ਪਿਆਰ ਦਾ ਮਤਲਬ ਹੈ ਦੁੱਖ ’ਚ ਸ਼ਰੀਕ ਹੋਣਾ, ਸਮੱਸਿਆ ਹੈ ਤਾਂ ਸੁਲਝਾਉਣਾ। ਤਕਰੀਬਨ ਸਾਰੇ ਹੀ ਰਿਸ਼ਤਿਆਂ ’ਚ ਪਿਆਰ ਹੁੰਦਾ ਹੈ, ਚਾਹੇ
ਉਹ ਮਾਂ-ਬਾਪ ਨਾਲ ਹੋਵੇ ਜਾਂ ਭੈਣ-ਭਰਾ ਨਾਲ...
ਪਿਆਰ ਤਿੰਨ ਅੱਖਰਾਂ ਨਾਲ ਬਣਿਆ ਸ਼ਬਦ ਹੈ। ਪਿਆਰ ਰੂਹ ਦਾ ਰਿਸ਼ਤਾ ਹੈ। ਪਿਆਰ ਖਿੱਚ ਦਾ ਅਹਿਸਾਸ ਹੁੰਦਾ ਹੈ। ਹਰ ਰਿਸ਼ਤੇ ਵਿਚ ਪਿਆਰ ਦਾ ਆਪਣਾ ਹੀ ਅਲੱਗ ਅਨੁਭਵ ਹੁੰਦਾ ਹੈ। ਕਿਸੇ ਦਾ ਉਸ ਦਾਤੇ ਲਈ ਪਿਆਰ ਹੁੰਦਾ ਹੈ। ਪਿਆਰ ਹਰ ਇਕ ਇਨਸਾਨ ਦੇ ਦਿਲ ਵਿਚ ਉਭਰਦਾ ਹੈ।
ਪਿਆਰ ਦਾ ਮਤਲਬ ਹੈ ਇਕ ਦੂਜੇ ਦੇ ਦੁੱਖ ਦਰਦ ਵਿਚ ਸ਼ਰੀਕ ਹੋਣਾ, ਜੇ ਸਮੱਸਿਆ ਹੈ ਤਾਂ ਉਸ ਨੂੰ ਸੁਲਝਾਉਣ ਦਾ ਯਤਨ ਕਰਨਾ। ਪਿਆਰ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਤਕਰੀਬਨ ਸਾਰੇ ਹੀ ਰਿਸ਼ਤਿਆਂ ਇਹ ਪਿਆਰ ਹੁੰਦਾ ਹੈ, ਚਾਹੇ ਉਹ ਮਾਂ ਬਾਪ ਨਾਲ ਹੋਵੇ, ਭੈਣ-ਭਰਾ, ਰਿਸ਼ਤੇਦਾਰ, ਦੋਸਤ-ਮਿੱਤਰ, ਆਂਢ-ਗੁਆਂਢ। ਪਿਆਰ ਕਿਸੇ ਨਾਲ ਵੀ ਹੋ ਸਕਦਾ ਹੈ। ਅੱਜ ਦੁਨੀਆਂ ਚੰਨ ਤੱਕ ਪਹੁੰਚ ਚੁੱਕੀ ਹੈ।
ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਅੱਜ ਕੱਲ੍ਹ ਦੀ ਜ਼ਿੰਦਗੀ ਵਿਚ ਲੋਕਾਂ ਨੇ ਪਿਆਰ ਨੂੰ ਵੀ ਮਤਲਬ ਦੇਣਾ ਸ਼ੁਰੂ ਕਰ ਦਿੱਤਾ। ਆਪਣੇ ਨਿੱਜੀ ਸਵਾਰਥਾਂ ਖ਼ਾਤਰ ਚਾਹੇ ਕੋਈ ਵੀ ਰਿਸ਼ਤਾ ਹੋਵੇ, ਉਸ ਇਨਸਾਨ ਨਾਲ ਪਿਆਰ ਕਰਦਾ ਹੈ। ਬਸ਼ਰਤੇ ਇਸ ਵਿਚ ਸਵਾਰਥ ਨਹੀਂ ਹੋਣਾ ਚਾਹੀਦਾ। ਇਮਾਨਦਾਰੀ, ਸਮਝਦਾਰੀ, ਸਮਰਪਣ, ਪਿਆਰ ਦੀਆਂ ਸ਼ਰਤਾਂ ਹਨ। ਹਲੀਮੀ, ਨਿਮਰਤਾ, ਸਹਿਣਸ਼ੀਲਤਾ, ਪ੍ਰੀਤ, ਪਿਆਰ ਉਸ ਇਨਸਾਨ ਵਿਚ ਹੋਣੀ ਚਾਹੀਦੀ ਹੈ। ਪਿਆਰ ਵਿਚ ਕੋਈ ਵੀ ਸਮਝੌਤਾ ਨਹੀਂ ਨਿਭਦਾ। ਪਿਆਰ ਕਦੇ ਨਫ਼ਾ ਨੁਕਸਾਨ ਨਹੀਂ ਦੇਖਦਾ। ਜੇ ਕੋਈ ਬੰਦਾ ਵਿਦੇਸ਼ ਬੈਠਾ ਹੈ ,ਉਹ ਆਪਣੇ ਦੋਸਤ ਨਾਲ ਹਰ ਰੋਜ਼ ਗੱਲ ਕਰਦਾ ਹੈ। ਉਸ ਨੂੰ ਸਵੇਰੇ ਮੈਸੇਜ ਭੇਜਦਾ ਹੈ, ਇਹ ਪਿਆਰ ਹੈ।
