ਤੇਜ਼ੀ ਨਾਲ ਬਦਲ ਰਹੀ ਦੁਨੀਆ ਦੇ ਇਸ ਦੌਰ ਵਿਚ ਮਨੁੱਖੀ ਵਿਵਹਾਰ, ਕਿਰਦਾਰ ਅਤੇ ਸਰੋਕਾਰ ਵੀ ਬਦਲ ਰਹੇ ਹਨ। ਮਨੁੱਖੀ ਸੱਭਿਅਤਾ ਦੇ ਜੇਕਰ ਮੁੱਢਲੇ ਦੌਰ ਨੂੰ ਸਮਝੀਏ ਤਾਂ ਪਤਾ ਲਗਦਾ ਹੈ ਕਿ ਦੁਨੀਆ ਭਰ ਵਿਚ ਸਲਤਨਤਾਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੱਖ-ਵੱਖ ਇਲਾਕਿਆਂ ਵਿਚ ਲੁਟੇਰੇ ਗਰੋਹ ਸਰਗਰਮ ਸਨ, ਜਿਸ ਵਿਚ ਕੁਝ ਲੋਕ ਇਕੱਠੇ ਹੋ ਕੇ ਪਹਿਲਾਂ ਆਪਣਾ ਗਰੋਹ ਬਣਾਉਂਦੇ ਫਿਰ ਉਹ ਆਪਣੇ ਇਲਾਕੇ ਵਿਚ ਆਪਣੀ ਸ਼ਕਤੀ ਵਧਾਉਂਦੇ ਜਾਂਦੇ। ਫਿਰ ਇਨ੍ਹਾਂ ਲੁਟੇਰਾ ਗਰੋਹਾਂ ਦੀਆਂ ਆਸਪਾਸ ਦੇ ਗਰੋਹਾਂ ਨਾਲ ਟੱਕਰਾਂ ਹੁੰਦੀਆਂ, ਇਨ੍ਹਾਂ ਭੇੜਾਂ ਵਿਚ ਜੇਤੂ ਰਹਿਣ ਵਾਲੇ ਦੀ ਸ਼ਕਤੀ ਹੋਰ ਵਧ ਜਾਂਦੀ ਤੇ ਉਹ ਆਪਣੇ ਇਲਾਕੇ ਦਾ ਹੋਰ ਵਿਸਥਾਰ ਕਰ ਲੈਂਦਾ। ਇਨ੍ਹਾਂ ਲੁਟੇਰੇ ਗਰੋਹਾਂ ਦੀਆਂ ਸਰਗਰਮੀਆਂ ਤੋਂ ਸਲਤਨਤਾਂ ਹੋਂਦ ਵਿਚ ਆਈਆਂ, ਰਾਜਭਾਗ ਬਣੇ। ਬੇਸ਼ੱਕ ਸਮਾਂ ’ਤੇ ਸਥਾਨ ਬਦਲਦੇ ਰਹੇ ਪਰ ਦੁਨੀਆ ਭਰ ਦੀਆਂ ਸਲਤਨਤਾਂ ਪਹਿਲਾਂ ਕਿਸੇ ਨਾ ਕਿਸੇ ਰੂਪ ਵਿਚ ਲੁਟੇਰੇ ਗਰੋਹਾਂ ਦੇ ਅੱਡੇ ਹੀ ਸਨ।
ਕਰੀਬ ਚਾਰ ਹਜ਼ਾਰ ਸਾਲ ਪਹਿਲਾਂ ਦੁਨੀਆ ਦੇ ਵੱਖ-ਵੱਖ ਖਿੱਤਿਆਂ ਵਿਚ ਸਲਤਨਤਾਂ ਦਾ ਮੁੱਢ ਬੱਝਣਾ ਸ਼ੁਰੂ ਹੋਇਆ। ਇਸ ਤੋਂ ਮਗਰੋਂ ਵੀ ਸਦੀਆਂ ਤੱਕ ਦੁਨੀਆ ਦੇ ਬਹੁਤ ਸਾਰੇ ਖਿੱਤੇ ਅਜਿਹੇ ਸਨ, ਜਿਥੇ ਰਹਿਣ ਵਾਲੇ ਲੋਕ ਨਹੀਂ ਜਾਣਦੇ ਸਨ ਕਿ ਉਹ ਕਿਸ ਰਾਜੇ ਦੀ ਪਰਜਾ ਹਨ। ਰਾਜ ਘਰਾਣਿਆਂ ਦੀ ਸਥਾਪਤੀ ਨਾਲ ਇਨ੍ਹਾਂ ਦੀਆਂ ਆਪਸੀ ਲੜਾਈਆਂ ਵੀ ਸ਼ੁਰੂ ਹੋਈਆਂ। ਇਨ੍ਹਾਂ ਲੜਾਈਆਂ ਦਾ ਮੁੱਖ ਕਾਰਨ ਜਿਥੇ ਆਪਣੇ ਰਾਜ ਦਾ ਵਿਸਥਾਰ ਕਰਨ ਦਾ ਲਾਲਚ ਹੁੰਦਾ ਸੀ, ਉੱਥੇ ਇਹ ਲੜਾਈਆਂ ਹਾਥੀਆਂ, ਘੋੜਿਆਂ ਸ਼ਾਸਤਰਾਂ ਅਤੇ ਔਰਤਾਂ ਨੂੰ ਹਥਿਆਉਣ ਲਈ ਵੀ ਲੜੀਆਂ ਜਾਂਦੀਆਂ ਸਨ। ਇਕ ਰਾਜਾ ਜਦੋਂ ਦੂਜੇ ਰਾਜ ’ਤੇ ਹਮਲਾ ਕਰਦਾ ਤਾਂ ਬਹੁਤ ਵੱਡੀ ਲੁਟੇਰੀ ਧਾੜ ਉਸ ਦੀ ਫੌਜ ਦੇ ਨਾਲ ਰਲ ਜਾਂਦੀ। ਭਾਰਤ ’ਤੇ ਵੱਖ-ਵੱਖ ਸਮਿਆਂ ਦੌਰਾਨ ਹਮਲੇ ਕਰਨ ਵਾਲੇ ਹਮਲਾਵਰਾਂ ਦੀ ਫੌਜ ਦੀ ਗਿਣਤੀ ਸੀਮਤ ਹੀ ਹੁੰਦੀ ਸੀ ਪਰ ਜਦੋਂ ਉਹ ਲੁੱਟ ਮਾਰ ਕਰਨ ਦੇ ਮਕਸਦ ਨਾਲ ਅੱਗੇ ਵੱਧਦੇ ਲੁਟੇਰੀਆਂ ਧਾੜਾਂ ਉਸ ਨਾਲ ਹੋ ਜਾਂਦੀਆਂ ਤੇ ਫੌਜ ਦੀ ਗਿਣਤੀ ਦੁਗਣੀ-ਚੌਗੁਣੀ ਹੋ ਜਾਂਦੀ।
ਵੱਖ-ਵੱਖ ਸਮਿਆਂ ਦੌਰਾਨ ਵੱਖ-ਵੱਖ ਧਰਮ ਹੋਂਦ ਵਿਚ ਆਏ। ਹਰ ਧਰਮ ਦੀ ਸ਼ੁਰੂਆਤ ਸੰਬੰਧਤ ਸਮੇਂ ਦੇ ਸਮਾਜ ਵਿਚ ਆਈਆਂ ਗਿਰਾਵਟਾਂ, ਬੁਰਾਈਆਂ, ਕੁਰੀਤੀਆਂ ਅਤੇ ਪਾਖੰਡਵਾਦ ਨੂੰ ਦੂਰ ਕਰਨ ਲਈ ਹੀ ਹੋਈ ਸੀ ਪਰ ਸਮਾਂ ਪਾ ਕੇ ਧਰਮ ਜਦੋਂ ਪੁਜਾਰੀ ਦੇ ਹੱਥ ਆਇਆ ਤਾਂ ਇਸ ਵਿਚ ਫਿਰਕੂਵਾਦ, ਲੋਭ ਲਾਲਚ ਅਤੇ ਕਈ ਤਰ੍ਹਾਂ ਦੀਆਂ ਬੁਰਾਈਆਂ ਪ੍ਰਵੇਸ਼ ਕਰ ਗਈਆਂ। ਰਾਜ ਪ੍ਰਬੰਧ ਭਾਵੇਂ ਕਿੰਨਾ ਵੀ ਜ਼ਾਲਮਾਨਾ ਅਤੇ ਲੋਕ ਵਿਰੋਧੀ ਹੁੰਦਾ ਇਸ ਨੂੰ ਚਲਦਾ ਰੱਖਣ ਲਈ ਪੁਜਾਰੀ ਵਰਗ ਰਾਜਿਆਂ ਮਹਾਰਾਜਿਆਂ ਨੂੰ ਪਰਮਾਤਮਾ ਦਾ ਰੂਪ ਦੱਸਦਾ। ਰਾਜਿਆਂ ਦੇ ਫੁਰਮਾਨ ਨੂੰ ਪ੍ਰਮਾਤਮਾ ਦਾ ਫੁਰਮਾਨ ਕਹਿ ਕੇ ਪ੍ਰਚਾਰਿਆ ਜਾਣ ਲੱਗਿਆ। ਇਕ ਰਾਜੇ ਦੀ ਦੂਜੇ ਰਾਜੇ ਨਾਲ ਹੁੰਦੀ ਖੂਨੀ ਲੜਾਈ ਕਤਲੇਆਮ ਨੂੰ ਧਰਮਯੁੱਧ ਦਾ ਨਾਂਅ ਦਿੱਤਾ ਗਿਆ ਅਤੇ ਰਾਜ ਲਈ ਲੜਦੇ ਲੋਕਾਂ ਦੀ ਮੌਤ ਨੂੰ ਸ਼ਹਾਦਤ ਆਖਿਆ ਜਾਣ ਲੱਗਿਆ।
ਜਿਥੇ ਸਦੀਆਂ ਤੱਕ ਰਾਜ ਘਰਾਣਿਆਂ ਦੀ ਰਾਖੀ ਲਈ ਲੋਕ ਜੰਗਾਂ ਯੁੱਧਾਂ ਦਾ ਖਾਜਾ ਬਣਦੇ ਰਹੇ ਉੱਥੇ ਇਤਿਹਾਸ ਦੇ ਲਹੂ ਭਿੱਜੇ ਬਾਬ ਉਨ੍ਹਾਂ ਲੱਖਾਂ ਲੋਕਾਂ ਦੀ ਗੱਲ ਵੀ ਕਰਦੇ ਹਨ ਜਿਹੜੇ ਧਰਮ ਕਰਮ ਦੇ ਨਾਂਅ ’ਤੇ ਕਤਲ ਕਰ ਦਿੱਤੇ ਗਏ। ਦੋ ਵਿਸ਼ਵ ਜੰਗਾਂ ਦੌਰਾਨ ਇੰਨੇ ਲੋਕ ਮਾਰੇ ਗਏ ਕਿ ਉਨ੍ਹਾਂ ਸਮਿਆਂ ਦੌਰਾਨ ਬਹੁਤ ਸਾਰੇ ਖਿੱਤੇ ਮਰਦ ਵਿਹੂਣੇ ਹੋ ਗਏ ਕੇਵਲ ਔਰਤਾਂ ਹੀ ਰਹਿ ਗਈਆਂ ਸਨ। ਸੰਨ 1947 ਵਿਚ ਸਾਡੇ ਮੁਲਕ ਦੀ ਧਰਮ ਦੇ ਨਾਂਅ ’ਤੇ ਹੋਈ ਵੰਡ ਵਿਚ 10 ਲੱਖ ਤੋਂ ਵੱਧ ਲੋਕ ਫਿਰਕੂ ਫ਼ਸਾਦ ਦੀ ਭੇਟ ਚੜ੍ਹੇ। ਵੰਡੇ ਜਾਣ ਮਗਰੋਂ ਦੋਹਾਂ ਮੁਲਕਾਂ ਦੇ ਲੋਕ ਅੱਜ ਤੱਕ ਉਨ੍ਹਾਂ ਵੇਲਿਆਂ ਨੂੰ ਯਾਦ ਕਰਕੇ ਰੋਂਦੇ ਹਨ। 1947 ਵਿਚ ਮਿਲੀ ਆਜ਼ਾਦੀ ਨੂੰ ਬਰਬਾਦੀ ਅਤੇ ਉਸ ਵੇਲੇ ਨੂੰ ‘ਰੌਲਿਆਂ ਵੇਲਾ’ ਆਖਦੇ ਹਨ। ਧਰਮ ਦੇ ਨਾਂਅ ’ਤੇ ਵੱਖ ਹੋ ਗਏ ਪਾਕਿਸਤਾਨ ਤੇ ਬੰਗਲਾ ਦੇਸ਼ ਦੇ ਆਮ ਲੋਕਾਂ ਦੇ ਦੁੱਖ ਘਟੇ ਨਹੀਂ ਬਲਕਿ ਉਹ ਵੀ ਸਾਡੇ ਮੁਲਕ ਦੇ ਆਮ ਲੋਕਾਂ ਵਾਂਗ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਮੱਸਿਆਵਾਂ ਤੋਂ ਪੀੜਤ ਹਨ ਅਤੇ ਇਹ ਸਮੱਸਿਆਵਾਂ ਹਰ ਦਿਨ ਵਿਕਰਾਲ ਰੂਪ ਲੈ ਰਹੀਆਂ ਹਨ। ਇਸ ਤੋਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਮਨੁੱਖ ਦੇ ਦੁੱਖਾਂ ਅਤੇ ਸਮੱਸਿਆ ਦੀ ਜੜ੍ਹ ਕਿਤੇ ਹੋਰ ਪਈ ਹੈ।
ਹਕੀਕਤ ਇਹ ਹੈ ਕਿ ਅੱਜ ਦਾ ਮਨੁੱਖ ਅੱਜ ਤੋਂ ਦੋ ਸਦੀਆਂ ਪਹਿਲਾਂ ਵਾਲਾ ਮਨੁੱਖ ਨਹੀਂ। ਉਸ ਦੀਆਂ ਲੋੜਾਂ ਬਦਲੀਆਂ ਹਨ। ਬਹੁਤ ਸਾਰੀਆਂ ਅਜਿਹੀਆਂ ਲੋੜਾਂ ਉਸ ਦੀ ਜ਼ਿੰਦਗੀ ਵਿਚ ਸ਼ਾਮਿਲ ਹੋ ਗਈਆਂ ਹਨ, ਜਿਨ੍ਹਾਂ ਬਗੈਰ ਹੁਣ ਉਸ ਦਾ ਜਿਊਣਾ ਸੰਭਵ ਨਹੀਂ ਜਾਪਦਾ। ਮਿਸਾਲ ਵਜੋਂ ਬਿਜਲੀ, ਇਹ ਅੱਜ ਦੇ ਮਨੁੱਖ ਦੇ ਜੀਵਨ ਲਈ ਜ਼ਰੂਰੀ ਲੋੜ ਬਣ ਗਈ ਹੈ। ਮਨੁੱਖ ਨਿਤਾਪ੍ਰਤੀ ਦੀਆਂ ਕਈ ਲੋੜਾਂ ਲਈ ਦੂਜਿਆਂ ’ਤੇ ਨਿਰਭਰ ਹੈ। ਉਸ ਦੇ ਵਿਕਾਸ ਕਰਨ ਅਤੇ ਜਿਊਂਦੇ ਰਹਿਣ ਲਈ ਉਸ ਦੀ ਜ਼ਰੂਰੀ ਲੋੜਾਂ ਦੀ ਪੂਰਤੀ ਬੇਹੱਦ ਜ਼ਰੂਰੀ ਹੈ। ਵਿਕਾਸ ਦੇ ਜਿਸ ਦੌਰ ਵਿਚੋਂ ਅਸੀਂ ਗੁਜ਼ਰ ਰਹੇ ਹਾਂ ਉੱਥੇ ਮਨੁੱਖ ਦੀਆਂ ਕਈ ਅਜਿਹੀਆਂ ਲੋੜਾਂ ਬਣ ਗਈਆਂ ਹਨ, ਜਿਨ੍ਹਾਂ ਬਗੈਰ ਸਾਵੇਂ ਪੱਧਰੇ ਜੀਵਨ ਦਾ ਕਿਆਸ ਨਹੀਂ ਕੀਤਾ ਜਾ ਸਕਦਾ।
ਅੱਜ ਸਾਨੂੰ ਸਮਝਣ ਦੀ ਲੋੜ ਇਹ ਹੈ ਕਿ ਮਨੁੱਖੀ ਲੋੜਾਂ ਦੀ ਪੂਰਤੀ ਲਈ ਵਰਤੇ ਜਾਂਦੇ ਸਾਧਨਾਂ ’ਤੇ ਪੂਰੀ ਦੁਨੀਆ ਵਿਚ ਕਾਰਪੋਰੇਸ਼ਨਾਂ ਕਾਬਜ਼ ਹੋ ਰਹੀਆਂ ਹਨ। ਅੱਜ ਦੀ ਦੁਨੀਆ ਦੇ ਦੇਸ਼ ਤੇ ਦੇਸ਼ਾਂ ਦੇ ਲੋਕ ਇਨ੍ਹਾਂ ਕਾਰਪੋਰੇਸ਼ਨਾਂ ਦੇ ਇਕ ਤਰ੍ਹਾਂ ਨਾਲ ਗ਼ੁਲਾਮ ਬਣਾਏ ਗਏ ਹਨ ਜਾਂ ਬਣਾਏ ਜਾ ਰਹੇ ਹਨ। ਇੱਕੀਵੀਂ ਸਦੀ ਦੀ ਦੁਨੀਆ ਦੀ ਗ਼ੁਲਾਮੀ ਹੁਣ ਉਹ ਗ਼ੁਲਾਮੀ ਨਹੀਂ ਜਿਸ ਵਿਚ ਇਕ ਖਿੱਤੇ ਦੀ ਪਰਜਾ ਕਿਸੇ ਤੋਂ ਸੱਤਾ ਪਾਉਣ ਲਈ ਸੰਘਰਸ਼ ਕਰਦੀ ਸੀ। ਬਲਕਿ ਇਹ ਅਜਿਹੀ ਇਕ ਅਦਿੱਖ ਗ਼ੁਲਾਮੀ ਦਾ ਵਰਤਾਰਾ ਹੈ ਜੋ ਪੂਰੀ ਦੁਨੀਆ ਵਿਚ ਚਲ ਰਿਹਾ ਹੈ ਅਤੇ ਬਹੁਗਿਣਤੀ ਨੂੰ ਇਸ ਦੀ ਸਮਝ ਆਉਣੀ ਅਜੇ ਬਾਕੀ ਹੈ। ਦੁਨੀਆ ਦਾ ਆਮ ਮਨੁੱਖ ਕਿਸ ਤਰ੍ਹਾਂ ਦਾ ਹੋਵੇ, ਕੀ ਖਾਵੇ ਕੀ ਪਾਵੇ, ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰੇ, ਇਹ ਨਿਰਧਾਰਤ ਹੁਣ ਕਾਰਪੋਰੇਟ ਜਗਤ ਕਰ ਰਿਹਾ ਹੈ। ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਨੂੰ ਹਰ ਮੁਲਕ ਵਿਚ ਲਾਗੂ ਕਰਨ ਦੀ ਕਵਾਇਦ ਚੱਲ ਰਹੀ ਹੈ। ਲੋਕ ਭਾਵੇਂ ਕਿਸੇ ਵੀ ਜਾਤ, ਧਰਮ, ਨਸਲ ਦੇ ਹੋਣ ਕੋਸ਼ਿਸ਼ ਇਹ ਹੈ ਕਿ ਜੰਗਲ, ਜ਼ਮੀਨ, ਖਣਿਜ ਪਦਾਰਥਾਂ ਦੇ ਸਰੋਤ, ਨਦੀਆਂ ਦਰਿਆ, ਬਿਜਲੀ, ਸੜਕਾਂ, ਨਹਿਰਾਂ ਜਨਤਕ ਹੱਥਾਂ ਵਿਚੋਂ ਖੋਹ ਲਈਆਂ ਜਾਣ। ਇਸ ਤੋਂ ਇਲਾਵਾ ਛੋਟੇ ਕਾਰੋਬਾਰੀਆਂ, ਦੁਕਾਨਦਾਰਾਂ, ਦਸਤਕਾਰਾਂ ਦੇ ਕਾਰੋਬਾਰ ਹਥਿਆਉਣ ਲਈ ਕਾਰਪੋਰੇਸ਼ਨਾਂ ਵਲੋਂ ਵੱਡੇ ਮਾਲ ਉਸਾਰ ਕੇ ਆਨਲਾਈਨ ਦੁਕਾਨਦਾਰੀ ਰਾਹੀਂ ਵੱਡੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਦੁਕਾਨਦਾਰਾਂ, ਦਸਤਕਾਰਾਂ ਅਤੇ ਕਿਸਾਨਾਂ ਦੀਆਂ ਔਲਾਦਾਂ ਨੂੰ ਕਰਿੰਦੇ ਬਣਾਏ ਜਾਣ ਦੀ ਕਵਾਇਦ ਪੂਰੀ ਦੁਨੀਆ ਵਿਚ ਚੱਲ ਰਹੀ ਹੈ। ਸਾਧਨ ਵਿਹੂਣੇ ਮਨੁੱਖ ਨੂੰ ਥੋੜ੍ਹੀਆਂ-ਥੋੜ੍ਹੀਆਂ ਨਿਗੁਣੀਆਂ ਖ਼ੈਰਾਂ ਪਾਈਆਂ ਜਾ ਰਹੀਆਂ ਹਨ। ਜੇਕਰ ਉਹ ਆਪਣੀ ਪੈਦਾ ਕੀਤੀ ਜਿਣਸ ਦਾ ਚੰਗਾ ਵਾਜਬ ਮੁੱਲ ਮੰਗਦਾ ਹੈ ਤਾਂ ਇਹ ਉਸ ਨੂੰ ਨਹੀਂ ਮਿਲਦਾ, ਜੇਕਰ ਉਹ ਆਪਣੀ ਪੜ੍ਹੀ ਲਿਖੀ ਔਲਾਦ ਲਈ ਸਰਕਾਰੀ ਨੌਕਰੀ ਮੰਗਦਾ ਹੈ ਤਾਂ ਉਸ ਨੂੰ ਪੁਲਿਸ ਬਲ ਦਾ ਪ੍ਰਯੋਗ ਕਰਕੇ ਰੋਕਿਆ ਜਾਂਦਾ ਹੈ ਪਰ ਬਿਨਾਂ ਮੰਗਿਆਂ ਕੁਝ ਚੀਜ਼ਾਂ ਉਸ ਅੱਗੇ ਪਰੋਸੀਆਂ ਜਾ ਰਹੀਆਂ ਹਨ। ਉਸ ਨੂੰ ਕੰਮ ਬਦਲੇ ਉਜਰਤ ਦੇਣ ਦੀ ਬਜਾਏ ਮੁਫ਼ਤ ਆਟਾ ਦਾਲ ਦਿੱਤੀ ਜਾ ਰਹੀ ਹੈ। ਮੁਫ਼ਤ ਬੱਸ ਪਾਸ ਜਾਰੀ ਕੀਤੇ ਜਾ ਰਹੇ ਹਨ। ਮੁਫ਼ਤ ਬਿਜਲੀ ਅਤੇ ਇੱਥੋਂ ਤੱਕ ਕਿ ਜੋ ਕਦੇ ਲੋਕਾਂ ਨੇ ਸੋਚਿਆ ਨਹੀਂ ਹੁੰਦਾ ਮੁਫ਼ਤ ਤੀਰਥ ਯਾਤਰਾ ਵਰਗੇ ਪ੍ਰਬੰਧਾਂ ’ਤੇ ਸਰਕਾਰਾਂ ਕੰਮ ਕਰਦੀਆਂ ਹਨ, ਇਹ ਸਭ ਕੁਝ ਕਿਸ ਲਈ ਹੋ ਰਿਹਾ ਹੈ? ਸਰਕਾਰਾਂ ਨੂੰ ਵਿਵੇਕਸ਼ੀਲ ਮਨੁੱਖਾਂ ਦੀ ਬਜਾਏ ਵਿਵੇਕਹੀਣ ਮਨੁੱਖਾਂ ਦੀ ਵਧੇਰੇ ਲੋੜ ਹੈ। ਦੁਨੀਆ ਦੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਸਭ ਪਾਸੇ ਇਹ ਪੂਰੀ-ਪੂਰੀ ਕੋਸ਼ਿਸ਼ ਹੈ ਕਿ ਸਾਧਨ ਸੰਪੰਨ ਮਨੁੱਖਾਂ ਦੀ ਬਜਾਏ ਚੰਗੇ ਕਰਿੰਦਿਆਂ ਦੀ ਦੁਨੀਆ ਪੈਦਾ ਕੀਤੀ ਜਾਵੇ। ਉਹ ਜਮਾਤ ਪੈਦਾ ਕੀਤੀ ਜਾਵੇ ਜੋ ਵਪਾਰ ਦੀ ਬੋਲੀ ਸਮਝਦੀ ਹੋਵੇ। ਜੋ ਬਿਨਾਂ ਹੀਲ ਹੁਜਤ ਆਪਣੀ ਖੈਰਾਤ ਲੈਣ ਤੇ ਸਰਕਾਰਾਂ ਦਾ ਧੰਨਵਾਦ ਕਰਨ। ਜੋ ਕਾਰਪੋਰੇਸ਼ਨਾਂ ਲਈ ਕੰਮ ਕਰਨ ਅਤੇ ਕੁਝ ਘੰਟੇ ਬੇਸਮੈਂਟਾਂ ਵਿਚ ਆਰਾਮ ਕਰਨ ਦੇ ਆਦੀ ਹੋਣ। 