੈਂ ਆਪਣੀ ਝੋਲ।

ਕਿਸੇ ਦੇ ਕੋਲੇ ਭਾਫ਼ ਨਾ ਕੱਢੀ।

ਜਿੱਥੇ ਸੁਣੀ ਸੀ ਉਥੇ ਹੀ ਛੱਡੀ।

ਥੋੜ੍ਹੇ ਜੇ ਮੈਂ ਵਿਛੋੜੇ ਸੀ ਪਾਏ।

ਬਹੁਤਿਆਂ ਦੇ ਮੈਂ ਮੇਲ ਕਰਾਏ।

ਘਰਾਂ ਤੋਂ ਜੋ ਸੀ ਚੋਰੀਓਂ ਭੱਜੇ।

ਉਹਨਾਂ ਦੇ ਵੀ ਮੈਂ ਪਰਦੇ ਕੱਜੇ।

ਮੇਰੇ ਕੋਲ ਦੁੱਖੀ ਜੋ ਆਇਆ।

ਸਭ ਦਾ ਮੈਂ ਦੁੱਖ ਵੰਡਾਇਆ।

ਜ਼ੋਰ ਜਵਾਨੀ ਜਦੋਂ ਸੀ ਕੋਲ।

ਮਾਲਕ ਬੋਲਦਾ ਸੀ ਮਿੱਠੇ ਬੋਲ।

ਹੋ ਗਈ ਜਦੋਂ ਉਮਰ ਵਡੇਰੀ।

ਇਜ਼ਤ ਓਦੋਂ ਘੱਟ ਗਈ ਮੇਰੀ।

ਉੱਚੇ ਨੀਵੇਂ ਸੀ ਮੈਨੂੰ ਭਜਾਇਆ।

ਭੋਰਾ ਏਹਨੂੰ ਤਰਸ ਨਾ ਆਇਆ।

ਕਰਦਾ ਰਿਹਾ ਸੀ ਬੋਲ ਕਬੋਲ।

ਪੈਸਿਆਂ ਨਾਲ ਸੀ ਭਰਤੀ ਝੋਲ਼।

ਬੁੱਢੀ ਹੋਣ ’ਤੇ ਸੀ ਛੱਡਤਾ ਮੈਨੂੰ।

ਮਾਲਕ ਨੇ ਘਰੋਂ ਕੱਢਤਾ ਮੈਨੂੰ।

ਅਮਗ-ਪੈਰ ਮੇਰੇ ਕੱਢ ਕੇ ਵੇਚੇ।

ਕਈ ਤਾਂ ਅਸਲੋਂ ਵੱਢ ਕੇ ਵੇਚੇ।

ਛੱਲੀ ਦੇ ਵਾਂਗਰ ਚੂੰਢ ਲਿਆ ਹੈ।

ਸਭ ਕੁੱਝ ਮੇਰਾ ਢੂੰਡ ਲਿਆ ਹੈ।

ਜੀਹਨੂੰ ਆਪਣਾ ਖੂਨ ਪਿਆਇਆ।

ਭੋਰਾ ਉਹਨੂੰ ਤਰਸ ਨਾ ਆਇਆ।

ਜੀਹਦੇ  ਸੀ ਮੈਂ ਬੱਚੜੇ ਪਾਲ਼ੇ।

ਓਹੀ ਨਿਕਲੇ ਦਿਲ ਦੇ ਕਾਲੇ।

ਅਕ੍ਰਿਤਘਣ ਹੈ ਇਹ ਇਨਸਾਨ।

ਚੰਗੇ ਦੀ ਨਾ ਕਰੇ ਇਹ ਪਛਾਣ।

ਜੋਬਨ ਅੱਗੇ ਲੇਲੜੀਆਂ ਕੱਢਦਾ।

ਬੁਢਾਪੇ ਨੂੰ ਘਰੋਂ ਬਾਹਰ ਹੈ ਕੱਢਦਾ।

ਮੈਂ ਬੈਠਾਇਆ ਪੰਗੂੜੇ ਦੇ ਉਤੇ।

ਇਹ ਨੇ ਸੁੱਟਿਆ ਕੂੜੇ ਦੇ ਉਤੇ।

ਬੀਬੀਆਂ ਨੇ ਤਾਂ ਹੱਦ ਮੁਕਾਈ।

ਮੇਰੇ ਉਤੇ ਹੈ ਪਥਕਣ ਬਣਾਈ।

ਹਰ ਸ਼ਹਿਰ ਤੁਸੀਂ ਵੇਖੀ ਜਾਣਾ।

ਕੂੜੇ ਦੇ ਉੱਪਰ ਮੇਰਾ ਟਿਕਾਣਾ।

ਤਿੱਖੀਆਂ ਧੁੱਪਾਂ ਠੰਢੀਆਂ ਛਾਵਾਂ।

ਮੀਂਹ ਹਨੇਰੀ ਤਨ ’ਤੇ ਹੰਢਾਵਾਂ।

ਕੋਈ ਵੀ ਨਾ ਸੁਣੇ ਮੇਰਾ ਦਰਦ।

ਸਭ ਸਵਾਰਥੀ ਨੇ ਦਿਸਦੇ ਮਰਦ।

ਕਲਾਕਾਰ ਜਾਂ ਲੇਖਕ ਕੋਈ ਆਵੇ।

ਓਹੀ ਮੇਰਾ ਦਰਦ ਪਿਆ ਵੰਡਾਵੇ।

ਵੇਂਹਦੀ ਰਹਿੰਦੀ ਹਰ ਦਮ ਡੰਡੀ।

ਕਿਧਰੋਂ ਆ ਜੇ ‘ਅਮਰੀਕ ਤਲਵੰਡੀ’।

ਲੰਘਦਾ ਕਰਦਾ ਬੋਲ ਹੈ ਪੈਂਦਾ।

ਦੁੱਖ ਮੇਰੇ ਨਾਲ ਫੋਲ਼ ਹੈ ਲੈਂਦਾ।

ਕਹਿੰਦਾ ਸੀ ਮੈਂ ਕਵਿਤਾ ਬਣਾਊਂ।

ਦੁਨੀਆਂ ਨੂੰ ਤੇਰਾ ਦੁੱਖ ਸੁਣਾਊਂ।

ਆਇਆ ਨ੍ਹੀਂ ਮੈਂ ਉਡੀਕਾਂ ਨਿੱਤ।

ਓਹਦੇ ਬਿਨਾਂ ਨਾ ਲੱਗਦਾ ਚਿੱਤ।

ਦੁੱਖੀਆਂ ਦਾ ਉਹ ਦੁੱਖ ਵੰਡਾਵੇ।

ਕਿਸੇ ਦੇ ਕੋਲੋਂ ਕੁੱਝ ਨਾ ਚਾਹਵੇ।

ਅਹਿਸਾਨਮੰਦਾਂ ਤੋ ਸਦਕੇ ਜਾਵਾਂ।

ਅਕ੍ਰਿਤਘਣਾਂ ਨੂੰ ਮੂੰਹ ਨਾ ਲਾਵਾਂ।