ਜੋ ਛੋਟਾ ਬੱਚਾ ਹੁੰਦਾ ਹੈ, ਜੇ ਉਹ ਮਾਂ ਤੋਂ ਥੋੜ੍ਹੇ ਸਮੇਂ ਲਈ ਦੂਰ ਹੋ ਜਾਵੇ ਤਾਂ ਰੋਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਮਾਂ ਬੱਚੇ ਨੂੰ ਆਪਣੀ ਗੋਦ ਵਿਚ ਲੈ ਲੈਂਦੀ ਹੈ ਤਾਂ ਬੱਚਾ ਚੁੱਪ ਹੋ ਜਾਂਦਾ ਹੈ। ਇਹ ਪਿਆਰ ਦੀ ਨਿਸ਼ਾਨੀ ਹੈ। ਠੀਕ ਇਸੇ ਤਰ੍ਹਾਂ ਜੇ ਕੋਈ ਬੱਚਾ ਵਿਦੇਸ਼ ਵਿਚ ਹੈ, ਉਹ ਹਰ ਰੋਜ਼ ਆਪਣੀ ਮਾਂ ਨਾਲ ਗੱਲ ਕਰਦਾ ਹੈ, ਇਹ ਪਿਆਰ ਹੈ। ਜੇ ਕੋਈ ਸਾਡਾ ਦੋਸਤ ਕਿਤੇ ਦੂਰ ਬੈਠਾ ਹੋਵੇ, ਅਸੀਂ ਉਸ ਨੂੰ ਮਿਲਣ ਜਾਣਾ ਹੁੰਦਾ ਹੈ, ਤਾਂ ਅਸੀਂ ਉਸ ਕੋਲ ਜਾਂਦੇ ਹਾਂ, ਉਹ ਸਾਨੂੰ ਇਸ ਸਥਾਨ ਬਾਰੇ ਵਧੀਆ ਜਾਣਕਾਰੀ ਦਿੰਦਾ ਹੈ। ਆਪਣੇ ਇਲਾਕੇ ਦੀ ਸੈਰ ਕਰਵਾਉਂਦਾ ਹੈ। ਇਹੀ ਪਿਆਰ ਹੈ। ਪਿਆਰ ਨਾ ਅਮੀਰੀ ਦੇਖਦਾ ਹੈ, ਨਾ ਗਰੀਬੀ। ਨਾ ਮਹਿਲ ਦੇਖਦਾ ਹੈ, ਨਾ ਝੌਂਪੜੀ। ਨਾ ਊਚ ਨਾ ਨੀਚ। ਕੋਈ ਬਜ਼ੁਰਗ ਸੜਕ ਪਾਰ ਕਰਨ ਲਈ ਖੜ੍ਹਾ ਹੈ, ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਉਸਨੂੰ ਕੋਈ ਸੜਕ ਪਾਰ ਕਰਵਾਏ, ਅਸੀਂ ਉਸ ਕੋਲ ਚਲੋ ਜਾਂਦੇ ਹਾਂ, ਉਸ ਨੂੰ ਸੜਕ ਪਾਰ ਕਰਾਉਣ ਵਿਚ ਮਦਦ ਕਰਦੇ ਹਨ।
ਇਹ ਪਿਆਰ ਦੀਆਂ ਨਿਸ਼ਾਨੀਆਂ ਹਨ। ਪਿਆਰ ਕਿਸੇ ਨਾਲ ਬੋਲ ਕੇ ਜਾਂ ਬਿਆਨ ਕਰਕੇ ਨਹੀਂ ਹੁੰਦਾ। ਪਿਆਰ ਕਰਨ ਵਾਲੇ ਦੋਵਾਂ ਨੂੰ ਹਰ ਵੇਲੇ ਮਿਲਣ ਚਾਹਤ ਹੁੰਦੀ ਹੈ। ਘਰ ਵਿਚ ਮਾਂ ਬਾਪ ਨੂੰ ਆਪਸ ਵਿਚ ਪਿਆਰ ਨਾਲ ਬੋਲਣਾ ਚਾਹੀਦਾ ਹੈ। ਘਰ ਦੇ ਸਾਰੇ ਜੀਆਂ ਨੂੰ ਆਪਸ ਵਿਚ ਇਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇ ਘਰ ਵਿਚ ਇਕ ਦੂਜੇ ਦਾ ਵਧੀਆਂ ਮਾਣ-ਸਤਿਕਾਰ ਹੋਵੇਗਾ ਤਾਂ ਬੱਚੇ ਆਪਣੇ ਆਪ ਬਾਹਰ ਇਕ ਦੂਜੇ ਨਾਲ ਪਿਆਰ ਨਾਲ ਗੱਲ ਕਰਨਗੇ। ਸਾਡੇ ਸਾਹਮਣੇ ਅਜਿਹੀਆਂ ਉਦਾਹਰਨਾਂ ਹਨ, ਜੋ ਸਾਨੂੰ ਇਕ ਦੂਜੇ ਦਾ ਪਿਆਰ ਤੇ ਸਤਿਕਾਰ ਕਰਨ ਲਈ ਪ੍ਰੇਰਦੀਆਂ ਹਨ।
ਕ੍ਰਿਸ਼ਨ ਅਤੇ ਸੁਦਾਮਾ ਦੀ ਜੋੜੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕਿਸੇ ਇਨਸਾਨ ਨਾਲ ਵੀ ਪਿਆਰ ਕਰੋ, ਕਦੇ ਵੀ ਮਤਲਬ ਰੱਖ ਕੇ ਨਾ ਕਰੋ। ਦਿਖਾਵਾ ਕਰਕੇ ਕਦੇ ਵੀ ਪਿਆਰ ਨਾ ਕਰੋ।