18-18 ਘੰਟੇ ਕੰਮ ਕਰਨ ਦੇ ਬਾਵਜੂਦ ਇਨ੍ਹਾਂ ਲੋਕਾਂ ਕੋਲ ਇੰਨੀ ਕੁ ਉਜਰਤ ਹੋਵੇ ਕਿ ਇਹ ਆਪਣੇ ਟੈਕਸ ਭਰ ਸਕਣ, ਮੋਬਾਇਲ ਡਾਟਾ ਖਰੀਦਣ, ਪਹਿਨਣ ਲਈ ਕੱਪੜਾ ਤੇ ਰੋਟੀ ਖਾਣ ਤੱਕ ਸੀਮਤ ਹੋ ਜਾਣ। ਇੱਥੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇਹ ਅਦਿੱਖ ਗ਼ੁਲਾਮੀ ਕਿਸੇ ਇਕ ਧਰਮ ਫ਼ਿਰਕੇ ਲਈ ਨਹੀਂ ਬਲਕਿ ਸਭ ਤਰ੍ਹਾਂ ਦੇ ਲੋਕਾਂ ਨਾਲ ਇਸ ਵਿਚ ਬਰਾਬਰ ਦਾ ਵਿਵਹਾਰ ਕੀਤਾ ਜਾਵੇਗਾ। ਕਿਸੇ ਨਾਲ ਤੇਰ-ਮੇਰ ਨਹੀਂ ਹੋਵੇਗੀ। ਇਹ ਸਭ ਕੁਝ ਦੁਨੀਆ ਦੇ ਕਿਸੇ ਇਕ ਖਿੱਤੇ ਵਿਚ ਨਹੀਂ ਬਹੁਗਿਣਤੀ ਦੇਸ਼ਾਂ ਵਿਚ ਹੋ ਰਿਹਾ ਹੈ। ਇਸ ਸਾਰੀ ਖੇਡ ਦਾ ਇਕ ਦੂਜਾ ਪਾਸਾ ਵੀ ਹੈ, ਜਿਸ ਵਿਚ ਆਮ ਮਨੁੱਖ ਗ਼ੁਲਾਮ ਵੀ ਰਹੇ ਅਤੇ ਉਸ ਨੂੰ ਆਪਣੀ ਗ਼ੁਲਾਮੀ ਦਾ ਅਹਿਸਾਸ ਵੀ ਨਾ ਹੋਵੇ। ਇਹ ਬੜਾ ਜ਼ਰੂਰੀ ਹੈ ਕਿ ਜੇਕਰ ਉਸ ਕੋਲ ਵਿਹਲ ਹੈ ਤਾਂ ਉਹ ਧਰਮ ਕਰਮ ਦੇ ਕਾਰਜਾਂ ਵਿਚ ਉਲਝਿਆ ਰਹੇ। ਧਰਮ ਦੇ ਨਾਂਅ ’ਤੇ ਦੰਗੇ ਫਸਾਦ ਫ਼ਿਰਕਾਪ੍ਰਤੀ ਨੂੰ ਹਵਾ ਮਿਲਦੀ ਰਹੇ ਤਾਂ ਕਿ ਉਸ ਨੂੰ ਸਮਝ ਨਾ ਆਵੇ ਕਿ ਉਸ ਦੇ ਹਿੱਸੇ ਆਉਂਦੇ ਅੰਬਰ ਨੂੰ ਕਿਵੇਂ ਉਧਾਲ ਲਿਆ ਗਿਆ ਹੈ ਉਸ ਦੇ ਪੈਰਾਂ ਹੇਠਲੀ ਜ਼ਮੀਨ ਨੂੰ ਕਿਵੇਂ ਖਿਸਕਾਇਆ ਜਾ ਰਿਹਾ ਹੈ?
ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਅਦਿੱਖ ਗ਼ੁਲਾਮੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਲੋਕਾਂ ਵਿਚ ਧਰਮ ਦੇ ਨਾਂਅ ’ਤੇ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਦੀ ਪਹਿਚਾਣ ਕਰੀਏ। ਕਿਸਾਨ ਅੰਦੋਲਨ ਦੀ ਜਿੱਤ ਨੇ ਸਾਨੂੰ ਇਹ ਸਿਖਾਇਆ ਸੀ ਕਿ ਅਸੀਂ ਸ਼ਾਂਤਮਈ ਰਹਿ ਕੇ ਵਿਵੇਕਸ਼ੀਲ ਢੰਗ ਨਾਲ ਕਾਰਪੋਰੇਟ ਨੀਤੀਆਂ ਵਿਰੁੱਧ ਸੰਘਰਸ਼ ਕਰ ਸਕਦੇ ਹਾਂ। ਇਸ ਸਮੇਂ ਅਸੀਂ ਜਿਸ ਦੌਰ ਵਿਚੋਂ ਗੁਜ਼ਰ ਰਹੇ ਹਾਂ, ਸਾਨੂੰ ਵਿਵੇਕਸ਼ੀਲ ਹੋਣ ਦੀ ਲੋੜ ਹੈ। ਆਪਣੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਕਾਰਨਾਂ ਨੂੰ ਜਾਨਣ ਦੀ ਜ਼ਰੂਰਤ ਹੈ। ਜਿੱਥੇ ਪੰਜਾਬੀਆਂ ਨੂੰ ਆਪਣੇ ਕਿਰਤ ਦੇ ਖਾਸੇ ਨਾਲ ਜੁੜਨ ਦੀ ਲੋੜ ਹੈ, ਉੱਥੇ ਉੱਚ ਵਿੱਦਿਆ ਹਾਸਲ ਕਰਕੇ ਆਪਣੇ ਕਿਰਦਾਰ ਬੁਲੰਦ ਕਰਨ ਦੀ ਵੱਡੀ ਲੋੜ ਹੈ। ਭਵਿੱਖ ਵਿਚ ਜਿਨ੍ਹਾਂ ਲੋਕਾਂ ਕੋਲ ਆਪਣੇ ਸਾਧਨ ਹੋਣਗੇ, ਗਿਆਨ ਦਾ ਖ਼ਜ਼ਾਨਾ ਹੋਵੇਗਾ ਅਤੇ ਵਿਗਿਆਨਕ ਸੋਚ ਹੋਵੇਗੀ ਉਹ ਲੋਕ ਦੁਨੀਆ ਦੇ ਮਾਲਿਕ ਹੋਣਗੇ। ਅਸੀਂ ਗਿਆਨ, ਵਿਗਿਆਨ ਅਤੇ ਕਿਰਦਾਰ ਦੀ ਬੁਲੰਦੀ ਦੇ ਸਿਰ ’ਤੇ ਆਪਣੀਆਂ ਸਮੱਸਿਆਵਾਂ ਦੀ ਥਾਹ ਪਾ ਕੇ ਇਨ੍ਹਾਂ ਤੋਂ ਨਿਜਾਤ ਪਾ ਸਕਦੇ ਹਾਂ। ਸਾਨੂੰ ਇਸ ਸਮੇਂ ਉੱਚ ਵਿੱਦਿਆ, ਗਿਆਨ, ਵਿਗਿਆਨ ਅਤੇ ਕਿਰਤ ਨਾਲ ਜੋੜਨ ਵਾਲੀ ਕ੍ਰਾਂਤੀ ਦੀ ਲੋੜ ਹੈ।