ਗਰਮੀਆਂ ਦੀ ਆਮਦ ਨਾਲ ਅੰਬਾਂ ਦਾ ਸੀਜ਼ਨ ਵੀ ਆ ਗਿਆ ਹੈ। ਵੈਸੇ ਤਾਂ ਇਸਨੂੰ ਖਾਣ ਦਾ ਮਨ ਸਾਰਾ ਸਾਲ ਹੀ ਲਲਚਾਉਦਾ ਰਹਿੰਦਾ ਹੈ ਪਰ ਹੁਨਾਲ ਰੁੱਤੇ ਇਸਨੂੰ ਖਾਣ ਦਾ ਆਨੰਦ ਤੇ ਸੁਆਦ ਹੀ ਵੱਖਰਾ ਹੁੰਦਾ ਹੈ। ਇਸ ਲਈ ਇਸਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਇਹ ਇਕ ਬਹੁਉਪਯੋਗੀ, ਗੁੱਦੇਦਾਰ, ਰਸਦਾਰ, ਮਿੱਠਾ ਅਤੇ ਗਿੜਕ ਵਾਲਾ ਫਲ ਹੈ ਜੋ ਫਲਾਂ ਦੀ ਮੈਂਗੀਫ਼ੇਰਾ ਜਾਤੀ ਨਾਲ ਸਬੰਧ ਰੱਖਦਾ ਹੈ। ਅੰਬਾਂ ਦੀਆਂ ਅਨੇਕਾਂ ਕਿਸਮਾਂ ਮਿਲਦੀਆਂ ਹਨ ਅਤੇ ਇਨ੍ਹਾਂ ਨੂੰ ਲੋਕ ਖਾਂਦੇ ਵੀ ਅਨੇਕਾਂ ਤਰੀਕਿਆਂ ਨਾਲ ਹਨ। ਕੋਈ ਕੱਟ ਕੇ, ਕੋਈ ਚੁਪ ਕੇ, ਕੋਈ ਮੈਂਗੋਸ਼ੇਕ ਬਣਾ ਕੇ ਅਤੇ ਕੋਈ ਚਟਨੀ, ਮੁਰਬਾਂ, ਅਚਾਰ ਅਤੇ ਚੂਰਨ (ਅਮਚੂਰ) ਬਣਾ ਕੇ ਖਾਣਾ ਪਸੰਦ ਕਰਦਾ ਹੈ। ਗਰਮੀਆਂ ਦੀ ਇਹ ਸੌਗਾਤ ਆਪਣੇ ਸਾਰੇ ਰੂਪਾਂ ’ਚ ਖਿੱਚ ਦਾ ਕੇਦਰ ਹੈ। ਇਹ ਭਾਰਤ, ਪਾਕਿਸਤਾਨ ਅਤੇ ਫ਼ਿਲੀਪੀਨ ਦਾ ਰਾਸ਼ਟਰੀ ਫ਼ਲ ਵੀ ਹੈ। ਸਿਰਫ ਸੁਆਦ ’ਚ ਹੀ ਨਹੀਂ ਇਹ ਗੁਣਾਂ ’ਚ ਵੀ ਫਲਾਂ ’ਚੋਂ ਸਿਰਮੌਰ ਹੈ। ਪਕਿਆ ਹੋਇਆ ਅੰਬ ਸਿਹਤ ਵਧਾਉ, ਤਾਕਤ ਦੇਣ ਵਾਲਾ ਅਤੇ ਚਰਬੀ ਵਧਾਉਣ ਵਾਲਾ ਹੁੰਦਾ ਹੈ।
