ਕੂੜਾ ਦਾਨ

ਪਵਿੱਤਰ ਸਿੰਘ ਕਈ ਸਾਲਾਂ ਬਾਅਦ ਅਮਰੀਕਾ ਤੋਂ ਆਇਆ ਸੀ। ਅੱਜ ਆਪਣੇ ਪਿੰਡ ਦੀ ਸੱਥ ਵਿਚ ਖੜ੍ਹਾ ਅਮਰੀਕਾ ਦੇਸ਼ ਦੀ ਸਫ਼ਾਈ ਦੀਆਂ ਸਿਫ਼ਤਾਂ ਕਰ ਰਿਹਾ ਸੀ। ਸੱਥ ਵਿੱਚ ਬੈਠੇ ਗਿਆਨ ਸਿੰਘ ਤੋਂ ਰਿਹਾ ਨਾ ਗਿਆ ਉਹ ਕਹਿੰਦਾ, ਪਵਿੱਤਰ ਸਿੰਘ ਜੀ ਜੇ ਬਾਹਰ ਐਨੀ ਸਫ਼ਾਈ ਹੈ ਤਾਂ ਤੁਸੀਂ ਜਦੋਂ ਭਾਰਤ ਵਿਚ ਦਾਖ਼ਲ ਹੁੰਦੇ ਹੋ ਤਾਂ ਤੁਸੀਂ ਵੀ ਖਾ-ਪੀ ਕੇ ਲਿਫ਼ਾਫ਼ੇ ਉਥੇ ਹੀ ਸੁੱਟ ਦਿੰਦੇ ਹੋ ਕੀ ਤੁਹਾਨੂੰ ਇਥੇ ਸਫ਼ਾਈ ਦੀ ਲੋੜ ਨਹੀਂ? ਗਿਆਨ ਸਿੰਘ ਜੀ ਗੁੱਸਾ ਨਾ ਕਰਿਓ ਜਦੋਂ ਅਸੀਂ ਦਿੱਲੀ ਏਅਰਪੋਰਟ ਤੋਂ ਬਾਹਰ ਆਉਂਦੇ ਹਾਂ ਤਾਂ ਅਸੀਂ ਕੁਝ ਖਾ-ਪੀ ਕੇ ਲਿਫ਼ਾਫ਼ੇ ਬਗ਼ੈਰਾ ਸੁੱਟਣ ਲਈ ਕੂੜਾ ਦਾਨ ਲੱਭਦੇ ਹਾਂ, ਕਿਉਂਕਿ ਬਾਹਰਲੇ ਮੁਲਕ ਵਿਚ ਕੂੜਾ ਸੁੱਟਣ ਲਈ ਥਾਂ ਪਰ ਥਾਂ ਕੂੜਾ ਦਾਨ ਪਏ ਹੁੰਦੇ ਹਨ। ਗਿਆਨ ਸਿੰਘ ਜਦੋਂ ਤੁਸੀਂ ਖ਼ੁਦ ਸਾਰੀ ਧਰਤੀ ਜਿਸ ਨੂੰ ਮਾਂ ਵੀ ਆਖਦੇ ਹੋ ਕੂੜਾ ਦਾਨ ਬਣਾਈ ਹੋਈ ਹੈ, ਅਸੀਂ ਉਸ ਉੱਪਰ ਹੀ ਕੂੜਾ ਸੁੱਟਦੇ ਹਾਂ। ਜੇ ਤੁਸੀਂ ਬਾਹਰਲੇ ਦੇਸ਼ਾਂ ਵਾਂਗ ਸਫ਼ਾਈ ਰੱਖੋ ਤਾਂ ਕਿਸੇ ਦੀ ਕੀ ਮਜ਼ਾਲ ਹੈ ਕੋਈ ਕੂੜਾ ਸੁੱਟ ਦੇਵੇ। ਤੁਸੀਂ ਪਿੰਡ ਦੇ ਸਰਪੰਚ ਵੀ ਹੋ, ਤੁਹਾਡੇ ਕੋਲ ਚਾਰ ਪੈਸੇ ਵੀ ਹਨ, ਪੰਚਾਇਤੀ ਜ਼ਮੀਨ ਵੀ ਬਾਕੀ ਪਿੰਡਾਂ ਨਾਲੋਂ ਵੱਧ ਹੈ, ਦੇਸ਼ ਦੀ ਗੱਲ ਛੱਡੋ ਤੁਸੀਂ ਆਪਣੇ ਪਿੰਡ ਵਿਚ ਕਿੰਨੇ ਕਿ ਕੂੜੇ ਦਾਨ ਰੱਖੇ ਹੋਏ ਹਨ? ਸਾਰੀ ਸੱਥ ਵਿਚ ਸੰਨਾਟਾ ਛਾ ਗਿਆ ਸੀ, ਕਿਉਂਕਿ ਗਿਆਨ ਸਿੰਘ ਨੇ ਸੱਥ ਵਿਚ ਆਪਣੇ ਗਿਆਨ ਨਾਲ ਚੰਗਾ ਰੋਹਬ-ਦਾਅਬ ਬਣਾਇਆ ਹੋਇਆ ਸੀ। ਅੱਜ ਉਹ ਬੁੱਤ ਬਣਿਆ ਖੜ੍ਹਾ ਸੀ।