ਤਕਰੀਬਨ ਪਿਛਲੇ ਹੀ ਦਿਨਾਂ ਉੱਤਰ ਭਾਰਤ ਵਿੱਚ ਭਾਰੀ ਮੀਂਹ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੁਆਧ ਖੇਤਰ ਹੜ੍ਹਾਂ ਦੀ ਮਾਰ ਹੇਠ ਹੈ। ਫਸਲਾਂ, ਸਬਜ਼ੀਆਂ, ਚਾਰੇ ਦਾ ਖੇਤਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਜਿਸ ਕਾਰਨ ਕਈ ਪਰਿਵਾਰ ਘਰ ਤੋਂ ਬੇਘਰ ਹੋ ਗਏ ਹਨ। ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ। ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਚੁੱਕਿਆ ਹੈ। ਕਰੋਨਾ ਮਹਾਮਾਰੀ ਨੇ ਦੇਸ਼ ਦੇ ਅਰਥਚਾਰੇ ਨੂੰ ਡੂੰਘੀ ਸੱਟ ਮਾਰੀ ਸੀ। ਚੰਗੀ ਤਰ੍ਹਾਂ ਗੱਡੀ ਅਜੇ ਮੁੜ ਲੀਹ ਤੇ ਨਹੀਂ ਆਈ ਹੈ। ਮਾਰਕੀਟ ਵਿਚ ਹਰ ਚੀਜ਼ ਅੱਗ ਦੇ ਭਾਅ ਵਿੱਕ ਰਹੀ ਹੈ। ਰਹਿੰਦੀ ਕਸਰ ਹੁਣ ਭਾਰੀ ਮੀਂਹ ਨੇ ਪੂਰੀ ਕਰ ਦਿੱਤੀ ਹੈ। ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਹਰੀ ਸਬਜ਼ੀਆਂ ਤੇ ਤਾਂ ਹੱਥ ਤੱਕ ਨਹੀਂ ਟਿਕਦਾ। ਟਮਾਟਰ ਦੇ ਭਾਅ 350 ਰੁਪਏ ਕਿਲੋ ਤੱਕ ਹੋ ਚੁੱਕੇ ਹਨ। ਅਦਕਰ 400 ਤੋਂ 450 ਵਿਚਕਾਰ ਵਿਕ ਰਹੀ ਹੈ। ਸ਼ਿਮਲਾ ਮਿਰਚਾਂ, ਗੋਭੀ, ਬੈਂਗਣ, ਆਲੂ, ਪਿਆਜ਼ ਤਕਰੀਬਨ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੁਹ ਰਹੀਆਂ ਹਨ। ਇਹਨਾਂ ਸਬਜ਼ੀਆਂ ਦੀ ਕੀਮਤ ਵੀ ਸੌ ਤੋਂ 150 ਰੁਪਏ ਦੇ ਆਸ ਪਾਸ ਹੈ। ਜੇਕਰ ਫਲਾਂ ਦੀ ਗੱਲ ਕਰੀਏ ਤਾਂ ਸੇਬ 350 ਰੁਪਏ ਕਿਲੋ ਹੈ। ਖਾਣ ਪੀਣ ਨੂੰ ਤਾਂ ਸਾਰਿਆਂ ਦਾ ਹੀ ਦਿਲ ਕਰਦਾ ਹੈ। ਚਾਵਲ, ਆਟਾ ਤੇ ਕਰਿਆਨਾ ਸਾਰਾ ਕੁੱਝ ਮਹਿੰਗਾ ਹੋ ਚੁੱਕਿਆ ਹੈ। ਇਹੋ ਜੇਹਾ ਸਮਾਂ ਆ ਗਿਆ ਕਿ ਬੰਦਾ ਇੰਨੀ ਮਹਿੰਗਾਈ ਵਿੱਚ ਦਿਲ ਖੋਲ ਕੇ ਖ਼ਰਚ ਵੀ ਨਹੀਂ ਸਕਦਾ। ਘਰ ਵਿਚ ਵਰਤੋਂ ਵਾਲੀ ਹਰ ਚੀਜ਼ ਮਹਿੰਗੀ ਹੋ ਚੁੱਕੀ ਹੈ। ਕਿਸੇ ਚੀਜ਼ ਬਿਨਾਂ ਸਰਦਾ ਨਹੀਂ ਹੈ। ਇਸੇ ਤਰ੍ਹਾਂ ਦਾਲਾਂ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਸਰੋਂ ਦੇ ਤੇਲ, ਰਿਫਾਇੰਡ ਦੀਆਂ ਕੀਮਤਾਂ ਵੀ ਵੱਧ ਹਨ। ਅਕਸਰ ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਤਾਂ ਮਹਿੰਗਾਈ ਬੇਲਗਾਮ ਹੋ ਜਾਂਦੀ ਹੈ। ਪਹਾੜੀ ਖੇਤਰਾਂ ਵਿੱਚ ਜ਼ਿਆਦਾ ਬਾਰਸ਼ ਹੋਣ ਕਾਰਨ ਸਪਲਾਈ ਵਿੱਚ ਵਿਘਨ ਪੈ ਜਾਂਜਾ ਹੈ। ਦੋ ਕੁ ਮਹੀਨੇ ਪਹਿਲਾਂ ਕਿਸਾਨਾਂ ਨੇ ਸ਼ਿਮਲਾ ਮਿਰਚਾਂ ਨੂੰ ਸੜਕ ਤੇ ਸੁੱਟਿਆ ਸੀ, ਕਿਉਂਕਿ ਉਹਨਾਂ ਨੂੰ ਸ਼ਿਮਲਾ ਮਿਰਚਾਂ ਦਾ ਵਿਜਿਬ ਮੁੱਲ ਨਹੀਂ ਮਿਲ ਰਿਹਾ ਸੀ। ਅੱਜ ਤੁਸੀਂ ਦੇਖ ਸਕਦੇ ਹੋ ਕਿ ਹਰੀਆਂ ਸਬਜ਼ੀਆਂ ਨੂੰ ਅੱਗ ਲੱਗੀ ਹੋਈ ਹੈ। ਹਾਲਾਂਕਿ ਕੇਂਦਰ ਸਰਕਾਰ ਤਾਂ ਹਰ ਵਾਰ ਦਾਅਵਾ ਕਰਦੀ ਹੈ ਕਿ ਮਹਿੰਗਾਈ ਕੰਟ੍ਰੋਲ ਵਿੱਚ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜਿਸ ਪਰਿਵਾਰ ਵਿਚ ਕਮਾਉਣ ਵਾਲਾ ਇੱਕ ਬੰਦਾ ਤੇ ਖਾਣ ਵਾਲੇ ਪੰਜ ਹੋਣ ਤਾਂ ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹੋਣਗੇ। ਬੱਚਿਆਂ ਦੀ ਸਕੂਲ ਫ਼ੀਸ ਵੀ ਭਰਨੀ ਹੁੰਦੀ ਹੈ। ਰੱਬ ਨਾ ਕਰੇ ਜੇ ਕੋਈ ਬਿਮਾਰੀ ਆ ਜਾਵੇ ਤਾਂ ਇਲਾਜ ਵੀ ਕਰਵਾਉਣਾ ਹੈ। ਟੈਸਟ ਵੀ ਬਹੁਤ ਮਹਿੰਗੇ ਹਨ। ਡਾਕਟਰਾਂ ਦੀ ਫੀਸ ਬਹੁਤ ਜ਼ਿਆਦਾ ਹੈ। ਪ੍ਰਇਵੇਟ ਹਸਪਤਾਲ ਮਰੀਜ਼ ਦੀ ਚੰਗੀ ਤਰ੍ਹਾਂ ਲੁੱਟ-ਖਸੁੱਟ ਕਰਦੇ ਹਨ। ਘਰ ਬਣਾਉਣ ਲਈ ਬਜਰੀ, ਰੇਤਾ, ਸੀਮਿੰਟ, ਇੱਟਾਂ ਦੀਆਂ ਕੀਮਤਾਂ ਵੀ ਅਸਮਾਨੀ ਹਨ। ਦੇਖਿਆ ਜਾੰਦਾ ਹੈ ਕਿ ਲੋਕ ਜਿਸ ਚੀਜ਼ ਦੀ ਜ਼ਰੂਰਤ ਹੈ, ਉਹੀ ਚੀਜ਼ ਖਰੀਦਦੇ ਹਨ। ਕਰੋਨਾ ਤੋਂ ਬਾਅਦ ਲੋਕਾਂ ਦਾ ਬਜਟ ਹਿੱਲ ਚੁੱਕਾ ਹੈ। ਹੱਥ ਖੁੱਲਾ ਕਰਕੇ ਲੋਕ ਖਰਚਾ ਨਹੀਂ ਕਰ ਰਹੇ ਹਨ। ਪ੍ਰਾਈਵੇਟ ਕੰਪਨੀਆਂ ਤਾਂ ਆਪਣੀ ਮਨਮਰਜ਼ੀ ਨਾਲ ਤਨਖਾਹਾਂ ਦਿੰਦੀਆਂ ਹਨ। ਯੋਗਤਾ ਦੇ ਮੁਤਾਬਕ ਅੱਜਕੱਲ੍ਹ ਨੌਜਵਾਨਾਂ ਨੂੰ ਰੁਜ਼ਗਾਰ ਵੀ ਨਹੀਂ ਮਿਲ ਰਿਹਾ ਹੈ। ਮਜ਼ਬੂਰੀ ਵਸ ਉਹ ਥੋੜ੍ਹੇ ਪੈਸਿਆਂ ਤੇ ਹੀ ਰੁਜ਼ਗਾਰ ਕਰਨ ਲਈ ਤਿਆਰ ਹਨ। ਖੁੱਲਾ ਖ਼ਰਚਾ ਕਰਨ ਤੋਂ ਪਹਿਲਾਂ ਬੰਦਾ ਸੌ ਵਾਰ ਸੋਚਦਾ ਹੈ। ਰੋਟੀ, ਕੱਪੜਾ ਅਤੇ ਮਕਾਨ ਲੋਕਾਂ ਦੀਆਂ ਬੁਨਿਆਦੀ ਲੋੜਾਂ ਹਨ। ਜੋ ਜ਼ਰੂਰਤਮੰਦ ਚੀਜ਼ਾਂ ਹਨ, ਉਨ੍ਹਾਂ ਨੂੰ ਸਸਤੀ ਕਰਨਾ ਚਾਹੀਦਾ ਹੈ। ਰਸੋਈ ਗੈਸ ਦੀ ਕੀਮਤ 1150 ਤੋਂ ਉੱਪਰ ਹੈ। ਸਰਕਾਰ ਨੂੰ ਮਹਿੰਗਾਈ ਨੂੰ ਰੋਕਣ ਲਈ ਠੋਸ ਨੀਤੀ ਘੜਨੀ ਚਾਹੀਦੀ ਹੈ। ਚੰਗੀਆਂ ਨੀਤੀਆਂ ਲਿਆ ਕੇ ਮਹਿੰਗਾਈ ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਸੂਬਾ ਸਰਕਾਰਾਂ ਨੂੰ ਵੀ ਕੇਂਦਰ ਸਰਕਾਰ ਨਾਲ ਸਲਾਹ ਮਸਵਰਾ ਜ਼ਰੂਰ ਕਰਨਾ ਚਾਹੀਦਾ ਹੈ, ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਨਿਜਾਤ ਮਿਲ ਸਕੇ।