ਔਰੰਗਜ਼ੇਬ ਦੀ ਵਸੀਅਤ

ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਇਕ ਵਸੀਅਤਨਾਮਾ ਲਿਖਿਆ ਸੀ, ਜਿਸ ਵਿਚ ਉਸ ਨੇ ਆਪਣੇ ਮਨੋਭਾਵਾਂ ਨੂੰ ਵੱਖੋ-ਵੱਖ ਰੂਪਾਂ ਵਿਚ ਦ੍ਰਿਸ਼ਟਮਾਨ ਕੀਤਾ ਹੋਇਆ ਹੈ। ਔਰੰਗਜ਼ੇਬ ਇਕ ਪੱਕਾ ਮੁਸਲਮਾਨ ਸੀ, ਜੋ ਪੰਜੇ ਨਮਾਜ਼ਾਂ ਪੜ੍ਹਦਾ ਸੀ। ਉਸ ਨੇ ਮੁਸਲਮਾਨੀ ਹੈਦਰੀ ਝੰਡਾ ਸਾਰੇ ਹਿੰਦੁਸਤਾਨ ਵਿਚ ਝੁਲਾਉਣ ਲਈ ਬਹੁਤ ਯਤਨ ਕੀਤਾ। ਉਸ ਸਮੇਂ ਦੇ ਪ੍ਰਸਿੱਧ ਲਿਖਾਰੀ ਮੌਲਵੀ ਹਮੀਦ-ਉਦ-ਦੀਨ ਨੇ ਬਾਦਸ਼ਾਹ ਔਰੰਗਜ਼ੇਬ ਦੇ ਜੀਵਨ ਸਬੰਧੀ ਫਾਰਸੀ ਵਿਚ ਇਕ ਕਿਤਾਬ ਲਿਖੀ ਹੈ। ਇਸ ਕਿਤਾਬ ਦੇ 218 ਸਫ਼ੇ ਹਨ। ਇਸ ਕਿਤਾਬ ਦੇ ਅੱਠਵੇਂ ਅਧਿਆਇ ਦੇ ਸਫ਼ਾ 183 ਉਤੇ ‘ਔਰੰਗਜ਼ੇਬ ਦੀ ਆਖ਼ਰੀ ਵਸੀਅਤ’ ਲਿਖੀ ਹੋਈ ਹੈ। ਔਰੰਗਜ਼ੇਬ ਆਪਣੀ ਵਸੀਅਤ ਵਿਚ ਦੱਸਦਾ ਹੈ:

  1. ਇਸ ਵਿਚ ਕੋਈ ਸ਼ੱਕ ਨਹੀਂ ਕਿ ਮੈਂ ਹਿੰਦੁਸਤਾਨ ਦਾ ਸ਼ਹਿਨਸ਼ਾਹ ਰਿਹਾ ਹਾਂ। ਮੈਂ ਹਕੂਮਤ ਕੀਤੀ ਹੈ। ਪਰ ਮੈਨੂੰ ਅਫ਼ਸੋਸ ਹੈ ਕਿ ਮੈਂ ਕੋਈ ਚੰਗਾ ਕੰਮ ਨਹੀਂ ਕਰ ਸਕਿਆ। ਮੇਰੀ ਅੰਦਰਲੀ ਆਤਮਾ ਮੈਨੂੰ ਫਿਟਕਾਰ ਕੇ ਕਹਿ ਰਹੀ ਹੈ, ‘ਤੂੰ ਗੁਨਾਹਗਾਰ ਹੈ’ ਪਰ ਹੁਣ ਇਸ ਦਾ ਕੀ ਲਾਭ।
