ਅੱਜਕੱਲ੍ਹ ਸਾਡੇ ਕੋਲ ਗਿਆਨ ਬਹੁਤ ਹੈ, ਪਰ ਸਮਝਦਾਰੀ ਘੱਟ ਹੈ। ਅਖ਼ਬਾਰ, ਟੈਲੀਵਿਜ਼ਨ, ਫੇਸਬੁੱਕ, ਵਟਸਐਪ ਅਤੇ ਇੰਟਰਨੈੱਟ ਨਾਲ ਸਾਨੂੰ ਦੁਨੀਆ ਭਰ ਦੀਆਂ ਖ਼ਬਰਾਂ ਦਾ ਗਿਆਨ ਹੈ, ਪਰ ਆਪਣੇ ਗੁਆਂਢੀ ਦੀ ਖ਼ਬਰ ਬਾਰੇ ਸਾਨੂੰ ਕੁਝ ਨਹੀਂ ਪਤਾ। ਸਾਡੀਆਂ ਪ੍ਰਾਪਤੀਆਂ ਬਹੁਤ ਹਨ, ਪਰ ਉਨ੍ਹਾਂ ਦਾ ਆਨੰਦ ਮਾਣਨ ਦਾ ਸਾਡੇ ਕੋਲ ਸਮਾਂ ਨਹੀਂ। ਅਸੀਂ ਸੰਸਾਰ ਨਾਲ ਤਾਂ ਜੁੜਦੇ ਹਾਂ, ਪਰ ਖ਼ੁਦ ਨਾਲੋਂ ਅਤੇ ਪਰਿਵਾਰ ਨਾਲੋਂ ਕੱਟੇ ਜਾਂਦੇ ਹਾਂ।
ਸਾਡੇ ਕੋਲ ਵਿੱਦਿਆ ਦੀਆਂ ਡਿਗਰੀਆਂ ਤਾਂ ਬਹੁਤ ਹਨ, ਪਰ ਸਲੀਕਾ ਘੱਟ ਹੈ। ਬੰਦੇ ਕੋਲ ਜਿੰਨੀਆਂ ਮਰਜ਼ੀ ਡਿਗਰੀਆਂ ਹੋਣ, ਜੇ ਉਸ ਕੋਲ ਸਲੀਕਾ ਨਹੀਂ ਤਾਂ ਉਸ ਦਾ ਸਾਰਾ ਗਿਆਨ ਹੀ ਬੇਕਾਰ ਹੈ। ਬਹੁਤੀਆਂ ਡਿਗਰੀਆਂ ਨਾਲ ਜ਼ਿਆਦਾ ਲਿਆਕਤ ਨਹੀਂ ਆ ਜਾਂਦੀ। ਇੱਕ ਪੜ੍ਹਿਆ ਲਿਖਿਆ ਬੰਦਾ ਵੀ ਨਾਲਾਇਕ ਹੋ ਸਕਦਾ ਹੈ ਅਤੇ ਇੱਕ ਅਨਪੜ੍ਹ ਬੰਦਾ ਵੀ ਲਾਇਕ ਹੋ ਸਕਦਾ ਹੈ। ਜੇਕਰ ਪੜ੍ਹਿਆ ਲਿਖਿਆ ਬੰਦਾ ਦੂਜੇ ਨਾਲ ਸਲੀਕੇ ਨਾਲ ਗੱਲ ਨਹੀਂ ਕਰਦਾ, ਉਸ ਨੂੰ ਸਮਾਜ ਵਿੱਚ ਵਿਚਰਨ ਦਾ ਢੰਗ ਨਹੀਂ ਆਉਂਦਾ ਅਤੇ ਉਹ ਆਪਣੇ ਮਾਂ ਪਿਓ ਦੀ ਵੀ ਸੇਵਾ ਨਹੀਂ ਕਰਦਾ ਤਾਂ ਉਸ ਨੂੰ ਲਾਇਕ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਜੇ ਇੱਕ ਅਨਪੜ੍ਹ ਬੰਦਾ ਗ਼ਰੀਬਾਂ ਦੇ ਦਰਦ ਨੂੰ ਸਮਝਦਾ ਹੈ, ਉਨ੍ਹਾਂ ਨਾਲ ਮਿੱਠਾ ਬੋਲਦਾ ਹੈ ਅਤੇ ਆਪਣੇ ਮਾਂ ਪਿਓ ਨੂੰ ਵੀ ਪੂਰਾ ਸਤਿਕਾਰ ਦਿੰਦਾ ਹੈ। ਉਨ੍ਹਾਂ ਦੇ ਭੋਜਨ, ਬਸਤਰ, ਦਵਾ ਦਾਰੂ ਅਤੇ ਬਾਕੀ ਸਭ ਜ਼ਰੂਰਤਾਂ ਪੂਰੀਆਂ ਕਰਦਾ ਹੈ ਤਾਂ ਉਹ ਸਭ ਤੋਂ ਹੀ ਲਾਇਕ ਹੈ ਅਤੇ ਕਿਸੇ ਪੜ੍ਹੇ ਲਿਖੇ ਨਾਲਾਇਕ ਬੰਦੇ ਤੋਂ ਹਮੇਸ਼ਾਂ ਚੰਗਾ ਹੈ।
ਅਸੀਂ ਆਪਣੇ ਬੱਚੇ ਨੂੰ ਮਹਿੰਗੇ ਅੰਗਰੇਜ਼ੀ ਸਕੂਲਾਂ ਵਿੱਚ ਪਾ ਦਿੰਦੇ ਹਾਂ ਤਾਂ ਕਿ ਉਹ ਦੂਸਰੇ ਬੱਚਿਆਂ ਤੋਂ ਕਿਸੇ ਗੱਲੋਂ ਪਿੱਛੇ ਨਾ ਰਹਿਣ ਅਤੇ ਜ਼ਿੰਦਗੀ ਵਿੱਚ ਇੱਕ ਕਾਮਯਾਬ ਮਨੁੱਖ ਬਣਨ, ਪਰ ਉਨ੍ਹਾਂ ਨੂੰ ਸੰਸਕਾਰ ਦੇਣੇ ਭੁੱਲ ਜਾਂਦੇ ਹਾਂ। ਵੱਡੇ ਹੋਣ ’ਤੇ ਡਾਲਰਾਂ ਤੇ ਪੌਂਡਾਂ ਦੀ ਚਮਕ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਖਿੱਚ ਲੈਂਦੀ ਹੈ। ਉਹ ਆਪਣੇ ਵਿਰਸੇ ਨਾਲੋਂ ਟੁੱਟ ਜਾਂਦੇ ਹਨ ਅਤੇ ਸਾਡੇ ਹੱਥੋਂ ਨਿਕਲ ਜਾਂਦੇ ਹਨ। ਫਿਰ ਉਹ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ।
ਅੱਜ ਦੇ ਮਨੁੱਖ ਨੂੰ ਆਪਣੀਆਂ ਕਮੀਆਂ ਨਜ਼ਰ ਨਹੀਂ ਆਉਂਦੀਆਂ, ਪਰ ਦੂਜੇ ਦੀਆਂ ਕਮੀਆਂ ਬਹੁਤ ਨਜ਼ਰ ਆਉਂਦੀਆਂ ਹਨ। ਇਸ ਲਈ ਉਹ ਸਾਰੀ ਉਮਰ ਦੂਜਿਆਂ ਨੂੰ ਸੁਧਾਰਨ ’ਤੇ ਹੀ ਲੱਗਿਆ ਰਹਿੰਦਾ ਹੈ। ਸੁਧਰਦਾ ਕੋਈ ਵੀ ਨਹੀਂ। ਜੇ ਮਨੁੱਖ ਆਪਣੀਆਂ ਕਮੀਆਂ ਤੇ ਗ਼ਲਤੀਆਂ ਨੂੰ ਠੀਕ ਕਰ ਕੇ ਆਪਣੇ ਆਪ ਨੂੰ ਬਦਲ ਲਏ ਤਾਂ ਸਾਰਾ ਸੰਸਾਰ ਹੀ ਸੁਧਰ ਸਕਦਾ ਹੈ।
