ਮਨਮਾਨੀਆਂ

ਮੈਂ-ਮੇਰੀ ਨੂੰ ਮਾਰ ਕੇ, ਕਿਤੇ ਦੂਰ ਵਗਾਹ ਕੇ ਸੁੱਟ।
ਨਾਮ ਹਰੀ ਦੇ ਭਰੇ ਖਜਾਨੇ, ਤੂੰ ਜਿੰਨੇ ਮਰਜੀ ਲੁੱਟ।
‘ਕੱਲੇ ਆਏ, ‘ਕੱਲੇ ਜਾਣਾ, ਜੱਗ ਤੇ ਬਣਦਾ ਕਰਜ ਚੁਕਾਣਾ,
ਕੰਮ ਕੌਮ ਦੇ ਆ ਲਾਂਬੜਾ, ਏਥੋਂ ਕੁਝ ਵੀ ਨਾਲ ਨੀਂ ਜਾਣਾ।
ਪਿਆਰ, ਮੁਹੱਬਤ ਵੰਡ ਸਭ ਨੂੰ ਤੇ ਪੁੱਟ ਨਫਰਤ ਦਾ ਪੌਦਾ,
ਝੂਠੇ ਵਣਜਾਂ ਤੋਂ ਕੀ ਲੈਣਾ, ਤੂੰ ਕਰ ਕੋਈ ਸੱਚਾ ਸੌਦਾ।
ਵੇ ਸੁਣ ਦਿਲ ਜਾਨੀਆਂ! ਮੈਂ ਤੇਨੂੰ ਸਮਝਾਨੀ ਆਂ
ਨਾਂ ਕਰ ਮਨਮਾਨੀਆਂ, ਤੂੰ ਛੱਡ ਬੇਈਮਾਨੀਆਂ
ਬੰਦੇ ਦੇ ਗੁਨਾਹਾਂ ਦੀਆਂ ਇਹ ਹੁੰਦੀਆਂ ਨਿਸਾਨੀਆਂ
ਨਾਂ ਕਰ ਮਨਮਾਨੀਆਂ......................
ਜਿੰਦਗੀ ਮਿਲੀ ਜੋ ਬੀਬਾ, ਹੱਸ ਕੇ ਗੁਜਾਰ ਤੂੰ
ਲੋਭ ਲਾਲਚਾਂ ਨੂੰ ਧੁਰ ਅੰਦਰੋਂ ਨਕਾਰ ਤੂੰ
ਏਦਾਂ ਹੋਣਗੀਆਂ ਦੂਰ ਪਰੇਸਾਨੀਆਂ..ਨਾ ਕਰ ਮਨਮਾਨੀਆਂ
ਦੁੱਖ-ਸੁੱਖ, ਗਮ ਸਭ ਜਿੰਦਗੀ ਦੇ ਨਾਲ ਦੇ
ਸੱਚ ਦੇ ਪੁਜਾਰੀ ਮੁੱਖੋਂ ਸੱਚ ਹੀ ਉਚਾਰਦੇ
ਕਦੇ ਭੁੱਲ ਕੇ ਨਾ ਕਰਦੇ ਨਾਦਾਨੀਆਂ..
ਨਾਂ ਕਰ ਮਨਮਾਨੀਆਂ......................
ਲੋਕ ਹਿੱਤ ਵਿਚ ਦਿਲੋਂ ਕਰ ਕੋਈ ਕਾਰ ਤੂੰ
ਜਾਣੇ ਅਣਜਾਣੇ ਬੇਗੁਨਾਹਾਂ ਨੂੰ ਨਾ ਮਾਰ ਤੂੰ
ਮਲਜੂਮਾਂ ਦੀਆਂ ਸੁਣੀਆਂ ਕਹਾਣੀਆਂ
ਨਾਂ ਕਰ ਮਨਮਾਨੀਆਂ......................
ਉਸ ਦਾ ਹੀ ਹੋ ਜਾ, ਜੀਹਨੇ ਭੇਜਿਆ ਜਹਾਨ ‘ਤੇ
ਬੰਦਗੀ ਬਿਨਾਂ ਨਾ ਬੰਦੇ ਪੁੱਜਣਾ ਮੁਕਾਮ ‘ਤੇ
ਹੋਈਆਂ ਤੇਰੇ ‘ਤੇ ਉਹਦੀਆਂ ਮੇਹਰਬਾਨੀਆਂ
ਨਾਂ ਕਰ ਮਨਮਾਨੀਆਂ......................
ਨੇਕੀਆਂ ਦੇ ਨਾਲ ਜਿਹੜੇ ਜੀਵਨ ਸੰਵਾਰਦੇ
ਹੱਸ ਹੱਸ ਕੌਮ ਉੱਤੋਂ ਜਾਨ ਤੱਕ ਵਾਰਦੇ
ਯਾਦ ਰੱਖੀ ‘ਲਾਂਬੜਾ’ ਤੂੰ ਕੁਰਬਾਨੀਆਂ
ਨਾਂ ਕਰ ਮਨਮਾਨੀਆਂ......................