  2. (ੳ) ਮੇਰੇ ਨੌਕਰ ਆਇਆ ਯੋਗ ਕੋਲ ਮੇਰਾ ਇਹ ਬਟੂਆ ਹੈ, ਇਸ ਬਟੂਏ ਵਿਚ ਮੈਂ ਚਾਰ ਰੁਪਏ ਦੋ ਆਨੇ ਆਪਣੀ ਕਮਾਈ ਵਿਚੋਂ ਸੰਭਾਲ ਕੇ ਰੱਖੇ ਹੋਏ ਹਨ। ਤੁਹਾਨੂੰ ਪਤਾ ਹੈ ਕਿ ਮੈਂ ਆਪਣੇ ਵਿਹਲੇ ਸਮੇਂ ਵਿਚ ਟੋਪੀਆਂ ਬੁਣਦਾ ਹੁੰਦਾ ਸੀ ਜਾਂ ਕੁਰਾਨ ਸ਼ਰੀਫ਼ ਲਿਖਦਾ ਹੁੰਦਾ ਸੀ। ਟੋਪੀਆਂ ਨੂੰ ਵੇਚ ਕੇ ਮੈਂ 4 ਰੁਪਏ 2 ਆਨੇ ਦੀ ਪਾਕ ਤੇ ਹੱਕ ਹਲਾਲ ਦੀ ਕਮਾਈ ਕੀਤੀ ਹੈ। ਮੇਰੀ ਲਾਸ਼ ਨੂੰ ਢਕਣ ਲਈ ਕਫ਼ਨ ਇਸ 4 ਰੁਪਏ 2 ਆਨੇ ਦੀ ਰਕਮ ਨਾਲ ਖਰੀਦਿਆ ਜਾਵੇ। ਮੇਰੇ ਗੁਨਾਹਗਾਰ ਜਿਸਮ ਨੂੰ ਢਕਣ ਵਾਸਤੇ ਹੋਰ ਕੋਈ ਖਰਚ ਨਾ ਕੀਤਾ ਜਾਵੇ। ਇਹ ਮੇਰੀ ਵਸੀਅਤ ਹੈ।(ਅ) ਕੁਰਾਨ ਸ਼ਰੀਫ਼ ਲਿਖ ਕੇ ਤੇ ਇਨ੍ਹਾਂ ਨੂੰ ਵੇਚ ਕੇ ਮੈਂ 305 ਰੁਪਏ ਇਕੱਠੇ ਕੀਤੇ ਹੋਏ ਹਨ। ਇਹ ਰਕਮ ਵੀ ਮੇਰੇ ਨੌਕਰ ਆਇਆ ਬੇਗ ਕੋਲ ਹੈ। ਮੇਰੀ ਵਸੀਅਤ ਹੈ ਕਿ ਇਸ ਰੁਪਏ ਨਾਲ ਗ਼ਰੀਬ ਮੁਸਲਮਾਨਾਂ ਨੂੰ ਮਿੱਠਾ ਪਲਾਓ ਖਵਾਇਆ ਜਾਵੇ। ਇਹ 305 ਰੁਪਏ ਉਸੇ ਦਿਨ ਹੀ ਖਰਚ ਕਰ ਦਿੱਤੇ ਜਾਣ, ਜਿਸ ਦਿਨ ਮੇਰੀ ਮੌਤ ਹੋਵੇ।
  3. ਮੇਰੀਆਂ ਚੀਜ਼ਾਂ ਵਸਤਾਂ, ਮੇਰੇ ਕੱਪੜੇ, ਮੇਰਾ ਕਲਮਦਾਨ, ਮੇਰੀਆਂ ਕਿਤਾਬਾਂ ਜਾਂ ਹੋਰ ਜੋ ਕੁਝ ਵੀ ਮੇਰੇ ਕੋਲ ਹੋਵੇ ਇਹ ਸਭ ਕੁਝ ਮੇਰੇ ਲੜਕੇ ਆਜ਼ਮ ਨੂੰ ਦੇ ਦਿੱਤਾ ਜਾਵੇ। ਮੇਰੇ ਮਗਰੋਂ ਮੇਰੇ ਸਾਰੇ ਹੱਕ ਇਸ ਨੂੰ ਮਿਲਣਗੇ। ਮੇਰੀ ਕਬਰ ਖੋਦਣ ਲਈ ਮਜ਼ਦੂਰਾਂ ਨੂੰ ਜਿਹੜੀ ਮਿਹਨਤ ਦੇਣੀ ਹੈ, ਉਸ ਦੀ ਅਦਾਇਗੀ ਸ਼ਾਹਜ਼ਾਦਾ ਆਜ਼ਮ ਕਰੇਗਾ | ਮਜ਼ਦੂਰਾਂ ਨੂੰ ਕਬਰ ਖੋਦਣ ਦੀ ਮਜ਼ਦੂਰੀ ਜ਼ਰੂਰ ਦਿੱਤੀ ਜਾਵੇ।
  4. ਮੇਰੀ ਕਬਰ ਸੰਘਣੇ ਜੰਗਲ ਵਿਚ ਖੋਦਣੀ। ਜਦ ਮੈਨੂੰ ਦਫ਼ਨਾਇਆ ਜਾਵੇ ਤਾਂ ਮੇਰਾ ਮੂੰਹ ਨੰਗਾ ਰੱਖਣਾ | ਮੇਰੇ ਮੂੰਹ ਨੂੰ ਮਿੱਟੀ ਵਿਚ ਨਾ ਦਬਾਉਣਾ, ਮੈਂ ਨੰਗੇ ਸਿਰ ਅੱਲਾਹ ਤਾਅਲਾ (ਰੱਬ) ਦੇ ਦਰਬਾਰ ਵਿਚ ਹਾਜ਼ਰ ਹੋਣਾ ਚਾਹੁੰਦਾ ਹਾਂ। ਮੈਂ ਦੱਸਿਆ ਹੋਇਆ ਹੈ ਕਿ ਜਿਹੜਾ ਕੋਈ ਉਸ ਮਹਾਨ ਕਚਹਿਰੀ ਵਿਚ ਨੰਗੇ ਸਿਰ ਹਾਜ਼ਰ ਹੁੰਦਾ ਹੈ, ਖ਼ੁਦਾਵੰਦ ਕਰੀਮ (ਬਖ਼ਸ਼ਣਹਾਰ) ਉਸ ਦੇ ਸਾਰੇ ਗੁਨਾਹਾਂ ਨੂੰ ਮੁਆਫ਼ ਕਰ ਦਿੰਦਾ ਹੈ।
  5. ਮੇਰਾ ਕਫ਼ਨ ਸਫੈਦ ਮੋਟੇ ਖੱਦਰ ਦਾ ਹੋਵੇ। ਮੇਰੀ ਲਾਸ਼ ਉੱਪਰ ਕੋਈ ਕੀਮਤੀ ਦੁਸ਼ਾਲਾ ਬਿਲਕੁਲ ਨਾ ਰੱਖਣਾ। ਜਿਸ ਰਸਤਿਉਂ ਮੇਰਾ ਜਨਾਜ਼ਾ ਗੁਜ਼ਰੇ ਉਥੇ ਕਿਸੇ ਤਰ੍ਹਾਂ ਦੀ ਕੋਈ ਦਰੀ ਨਾ ਵਿਛਾਈ ਜਾਵੇ। ਮੇਰੇ ਉਤੇ ਫੁੱਲ ਨਾ ਸੁੱਟੇ ਜਾਣ। ਨਾ ਮੇਰੀ ਲਾਸ਼ ਉੱਪਰ ਹੱਥ ਰੱਖਣ ਦੀ ਆਗਿਆ ਦਿੱਤੀ ਜਾਵੇ। ਕਿਸੇ ਕਿਸਮ ਦਾ ਕੋਈ ਰਾਗ-ਰੰਗ ਨਾ ਹੋਵੇ। ਕੋਈ ਗੀਤ ਨਾ ਗਾਇਆ ਜਾਵੇ। ਗੀਤਾਂ ਦਾ ਮੈਂ ਵੈਰੀ ਹਾਂ, ਰਾਗ ਨੂੰ ਮੈਂ ਨਫ਼ਰਤ ਕਰਦਾ ਹਾਂ।