ਅੱਜਕੱਲ੍ਹ ਹਰ ਕੋਈ ਆਪਣੀ ਗੱਲ ਹੀ ਕਹਿਣਾ ਚਾਹੁੰਦਾ ਹੈ। ਉਹ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਪਰ ਸਿਆਣੇ ਕਹਿੰਦੇ ਹਨ ਕਿ ਬੋਲੋ ਘੱਟ ਤੋਂ ਸੁਣੋ ਜ਼ਿਆਦਾ। ਜਦ ਤੁਸੀਂ ਬੋਲਦੇ ਹੋ ਤਾਂ ਤੁਹਾਨੂੰ ਕਿਸੇ ਨਵੀਂ ਗੱਲ ਦਾ ਪਤਾ ਨਹੀਂ ਲੱਗਦਾ, ਪਰ ਜਦੋਂ ਤੁਸੀਂ ਦੂਸਰੇ ਨੂੰ ਸੁਣਦੇ ਹੋ ਤਾਂ ਤੁਹਾਨੂੰ ਕਈ ਨਵੀਆਂ ਗੱਲਾਂ ਦਾ ਪਤਾ ਲੱਗਦਾ ਹੈ। ਜੀਭ ਵਿੱਚ ਹੱਡੀ ਨਹੀਂ ਹੁੰਦੀ, ਪਰ ਇਸ ਦੁਆਰਾ ਬੋਲੇ ਗਏ ਗ਼ਲਤ ਸ਼ਬਦ ਦੂਜੇ ਦੀਆਂ ਹੱਡੀਆਂ ਤੋੜ ਵੀ ਸਕਦੇ ਹਨ ਅਤੇ ਤੁਹਾਡੀਆਂ ਹੱਡੀਆਂ ਤੁੜਵਾ ਵੀ ਸਕਦੇ ਹਨ। ਇਸ ਲਈ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਕੁਝ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਤੁਹਾਡੇ ਬੋਲੇ ਗਏ ਸ਼ਬਦਾਂ ਦੁਆਰਾ ਦੂਜੇ ’ਤੇ ਕੀ ਅਸਰ ਹੋਵੇਗਾ। ਆਪਣੇ ਕੌੜੋ ਅਤੇ ਕੁਰਖਤ ਸ਼ਬਦਾਂ ਨਾਲ ਲੋਕਾਂ ਦੇ ਮਨਾਂ ਨੂੰ ਜ਼ਖ਼ਮੀ ਨਾ ਕਰੋ। ਆਪਣੇ ਮਿੱਠੇ ਬੋਲਾਂ ਨਾਲ ਲੋਕਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉ। ਆਪਣੇ ਦੋ ਹੱਥਾਂ ਨਾਲ ਤੁਸੀਂ ਦਸ ਬੰਦਿਆਂ ਨੂੰ ਵੀ ਨਹੀਂ ਹਰਾ ਸਕਦੇ, ਪਰ ਇਹ ਦੋ ਹੱਥ ਜੋੜ ਕੋ ਤੁਸੀਂ ਲੱਖਾਂ ਬੰਦਿਆਂ ਦਾ ਦਿਲ ਜਿੱਤ ਸਕਦੇ ਹੋ। ਇਸ ਵਿੱਚ ਹੀ ਸਮਝਦਾਰੀ ਹੈ।
ਕਈ ਲੋਕਾਂ ਦੇ ਬੱਚੇ ਹਾਲੇ ਬਾਲਗ ਵੀ ਨਹੀਂ ਹੋਏ ਹੁੰਦੇ ਤਾਂ ਫੋਕੀ ਸ਼ਾਨ ਅਤੇ ਅਮੀਰੀ ਦੇ ਵੱਸ ਬੱਚਿਆਂ ਨੂੰ ਮੋਟਰਸਾਈਕਲ ਜਾਂ ਕਾਰ ਤੌਹਫੇ ਦੇ ਤੌਰ ’ਤੇ ਹੱਥ ਫੜਾ ਦਿੰਦੇ ਹਨ। ਉਹ ਸੋਚਦੇ ਹਨ ਕਿ ਉਹ ਬੱਚਿਆਂ ਨੂੰ ਆਪਣਾ ਪਿਆਰ ਦਿਖਾ ਕੇ, ਲਾਜਵਾਬ ਸਹੂਲਤਾਂ ਦੇ ਰਹੇ ਹਨ, ਪਰ ਉਹ ਉਨ੍ਹਾਂ ਨੂੰ ਸੜਕ ’ਤੇ ਚੱਲਣ ਦੇ ਨਿਯਮ ਨਹੀਂ ਸਮਝਾਉਂਦੇ। ਬੱਚੇ ਤੇਜ਼ ਰਫ਼ਤਾਰ ’ਤੇ ਗੱਡੀ ਚਲਾ ਕੇ ਸਾਥੀਆਂ ਅੱਗੇ ਆਪਣੀ ਅਮੀਗੀ ਦੀ ਸ਼ੇਖੀ ਮਾਰਦੇ ਹਨ। ਕਈ ਵਾਰੀ ਇਸ ਦਾ ਨਤੀਜਾ ਭਿਆਨਕ ਦੁਖਾਂਤ ਵਿੱਚ ਨਿਕਲਦਾ ਹੈ। ਕਈ ਮਨੁੱਖ ਕਲਪਨਾ ਦੀ ਸੁਨਹਿਰੀ ਦੁਨੀਆ ਵਿੱਚ ਹੀ ਵਿਚਰਦੇ ਰਹਿੰਦੇ ਹਨ। ਉਹ ਰਾਤੋਂ ਰਾਤ ਬਿਨਾਂ ਕਿਸੇ ਮਿਹਨਤ ਤੋਂ ਅਮੀਰ ਬਣਨਾ ਲੋਚਦੇ ਹਨ। ਉਹ ਸੋਚਦੇ ਹਨ ਕਿ ਇੱਕ ਦਿਨ ਕੋਈ ਹੈਲੀਕਾਪਟਰ ’ਤੇ ਬਿਠਾ ਕੇ ਉਨ੍ਹਾਂ ਨੂੰ ਕਾਮਯਾਬੀ ਦੀ ਟੀਸੀ ’ਤੇ ਬਿਠਾ ਦੇਵੇਗਾ, ਪਰ ਕਾਮਯਾਬੀ ਲਈ ਤਾਂ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਕਿਨਾਰਿਆਂ ’ਤੇ ਬੈਠ ਕੇ ਕੋਈ ਚੰਗਾ ਤੈਰਾਕ ਨਹੀਂ ਬਣ ਜਾਂਦਾ। ਤੈਰਾਕ ਬਣਨ ਲਈ ਤਾਂ ਪਾਣੀ ਵਿੱਚ ਕੁੱਦਣਾ ਹੀ ਪੈਂਦਾ ਹੈ। ਕਾਮਯਾਬੀ ਦਾ ਦੌਰ ਤੁਹਾਡੇ ਆਰਾਮ ਦੀ ਹੱਦ ਤੋਂ ਬਾਹਰ ਜਾ ਕੇ ਹੀ ਸ਼ੁਰੂ ਹੁੰਦਾ ਹੈ। ਆਲਸੀ ਬੰਦਿਆਂ ਦੇ ਦਰਾਂ ਤੋਂ ਕਾਮਯਾਬੀ ਦੂਰ ਭੱਜਦੀ ਹੈ। ਸੁੱਤਿਆਂ ਦੇ ਸਿਰਾਂ ’ਤੇ ਕਦੀ ਤਾਜ਼ ਨਹੀਂ ਸਜਦੇ। ਸਿਆਣਪ ਇਸੇ ਵਿੱਚ ਹੀ ਹੈ ਕਿ ਹਵਾਈ ਕਿਲ੍ਹੇ ਬਣਾਉਣ ਦੀ ਥਾਂ ਮਿਹਨਤ ਦਾ ਪੱਲਾ ਫੜਿਆ ਜਾਏ। ਦੂਜਿਆਂ ’ਤੇ ਫਾਲਤੂ ਦੀਆਂ ਉਮੀਦਾਂ ਰੱਖਣੀਆਂ ਵੀ ਗ਼ਲਤ ਹੀ ਹੈ। ਤੁਹਾਡਾ ਆਪਣਾ ਬਲ ਹੀ ਤੁਹਾਡੀ ਤਾਕਤ ਹੈ। ਸਾਡਾ ਜੀਵਨ ਸਾਡੇ ਕਰਮਾਂ ਦੀ ਪ੍ਰਤੀ-ਧਵਨੀ ਹੈ। ਇੱਥੇ ਸਭ ਕੁਝ ਮੁੜ ਕੇ ਸਾਡੇ ਕੋਲ ਹੀ ਵਾਪਸ ਆਉਂਦਾ ਹੈ ਭਾਵੇਂ ਉਹ ਸੱਚ, ਝੂਠ, ਚੰਗਾ, ਮਾੜਾ, ਧੋਖਾ, ਦੂਜਿਆਂ ਦੀ ਮਦਦ ਕਰੋ ਤਾਂ ਕਿ ਬਦਲੇ ਵਿੱਚ ਤੁਹਾਡਾ ਵੀ ਭਲਾ ਹੋ ਸਕੇ।
