ਨਿਰਧਨ-ਸਰਧਨ

ਇਸ ਛੋਟੀ ਜਿਹੀ ਪੁਸਤਕ ਵਿਚ ਬੇਸ਼ਕੀਮਤੀ ਵਿਚਾਰ ਇਉਂ ਭਰਪੂਰ ਹਨ ਜਿਵੇਂ ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੋਵੇ। ਇਸ ਵਿਚ ਆਰਥਿਕ, ਸਮਾਜਿਕ, ਪ੍ਰਮਾਰਥਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਅਤੇ ਉਨ੍ਹਾਂ ਦਾ ਸੁਯੋਗ ਹੱਲ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਗੁਰਬਾਣੀ ਦੇ ਚਾਨਣ ਵਿਚ ਕਿਰਤ, ਨਿਰਧਨ, ਸਰਧਨ, ਪਰਾਇਆ ਹੱਕ, ਭਰੋਸਾ, ਪਰਮਾਤਮਾ ਦੀ ਬਖ਼ਸ਼ਿਸ਼ ਅਤੇ ਰਜ਼ਾ ਨੂੰ ਵਿਚਾਰਿਆ ਗਿਆ ਹੈ। ਭਾਈ ਗੁਰਦਾਸ ਜੀ ਦੇ ਚੋਣਵੇਂ ਸੁਨੇਹੇ ਵੀ ਅੰਕਿਤ ਕੀਤੇ ਗਏ ਹਨ। ਲੇਖਕ ਨੇ ਆਪਣੇ ਨਿੱਜੀ ਅਨੁਭਵ ਵੀ ਸਾਂਝੇ ਕੀਤੇ ਹਨ। ਸਬਰ, ਸੰਤੋਖ, ਸੇਵਾ, ਸੰਵੇਦਨਾ ਅਤੇ ਸਦਾਚਾਰ ਦੇ ਗੁਣ ਮਨੁੱਖ ਆਪਣੇ ਪਰਿਵਾਰ ਵਿੱਚੋਂ ਸਿੱਖਦਾ ਹੈ। ਸੰਘਰਸ਼ ਅਤੇ ਮਿਹਨਤ ਨਾਲ ਸੰਵਾਰੇ ਹੋਏ ਕੁਝ ਸਫਲ ਵਿਅਕਤੀਆਂ ਦੇ ਜੀਵਨ ਦਾ ਸੰਖੇਪ ਵੇਰਵਾ ਦਿੱਤਾ ਗਿਆ ਹੈ ਜਿੱਥੇ ਭਾਈ ਨਿਰਮਲ ਸਿੰਘ ਜੀ ਖਾਲਸਾ, ਮਿਲਖਾ ਸਿੰਘ, ਏ.ਪੀ.ਜੇ. ਅਬਦੁਲ ਕਲਾਮ, ਸਰਦਾਰਾ ਸਿੰਘ ਜੌਹਲ, ਹਰਿਗੋਬਿੰਦ ਖੁਰਾਨਾ, ਲਾਲ ਬਹਾਦਰ ਸ਼ਾਸਤਰੀ, ਰਾਮਾਚੰਦਰਨ, ਨਾਰਾਇਣ ਮੂਰਥੀ, ਸੀ.ਵੀ.ਰਮਨ, ਏ.ਆਰ.ਰਹਿਮਾਨ, ਮੈਰੀਕਾਮ ਆਦਿ। ਇਹ ਜੀਵਨ ਸਾਰਿਆਂ ਲਈ ਪ੍ਰੇਰਨਾਸਰੋਤ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਸੁਨਹਿਰੀ ਸਿਧਾਂਤ-ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਯੋਗ ਹਨ, ਲੇਖਕ ਨੇ ਗੁਰਬਾਣੀ ਦੀਆਂ ਅਮਰ ਤੁਕਾਂ ਦੁਆਰਾ ਸਾਨੂੰ ਸਫ਼ਲ, ਸੁਚੱਜਾ ਅਤੇ ਸਨਾਰਥਾ ਜੀਵਨ ਜਿਊਣ ਦਾ ਸੁਨੇਹਾ ਦਿੱਤਾ ਹੈ। ਅੰਤ ਵਿਚ ਅੰਗਰੇਜ਼ੀ ਦੀਆਂ ਕੁਝ ਕੁਟੇਸ਼ਨਾਂ ਦਿੱਤੀਆਂ ਗਈਆਂ ਹਨ ਜੋ ਸਾਡੇ ਲਈ ਲਾਹੇਵੰਦ ਹੋ ਸਕਦੀਆਂ ਹਨ। ਸਮੁੱਚੇ ਤੌਰ ’ਤੇ ਇਹ ਪੁਸਤਕ ਬਹੁਤ ਹੀ ਲਾਭਦਾਇਕ ਹੈ ਜੋ ਸਾਡੇ ਅੰਦਰ ਨੈਤਿਕ, ਸਦਾਚਾਰ ਅਤੇ ਉੱਚੀਆਂ ਕਦਰਾਂ-ਕੀਮਤਾਂ ਦਾ ਵਿਕਾਸ ਕਰਨ ਦੇ ਯੋਗ ਹੈ। ਇਸ ਮਹੱਤਵਪੂਰਨ ਸਮੱਗਰੀ ਲਈ ਲੇਖਕ ਦਾ ਧੰਨਵਾਦ ਕਰਨਾ ਬਣਦਾ ਹੈ।

ਲੇਖਕ: ਪਰਮਜੀਤ ਸਿੰਘ ‘ਸੁਚਿੰਤਨ’

ਕੁਲ ਸਫ਼ੇ 104, ਮੁੱਲ 95 ਰੁਪਏ

ਡਾ. ਸਰਬਜੀਤ ਕੌਹ ਸੰਧਾਵਾਲੀਆ