  6. ਮੇਰੀ ਕੋਈ ਕਬਰ ਨਾ ਬਣਾਈ ਜਾਵੇ। ਜੇ ਜ਼ਰੂਰ ਹੀ ਮੌਤ ਦੀ ਕੋਈ ਨਿਸ਼ਾਨੀ ਰੱਖਣੀ ਹੈ ਤਾਂ ਕੱਚੀਆਂ ਇੱਟਾਂ ਦਾ ਇਕ ਚਬੂਤਰਾ ਬਣਾ ਦੇਣਾ। (ਔਰੰਗਜ਼ੇਬ ਦੀ ਇੱਛਾ ਅਨੁਸਾਰ ਔਰੰਗਜ਼ੇਬ ਦਾ ਮਕਬਰਾ ਕੱਚੀਆਂ ਇੱਟਾਂ ਦਾ ਹੀ ਬਣਿਆ ਹੋਇਆ ਹੈ, ਜੋ ਬੜੀ ਖਸਤਾ ਹਾਲਤ ਵਿਚ ਹੈ। ਔਰੰਗਾਬਾਦ (ਦੱਖਣ) ਵਿਚ ਇਹ ਮਕਬਰਾ ਹੁਣ ਵੀ ਵੇਖਿਆ ਜਾ ਸਕਦਾ ਹੈ)।
  7. ਮੈਨੂੰ ਯਾਦ ਹੈ ਕਿ ਮੈਂ ਬਹੁਤ ਸਾਰੇ ਫ਼ੌਜੀ ਸਿਪਾਹੀਆਂ ਤੇ ਖ਼ਾਸ ਕਰਕੇ ਆਪਣੇ ਜਾਤੀ ਨੌਕਰਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਬਾਕਾਇਦਾ ਤਨਖਾਹਾਂ ਨਹੀਂ ਦੇ ਸਕਿਆ। ਸਰਕਾਰੀ ਖਜ਼ਾਨਾ ਖਾਲੀ ਸੀ। ਮੈਂ ਤਨਖਾਹ ਕਿਥੋਂ ਦਿੰਦਾ? ਪਰ ਮੈਂ ਵਸੀਅਤ ਕਰਦਾ ਹਾਂ ਕਿ ਮੇਰੇ ਮਰਨ ਤੋਂ ਮਗਰੋਂ ਘੱਟੋ-ਘੱਟ ਮੇਰੇ ਨਿੱਜੀ ਨੌਕਰਾਂ ਦੀ ਸਾਰੀ ਦੀ ਸਾਰੀ ਬਾਕਾਇਆ ਤਨਖਾਹ ਜ਼ਰੂਰ ਅਦਾ ਕਰ ਦੇਣੀ। ਨਿਆਮਤ ਅਲੀ ਬੜੀ ਸੇਵਾ ਕਰਦਾ ਰਿਹਾ ਹੈ। ਮੈਂ ਕਈ ਵਾਰ ਗੰਦ-ਮੰਦ ਨਾਲ ਲਿਬੜ ਜਾਂਦਾ ਸੀ ਤਾਂ ਇਹ ਵਿਚਾਰਾ ਨਿਆਮਤ ਅਲੀ ਹੀ ਮੇਰੀ ਸਫ਼ਾਈ ਕਰਦਾ ਹੁੰਦਾ ਸੀ। ਇਸ ਨੇ ਮੇਰੇ ਬਿਸਤਰੇ ਨੂੰ ਮੈਲਾ ਨਹੀਂ ਹੋਣ ਦਿੱਤਾ।