ਆਧੁਨਿਕ ਖੋਜਾਂ ਅਨੁਸਾਰ ਇਸ ’ਚ ਵਿਟਾਮਿਨ ਏ ਅਤੇ ਸੀ ਅਤੇ ਕੁੱਝ ਮਾਤਰਾ ’ਚ ਵਿਟਾਮਿਨ ਬੀ ਅਤੇ ਡੀ ਵੀ ਪਾਇਆ ਜਾਂਦਾ ਹੈ। ਅੰਬ ’ਚ ਮੁੱਖ ਤੌਰ ਤੇ ਖੰਡ ਹੁੰਦੀ ਹੈ, ਜੋ ਵੱਖ-ਵੱਖ ਕਿਸਮਾਂ ’ਚ 11 ਤੋਂ 20 ਪ੍ਰਤੀਸ਼ਤ ਤੱਕ ਹੋ ਸਕਦੀ ਹੈ। ਇਸ ’ਚ ਵੀ ਜ਼ਿਆਦਾਤਰ ਸੁਕਰੌਜ਼ ਖੰਡ ਹੀ ਹੁੰਦੀ ਹੈ, ਜੋ ਇਸ ਦੇ ਖਾਣਯੋਗ ਹਿੱਸੇ ਭਾਵ ਗੁੱਦੇ ਦਾ 6.75 ਤੋਂ 17 ਫ਼ੀਸਦੀ ਤੱਕ ਹੁੰਦੀ ਹੈ। ਫਰਕਟੋਜ਼ ਖੰਡ ਦੀ ਮਾਤਰਾ ਕੁੱਲ ਖੰਡ ਦਾ 35 ਫੀਸਦੀ ਹੁੰਦੀ ਹੈ। ਗਲੂਕੋਜ ਅਤੇ ਹੌਰ ਵੱਖ-ਵੱਖ ਕਿਸਮ ਦੀਆਂ ਖੰਡਾਂ ਲਗਭਗ 1.5 ਤੋਂ 6.15 ਫੀਸਦੀ ਤੱਕ ਹੁੰਦੀਆਂ ਹਨ। ਇਸ ਚ ਟਾਰਟੈਰਿਕ ਐਸਿਡ, ਮੇਲਿਕ ਐਸਿਡ ਅਤੇ ਥੋੜੀ ਜਿਹੀ ਮਿਕਦਾਰ ’ਚ ਸਿਟਰਿਕ ਐਸਿਡ ਵੀ ਪਾਇਆ ਜਾਂਦਾ ਹੈ। ਇਸ ਦੇ ਨਾਲ ਨਾਲ ਇਸ ’ਚ ਪ੍ਰੋਟੀਨ 9.6, ਫੈਟ 0.1, ਖਣਿਜ ਪਦਾਰਥ 0.3, ਫਾਇਬਰ 1.1, ਫਾਸਫੋਰਸ 0.02 ਅਤੇ ਲਹ ਪਦਾਰਥ 0.3 ਫ਼ੀਸਦੀ ਹੁੰਦੇ ਹਨ। ਇਸ ’ਚ ਨਮੀ ਦੀ ਮਿਕਦਾਰ 86 ਫ਼ੀਸਦੀ ਹੁੰਦੀ ਹੈ ਅਤੇ 100 ਗਰਾਮ ’ਚ ਲੱਗਭਗ 50 ਕਲੋਰੀ ਊਰਜਾ ਵੀ ਹੁੰਦੀ ਹੈ। ਬੰਬਈ ਗਰੀਨ, ਬੰਬਈ ਅਤੇ ਅਲਫਾਂਜੋ ’ਚ ਇਹ 80 ਕੈਲੋਰੀ ਤੱਕ ਹੁੰਦੀ ਹੈ। ਇਹ ਕੈਲਸਟਰੋਲ ਫਰੀ ਹੁੰਦਾ ਹੈ। ਇਹ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਇਸ ’ਚ ਥਾਇਆਮੀਨ (21) 0.028 ਮਿਲੀਗ੍ਰਾਮ, ਰਾਇਬੋ ਫਲਾਵਿਨ (22) 0.038 ਮਿਲੀਗ੍ਰਾਮ, ਨਿਆਸਿਨ (23) 0.669 ਮਿਲੀਗ੍ਰਾਮ, ਪੈਂਟੋਥਿਨਕ ਐਸਿਡ (25) 