ਕਿਸੇ ਕੰਮ ਵਿਚ ਅਸਫਲ ਹੋਣ ਵਾਲਾ ਬੰਦਾ ਹਾਰਿਆ ਨਹੀਂ ਮੰਨਿਆ ਜਾਂਦਾ ਸਗੋਂ ਕਿਸੇ ਕੰਮ ਨੂੰ ਸ਼ੁਰੂ ਨਾ ਕਰਨ ਵਾਲਾ ਬੰਦਾ ਹੀ ਹਾਰਿਆ ਮੰਨਿਆ ਜਾਂਦਾ ਹੈ। ਇਸ ਲਈ ਅਸਫ਼ਲ ਹੋਣ ਦੇ ਡਰ ਤੋਂ ਕਿਸੇ ਕੰਮ ਨੂੰ ਬਿਲਕੁਲ ਸ਼ੁਰੂ ਕਰਨਾ ਠੀਕ ਨਹੀਂ। ਇਸੇ ਲਈ ਕਹਿੰਦੇ ਹਨ
ਗਿਰਤੇ ਹੈਂ ਸ਼ਾਹ ਸਵਾਰ ਮੈਦਾਨੇ ਜੰਗ ਮੇਂ,
ਵਾਹ ਤਿਫਲ ਕਿਆ ਗਿਰੇਂਗੇ ਜੋ ਘੁਟਨੋਂ ਕੇ ਬਲ ਚਲੇ।
ਬੱਚਿਆਂ ਨੂੰ ਵੀ ਉਨ੍ਹਾਂ ਦੀਆਂ ਮਾਵਾਂ ਇਹ ਕਹਿ ਕੇ ਮਜ਼ਬੂਤ ਬਣਾਉਂਦੀਆਂ ਹਨ, ਕੋਈ ਗੱਲ ਨਹੀਂ ਹੋਣਾ, ਬੱਚੇ ਡਿੱਗ ਡਿੱਗ ਕੇ ਹੀ ਵੱਡੇ ਹੁੰਦੇ ਹਨ। ਬੱਚਾ ਉੱਠਦਾ ਹੈ ਅਤੇ ਫਿਰ ਤੋਂ ਦੋ ਪੈਂਰਾਂ ਦੇ ਭਾਰ ਤੇ ਚੱਲਣ ਦੀ ਕੋਸ਼ਿਸ ਕਰਦਾ ਹੈ। ਇਸ ਤਰ੍ਹਾਂ ਉਹ ਭਵਿੱਖ ਵਿਚ ਆਉਣ ਵਾਲੀਆਂ ਚੁਣੋਤੀਆਂ ਨਾਲ ਦਸਤ ਪੰਜਾ ਲੈਣ ਲਈ ਤਿਆਰ ਹੁੰਦਾ ਹੈ। ਮਨੁੱਖ ਦੀ ਉੱਤਪਤੀ ਅਤੇ ਵਿਕਾਸ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰਦਿਆਂ ਅਤੇ ਸਮੱਸਿਆਵਾਂ ਨੂੰ ਹੱਲ ਕਰਦਿਆਂ ਉਸ ਨੇ ਜ਼ਿੰਦਗੀ ਵਿਚ ਕਦੀ ਹਾਰ ਨਹੀਂ ਮੰਨੀ। ਜਨਮ ਤੋਂ ਹੀ ਮਨੁੱਖ ਨੇ ਸ਼ੇਰ, ਚਿੱਤੇ ਅਤੇ ਹਾਥੀਆਂ ਜਿਹੇ ਖੁੰਖਾਰ ਜਾਨਵਰਾਂ ਅਤੇ ਕੁਦਰਤ ਦੇ ਮਾਰੂ ਹੱਲਿਆ ਦਾ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਮੁਕਾਬਲਾ ਕੀਤਾ ਅਤੇ ਅੰਤ ਜ਼ੋਰ ਹੈ ਕਿ ਨਿੱਤਰਿਆ। ਉਸ ਨੇ ਇਸ ਧਰਤੀ ਤੋਂ ਆਪਣੀ ਨਸ਼ਲ ਨੂੰ ਖ਼ਤਮ ਨਹੀਂ ਹੋਣ ਦਿੱਤਾ ਅਤੇ ਆਪਣੀ ਹੋਂਦ ਕਾਇਮ ਰੱਖੀ।