ਘਰਾਂ ਦੇ ਅੰਦਰ ਭੋਗ ਰਹੇ ਬਨਵਾਸ ਅਸੀਂ।
ਰਹੇ ਪਿਆਸੇ ਨਦੀ ਦੇ ਰਹਿ ਕੇ ਪਾਸ ਅਸੀਂ।
ਰੋਟੀ ਦੇ ਚੱਕਰ ਨੇ ਚੱਕਰੀਂ ਪਾ ਛੱਡਿਆ,
ਉਂਝ ਤਾਂ ਬਣਨਾ ਚਾਹੁੰਦੇ ਸਾਂ ਕੁਝ ਖਾਸ ਅਸੀਂ।
ਘੁੱਪ ਹਨੇਰੀ ਰਾਤ ਸੀ ਫਿਰ ਵੀ ਐ ਜ਼ਿੰਦਗੀ,
ਤੈਨੂੰ ਮਿਲਣ ਦੀ ਛੱਡ ਸਕੇ ਨਾਂ ਆਸ ਅਸੀਂ।
ਆਪੋ ਆਪਣੀ ਲਾਸ਼ ਨੂੰ ਚੁੱਕੀ ਫਿਰਦੇ ਹਾਂ,
ਭਰਮ ਹੈ ਸਾਨੂੰ ਬਣਨਾ ਹੈ ਇਤਿਹਾਸ ਅਸੀਂ।
ਯਾਦ ਆਈ ਤਾਂ ਉਹ ਘਰਾਂ ਨੂੰ ਪਰਤਣਗੇ,
ਚੱਲੋ ਦਿਲ ਨੂੰ ਦਿੰਦੇ ਰਹੇ ਧਰਵਾਸ ਅਸੀਂ।
ਉਹ ਸਮਰਪਤ ਹੋ ਗਏ ਨੇ ਬਸ ਦੰਮਾਂ ਨੂੰ,
ਕਿਵੇਂ ਉਹਨਾਂ ਨੂੰ ਆ ਸਕਦੇ ਸੀ ਰਾਸ ਅਸੀਂ?
ਐ ਜ਼ਿੰਦਗੀ ਤੂੰ ਵਾਰ ਵਾਰ ਕਿਉਂ ਰੁਸਦੀ ਰਹੀ,
ਤੂੰ ਕੀ ਜਾਣੇ ਭੋਗਿਆ ਕਿੰਝ ਪਰਵਾਸ ਅਸੀਂ?