ਮਾਨਵ ਜੀਵਨ ਦਾ ਖੇਡਾਂ ਨਾਲ ਨਹੁੰ ਅਤੇ ਮਾਸ ਦਾ ਰਿਸ਼ਤਾ ਹੈ । ਖੇਡਾਂ ਖੇਡਣਾ ਮਨੁੱਖ ਦੀ ਇੱਕ ਸੁਭਾਵਿਕ ਪ੍ਰਵਿਰਤੀ ਹੈ । ਇਹ ਮਨੋਰੰਜਨ ਅਤੇ ਵਿਹਲੇ ਸਮੇ ਦੀ ਉੱਚਿਤ ਢੰਗ ਨਾਲ ਵਰਤੋਂ ਕਰਨ ਦਾ ਇੱਕ ਵਧੀਆਂ ਉਪਰਾਲਾ ਹੈ । ਜਿਵੇਂ ਮਨੁੱਖ ਨੂੰ ਜਿਉਣ ਲਈ ਭੋਜਨ, ਪਾਣੀ ਅਤੇ ਹਵਾ ਦਾ ਮਿਲਣਾ ਜ਼ਰੂਰੀ ਹੈ, ਇਸੇ ਤਰਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਮਨੁੱਖ ਦਾ ਖੇਡਾਂ ਨਾਲ ਜੁੜੇ ਰਹਿਣਾ ਜ਼ਰੂਰੀ ਹੈ । ਸੰਸਾਰ ਦਾ ਹਰੇਕ ਮਨੁੱਖ ਆਪਣੀ ਬਚਪਨ ਦੀ ਅਵਸਥਾ ਤੋਂ ਲੈ ਕੇ ਬੁਢਾਪੇ ਦੇ ਅਖੀਰਲੇ ਪੜਾਉ ਤੱਕ ਖੇਡਾਂ ਵਿੱਚ ਰੁਚੀ ਰੱਖਦਾ ਆਇਆ ਹੈ । ਜਨਮ ਲੈਣ ਉਪਰੰਤ ਹੀ ਖੇਡ ਪ੍ਰਵਿਰਤੀਆਂ ਦਾ ਗਿਆਨ ਬੱਚੇ ਦੁਆਰਾ ਕੀਤੀਆਂ ਜਾਣ ਵਾਲ਼ੀਆਂ ਸਰੀਰਕ ਕ੍ਰਿਆਵਾਂ ਨਾਲ ਹੀ ਸ਼ੁਰੂ ਹੋ ਜਾਂਦਾ ਹੈ ।ਪੰਜ ਕੁ ਸਾਲਾਂ ਦੀ ਅਵਸਥਾ ਵਿੱਚ ਬੱਚਾ ਖੇਡਣ ਦੇ ਸਮਰੱਥ ਹੋ ਜਾਂਦਾ ਹੈ । ਬਾਲ ਅਵਸਥਾ ਵਿੱਚ ਬੱਚਾ ਜਿਆਦਾ ਵਕਤ ਖੇਡਾਂ ਵਿੱਚ ਹੀ ਗੁਜ਼ਾਰਦਾ ਹੈ ।ਇਸੇ ਕਾਰਨ ਇਸ ਅਵਸਥਾ ਵਿੱਚ ਉਸ ਲਈ ਖੇਡ ਬਹੁਤ ਹੀ ਪਿਆਰੀ ਹੁੰਦੀ ਹੈ।ਪੰਜਾਬੀ ਲੋਕ ਖੇਡਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਅਤੇ ਖੇੜਾ ਮੰਨਦੇ ਹਨ । ਇੱਥੇ ਮਾਪੇ ਇਸ ਖੇਤਰ ਵਿੱਚ ਆਪਣੀ ਪਿੱਤਰੀਭੂਮਿਕਾ ਨਿਭਾਉਂਦੇ ਹਨ । ਪੰਜਾਬ ਵਿੱਚ ਖੇਡਾਂ ਦਾ ਇੱਕ ਵੱਡਾ ਭੰਡਾਰ ਹੈ ਅਤੇ ਇੱਥੇ ਖੇਡੀਆਂ ਜਾਣ ਵਾਲੀਆਂ ਅਣਗਿਣਤ ਖੇਡਾਂ ਹਨ । ਨਿੱਕੇ ਮੁੰਡਿਆਂ ਦੀਆਂ ਮਨਪਸੰਦ ਖੇਡਾਂ ਗੁੱਲੀ-ਡੰਡਾ, ਖਿੱਦੋ-ਖੂੰਡੀ, ਬੰਟੇ, ਸ਼ੱਕਰ-ਭੁੱਜੀ ਅਤੇ ਬਾਂਦਰ ਕੀਲਾ ਆਦਿ ਹਨ, ਜਦੋਂ ਕਿ ਕਿੱਕਲੀ, ਕੋਟਲਾ-ਛਪਾਕੀ, ਪੀਂਘ ਝੂਟਣਾ, ਰੋੜੇ ਖੇਡਣਾ ਆਦਿ ਖੇਡਾਂ ਨਿੱਕੀਆਂ ਕੁੜੀਆਂ ਦੀਆਂ ਮਨਪਸੰਦ ਖੇਡਾਂ ਹਨ ।ਪੰਜਾਬ ਦੀਜਵਾਨੀਲਈ ਖੇਡਾਂ ਸਰੀਰਕ ਅਭਿਆਸ ਦੇ ਨਾਲ-ਨਾਲ ਮਾਨਸਿਕ ਭਾਵਨਾਵਾਂ ਨੂੰ ਉਜਾਗਰ ਕਰਨ ਦਾ ਵੀ ਵਧੀਆ ਸਾਧਨ ਹੈ । ਜ਼ਿੰਦਗੀ ਦੇ ਇਸ ਪੜਾਅ ਉੱਤੇ ਗੱਭਰੂ ਅਤੇ ਮੁਟਿਆਰਾਂਆਪਣੀ ਸਰੀਰਕ ਸੁਡੌਲਤਾ ਕਾਇਮ ਰੱਖਣ ਅਤੇ ਸਰੀਰਕ ਤਾਕਤ ਵਿੱਚ ਵਾਧਾ ਕਰਨ ਲਈ ਕਈ ਤਰਾਂ ਦੀਆ ਖੇਡਾਂ ਜਿਵੇਂ ਕਿ ਕਬੱਡੀ, ਕੁਸ਼ਤੀ, ਹਾਕੀ, ਫੁੱਟਬਾਲ, ਦੌੜਾਂ ਜਾਂ ਇਸਤੋਂ ਇਲਾਵਾ ਹੋਰ ਦੂਸਰੀਆਂ ਕਈ ਪ੍ਰਕਾਰ ਦੀਆਂਖੇਡਾਂ ਖੇਡਣ ਵਿੱਚ ਆਪਣੀ ਰੁਚੀ ਰੱਖਦੇ ਹਨ । ਠੀਕ ਇਸੇ ਤਰਾਂ ਹੀ ਮਨੁੱਖ ਬੁਢੇਪੇ ਵਿੱਚ ਵੀ ਆਪਣੀ ਸਰੀਰਕ ਅਤੇ ਮਾਨਸਿਕ ਸ਼ਕਤੀ ਦੇ ਲਿਹਾਜ਼ ਨਾਲ ਆਪਣੀਆਂ ਪਸੰਦੀਦਾ ਸ਼ਤਰੰਜ, ਪਾਸਾ, ਬਾਰਾਂ ਟਾਹਣ ਅਤੇ ਚੌਪੜ ਆਦਿ ਖੇਡਾਂ ਖੇਡਦੇ ਹਨ ।
ਕਬੱਡੀ :
ਕਬੱਡੀ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀ ਇੱਕ ਪ੍ਰਮੁੱਖ ਖੇਡ ਹੈ । ਇਹ ਦੋਵੇਂ ਪੰਜਾਬਾਂ ਦੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ । ਇਸੇ ਕਰਕੇ ਪੰਜਾਬ ਵਿੱਚ ਕਬੱਡੀ ਨੂੰ “ਮਾਂ ਖੇਡ” ਦਾ ਦਰਜਾ ਮਿਲਿਆ ਹੋਇਆ ਹੈ । ਇਹ ਇੱਕ ਸਪਰਸ਼ ਕਰਕੇ ਗਰੁੱਪ ਬਣਾਕੇ ਖੇਡਣ ਵਾਲੀ ਖੇਡ ਹੈ । ਕਬੱਡੀ ਦਾ ਵਰਗੀਕਰਨ ਦੋ ਭਾਗਾਂ, ਪੰਜਾਬ ਸਰਕਲ ਸਟਾਈਲ ਕਬੱਡੀ ਅਤੇ ਨੈਸ਼ਨਲ ਸਟਾਈਲ ਕਬੱਡੀ ਦੇ ਤੌਰ ਤੇ ਕੀਤਾ ਜਾਂਦਾ ਹੈ ।ਸਰਕਲ ਸਟਾਈਲ ਕਬੱਡੀ ਵਿੱਚ22 ਮੀਟਰ ਦੇ ਸਰਕਲ ਦੇ ਖੇਡ ਮੈਦਾਨ ਵਿੱਚ ਕਬੱਡੀ ਖੇਡੀ ਜਾਂਦੀ ਹੈ ਅਤੇ ਹਰੇਕ ਟੀਮ ਵਿੱਚ 8-8 ਖਿਡਾਰੀ ਹੁੰਦੇ ਹਨ । ਇਸ ਵਿੱਚ ਧਾਵੀ ( ਰੇਡਰ ) ਖਿਡਾਰੀ ਨੂੰ “ਕਬੱਡੀ” “ਕਬੱਡੀ” ਸ਼ਬਦ ਬੋਲਣਾ ਨਹੀਂ ਹੁੰਦਾ । ਧਾਵੀ ਦਾ ਇੱਕ ਰੇਡ ਦਾ ਸਮਾਂ 30 ਸਕਿੰਟ ਦਾ ਹੁੰਦਾ ਹੈ । ਸਰਕਲ ਸਟਾਈਲ ਕਬੱਡੀ ਖੇਡਣ ਸਮੇ ਟੀਮ ਦੇ ਖਿਡਾਰੀ ਦੋ ਗਰੁੱਪ ਬਣਾ ਲੈਂਦੇ ਹਨ । ਮੈਚ ਖੇਡਣ ਸਮੇ ਕਿਸੇ ਇੱਕ ਟੀਮ ਦਾ ਇੱਕ ਗਰੁੱਪ ਰੇਡ ਪਾਉਣ ਵਾਲਾ ਧਾਵੀ ਗਰੁੱਪ ਹੁੰਦਾ ਹੈ ਅਤੇ ਦੂਸਰੀ ਵਿਰੋਧੀ ਟੀਮ ਦਾ ਇੱਕ ਗਰੁੱਪ ਜਾਫੀ ਗਰੁੱਪ ਹੁੰਦਾ ਹੈ । ਦੋਵੇਂ ਟੀਮਾਂ ਦੇ ਦੋਵੇਂ ਰੇਡਰ ਅਤੇ ਜਾਫੀ ਗਰੁੱਪ ਖੇਡ ਦੇ ਮੈਦਾਨ ਵਿੱਚ ਨਿਸ਼ਚਿਤ ਸਥਾਨਾਂ ਉੱਤੇ ਖੜ੍ਹੇ ਹੋ ਜਾਂਦੇ ਹਨ । ਰੇਡਰ ਗਰੁੱਪ ਦਾ ਇੱਕ-ਇੱਕ ਖਿਡਾਰੀ ਵਿਰੋਧੀ ਟੀਮ ਦੇ ਜਾਫੀ ਖਿਡਾਰੀਆਂ ਵਾਲੇ ਪਾਸੇ ਰੇਡ ਪਾਉਣ ਲਈ ਜਾਂਦੇ ਹਨ । ਧਾਵੀ (ਰੇਡਰ ) ਜਾਫੀਆਂ ਵਿੱਚੋਂ ਕਿਸੇ ਇੱਕ ਖਿਡਾਰੀ ਨੂੰ ਫੁਰਤੀ ਨਾਲ ਹੱਥ ਲਗਾਕੇ ਸੁਰਖਿਅਤ ਆਪਣੇ ਪਾਸੇ ਆ ਜਾਂਦਾ ਹੈ ਤਾਂ ਰੇਡਰ ਟੀਮ ਨੂੰ ਇੱਕ ਅੰਕ ਦਿੱਤਾ ਜਾਂਦਾ ਹੈ । ਕਬੱਡੀ ਖੇਡਣ ਸਮੇ ਦੂਸਰੇ ਗਰੁੱਪ ਦੇ ਜਾਫੀਆਂ ਵਿੱਚੋਂ ਕਿਸੇ ਵੀ ਇੱਕ ਜਾਫੀ ਨੇ ਧਾਵੀ ਨੂੰ ਆਪਣੇ ਸਰੀਰਕ ਬਲ ਨਾਲ ਰੋਕ ਕੇ ਰੱਖਣਾ ਹੁੰਦਾ ਹੈ । ਜੇਕਰ ਜਾਫੀ ਖਿਡਾਰੀ ਧਾਵੀ ਖਿਡਾਰੀ ਨੂੰ ਰੋਕ ਕੇ ਰੱਖਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਅੰਕ ਜਾਫੀ ਟੀਮ ਦੇ ਹਿੱਸੇ ਚਲਾ ਜਾਂਦਾ ਹੈ । ਪ੍ਰੰਤੂ ਜੇਕਰ ਜਾਫੀ ਟੀਮ ਦੇ ਇੱਕ ਤੋਂ ਵੱਧ ਖਿਡਾਰੀ ਧਾਵੀ ਨੂੰ ਹੱਥ ਲਗਾ ਦਿੰਦੇ ਹਨ ਜਾਂ ਸਪਰਸ਼ ਕਰ ਦਿੰਦੇ ਹਨ ਤਾਂ ਫਾਊਲ ਮੰਨਿਆ ਜਾਂਦਾ ਹੈ ਅਤੇ ਅੰਕ ਧਾਵੀ (ਰੇਡਰ ) ਦੇ ਹਿੱਸੇ ਚਲਾ ਜਾਂਦਾ ਹੈ । ਕਬੱਡੀ ਦੇ ਇੱਕ ਮੈਚ ਦਾ ਸਮਾਂ 40 ਮਿੰਟਾਂ ਦਾ ਹੁੰਦਾ ਹੈ ਅਤੇ 20 ਮਿੰਟਾਂ ਬਾਦ ਦੋਵੇਂ ਟੀਮਾਂ ਨੂੰ ਆਪਣੇ ਪਾਸੇ ਬਦਲਣੇ ਪੈਂਦੇ ਹਨ । ਸਰਕਲ ਸਟਾਈਲ ਕਬੱਡੀ ਵਿੱਚਜਦੋਂ ਧਾਵੀ ( ਰੇਡਰ ) ਖਿਡਾਰੀ ਨੂੰ ਜਾਫੀ ਖਿਡਾਰੀ ਛੂਹ ਲੈਂਦਾ ਹੈ ਤਾਂ ਉਹ ਖੇਡ ਮੈਦਾਨ ਵਿੱਚੋਂ ਬਾਹਰ ਨਹੀਂ ਜਾਂਦਾ । ਇਸ ਦੇ ਬਦਲੇ ਵਿਰੋਧੀ ਟੀਮ ਨੂੰ ਇੱਕ ਅੰਕ ਦਿੱਤਾ ਜਾਂਦਾ ਹੈ । ਨੈਸ਼ਨਲ ਸਟਾਈਲ ਕਬੱਡੀ ਵਿੱਚਦੋਵੇਂ ਟੀਮਾਂ ਦੇ ਖਿਡਾਰੀ ਖੇਡ ਮੈਦਾਨ ਵਿੱਚ ਇੱਕ ਦੂਸਰੇ ਦੇ ਸਾਹਮਣੇ ਖੜੋ ਜਾਂਦੇ ਹਨ ।ਦੋਵੇਂ ਟੀਮਾਂ ਦੇ ਖਿਡਾਰੀ ਵਾਰੀ-ਵਾਰੀ ਆਪਣਾ ਇੱਕ-ਇੱਕ ਜਾਫੀ ਖਿਡਾਰੀ ਕਬੱਡੀ ਪਾਉਣ ਲਈ ਭੇਜਦੇ ਹਨ । ਧਾਵੀ (ਰੇਡਰ ) ਖਿਡਾਰੀ ਕਬੱਡੀ-ਕਬੱਡੀ ਕਰਦਾ ਹੋਇਆ ਵੱਧ ਤੋਂ ਵੱਧ ਵਿਰੋਧੀ ਖਿਡਾਰੀਆਂ ਨੂੰ ਸਪਰਸ਼ ਕਰਕੇ ਆਪਣਾ ਸਾਹਟੁੱਟਣ ਤੋਂ ਪਹਿਲਾਂ ਆਪਣੇ ਪਾਲੇ ਵਿੱਚ ਆਉਣ ਦਾ ਯਤਨ ਕਰਦਾ ਹੈ। ਇਸ ਤਰਾਂ ਉਹ ਜਿੰਨੇ ਖਿਡਾਰੀਆਂ ਨੂੰ ਛੋਹਕੇ ਜਾਂ ਡੇਗਕੇ ਆ ਜਾਂਦਾ ਹੈ ਤਾਂ ਉੱਨੇ ਹੀ ਖਿਡਾਰੀ ਆਊਟ ਹੋਏ ਮੰਨੇ ਜਾਂਦੇ ਹਨ ਅਤੇ ਮੈਦਾਨ ਤੋਂ ਬਾਹਰ ਹੋ ਜਾਂਦੇ ਹਨ । ਇਹ ਖਿਡਾਰੀ ਉੱਨੇ ਸਮੇ ਲਈ ਮੈਦਾਨ ਤੋਂ ਬਾਹਰ ਰਹਿੰਦੇ ਹਨ , ਜਿੰਨੀ ਦੇਰ ਵਿਰੋਧੀ ਟੀਮ ਦਾ ਖਿਡਾਰੀਮਾਰਿਆ ਨਹੀਂ ਜਾਂਦਾ । ਪ੍ਰੰਤੂ ਜੇਕਰ ਵਿਰੋਧੀ ਟੀਮ ਦੇ ਖਿਡਾਰੀਆਂ ਵੱਲੋਂ ਧਾਵੀ ਖਿਡਾਰੀ ਨੂੰ ਫੜ ਲਿਆ ਜਾਂਦਾ ਹੈ ਜਾਂ ਡੇਗ ਲਿਆ ਜਾਂਦਾ ਹੈ ਅਤੇ ਕੌਡੀ ਕੌਡੀ ਕਹਿੰਦਿਆਂ ਉਸਦਾ ਸ਼ਾਹ ਟੁੱਟ ਜਾਂਦਾ ਹੈ ਤਾਂ ਉਸਨੂੰ ਮਰ ਗਿਆ ਸਮਝ ਲਿਆ ਜਾਂਦਾ ਹੈ । ਅਜਿਹੀ ਸਥਿਤੀ ਵਿੱਚ ਖਿਡਾਰੀ ਆਊਟ ਹੋਇਆ ਮੰਨ ਲਿਆ ਜਾਂਦਾ ਹੈ ਅਤੇ ਵਿਰੋਧੀ ਟੀਮ ਦਾ ਆਊਟ ਹੋਇਆ ਕੋਈ ਇੱਕ ਖਿਡਾਰੀ ਪਾਲੇ ਵਿੱਚ ਦਾਖਲ ਹੋ ਜਾਂਦਾ ਹੈ ।ਇਸ ਤਰਾਂ ਖੇਡ ਦੌਰਾਨ ਕਿਸੇ ਇੱਕ ਟੀਮ ਦੇ ਸਾਰੇ ਖਿਡਾਰੀ ਆਊਟ ਹੋ ਜਾਣ ਤੇ ਉਹ ਟੀਮ ਹਾਰੀ ਹੋਈ ਟੀਮ ਐਲਾਨ ਦਿੱਤੀ ਜਾਂਦੀ ਹੈ ।