  8. ਮੇਰੀ ਕੋਈ ਯਾਦਗਾਰ ਕਾਇਮ ਨਾ ਕੀਤੀ ਜਾਵੇ। ਮੇਰਾ ਉਰਸ (ਬਰਸੀ) ਨਾ ਮਨਾਇਆ ਜਾਵੇ। ਕਬਰ ਉੱਪਰ ਮੇਰੇ ਨਾਂਅ ਦਾ ਕੋਈ ਪੱਥਰ ਵੀ ਨਾ ਲੱਗੇ। ਮੇਰੀ ਕਬਰ ਦੇ ਉੱਪਰ ਜਾਂ ਇਸ ਦੇ ਨੇੜੇ ਕੋਈ ਦਰੱਖਤ ਨਹੀਂ ਲਗਾਉਣਾ। ਮੇਰੇ ਜੈਸੇ ਪਾਪੀ ਦਾ ਕੋਈ ਹੱਕ ਨਹੀਂ ਕਿ ਉਹ ਕਿਸੇ ਰੁੱਖ ਦੀ ਠੰਢੀ ਛਾਂ ਦਾ ਆਨੰਦ ਮਾਣੇ।
  9. ਮੇਰੇ ਲੜਕੇ ਆਜ਼ਮ ਨੂੰ ਦਿੱਲੀ ਦੇ ਤਖ਼ਤ ਉੱਪਰ ਰਾਜ ਕਰਨ ਦਾ ਅਧਿਕਾਰ ਹੋਵੇਗਾ। ਕਾਮਬਖ਼ਸ਼ ਨੂੰ ਬੀਜਾਪੁਰ ਤੋਂ ਗੋਲ ਕੁੰਡਾ ਦੀਆਂ ਰਿਆਸਤਾਂ ਸੰਭਾਲ ਦਿੱਤੀਆਂ ਜਾਣ। ਜੇ ਉਹ ਚਾਹੇ ਤਾਂ ਉਸ ਨੂੰ ਦੱਖਣੀ ਇਲਾਕੇ ਵਿਚੋਂ ਹੋਰ ਵੀ ਹਿੱਸਾ ਦਿੱਤਾ ਜਾਵੇ।
  10. ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ। ਮੇਰੀ ਰਾਇ ਹੈ ਕਿ ਦੁਨੀਆ ਵਿਚ ਸਭ ਤੋਂ ਬਦਕਿਸਮਤ ਮਨੁੱਖ ਬਾਦਸ਼ਾਹ ਹੁੰਦਾ ਹੈ। ਮੈਂ ਆਪਣੇ ਪੁੱਤਰਾਂ ਨੂੰ ਵਸੀਅਤ ਕਰਦਾ ਹਾਂ ਕਿ ਉਹ ਕਦੇ ਵੀ ਕਿਸੇ ਉੱਪਰ ਇਤਬਾਰ ਨਾ ਕਰਨ।

ਮੈਂ ਪਾਪ ਤੇ ਜ਼ੁਰਮ ਬੜੇ ਕੀਤੇ ਹਨ, ਮੈਨੂੰ ਪਤਾ ਨਹੀਂ ਕਿ ਇਨ੍ਹਾਂ ਦੀ ਸਜ਼ਾ ਮੈਨੂੰ ਕੀ ਮਿਲੇਗੀ?
ਅੱਜ ਦੇ ਭ੍ਰਿਸ਼ਟ ਰਾਜਸੀ ਨੇਤਾਵਾਂ ਅਤੇ ਅਫ਼ਸਰਾਂ ਨੂੰ ਇਸ ਵਸੀਅਤ ਤੋਂ ਜ਼ਰੂਰ ਸਬਕ ਸਿੱਖਣਾ ਚਾਹੀਦਾ ਹੈ।

ਹਰਵਿੰਦਰ ਸਿੰਘ ਖਾਲਸਾ।