ਗਜ਼ਲ

ਕਾਸ਼ ਕਿ ਧੁੱਪਾਂ ਲੂੰਆਂ ਵਿੱਚ ਵੀ ਪੱਤਿਆਂ ਨੂੰ ਧਰਵਾਸ ਮਿਲੇ।
ਜੜ੍ਹ ਤੋਂ ਹਿੱਲੇ ਬਿਰਖਾਂ ਨੂੰ, ਜ਼ਿੰਦਗੀ ਦੀ ਕੋਈ ਆਸ ਮਿਲੇ।

ਕੀ ਲੋਕਾਂ ਨੂੰ ਹੋਇਆ ਅੱਜਕੱਲ੍ਹ ਰੰਗ ਬਦਲਿਆ ਪਾਣੀ ਦਾ,
ਇੱਕ ਦੂਜੇ ਨੂੰ ਅਕਸਰ ਪੁੱਛਦੇ ਜਦ ਵੀ ਰਾਵੀ ਬਿਆਸ ਮਿਲੇ।

ਜੋ ਅਮਨਾਂ ਦਾ ਪਾਠ ਪੜ੍ਹਾਉਂਦਾ ਆਇਆ ਸਦਾ ਲੋਕਾਈ ਨੂੰ,
ਖਬਰਾਂ ਨੇ ਕਿ ਬੜੇ ਹੀ ਖੰਜਰ ਉਹਦੇ ਘਰ ਦੇ ਪਾਸ ਮਿਲੇ।

ਵਾਅਦੇ ਕਦੇ ਭਰੋਸੇ ਸਾਡੀ ਝੋਲੀ ਵਿੱਚ ਉਹ ਪਾ ਛੱਡਦੇ,
ਕਦ ਇਹ ਵਾਅਦੇ ਵਫਾ ਹੋਣਗੇ ਕਿੰਝ ਸਾਨੂੰ ਵਿਸ਼ਵਾਸ ਮਿਲੇ।

ਸਾਡੇ ਤੋਂ ਉਹ ਦੂਰ ਹੈ ਅੱਜਕੱਲ੍ਹ ਸਾਨੂੰ ਸਮਝੇ ਆਮ ਜਿਹੇ,
ਵੱਡੇ ਰੁਤਬੇ ਵਾਲੇ ਉਹਨੂੰ ਬੰਦੇ ਜਦ ਕੁਝ ਖਾਸ ਮਿਲੇ।