ਜਦ ਤਕ ਸਾਸ ਗਿਰਾਸ ਨੇ ਚਲਦੇ ਜੀਵੀਏ ਜ਼ਿੰਦਗੀ ਜੀਅ ਭਰ ਭਰ ਕੇ,
ਮਾਣੀਏ ਜੀਵਨ ਦੇ ਹਰ ਪਲ ਨੂੰ, ਨਾ ਵਕਤ ਟਪਾਈਏ ਮਰ ਮਰ ਕੇ।
ਛੱਡ ਸ਼ਿਕਵੇ, ਸੁਕਰਾਨੇ ਕਰੀਏ, ਦੁਖ-ਸੁਖ ਉਸਦੀ ਰਜਾ ’ਚ ਜਰੀਏ,
ਕਾਦਰ ਦੀ ਕੁਦਰਤ ਨੂੰ ਤੱਕੀਏ, ਖੁਸ ਹੋਈਏ ਸਿਜਦੇ ਕਰ ਕਰ ਕੇ।
ਹਿੰਮਤ ਅਤੇ ਸਿਆਣਪ ਰੱਖਣੀ, ਗੱਲ ਪਤੇ ਦੀ ਸਭ ਨੂੰ ਦੱਸਣੀ,
ਜੀਅ-ਜਾਨ ਸੰਗ ਫਰਜ ਨਿਭਾਉਂਣੇ, ਨਾ ਰਹਿਣਾ ਜੱਗ ਤੇ ਡਰ ਡਰ ਕੇ।
ਵੱਖਰੀ ਇਕ ਪਹਿਚਾਣ ਬਣਾਉਣੀ, ਜਿੰਦ ਸੱਜਣਾਂ ਦੇ ਲੇਖੇ ਲਾਉਣੀ,
ਜੋ ਮੰਗਣਾ ਮੰਗੀਏ ਸਾਈਂ ਤੋਂ ਦਿਲ ’ਚੋਂ ਅਰਦਾਸਾਂ ਕਰ ਕਰ ਕੇ।
ਸਾਂਝੇ ਹਿੱਤ ਲਈ ਮਰ ਮਿਟ ਜਾਣਾ, ਪਿੱਛੇ ਨਾ ਫਿਰ ਕਦਮ ਹਟਾਣਾ,
ਦਿਲ ਜਿੱਤ ਕੇ ਇਤਿਹਾਸ ਰਚਾਣਾ, ਬਦੀਆਂ ਤਾਈਂ ਸਭ ਕਰ ਕਰ ਕੇ।
ਬਿਨ ਬੋਲੀ ਹਰ ਸਖਸ ਅਧੂਰਾ, ਮਾਨਵ ਹੋ ਨਹੀਂ ਸਕਦਾ ਪੂਰਾ,
ਮਾਂ-ਬੋਲੀ ਵਿਚ ਭਰਿਆ ਅੰਮ੍ਰਿਤ, ਰੱਜ ਜਾਈਏ ਘੁੱਟਾਂ ਭਰ ਭਰ ਕੇ।
ਨਿਰਮਲ ਕਰਮ ਜੇ ਹੋਵਣ ਜੱਗ ’ਤੇ, ਤਾਹੀਓ ਜੀਵਨ ਚੰਗੇ ਲਗਦੇ,
‘ਲਾਂਬੜਾ’ ਸੇਧ ਦਵੇ ਗੁਰਬਾਣੀ, ਭਵਜਲ ਪਾਰ ਕਰੋ ਤਰ ਤਰ ਕੇ।