ਅੱਜਕੱਲ੍ਹ ਫਾਸਟ ਫੁਡ ਦਾ ਬਹੁਤ ਰੁਝਾਨ ਹੈ। ਕਈ ਪਰਿਵਾਰ ਤਾਂ ਆਪਣੇ ਘਰਾਂ ਵਿੱਚ ਖਾਣਾ ਵੀ ਆਪ ਨਹੀਂ ਬਣਾਉਂਦੇ। ਉਹ ਢਾਬੇ ਦੇ ਖਾਣੇ ’ਤੇ ਹੀ ਨਿਰਭਰ ਕਰਦੇ ਹਨ, ਪਰ ਸਿਆਣੀਆਂ ਔਰਤਾਂ ਜਿੰਨੀਆਂ ਮਰਜ਼ੀ ਧਨਵਾਨ ਹੋ ਜਾਣ ਤੇ ਘਰ ਦੇ ਕੰਮ ਲਈ ਜਿੰਨੇ ਮਰਜ਼ੀ ਨੌਕਰ ਰੱਖ ਲੈਣ, ਪਰ ਉਹ ਆਪਣੇ ਪਰਿਵਾਰ ਲਈ ਆਪਣੇ ਹੱਥੀਂ ਭੋਜਨ ਤਿਆਰ ਕਰਦੀਆਂ ਹਨ। ਉਹ ਜਾਣਦੀਆਂ ਹਨ ਕਿ ਉਨ੍ਹਾਂ ਦੇ ਤਿਆਰ ਕੀਤੇ ਭੋਜਨ ਰਾਹੀਂ ਉਨ੍ਹਾਂ ਦੇ ਪਰਿਵਾਰ ਦਾ ਕੇਵਲ ਪੇਟ ਹੀ ਨਹੀਂ ਭਰਦਾ ਸਗੋਂ ਮੋਹ ਅਤੇ ਪਿਆਰ ਨਾਲ ਤਿਆਰ ਕੀਤੇ ਭੋਜਨ ਨਾਲ ਉਨ੍ਹਾਂ ਦੀ ਮਮਤਾ ਅਤੇ ਪਿਆਰ ਦਾ ਰਸਤਾ ਸਾਰੇ ਪਰਿਵਾਰ ਦੇ ਦਿਲਾਂ ਤੱਕ ਜਾਂਦਾ ਹੈ। ਇਹ ਹੈ ਸਮਝਦਾਰੀ।
ਬੰਦੇ ਨੂੰ ਕੁਝ ਅਣਦੇਖਿਆ ਕਰਨ ਦੀ ਅਤੇ ਕੁਝ ਸਮਝੌਤਾ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਕੁਝ ਬਰਦਾਸ਼ਤ ਵੀ ਕਰਨਾ ਚਾਹੀਦਾ ਹੈ। ਪਰਿਵਾਰ ਅਤੇ ਸਮਾਜ ਵਿੱਚ ਕਾਮਯਾਬੀ ਨਾਲ ਵਿਚਰਨ ਦਾ ਸਭ ਤੋਂ ਵਧੀਆ ਇਹ ਹੀ ਗੁਣ ਹੈ। ਜਿਸ ਤਰ੍ਹਾਂ ਦਰੱਖਤ ਦੀ ਖ਼ੁਬਸੂਰਤੀ ਉਸ ਦੇ ਫੁੱਲਾਂ, ਫਲਾਂ ਅਤੇ ਪੱਤਿਆ ਨਾਲ ਹੁੰਦੀ ਹੈ, ਠੀਕ ਉਸੇ ਤਰ੍ਹਾਂ ਮਨੁੱਖ ਦੀ ਖ਼ੂਬਸੂਰਤੀ ਉਂਸ ਦੀ ਸਮਝ, ਆਚਰਨ ਅਤੇ ਵਿਹਾਰ ਵਿੱਚ ਹੈ।