0.197 ਮਿਲੀਗ੍ਰਾਮ, ਵਿਟਾਮਿਨ 26 0.119 ਮਿਲੀਗ੍ਰਾਮ, ਫੋਲੋਟ (29) 43 ਮਾਇਕ੍ਰੋ ਗ੍ਰਾਮ, ਵਿਟਾਮਿਨ ਸੀ 36 .4 ਮਾਇਕ੍ਰੋ ਗ੍ਰਾਮ , ਵਿਟਾਮਿਨ ਈ 0 .9 ਮਾਇਕ੍ਰੋ ਗ੍ਰਾਮ ਅਤੇ ਵਿਟਾਮਿਟ ਕੇ 4.2 ਮਾਇਕ੍ਰੋ ਗ੍ਰਾਮ ਪ੍ਰਤੀ 100 ਗ੍ਰਾਮ ਹੁੰਦਾ ਹੈ। ਇਹ ਖਣਿਜ ਪਦਾਰਥਾਂ ਦਾ ਵੀ ਚੰਗਾ ਸ੍ਰੋਤ ਹੈ।
ਇਸਦੇ 100 ਗ੍ਰਾਮ ਗੁੱਦੇ ’ਚ 11 ਮਿਲੀਗ੍ਰਾਮ ਕੈਲਸ਼ੀਅਮ, 0.16 ਮਿਲੀਗ੍ਰਾਮ ਆਇਰਨ, 10 ਮਿਲੀਗ੍ਰਾਮ ਮੈਗਨੀਸ਼ੀਅਮ, 0.063 ਮਿਲੀਗ੍ਰਾਮ ਮੈਗਨਜ਼, 14 ਮਿਲੀਗ੍ਰਾਮ ਫਾਸਫੋਰਸ, 168 ਮਿਲੀਗ੍ਰਾਮ ਪੋਟਾਸ਼ੀਅਮ, 1 ਮਿਲੀਗ੍ਰਾਮ ਸੋਡੀਅਮ ਅਤੇ 0.09 ਮਿਲੀਗ੍ਰਾਮ ਜ਼ਿੰਕ ਹੁੰਦਾ ਹੈ। ਬਾਗਵਾਨੀ ਦੇ ਤੌਰ ਤੇ ਇਸਦੀਆਂ ਲੱਗਭਗ 1400 ਜਾਤੀਆਂ ਲਗਾਈਆਂ ਜਾਂਦੀਆਂ ਹਨ। ਇਨ੍ਹਾਂ ਤੋਂ ਬਿਨਾਂ ਅਨੇਕਾਂ ਜੰਗਲੀ ਕਿਸਮਾਂ ਵੀ ਹਨ। ਇਹ ਦੁਨੀਆਂ ਦਾ ਸਭ ਤੋਂ ਜ਼ਿਆਦਾ ਉਗਾਏ ਜਾਣ ਵਾਲਾ ਫਲ ਹੈ। ਆਪਣੇ ਦੇਸ਼ ’ਚ ਮੈਂਗੀਫ਼ੇਰਾ ਇੰਡੀਕਾ ਜਾਤੀ ਦਾ ਅੰਬ ਹੀ ਜ਼ਿਆਦਾ ਲਗਾਇਆ ਜਾਂਦਾ ਹੈ ਪਰ ਟਾਂਵੇ ਟਾਂਵੇ ਬਾਕੀ ਮੈਂਗੀਫ਼ੇਰਾ ਜਾਤੀਆਂ (ਜਿਵੇਂ ਘੋੜਾ ਅੰਬ, ਮੈਂਗੀਫ਼ੈਰਾ ਫ਼ੀਟੀਡਾ) ਵੀ ਉਗਾਈਆਂ ਜਾਂਦੀਆਂ ਹਨ। ਆਪਣੇ ਦੇਸ਼ ’ਚ ਇਸਦੀਆਂ ਉਗਾਈਆਂ ਜਾਣ ਵਾਲੀਆਂ ਆਮ ਕਿਸਮਾਂ ’ਚ ਦਸ਼ਹਰੀ, ਸਫੈਦਾ, ਚੌਸਾ, ਲੰਗੜਾ, ਸੰਧੂਰੀ, ਫਜਲੀ, ਕੇਸਰ, ਨੀਲਮ, ਸਵਰਨ ਰੇਖਾ, ਸ਼ੇਰ, ਬਾਂਬੇਗਰੀਨ, ਅਲਵਾਂਜੋ , ਬੈਂਗਨ ਪੱਲੀ, ਹਿਮਸਾਂਗਰ, ਕਿਸ਼ਨਭੋਗ, ਜਰਦਾਲੂ ਆਦਿ ਹਨ। ਨਵੀਆਂ ਕਿਸਮਾਂ ’ਚ ਮਲਿਕਾ, ਰਤਨਾ, ਅਰਕਾ ਅਰਣ, ਅਰਮਾ ਪਵਿੱਤਰ, ਅਰਕਾ ਅਨਮੋਲ ਅਤੇ ਦਸ਼ਹਰੀ -51 ਮੁੱਖ ਹਨ। ਉੱਤਰ ਭਾਰਤ ’ਚ ਗੌਰਜੀਤ, ਬਾਂਬੇਗਰੀਨ, ਦਸਹਰੀ, ਲੰਗੜਾ, ਚੌਸਾ ਅਤੇ ਸਫੈਦਾ ਮੁੱਖ ਤੌਰ ਤੇ ਉਗਾਈਆਂ ਜਾਣ ਵਾਲੀਆਂ ਕਿਸਮਾਂ ਹਨ। ਵੱਖ ਵੱਖ ਕਿਸਮ ਦੇ ਅੰਬਾਂ ਦੇ ਰੰਗ, ਰੂਪ, ਸੁਆਦ ਅਤੇ ਅਕਾਰ ’ਚ ਵੀ ਅੰਤਰ ਹੁੰਦਾ ਹੈ। ਸਭ ਤੋਂ ਛੋਟਾ ਅੰਬ ਆਲੂਬੁਖ਼ਾਰੇ ਦੇ ਸਾਇਜ਼ ਦਾ ਹੁੰਦਾ ਹੈ ਅਤੇ ਕੁੱਝ 1.5 ਤੋਂ 2 ਕਿਲੋ ਤੱਕ ਵੀ ਹੁੰਦੇ ਹਨ ਜਿਵੇਂ ਹਾਥੀਝੂਲ।
ਕੁਝ ਕਿਸਮਾਂ ਲਾਲ ਸੁਰਖ ਅਤੇ ਪੀਲੀ ਰੰਗਤ ਵਾਲੀਆਂ ਹੁੰਦੀਆਂ ਹਨ, ਜਦੋਂ ਕਿ ਕੁਝ ਹਰੇ ਰੰਗ ਦੀ ਹੁੰਦੀਆਂ ਹਨ ਇਸ ’ਚ ਪਾਇਆ ਜਾਣ ਵਾਲਾ ਇਕਮਾਤਰ ਬੀਜ ਚਪਟਾ ਹੁੰਦਾ ਹੈ ਜਿਸਨੂੰ ਅਸੀਂ ਆਮਤੌਰ ਤੇ ਗਿੜਕ ਕਹਿੰਦੇ ਹਾਂ ਅਤੇ ਇਸਦੇ ਚਾਰੇ ਪਾਸੇ ਮੌਜੂਦ ਗੁੱਦਾ ਫਿੱਕਾ ਪੀਲਾ, ਪੀਲਾ ਅਤੇ ਕੁਝ ’ਚ ਲਾਲ ਜਿਹੀ ਰੰਗਤ ਵਾਲਾ ਹੁੰਦਾ ਹੈ। ਹਰ ਕਿਸੇ ਦਾ ਮਨ ਇਸਨੂੰ ਦੇਖਦੇ ਹੀ ਖਾਣ ਲਈ ਤਰਸਣ ਲਗਦਾ ਹੈ। ਕੀ ਬੱਚੇ ਕੀ ਬੁੱਢੇ ਸਭ ਦੇ ਮੂੰਹ ਵਿੱਚ ਇਸਨੂੰ ਦੇਖਦੇ ਹੀ ਪਾਣੀ ਆ ਜਾਂਦਾ ਹੈ। ਆਓ ਇਸ ਹੁਨਾਲ ਰੱਤੇ ਇਸ ਸੌਗਾਤ ਦਾ ਆਨੰਦ ਮਾਣੀਏ।
ਸੰਜੀਵ ਝਾਂਜੀ